ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਰਾਮਨਾਥ ਕੋਵਿੰਦ ਵੱਲੋਂ ਬਜਟ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਬਹੁਤ ਅਹਿਮ ਪੱਖਾਂ ’ਤੇ ਵਿਚਾਰ ਰੱਖੇ ਹਨ। ਰਾਸ਼ਟਰਪਤੀ ਦਾ ਭਾਸ਼ਣ ਬੇਸ਼ੱਕ ਇਕ ਰਵਾਇਤ ਹੈ ਪ੍ਰੰਤੂ ਇਸ ਦੇ ਨੁਕਤਿਆਂ ਤੋਂ ਸਰਕਾਰ ਦੀ ਦਿਸ਼ਾ ਦਾ ਪਤਾ ਲੱਗਦਾ ਹੈ। ਸੰਸਦ ਦਾ ਮੌਜੂਦਾ ਬਜਟ ਸੈਸ਼ਨ ਸਿਆਸੀ ਪੱਖ ਤੋਂ ਬਹੁਤ ਅਹਿਮ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੈ। ਇਸ ਬਜਟ ਨੂੰ ਭਾਜਪਾ ਦੀਆਂ ਅਗਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵੱਜੋਂ ਦੇਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਭਾਸ਼ਣ ਵੀ ਇਹ ਸੰਕੇਤ ਦੇ ਰਿਹਾ ਹੈ ਕਿ ਭਾਜਪਾ ਕਿਸ ਏਜੰਡੇ ਨੂੰ ਲੈ ਕੇ ਲੋਕ ਸਭਾ ਚੋਣਾਂ ਵਿੱਚ ਕੁੱਦੇਗੀ। ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਸਰਕਾਰ ਆਪਣੇ ਮੌਜੂਦਾ ਕਾਰਜਕਾਲ ਦੇ ਬਚੇ ਹੋਏ ਸਮੇਂ ਦੌਰਾਨ ਪਿੰਡਾਂ, ਗਰੀਬਾਂ ਅਤੇ ਕਿਸਾਨਾਂ ਤੱਕ ਵਿਸ਼ੇਸ਼ ਪਹੁੰਚ ਬਣਾਉਣ ’ਤੇ ਜ਼ੋਰ ਲਗਾਏਗੀ। ਰਾਸ਼ਟਰਪਤੀ ਦੇ ਅਭਿਭਾਸ਼ਣ ਵਿੱਚ ਪਿੰਡਾਂ, ਗਰੀਬਾਂ ਅਤੇ ਕਿਸਾਨਾਂ ਨਾਲ ਜੁੜੀਆਂ ਸਕੀਮਾਂ ਅਤੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਹ ਵੀ ਸਾਫ ਹੈ ਕਿ 2019 ਤੋਂ ਪਹਿਲਾਂ ਸਰਕਾਰ ਇਸ ਤਬਕੇ ਨੂੰ ਸਾਫ ਸੁਨੇਹਾ ਦੇਣਾ ਚਾਹੁੰਦੀ ਹੈ। ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਦੇ 2018-19 ਦੇ ਬਜਟ ਵਿੱਚ ਦਿਹਾਤੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਭਾਜਪਾ ਨੇ ਗੁਜਰਾਤ ਚੋਣਾਂ ਤੋਂ ਇਕ ਵੱਡਾ ਸਬਕ ਸਿੱਖਿਆ ਹੈ। ਗੁਜਰਾਤ ਦੇ ਪੇਂਡੂ ਖੇਤਰਾਂ ਤੋਂ ਭਾਜਪਾ ਨੂੰ ਯੋਗ ਹੁੰਗਾਰਾ ਨਹੀਂ ਮਿਲਿਆ। ਪਾਰਟੀ ਨੂੰ ਇਹ ਲੱਗਦਾ ਹੈ ਕਿ ਪੂਰੇ ਦੇਸ਼ ਵਿੱਚ ਇਹੋ ਸਥਿਤੀ ਹੈ। ਇਸ ਕਾਰਨ ਭਾਜਪਾ ਹੁਣ ਦਿਹਾਤ ਦੀ ਆਰਥਿਕਤਾ ਵੱਲ ਵਿਸ਼ੇਸ਼ ਧਿਆਨ ਦੇਣ ਦਾ ਮਨ ਬਣਾ ਚੁੱਕੀ ਹੈ। ਰਾਸ਼ਟਰਪਤੀ ਦੇ ਭਾਸ਼ਣ ਵਿੱਚ ਇਸ ਤਰ੍ਹਾਂ ਦੇ ਕਈ ਸੰਕੇਤ ਮੌਜੂਦ ਹਨ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਆਖਿਆ ਹੈ ਕਿ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਉਪਰ ਕਾਇਮ ਹੈ। ਕਿਸਾਨ ਦੇਸ਼ ਦੀ ਆਰਥਿਕਤਾ ਦਾ ਬਹੁਤ ਅਹਿਮ ਅੰਗ ਹਨ। ਇਸ ਸਮੇਂ ਖੇਤੀ ਖਾਸ ਕਰਕੇ ਪੇਂਡੂ ਆਰਥਿਕਤਾ ਬੂਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਇਸ ਦਾ ਅਸਰ ਦੇਸ਼ ਦੀ ਸਮੁੱਚੀ ਆਰਥਿਕਤਾ ਉਪਰ ਬਹੁਤ ਮਾੜਾ ਪੈ ਰਿਹਾ ਹੈ। ਅਜਿਹੇ ਵਿੱਚ ਸਰਕਾਰ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਦਿਹਾਤੀ ਆਰਥਿਕਤਾ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਕਿਸਾਨ- ਮਜ਼ਦੂਰ ਮੁੜ ਖੁਸ਼ਹਾਲ ਹੋ ਸਕਣ। ਇਸ ਦਾ ਭਾਜਪਾ ਨੂੰ ਸਿਆਸੀ ਤੌਰ ’ਤੇ ਲਾਭ ਵੀ ਹੋਵੇਗਾ। ਇਸ ਸਮੇਂ ਕਿਸਾਨ ਅਤੇ ਪੇਂਡੂ ਲੋਕ ਭਾਜਪਾ ਨਾਲ ਨਾਰਾਜ਼ ਹਨ। ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਨੇ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵੱਲ ਵਧੇਰੇ ਧਿਆਨ ਦਿੱਤਾ ਹੈ। ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਕਿਸਾਨ ਅਤੇ ਪੇਂਡੂ ਭਾਈਚਾਰੇ ਵੱਲ ਵਿਸ਼ੇਸ਼ ਤਵੱਜੋਂ ਦੇਣ ਦਾ ਮਨ ਬਣਾਇਆ ਹੈ। ਜੇਕਰ ਰਾਸ਼ਟਰਪਤੀ ਦੇ ਭਾਸ਼ਣ ਮੁਤਾਬਿਕ ਇਸ ਵਾਰ ਬਜਟ ਅਤੇ ਸਰਕਾਰੀ ਨੀਤੀਆਂ ਦੀ ਦਿਸ਼ਾ ਤੈਅ ਹੁੰਦੀ ਹੈ ਤਦ ਕਿਸਾਨਾਂ ਦੀ ਆਰਥਿਕ ਮੰਦਹਾਲੀ ਨੂੰ ਜ਼ਰੂਰ ਮੋੜਾ ਪਵੇਗਾ।
– ਬਲਜੀਤ ਸਿੰਘ ਬਰਾੜ



