Skip to content
Independent perspectives. Global stories.
BREAKING

ਆਪਣੇ ਰਾਹ ਆਪ ਬਣਾਉਣ ਵਾਲੀ ਸਮਾਜ ਸੇਵਿਕਾ ਅਤੇ ਕਵਿਤਰੀ : ਲਵੀਨ ਕੌਰ ਗਿੱਲ

Share this story

ਹਰ ਸਮਾਜ ਵਿਚ ਕੁਝ ਪਰੰਪਰਾਵਾਂ ਤੇ ਰੀਤੀ ਰਿਵਾਜ਼ ਹੁੰਦੇ ਹਨ। ਆਮ ਤੌਰ ਤੇ ਹਰ ਲੜਕੀ ਉਨ੍ਹਾਂ ਉਪਰ ਹੀ ਚਲਣ ਦੀ ਕੋਸ਼ਿਸ ਕਰਦੀ ਹੈ। ਭਾਰਤੀ ਸਮਾਜ ਕੁਝ ਜ਼ਿਆਦਾ ਹੀ ਪਰੰਪਰਾਵਾਦੀ ਹੈ ਅਤੇ ਨੌਜਵਾਨ ਲੜਕੀਆਂ ਨੂੰ ਉਨ੍ਹਾਂ ਪਰੰਪਰਾਵਾਂ ਤੇ ਚਲਣ ਲਈ ਮਜ਼ਬੂਰ ਕਰਦਾ ਹੈ। ਅਜਿਹੇ ਹਾਲਾਤ ਵਿਚ ਵੀ ਕੁਝ ਨੌਜਵਾਨ ਲੜਕੀਆਂ ਆਪਣੀ ਸਵੈ ਹੋਂਦ ਅਨੁਸਾਰ ਮਨਮਰਜੀ ਨਾਲ ਆਪਣਾ ਜੀਵਨ ਬਸਰ ਕਰਨਾ ਲੋਚਦੀਆਂ ਹਨ ਤਾਂ ਜੋ ਸਮਾਜ ਵਿਚ ਲੜਕੀਆਂ ਨੂੰ ਬਰਾਬਰ ਦੇ ਹੱਕ ਪ੍ਰਾਪਤ ਹੋ ਸਕਣ। ਅਜਿਹੀ ਹੀ ਇੱਕ ਖ਼ੁਦਦਾਰ, ਸਮਝਦਾਰ ਅਤੇ ਸੁਘੜ ਸਿਆਣੀ ਲੜਕੀ ਹੈ, ਲਵੀਨ ਕੌਰ ਗਿੱਲ ਜੋ ਪੁਰਾਣੀਆਂ ਪਗਡੰਡੀਆਂ ਉਪਰ ਤੁਰਨ ਵਾਲੀ ਲੜਕੀ ਨਹੀਂ। ਉਹ ਆਪਣੇ ਜੀਵਨ ਦੇ ਰਾਹ ਆਪ ਚੁਣਦੀ ਹੈ। ਸਮਾਜ ਵਿਚ ਕਿਵੇਂ ਵਿਚਰਨਾ ਹੈ, ਕਿਹੜਾ ਰਸਤਾ ਅਖਤਿਆਰ ਕਰਨਾ ਹੈ ਅਤੇ ਕਿਹੜਾ ਪਹਿਰਾਵਾ ਪਹਿਨਣਾ ਹੈ, ਇਹ ਸਾਰਾ ਕੁਝ ਉਹ ਆਪਣੀ ਸੋਚ ਮੁਤਾਬਕ ਕਰਦੀ ਹੈ। ਭੇਡ ਚਾਲ ਵਿਚ ਵਿਸ਼ਵਾਸ ਨਹੀਂ ਰੱਖਦੀ। ਸੁਣ ਭਾਵੇਂ ਹਰ ਇੱਕ ਦੀ ਲਵੇ ਪ੍ਰੰਤੂ ਕਰਦੀ ਉਹ ਹੈ ਜਿਸਨੂੰ ਉਸਦਾ ਮਨ ਕਹਿੰਦਾ ਹੈ। ਉਹ ਦਿਲ ਦਰਿਆ ਹੈ। ਇਸੇ ਲਈ ਦਿਲ ਦੀ ਗੱਲ ਮੰਨਦੀ ਹੈ। ਉਸਾਰੂ ਸੋਚ ਦੀ ਮਾਲਕ ਹੈ। ਉਹ ਜੋ ਨਿਸ਼ਾਨਾ ਮਿਥ ਲੈਂਦੀ ਹੈ, ਉਸਨੂੰ ਪ੍ਰਾਪਤ ਕਰਕੇ ਹੀ ਦਮ ਲੈਂਦੀ ਹੈ। ਅਸੰਭਵ ਸ਼ਬਦ ਉਸਦੀ ਡਿਕਸ਼ਨਰੀ ਵਿਚ ਸ਼ਾਮਲ ਹੀ ਨਹੀਂ। ਰਹਿੰਦੀ ਭਾਵੇਂ ਉਹ ਕੈਨੇਡਾ ਵਿਚ ਹੈ ਪ੍ਰੰਤੂ ਪੰਜਾਬੀ ਵਿਰਾਸਤ ਨਾਲ ਜੁੜੀ ਹੋਈ ਹੀ ਨਹੀਂ ਸਗੋਂ ਉਸ ਉਪਰ ਪਹਿਰਾ ਵੀ ਦਿੰਦੀ ਹੈ। ਪੰਜਾਬ ਉਸਦੇ ਦਿਲ ਵਿਚ ਵਸ ਰਿਹਾ ਹੈ। ਲਵੀਨ ਕੌਰ ਗਿੱਲ ਬਚਪਨ ਤੋਂ ਹੀ ਨਵੀਂਆਂ ਪ੍ਰਿਤਾਂ ਪਾਉਣ ਵਾਲੀ ਲੜਕੀ ਹੈ। ਉਸਦੇ ਪੁਰਖਿਆਂ ਦਾ ਪਿੰਡ ਪੰਜਾਬ ਦੇ ਸਭ ਤੋਂ ਵਿਕਸਤ ਸ਼ਹਿਰ ਲੁਧਿਆਣਾ ਨੇੜੇ ਗਿੱਲਾਂ ਹੈ ਪ੍ਰੰਤੂ ਉਸ ਦਾ ਜਨਮ ਲੁਧਿਆਣਾ ਵਿਖੇ 10 ਸਤੰਬਰ 1982 ਨੂੰ ਪਿਤਾ ਅਜਾਇਬ ਸਿੰਘ ਗਿੱਲ ਅਤੇ ਮਾਤਾ ਸੁਰਿੰਦਰ ਕੌਰ ਗਿੱਲ ਦੇ ਘਰ ਹੋਇਆ। ਆਪਦਾ ਆਮ ਸਾਧਾਰਣ ਦਿਹਾਤੀ ਪਰਿਵਾਰ ਹੈ। ਉਸਨੇ ਦਸਵਂੀਂ ਤੱਕ ਦੀ ਪੜ੍ਹਾਈ ਪਬਲਿਕ ਹਾਈ ਸਕੂਲ ਗ੍ਰੀਨਲੈਂਡ ਤੋਂ ਪਾਸ ਕੀਤੀ। ਇਸ ਤੋਂ ਬਾਅਦ 1990 ਵਿਚ ਕੈਨੇਡਾ ਪਰਵਾਸ ਕਰ ਗਈ। ਪੱਤਰਕਾਰਤਾ ਦੀ ਪੜ੍ਹਾਈ ਮਿਸੀਸਾਊਸਾ ਅਨਟਾਰੀਓ ਕੈਨੇਡਾ ਤੋਂ ਕੀਤੀ। ਸਮਾਜ ਨੂੰ ਅੰਗ ਬਦਲਣ ਲਈ ਅੰਗ ਦਾਨ ਕਰਨ ਵਾਲਿਆਂ ਦੀ ਘਾਟ ਕਰਕੇ ਆ ਰਹੀਆਂ ਮੁਸ਼ਕਲਾਂ ਨੂੰ ਮਹਿਸੂਸ ਕਰਦਿਆਂ ਉਸਨੇ ਭਰ ਜਵਾਨੀ ਵਿਚ ਹੀ ਅੰਗ ਦਾਨ ਕਰਨ ਨੂੰ ਪ੍ਰੇਰਨ ਲਈ ਨਾਰਥ ਏਸ਼ੀਅਨ ‘ਅਮਰ ਕਰਮਾ ਆਰਗਨ ਡੋਨੇਸ਼ਨ ਸੋਸਾਇਟੀ’ ਬਣਾਈ ਹੈ, ਜਿਹੜੀ ਕੈਨੇਡਾ ਦੀ ਪਹਿਲੀ ਅਜਿਹੀ ਸੰਸਥਾ ਹੈ ਅਤੇ ਉਹ ਉਸਦੀ ਫਾਊਂਡਰ ਪ੍ਰਧਾਨ ਹੈ। ਪਿਛਲੇ ਦਸ ਸਾਲ ਅੰਗਦਾਨ ਦੇ ਖੇਤਰ ਵਿਚ ਵਿਲੱਖਣ ਕੰਮ ਕਰਨ ਕਰਕੇ ਉਸਨੂੰ ਅਨਟਾਰੀਓ ਦੇ ਗਵਰਨਰ ਨੇ ਸਨਮਾਨਤ ਕੀਤਾ। ਇਹ ਸਨਮਾਨ ਹਰ ਇਸਤਰੀ ਦਾ ਸਨਮਾਨ ਹੈ, ਖਾਸ ਕਰਕੇ ਨੌਜਵਾਨ ਪੰਜਾਬਣਾਂ ਲਈ ਮਾਰਗ ਦਰਸ਼ਕ ਦਾ ਕੰਮ ਵੀ ਕਰੇਗਾ। ਬਾਲ ਬਰੇਸ ਵਿਚ ਹੀ ਦੂਰ ਦੀਆਂ ਗੱਲਾਂ ਸੋਚਣ ਲੱਗ ਪਈ। ਮਾਨਵਤਾ ਦੇ ਦੁੱਖ ਅਤੇ ਸਮੱਸਿਆਵਾਂ ਉਸਨੂੰ ਆਪਣੀਆਂ ਲੱਗਦੀਆਂ ਹਨ। ਇਸੇ ਕਰਕੇ ਆਪ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਅੱਜ ਦਿਨ ਇਹ ਸੋਸਾਇਟੀ ਇਕ ਲਹਿਰ ਬਣ ਚੁੱਕੀ ਹੈ। ਇਸ ਸੋਸਾਇਟੀ ਨੇ ਇਕ ਮੈਂਬਰ ਤੋਂ ਸ਼ੁਰੂ ਹੋ ਕੇ ਕਾਫਲੇ ਦਾ ਰੂਪ ਧਾਰਨ ਕਰ ਲਿਆ ਹੈ। ਲਵੀਨ ਕੌਰ ਗਿੱਲ ਦੀ ਭਾਸ਼ਣ ਦੇਣ ਦੀ ਯੋਗਤਾ ਅਤੇ ਪ੍ਰਣਾਲੀ ਵਿਲੱਖਣ ਹੈ, ਜਿਹੜੀ ਆਪਣੀ ਬੋਲੀ ਅਤੇ ਵਿਚਾਰਧਾਰਾ ਦੀ ਕਾਬਲੀਅਤ ਨਾਲ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰ ਕੇ ਤਿਆਰ ਕਰ ਲੈਂਦੀ ਹੈ, ਪੰਜਾਬੀ ਹੀ ਨਹੀਂ ਉਹ ਅੰਗਰੇਜ਼ੀ ਭਾਸ਼ਾ ਬੋਲਣ ਦੀ ਵੀ ਮਾਹਿਰ ਹੈ। ਆਪ ਦੇ ਇਸ ਗੁਣ ਕਰਕੇ ਅੱਜ ਅੰਗਦਾਨ ਸੰਸਥਾ ਅਮਰ ਕਰਮਾ ਆਰਗਨ ਡੋਨੇਸ਼ਨ ਸੋਸਾਇਟੀ ਦੇ ਮੈਂਬਰ ਸੈਂਕੜਾ ਤੱਕ ਪਹੁੰਚਣ ਵਾਲੇ ਹਨ। ਉਹ ਇੱਕ ਉਤਸ਼ਾਹੀ ਸ਼ਖ਼ਸੀਅਤ ਹੈ, ਜਿਹੜੀ ਆਪਣੇ ਤੋਂ ਵੱਡੀ ਉਮਰ ਲੋਕਾਂ ਨੂੰ ਵੀ ਸਮਾਜ ਸੇਵਾ ਕਰਨ ਲਈ ਪ੍ਰੇਰਨ ਵਿਚ ਸਫਲ ਹੋ ਜਾਂਦੀ ਹੈ। ਉਹ ਇੱਕ ਚੰਗੀ ਉਦਮੀ ਵੀ ਹੈ, ਜਿਸ ਨੇ ਆਪਣੀ ਲੋਕ ਸੰਪਰਕ ਦੀ ਇਕ ਸੰਸਥਾ ਬਣਾਈ ਹੋਈ ਹੈ। ਉਹ ਆਪਣਾ ਕੰਮ ਆਪ ਕਰਨ ਦੀ ਹਾਮਾਇਤਣ ਹੈ। ਉਹ ਇਸਤਰੀਆਂ ਨੂੰ ਆਪਦੇ ਪੈਰਾਂ ਤੇ ਖੜ੍ਹੇ ਹੋਣ ਲਈ ਪ੍ਰੇਰਦੀ ਹੈ। ਉਹ ਸਮਝਦੀ ਹੈ ਕਿ ਇਸਤਰੀਆਂ ਆਤਮ ਨਿਰਭਰ ਹੋਣੀਆਂ ਚਾਹੀਦੀਆਂ ਹਨ ਤਾਂ ਹੀ ਉਨ੍ਹਾਂ ਨਾਲ ਅਨਿਅਏ ਹੋਣ ਤੋਂ ਹਟੇਗਾ ਅਤੇ ਸਮਾਜ ਵਿਚ ਬਰਾਬਰਤਾ ਮਿਲੇਗੀ। ਵਿਦਿਆਰਥੀ ਜੀਵਨ ਤੋਂ ਹੀ ਉਹ ਵਾ¦ਟੀਅਰ ਬਣਕੇ ਲੋਕ ਭਲਾਈ ਦੇ ਕਾਰਜਾਂ ਵਿਚ ਜੁਟੀ ਹੋਈ ਹੈ। ਉਦੋਂ ਤੋਂ ਹੀ ਉਹ ਗ਼ਰੀਬ ਲੋਕਾਂ ਵਿਸ਼ੇਸ਼ ਤੌਰ ਤੇ ਇਸਤਰੀਆਂ ਦੀ ਸੇਵਾ ਕਰਨ ਲਈ ਰੈਡ ਕਰਾਸ ਅਤੇ ਹੋਰ ਕਈ ਸੰਸਥਾਵਾਂ ਵਿਚ ਸਮਾਜ ਸੇਵਾ ਦਾ ਕੰਮ ਕਰਦੀ ਆ ਰਹੀ ਹੈ। ਸਮਾਜਕ ਕੰਮਾਂ ਲਈ ਉਹ ਮੋਹਰੀ ਦੀ ਭੂਮਿਕਾ ਨਿਭਾ ਰਹੀ ਹੈ। ਉਹ ਬਚਪਨ ਤੋਂ ਹੀ ਅਡਵੈਂਚਰਿਸ ਰੁਚੀ ਦੀ ਮਾਲਕ ਹੈ। ਉਸਦਾ ਪੁਲਿਸ ਅਧਿਕਾਰੀ ਬਣਨ ਦਾ ਸੁਪਨਾ ਭਾਵੇਂ ਅਧੂਰਾ ਰਹਿ ਗਿਆ ਪ੍ਰੰਤੂ ਲੋਕ ਸੇਵਾ ਉਹ ਕਰ ਹੀ ਰਹੀ ਹੈ। ਉਹ ਇਹ ਵੀ ਮਹਿਸੂਸ ਕਰਦੀ ਸੀ ਕਿ ਲੋਕਾਂ ਵਿਚ ਜਾਗ੍ਰਤੀ ਪੈਦਾ ਕਰਨ ਲਈ ਪੁਸਤਕਾਂ ਪੜ੍ਹਨਾ ਅਤੇ ਲੋਕਾਂ ਵਿਚ ਗਿਆਨ ਦਾ ਚਾਨਣ ਫੈਲਾਉਣ ਲਈ ਪੁਸਤਕਾਂ ਵੇਚਣ ਦੀ ਦੁਕਾਨ ਖੋਲ੍ਹੀ ਜਾਵੇ ਜਾਂ ਫਿਰ ਸ਼ੋਸਲ ਵਰਕਰ ਦੇ ਤੌਰ ਤੇ ਕੰਮ ਕਰੇ। ਉਹ ਸਰਕਸ ਵਿਚ ਕੰਮ ਕਰਨ ਬਾਰੇ ਸੋਚਦੀ ਸੀ। ਪ੍ਰੰਤੂ ਅਜਿਹੇ ਸੁਪਨੇ ਸਜਾਉਂਦੀ ਉਹ ਕੈਨੇਡਾ ਪਹੁੰਚ ਗਈ। ਆਪ ਅੰਗਰੇਜ਼ੀ ਅਤੇ ਪੰਜਾਬੀ ਵਿਚ ਕਵਿਤਾਵਾਂ ਵੀ ਲਿਖਦੀ ਹੈ ਅਤੇ ਆਪ ਦੀਆਂ ਕਵਿਤਾਵਾਂ ਦਾ ਆਧਾਰ ਸਮਾਜਿਕ ਬੁਰਾਈਆਂ ਹਨ, ਇਸਤਰੀ ਨੂੰ ਉਹ ਅਬਲਾ ਨਹੀਂ ਸਗੋਂ ਆਦਮੀ ਦੇ ਬਰਾਬਰ ਬਣਾਉਣਾ ਲੋਚਦੀ ਹੈ। ਉਸ ਦੀਆਂ ਕਵਿਤਾਵਾਂ ਇਸ਼ਕ ਮੁਸ਼ਕ ਦੀਆਂ ਬਾਤਾਂ ਨਹੀਂ ਪਾਉਂਦੀਆਂ ਸਗੋਂ ਸਮਾਜਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਉਸਦੀਆਂ ਕਵਿਤਾਵਾਂ ਦੀ ਕੇਂਦਰੀ ਬਿੰਦੂ ਇਸਤਰੀ ਹੀ ਹੈ। ਉਹ ਦਰਿਆਵਾਂ ਦੇ ਵਹਿਣ ਦੇ ਉਲਟ ਚਲਣ ਦੀ ਸਮਰੱਥਾ ਰੱਖਣ ਲਈ ਔਰਤਾਂ ਨੂੰ ਪ੍ਰੇਰਦੀ ਹੈ। ਪ੍ਰਚਲਿਤ ਰਸਮਾਂ ਰਿਵਾਜਾਂ ਦੇ ਉਲਟ ਚਲਕੇ ਮਿਥਾਂ ਨੂੰ ਤੋੜਕੇ ਨਵੇਂ ਰਾਹ ਬਣਾਉਣ ਲਈ ਕਵਿਤਾਵਾਂ ਲਿਖਦੀ ਹੈ। ਭਰੂਣ ਹੱਤਿਆ ਵਰਗੀ ਨਾਮੁਰਾਦ ਸਮਾਜਿਕ ਬੁਰਾਈ ਦੇ ਵਿਰੁਧ ਉਸ ਨੇ ਇਕ ਕਾਲਮ 2011 ਵਿਚ ਲਿਖਣਾ ਸ਼ੁਰੂ ਕੀਤਾ ਜਿਸਦਾ ਨਾਂ ਹੈ ‘ਕਿਉਂਕਿ ਮੇਰੀ ਭਰੂਣ ਹੱਤਿਆ ਨਹੀਂ ਹੋਈ’। ਉਹ ਨਾਰੀ ਸੰਸਾਰ ਨੂੰ ਲਾਮਬੰਦ ਕਰਕੇ ਇਕ ਮੁੱਠ ਹੋ ਕੇ ਭਰੂਣ ਹੱਤਿਆ ਦੇ ਖ਼ਿਲਾਫ ਔਰਤਾਂ ਨੂੰ ਲੜਨ ਲਈ ਪ੍ਰੇਰਦੀ ਹੈ। ਉਹ ਭਾਵੇਂ ਕੈਨੇਡਾ ਵਿਚ ਆਪਣੇ ਜੀਵਨਸਾਥੀ ਅਜੀਤ ਸਿੰਘ ਦੇ ਨਾਲ ਰਹਿ ਰਹੀ ਹੈ। ਉਨ੍ਹਾਂ ਦੇ ਇੱਕ ਸਪੁੱਤਰ ਅਜ਼ਾਦ ਸਿੰਘ ਹੈ। ਲਵੀਨ ਨੌਜਵਾਨਾਂ ਲਈ ਆਪਣੀਆਂ ਸਰਗਰਮੀਆਂ ਕਰਕੇ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ। ਉਹ ਵਿਦੇਸ਼ ਵਿਚ ਬੈਠਕੇ ਪੰਜਾਬੀ ਸਭਿਅਚਾਰ ਅਤੇ ਸਭਿਅਤਾ ਦੀ ਪਹਿਰੇਦਾਰ ਬਣ ਗਈ ਹੈ। ਉਹ ਲਿਖਦੀ ਹੈ ਕਿ ਔਰਤ ਸਰੀਰਕ ਨਹੀਂ ਮਾਨਸਿਕ ਤੌਰ ਤੇ ਕੈਦ ਵਿਚ ਹੈ। ਲਵੀਨ ਸਾਰੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਜਾ ਕੇ ਖਾਸ ਤੌਰ ਤੇ ਪੱਟੀਦਰਜ ਕਬੀਲਿਆਂ ਦੀਆਂ ਲੜਕੀਆਂ ਨੂੰ ਮਿਲਕੇ ਉਨ੍ਹਾਂ ਨੂੰ ਸਿਖਿਆ ਲੈਣ ਲਈ ਉਤਸ਼ਾਹਤ ਵੀ ਕਰਦੀ ਹੈ।

WRITTEN BY