Skip to content
Independent perspectives. Global stories.
BREAKING

ਚੋਰ, ਠੱਗ, ਗੁੰਡੇ ਨਵੀਂ ਪੀੜ੍ਹੀ ਦੇ ਰੋਲ ਮਾਡਲ ਬਣੇ

Share this story

ਮਨੁੱਖ ਦੇ ਸੁਭਾਅ ਵਤੀਰੇ ਅਤੇ ਵਿਚਰਣ ਢੰਗ ਨੂੰ ਤਿੰਨ ਧਿਰਾਂ ਆਪਣੇ-ਆਪਣੇ ਤਰੀਕੇ ਨਾਲ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। (ੳ) ਸਟੇਟ (ਸਰਕਾਰ), (ਅ) ਸਮਾਜ, (ੲ) ਧਰਮ। ਇਹਨਾਂ ਤਿੰਨਾਂ ਦਾ ਅਕਸਰ ਟਕਰਾਅ ਵੀ ਹੁੰਦਾ ਹੈ ਜਿਹੜਾ ਵਰਗ ਲੋਕਾਂ ਦੇ ਹੱਕਾ, ਸੱਚਾਈ, ਇਨਸਾਫ, ਲੋਕ ਸੇਵਾ ਅਤੇ ਜੀਵਨ ਜਾਂਚ ਸਰਲ ਤੇ ਸਪਸ਼ਟ ਕਰਨ ਲਈ ਮਨੁੱਖ ਦੀ ਹਾਮੀ ਭਰਦਾ ਹੈ ਮਨੁੱਖ ਉਸ ਦੀ ਸ਼ਰਨ ਵਿਚ ਜਾ ਡਿੱਗਦੈ। ਜਿਹੜਾ ਵਰਗ ਉਸ ਦੀ ਅਜਾਦੀ, ਰਹਿਣ-ਸਹਿਣ ਅਤੇ ਹੱਕਾਂ ਤੇ ਕਿਰਤ ’ਤੇ ਡਾਕਾ ਮਾਰਦਾ ਹੈ ਮਨੁੱਖ ਉਸ ਤੋਂ ਬਾਗੀ ਹੋ ਜਾਂਦਾ ਹੈ। ਸਰਕਾਰ ਕਾਨੂੰਨ, ਵਿਧੀ ਵਿਧਾਨ, ਅਦਾਲਤਾਂ ਰਾਹੀਂ ਮਨੁੱਖ ’ਤੇ ਕੰਟਰੋਲ ਕਰਦੀ ਹੈ। ਜਿਹੜਾ ਉਲੰਘਣਾ ਕਰ ਉਸ ਨੂੰ ਥਾਣੇ, ਕਚਹਿਰੀ, ਜੇਲ੍ਹਾਂ ਨਾਲ ਕਾਬੂ ਕਰਦੀ ਐ। ਸਰਕਾਰ ਦੀਆਂ ਵੀ ਕਈ ਪ੍ਰਣਾਲੀਆਂ ਜਿਵੇਂ ਰਜਵਾੜੇਸ਼ਾਹੀ, ਤਾਨਾਸ਼ਾਹੀ, ਲੋਕ ਰਾਜ ਅਤੇ ਕੁਲੀਨਤਤੰਰ ਆਦਿ। ਧਰਮ ਦੇ ਖੇਤਰ ਵਿਚ ਰੱਬ ਦਾ ਪਾਪ-ਪੁੰਨ ਦਾ ਝੂਠ-ਸੱਚ, ਨਰਕ- ਸਵਰਗ ਦਾ ਡਰਾਵਾ ਅਤੇ ਲਾਰਾ ਲਾਕੇ ਬੰਦੇ ਨੂੰ ਧਾਰਮਿਕ ਲੋਕ ਆਪਣੇ ਵੱਲ ਕਰ ਲੈਂਦੇ ਹਨ। ਪਹਿਲੀ ਸਟੇਜ ’ਤੇ ਉਹ ਸਰਕਾਰੀ ਅਤੇ ਸਮਾਜਿਕ ਨਾ ਬਰਾਬਰੀ, ਲੁੱਟ-ਖਸੁੱਟ ਅਤੇ ਬੇਇਨਸਾਫੀ ਤੇ ਅਤਿਆਚਾਰ ਵਿਚ ਮੁਹਿੰਮ ਚਲਾ ਕੇ ਲੋਕਾਂ ਨੂੰ ਹੌਂਸਲਾ ਦਿੰਦੇ ਹਨ ਫੇਰ ਸਮਾਂ ਪੈਣ ’ਤੇ ਉਹਨਾਂ ਦੀ ਅਜਾਦੀ ਨੂੰ ਆਪਣੇ ਲਈ ਸਮਰਪਣ ਕਰਨ ਦਾ ਸੰਦੇਸ਼ ਦਿੰਦੇ ਹਨ। ਸਮਾਜ ਦੇ ਕੁਝ ਆਪਣੇ ਅਸੁਲ ਹੁੰਦੇ ਹਨ ਜਿਸ ਵਿਚ ਜਾਤ ਗੋਤ, ਨਸਲ ਫਿਰਕੇ, ਰੀਤੀ-ਰਿਵਾਜ ਨੈਤਿਕਤਾ ਤਹਿ ਕਰਨ ਦੇ ਪੈਮਾਨੇ ਆਦਿ। ਜਦੋਂ ਸਮਾਜ, ਸਰਕਾਰ ਜਾਂ ਧਰਮ ਤਿੰਨਾਂ ਦੇ ਟਕਰਾਅ ਵਿਚੋਂ ਦੋ ਗਰੁੱਪ ਇਕੱਠੇ ਹੋ ਕੇ ਵੀ ਮਨੁੱਖ ਦੀ ਅਗਵਾਈ ਕਰਨ ਦੀ ਹਿੰਮਤ ਕਰਦੇ ਹਨ ਇਹਨਾਂ ਤਿੰਨਾਂ ਦਾ ਵਿਸ਼ਾ ਵਸਤੂ ਮਨੁੱਖ ਹੈ ਅਤੇ ਮਨੁੱਖ ਦੀ ਭਲਾਈ ਸੱਚਾਈ ਹੱਕ ਸੱਚ ਇਨਸਾਫ, ਸਵੱਛ ਜੀਵਨ ਦੀ ਝਲਕ। ਫੇਰ ਏਹ ਇਕੋ ਉਦੇਸ਼ ਲਈ ਤਿੰਨ ਕਿਉ ਲੜਦੇ ਹਨ ? ਇਸ ਦਾ ਨਾਮ ਹੀ ਰਾਜਨੀਤੀ ਹੈ ਜਿਹੜੀ ਤਿੰਨਾਂ ਵਿਚ ਭਾਰੂ ਪੈ ਗਈ ਜੋ ਕਿ ਗੰਦੀ ਹੋ ਗਈ। ਹੁਣ ਇਹਨਾਂ ਦੀ ਅਗਵਾਈ ਕਰਨ ਲਈ ਜਦੋਂ ਚੰਗੇ ਉਚੇ-ਸੁੱਚੇ ਕਿਰਦਾਰ ਦੇ ਲੋਕ ਅੱਗੇ ਆ ਕੇ ਆਪਣਾ ਜੀਵਨ ਇੱਕ ਸੱਚਾਈ ਨੇਕੀ ਤੇ ਸਮਾਜ ਸੇਵਾ ਦੀ ਮਿਸਾਲ ਬਣਦੇ ਹਨ। ਉਹ ਲੋਕ ਨਾਇਕ ਬਣ ਜਾਂਦੇ ਹਨ।
ਰਾਜਨੀਤੀ ਵਿਚ ਲੋਕ ਨਾਇਕ ਮਹਾਤਮਾ ਗਾਂਧੀ, ਲਾਲ ਬਹਾਦਰ ਸ਼ਾਸਤਰੀ, ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਆਪਣੇ-ਆਪਣੇ ਢੰਗ ਨਾਲ ਲੋਕਾਂ ਵਿਚ ਪ੍ਰਵਾਨਿਤ ਹੋਏ। ਕੋਈ ਨਰਮ ਦਲੀਏ ਤੇ ਕੋਈ ਗਰਮ ਦਲੀਏ। ਧਰਮ ਦੇ ਖੇਤਰ ਵਿਚ ਮਹਾਤਮਾ ਬੁੱਧ, ਕਬੀਰ, ਗੁਰੂ ਨਾਨਕ, ਈਸਾ ਮਸੀਹ, ਮੁਹੰਮਦ ਪੈਗੰਬਰ ਲੋਕ ਨਾਇਕ ਬਣ ਕੇ ਵਿਚਰੇ, ਜੋ ਕਿਹਾ ਉਹ ਕੀਤਾ, ਅਤੇ ਜੋ ਲੋਕ ਭਲਾਈ ਲਈ ਕਰਨਾ ਬਣਦਾ ਸੀ ਸੱਚ ਦੇ ਮਾਰਗ ’ਤੇ ਚੱਲਦੇ ਰਹੇ। ਲੋਕ ਨਾਇਕ ਦਾ ਜੀਵਨ ਸ਼ੀਸ਼ੇ ਵਰਗਾ ਸਾਫ ਹੁੰਦਾ ਹੈ। ਉਹ ਛਲਕਪਟ ਤੋਂ ਮੁਕਤ ਹੁੰਦਾ ਹੈ ਉਸ ਦੀ ਜ਼ਿੰਦਗੀ ਦਾ ਉਦੇਸ਼ ਕੇਵਲ ਲੋਕ ਭਲਾਈ, ਲੋਕ ਸੇਵਾ ਅਤੇ ਲੋਕ ਨੂੰ ਸਮਰਪਣ ਹੁੰਦਾ ਹੈ। ਸਾਡੇ ਸਮਾਜ ਵਿਚ ਮਦਰ ਟਰੇਸਾ, ਭਗਤ ਪੂਰਨ ਸਿੰਘ, ਫਲੋਰੈਂਸ ਨਾਇਟਿੰਗਟੇਲ ਵਿਨੋਭਾ ਭਾਵੇਂ ਰਵਿੰਦਰ ਨਾਥ ਟੈਗੋਰ, ਬਾਬਾ ਖੜਕ ਵਰਗੇ ਲੋਹ- ਪੁਰਸ਼ ਹੋਏ ਜਿਨ੍ਹਾਂ ਦਾ ਜੀਵਨ ਖੁੱਲੀ ਕਿਤਾਬ ਵਰਗਾ ਸੀ ਜੋ ਅਜੋਕੇ ਸਮਾਜ ਦੀ ਪੀੜੀ ਦੇ ਲਕਸ਼ ਹਨ।
ਲੋਕ ਨਾਇਕੀ, ਵੱਡਾਪਣ, ਪ੍ਰਸਿੱਧੀ ਆਦਮੀ ਨੂੰ ਧਰਮ, ਸਮਾਜ ਸੇਵਾ, ਲੋਕ ਸੇਵਾ, ਰਾਜਨੀਤੀ ਕਿਸੇ ਵੀ ਖੇਤਰ ਵਿਚ ਬੇਮਿਸਾਲ ਵੱਡੇ ਕੰਮ ਕਰਨ ਵਿਚ ਮਿਲਦੀ ਹੈ। ਵੱਡੇ ਹੋਣ ਦੇ ਕੁਝ ਹੋਰ ਵੀ ਪੈਮਾਨੇ ਹਨ ਜਿਵੇਂ, ਰੂਪ-ਰੰਗ, ਵਿਦਿਆ, ਕਲਾ, ਹੁਨਰ, ਸਮਾਜਿਕ ਰੁਤਬਾ ਆਦਿ। ਕਈ ਬੰਦੇ ਇਕ ਖੇਤਰ ਵਿਚ ਸੰਪੂਰਨ ਤੇ ਦੂਸਰੇ ਵਿਚ ਅਧੂਰੇ ਹੁੰਦੇ ਨੇ ਉਹ ਲੋਕ ਨਾਇਕ ਨਹੀਂ ਬਣ ਸਕਦੇ। ਵੱਡਾ ਬੰਦੇ ਹੋਣ ਲਈ ਆਲਾ-ਦੁਆਲਾ ਅਤੇ ਅੰਦਰਲਾ ਆਪਾ ਤੇ ਚੇਹਰਾ ਮੋਹਰਾ ਇਹ ਸਾਰੇ ਹੀ ਸਮੇਂ ਦੇ ਹਾਣੀ ਤੇ ਸਾਫ ਹੋਣੇ ਜ਼ਰੂਰੀ ਹਨ। ਸੋਹਣੇ ਮੂੰਹ ’ਤੇ ਬੈਠੀ ਮੱਖੀ ਉਸ ਦਾ ਅਕਸ਼ ਵਿਗਾੜ ਦਿੰਦੀ ਹੈ। ਕਲਾਕਾਰ ਕਲਾ ਦੇ ਹਾਣ ਵਿਚ ਹੋਣਾ ਜ਼ਰੂਰੀ ਐ। ਧਾਰਮਿਕ ਆਗੂ ਜੋ ਉਪਦੇਸ਼ ਲੋਕਾਂ ਨੂੰ ਦਿੰਦੈ ਜੇ ਉਸ ’ਤੇ ਅਮਲ ਖੁਦ ਕਰਦੈ, ਉਸ ਦੇ ਹਾਣ ਦੈ, ਫੇਰ ਉਹ ਅਸਲੀ ਆਗੂ ਨਹੀਂ ਤਾਂ ਫੇਰ ਬਾਪੂ ਆਸਾ ਅਤੇ ਰਾਮ ਰਹੀਮ ਵਾਲਾ ਹਾਲ ਹੁੰਦੈ। ਕਈ ਵਾਰੀ ਖਲਨਾਇਕ ਵੀ ਲੋਕ ਨਾਇਕ ਦਾ ਰੂਪ ਧਾਰ ਕੇ ਸਸਤਰਾਂ ਅਤੇ ਪਹਿਰਾਵੇ ਨਾਲ ਢੌਗ ਕਰਦੇ ਵਿਚਰਦੇ ਹਨ ਪਰ ਉਹ ਲੰਮੀ ਰੇਸ ਦੇ ਘੋੜਾ ਨਹੀਂ ਹੋ ਸਕਦੇ ਮੁੰਲਮੇ ਦਾ ਪਾਜ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਲਹਿ ਜਾਂਦਾ ਹੈ। ਪਦਾਰਥਵਾਦ ਅਤੇ ਗਰਜਾ ਚੰਗੇ-ਚੰਗੇ ਬੰਦੇ ਨੂੰ ਖਲਨਾਇਕ ਬਣਾ ਦਿੰਦੀਆਂ ਹਨ। ਗੁਰਬਾਣੀ ਤਾਂ ਇਹ ਸਪਸ਼ਟ ਕਰਦੀ ਹੈ ਕਿ ਜਿਸ ਆਦਮੀ ਦੇ ਕਾਮ-ਕਰੋਧ, ਲੋਭ-ਮੋਹ, ਹੰਕਾਰ ਨਾਮੀ ਨਕਾਰਤਮਕ ਸ਼ਕਤੀਆਂ ਨੂੰ ਸੁਕਾਰਤਾਮਕ ਰੂਪ, ਕਾਮ ਨੂੰ ਗ੍ਰਹਿਸਥਿ, ਕਰੋਧ ਨੂੰ ਬੀਰਤਾ ਵਿਚ, ਲੋਭ ਨੂੰ ਪਰਉਪਕਾਰ, ਮੋਹ ਨੂੰ ਤਿਆਗ ਅਤੇ ਹੰਕਾਰ ਨੂੰ ਨਿਮਰਤਾ ਵਿਚ ਤਬਦੀਲ ਕਰ ਲਿਆ, ਉਹ ਸਮਪੂਰਨ ਮਨੂੱਖ ਬਣ ਜਾਂਦਾ ਹੈ। ਮਨਮੁੱਖ ਤੋਂ ਗੁਰਮੁਖ ਬਣਨ ਤੱਕ ਦੀ ਯਾਤਰਾ ਜਿਸ ਨੂੰ ਅਸੀਂ ਦੁਰਮੱਤ ਤੇ ਗੁਰਮੱਤ ਦਾ ਸਫਰ ਭਾਵ ਇੱਕ ਆਦਰਸ਼ ਮਨੁੱਖ ਦਾ ਜੀਵਨ ਢੰਗ। ਅਜਿਹਾ ਮਨੁੱਖ ਸਮਾਜ ਦੇ ਜਿਸ ਥਾਂ ’ਤੇ ਵਿਚਰੇਗਾ ਉਹ ਮਾਰਗ ਦਰਸ਼ਕ, ਲੋਕਨਾਇਕ ਹੋਵੇਗਾ। ਅਜੋਕੇ ਸਮਾਜ ਅਤੇ ਨਿਜਾਮ ਵਿਚ ਅਸੀਂ ਅਨੇਕ ਢੌਂਗੀ ਤੇ ਰਾਜਨੀਤੀ, ਨੂੰ ਲੋਕ ਸੇਵਾ, ਧਰਮ ਨੂੰ ਸਵਰਗ ਦੇ ਠੇਕੇਦਾਰ ਅਤੇ ਸਮਾਜ ਦੇ ਠੇਕੇਦਾਰ ਸਮਾਜ ਸੁਧਾਰਕ ਹੋਣ ਦੇ ਦਾਅਵੇ ਕਰਦੇ- ਫਿਰਦੇ ਹਨ ਪਰ ਅਸਲੀਅਤ ਤੋਂ ਕੋਹਾਂ ਦੂਰ ਹਨ। ਪਰ ਸੰਚਾਰ ਦੇ ਜਮਾਨੇ ਵਿਚ ਹੁਣ ਝੂਠ ਨੂੰ ਫੜਨ ਦੀਆਂ ਬੜੀਆਂ ਤਰਕੀਬਾ ਲੱਭ ਲਈਆਂ ਹਨ। ਝੂਠੇ ਤੇ ਫਰੇਬੀ ਅਖੌਤੀ ਲੋਕ ਨਾਇਕ (ਖਲਨਾਇਕ) ਹੋਰ ਵੀ ਚਾਤਾਰ ਤੇ ਛਾਤਰ ਹੋ ਗਏ ਹਨ। ਵੱਡੇ ਅਹੁਦੇ, ਮਾਣ ਸਮਨਮਾਨ ਕਈ ਵਾਰੀ ਕਿਸਮਤ, ਲਿਆਕਤ, ਹੁਨਰ ਰਿਸ਼ਤੇਦਾਰੀ ਰੂਪ ਰੰਗ ਜਾਤ ਅਤੇ ਦਾਅ ਨਾਲ ਮਿਲ ਜਾਂਦੇ ਹਨ, ਪ੍ਰੰਤੂ ਲੋਕ ਉਹਨਾਂ ਦੇ ਹਾਣ ਦੇ ਨਹੀਂ ਹੁੰਦੇ। ਰਾਜਨੀਤੀ ਜਿਵੇਂ ਪਿਤਾ-ਪੁਰਖੀ ਧੰਦਾ ਬਣ ਗਈ ਹੈ। ਇਹੋ ਹਾਲ ਧਾਰਮਿਕ ਖੇਤਰ ਵਿਚ ਹੈ। ਪਲੇ ਭਾਵੇਂ ਕੁਝ ਨਾ ਹੋਵੇ ਬੱਸ ਲਿਬਾਸ ਪਾ ਕੇ ਹੀ ਲੋਕ ਮੂਰਖ ਬਣਾਏ ਜਾਂ ਰਹੇ ਹਨ। ਧਰਮ ਦੇ ਖੇਤਰ ਵਿਚ ਗਿਰਵਾਟ ਚਰਮ ਸੀਮਾ ’ਤੇ ਪੁੱਜ ਗਈ ਹੈ। ਵੱਡੇ-ਵੱਡੇ ਲੋਕ ਜਦੋਂ ਬਚਪਨ, ਜੁਆਨੀ ਵਿਚ ਸਨ ਉਹਨਾਂ ਵਿਚ ਸਧਾਰਨ ਮਨੁੱਖ ਵਾਲੀਆਂ ਉਣਤਾਈਆਂ ਸਨ। ਉਹ ਜਿਉਂ-ਜਿਉਂ ਉਮਰ ਅਹੁਦੇ ’ਤੇ ਰੁਤਬੇ ਵਿਚ ਵੱਡੇ ਹੁੰਦੇ ਹਨ ਉਹਨਾਂ ਦੀ ਸਖਸ਼ੀਅਤ ਅਤੇ ਕਿਰਦਾਰ ਵੀ ਵੱਡਾ ਹੋਣਾ ਜ਼ਰੂਰੀ ਐ। ਪ੍ਰੰਤੂ ਅਕਸਰ ਇਸ ਦੇ ਉਲਟ ਹੁੰਦਾ ਹੈ। ਰੁਤਬੇ ਵੱਡੇ ਕਿਰਦਾਰ ਛੋਟੇ ਕਰਕੇ ਲੋਕ ਰੁਤਬਆਂਿ ਨੂੰ ਢਾਹ ਲਾ ਦਿੰਦੇ ਹਨ। ਜਿਵੇਂ ਚੰਦ ਨੂੰ ਗ੍ਰਹਿਣ ਤੇ ਚਿੱਟੇ ਦੁੱਧ ਵਿਚ ਕਾਂਜੀ ਘੋਲਣ ਵਾਲੀ ਗੱਲ ਹੋ ਜਾਂਦੀ ਹੈ।
ਵੱਡੇ ਲੋਕ ਉਚੀਆਂ ਇਮਾਰਤਾਂ ਵਾਂਗ ਹੁੰਦੇ ਹਨ, ਜਿਵੇਂ ਉਹ ਦੂਰੋਂ ਸੁਹਾਵਣੀਆਂ ਤੇ ਮਨ ਮੋਹਣੀਆਂ ਲੱਗਦੀਆਂ ਹਨ, ਪ੍ਰੰਤੂ ਨੇੜੇ ਹੋਕੇ ਅਸਲੀਅਤ ਕੁਝ ਹੋਰ ਹੀ ਹੁੰਦੀ ਐ। ਇਸ ਲਈ ਇਹਨਾਂ ਨੂੰ ਨੇੜੇ ਹੋ ਕੇ ਵੇਖਣ ਤੇ ਪਰਖਣ ਨਾਲੋਂ ਕੁਝ ਫਾਸਲੇ ਅਤੇ ਦੂਰੀ ਤੋਂ ਹੀ ਵੇਖਣਾ ਚੰਗਾ ਹੁੰਦਾ ਹੈ। ਇਨਸਾਨ ਸਾਇੰਸ, ਡਾਕਟਰੀ, ਨਾਚ, ਚੰਗੀਤ, ਕਵਿਤਾ ਵਿੱਚ ਸ਼ਾਇਦ ਉਚ ਕੋਟੀ ’ਤੇ ਪਹੁੰਚ ਜਾਵੇ ਪ੍ਰਸਿੱਧੀ ਤੇ ਚੋਟੀ ਹਾਸਲ ਕਰ ਲਵੇ ਪਰ ਜ਼ਰੂਰੀ ਨਹੀਂ ਕਿ ਉਹ ਕਿਰਦਾਰ ਦਾ ਸਵਾਮੀ ਵੀ ਹੋਵੇ। ਜੇ ਉਸ ਨੇ ਆਪਣੀ ਕਲਾ ਇਲਮ ਅਤੇ ਹੁਨਰ ਦੇ ਨਾਲ ਕਿਰਦਾਰ ਦਾ ਵਿਕਾਸ ਵੀ ਕੀਤਾ ਹੋਵਾ ਤਾਂ ਹੀ ਸਭੰਵ ਹੋ ਸਕਦਾ ਹੈ। ਜਿਉਂ-ਜਿਉਂ ਪ੍ਰਸਿੱਧੀ ਹਾਸਲ ਹੁੰਦੀ ਜਾਂਦੀ ਹੈ, ਤਿਉਂ-ਤਿਉਂ ਉਸ ਵੱਲ ਲੋਕ ਨਜ਼ਰਾਂ, ਲੋਕਾਂ ਦੀ ਨੁਕਤਾਚੀਨੀ ਅਤੇ ਨਿਰਖ, ਪਰਖ ਵੱਧਦੀ ਜਾਂਦੀ ਹੈ। ਇਸ ਲਈ ਪ੍ਰਸਿੱਧੀ ਕਾਇਮ ਰੱਖਣ ਲਈ ਜੀਵਨ ਪੱਧਰ ਪਾਰਦਰਸ਼ੀ ਸਰਲ, ਸਵੱਛ, ਸੱਚਾ ਅਤੇ ਲੋਕਾਂ ਨੂੰ ਪ੍ਰਵਾਨਿਤ ਹੋਣਾ ਵੀ ਜ਼ਰੂਰੀ ਐ। ਮਹਾਨਤਾ, ਵੱਡਪਣ ਲੋਕ ਨਾਇਕੀ ਦੀ ਟੀਸੀ ’ਤੇ ਪਹੁੰਚਣ ਬਾਅਦ ਵੀ ਆਦਮੀ ਨੂੰ ਸੁਰਤ ਮਤ ਮਨ ਬੁੱਧ ਦੀ ਇਕਰਾਗਤਾ ਤੇ ਪਾਰਦਰਸਤਾ ਰੱਖਣੀ ਜ਼ਰੂਰੀ ਹੈ। ਅਸਲ ਵਿਚ ਵੱਡਾ ਆਦਮੀ ਜਿਉਂ ਉਪਰ ਵੱਲ ਵਿਕਾਸ ਕਰਦਾ ਹੈ ਉਸ ਦਾ ਅੰਦਰਲਾ ਮਨ ਉਹਨਾਂ ਹੀ ਝੁੱਕ ਕੇ ਤੁਰਨ ਵਿਚ ਵਿਸਵਾਸ ਰਖੇ, ਮਨ ਨੀਵਾਂ ਮੱਤ ਉਚੀ ਦਾ ਧਾਰਨੀ ਹੋਵੇ ਤਾਂ ਠੀਕ ਨਹੀਂ ਤਾਂ ਪ੍ਰਸਿੱਧੀ ਅਤੇ ਵੱਡਪਣ ਤੇ ਪਹੁੰਚ ਕੇ ਮਾੜੀ-ਮੋਟੀ ਹੋਛੀ ਹਰਕਤ ਵੀ ਉਸ ਦਾ ਇਉ ਸਤਿਆਨਾਸ਼ ਕਰ ਦਿੰਦੀਐ। ਵੱਡਪਣ ਅਤੇ ਪ੍ਰਸਿੱਧੀ ਦੀ ਚੋਟੀ ਬਹੁਤ ਤਿਲਸਵੀ ਹੁੰਦੀ ਹੈ ਜਿਸ ’ਤੇ ਟਿੱਕੇ ਰਹਿਣਾ ਐਨਾ ਸੌਖਾ ਨਹੀਂ ਕਿਉਂਕਿ ਉਸ ਨੂੰ ਡੇਗਣ ਵਾਲੇ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਵੱਡਪਣ ਪੂਰੀ ਜ਼ਿੰਦਗੀ ਸੋਹਰਤ ਵਾਂਗ ਸਾਂਭ ਕੇ ਰੱਖਣਾ ਪੈਣਾ ਹੈ।
ਮਹਾਤਮਾ ਬੱਧ, ਈਸਾ ਮਸੀਹ, ਗੁਰੂ ਨਾਨਕ, ਪੈਗੰਬਰ ਮੁਹੰਮਦ ਹੁਰਾਂ ਨੇ ਸਾਰੀ ਜ਼ਿੰਦਗੀ ਨੇਕੀ ਸੱਚਾਈ ਲੋਕ ਸੇਵਾ ਨੂੰ ਅਰਪਣ ਹੋ ਕੇ ਆਪਣੇ ਪਿੰਡੇ ਤੇ ਜੋ ਕਿਹਾ, ਸੋ ਹੰਢਾਇਆ। ਉਹ ਆਪਣੀ ਜਿੰਦਗੀ ਵਿਚ ਤਾਂ ਗਲਤ ਕੀਮਤਾਂ ਕਦਰਾਂ ਨਾਲ ਲੜਦੇ ਰਹੇ ਪਰ ਡੋਲੇ ਨਹੀਂ। ਉਹਨਾਂ ਨੇ ਸਾਨੂੰ ਲੋਕਨਾਇਕ, ਮਾਰਗ ਦਰਸ਼ਕ ਬਣਕੇ ਵਿਖਾਇਆ ਕਿ ਅਜਿਹੀ ਜ਼ਿੰਦਗੀ ਕਿਵੇਂ ਜਿਉਣੀਂ ਜਾ ਸਕਦੀ ਹੈ। ਜ਼ਿੰਦਗੀ ਛੋਟੇ-ਛੋਟੇ ਕਦਮਾਂ ਦੀ ਲੰਮੀ ਦੌੜ ਹੈ। ਛੋਟੇ-ਛੋਟੇ ਨੇਕ ਕਾਰਜ ਕਰਦਾ ਹੋਇਆ ਆਦਮੀ ਮਹਾਨ ਬਣ ਜਾਂਦਾ ਹੈ।ਜਾਰਜ ਬ੍ਰਨਾਰਡ ਸ਼ਾਅ ਮਹਾਨ ਲੇਖਕ ਹੋਇਆ ਹੈ। ਉਸ ਨੂੰ ਬੜਾ ਸਿਆਣਾ ਮੰਨਿਆ ਜਾਂਦਾ ਸੀ, ਕਿਸੇ ਨੇ ਉਸ ਨੂੰ ਪੁੱਛਿਆ ਤੈਨੂੰ ਐਨੀ ਅਕਲ ਕਿਵੇਂ ਮਿਲੀ ? ਉਸ ਦਾ ਜਵਾਬ ਸੀ, ‘ਮੁਰਖਾਂ ਤੋਂ’ ਮੂਰਖ ਗਲਤੀਆਂ ਕਰਦੇ ਗਏ, ਉਹ ਸੰਭਲਦਾ ਗਿਆ। ਕਿੱਨੀ ਵੱਡੀ ਗੱਲ ਹੈ। ਫਰਾਸਿਸ ਬੇਕਿਨ, ਸ਼ੋਹਰਤ ਕੀ ਐ, ਕਈ ਵਾਰੀ ਬਿਨਾ ਗੁਣਾਂ ਤੇ ਮਿਲ ਜਾਂਦੀ ਅਤੇ ਕਈ ਵਾਰੀ ਬਿਨਾਂ ਔਗਣ ਤੋਂ ਖੁਸ਼ ਜਾਂਦੀ ਐ ਫੇਰ ਵੀ ਸ਼ੋਹਰਤ ਬਾਰੇ ਜਾਗਰੂਕ ਰਹਿਣਾ ਚਾਹੀਦਾ ਹੈ। ਅਜੋਕੇ ਯੁਗ ਵਿਚ ਪਦਾਰਥਵਾਦੀ ਸੋਚ ਦੇ ਗੁਲਾਮ ਮਨੁੱਖ ਵਿਚ ਪੈਸੇ, ਸਾਧਨ ਅਤੇ ਸਹੂਲਤਾਂ ਦੀ ਦੋੜ ਲੱਗੀ ਹੈ। ਮੇਰਾ ਇੱਕ ਰਿਸ਼ਤੇਦਾਰ ਮੈਨੂੰ ਕਹਿਣ ਲੱਗਾ, ‘‘ਤੁਸੀਂ ਨੌਕਰੀ ਵਿੱਚ ਵੱਡੇ ਧਰਮ ਪੁੱਤਰ ਬਣ ਕੇ ਰਹੇ, ਤੁਹਾਨੂੰ ਪਤਾ ਲਗੂ ਜਦੋਂ ਇਹ ਨੌਕਰ, ਸਰਕਾਰੀ ਬੰਗਲੇ, ਗੱਡੀਆਂ ਤੇ ਗੰਨ ਮੈਨ ਖੁਸ ਗਏ ਫੇਰ ਤੁਹਾਨੂੰ ਕਿਸੇ ਨਹੀਂ ਪੁਛਣਾ।’’ ਮੈਂ ਉਸ ਨੂੰ ਕਿਹਾ, ‘‘ਤੁਸੀਂ ਫਿਕਰ ਨਾ ਕਰੇ ਮੈਂ ਤੁਹਾਡੇ ਕੋਲ ਕੁਝ ਮੰਗਣ ਨਹੀਂ ਆਉਦਾ, ਮੇਰੇ ਪਿਓ- ਦਾਦੇ ਕਿਹੜੇ ਬੰਗਲਿਆਂ ਤੇ ਵੱਡੀਆਂ ਕਾਰਾਂ ਵਿਚ ਅਤੇ ਗੰਨ ਮੈਨ ਲੈ ਕੇ ਘੁੰਮਦੇ ਸਨ।’’ ਮੇਰਾ ਕਹਿਣ ਦਾ ਭਾਵ ਲੋਕ ਪੈਸੇ ਨਾਲ ਹੀ ਇਜਤ ਦੀ ਤੁਲਨਾ ਕਰਦੇ ਹਨ। ਜੇਹੜੀ ਗੱਲ ਅਨੇਕ ਸਾਲ ਪਹਿਲਾਂ ਕਹੀ ਗਈ ਸੀ, ‘‘ਚੋਰ ਨੂੰ ਖਾਂਦੇ ਨੂੰ ਨਾ ਵੇਖੋ, ਚੋਰ ਦੇ ਪੈਦੀਆਂ ਵੇਖੋਂ’’ ਜੇ ਚੋਰ ਖਾਦਾਂ ਵੇਖ ਲਿਆ ਤੁਸੀਂ ਚੋਰ ਬਣ ਜਾਉਗੇ, ਜੇ ਪੈਂਦੀਆਂ ਵੇਖ ਲਈਆਂ ਤਾਂ ਚੋਰੀ ਛੱਡ ਜਾਉਂਗੇ। ਨਵੀਂ ਪੀੜੀ ਦਾ ਰੋਲ ਮਾਡਲ ਹੀ ਚੋਰ, ਭ੍ਰਿਸ਼ਟ, ਠੱਗ, ਚਾਰ ਸੌ ਵੀਹ ਅਤੇ ਗੁੰਡੇ ਬੰਦੇ ਬਣ ਕੇ ਰਹਿ ਗਏ ਹਨ। ਜੇ ਵੱਡੀਆਂ ਕਾਰਾਂ ਅਤੇ ਕੋਠੀਆਂ ਵਿਚ ਅਲੀਸ਼ਾਨ ਜ਼ਿੰਦਗੀ ਜਿਉਂਦੇ ਹਨ। ਇਹ ਲੋਕ ਸੁਖ ਦੀ ਨੀਂਦ ਨਹੀਂ ਸੌਂਦੇ ਸਗੋਂ ਅਨੇਕ ਪ੍ਰਕਾਰ ਦੀਆਂ ਦਵਾਈਆਂ ਅਤੇ ਡਰੱਗਜ ਲੈ ਕੇ ਸੌਂਦੇ ਹਨ। ਅਨੇਕ ਮੁਕਦਮੇ ਭੁਗਤਦੇ ਹਨ।
ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ- ‘ਕੂੜ ਨਿਖੁਟੈ ਨਾਨਕਾ, ਓੜਕ ਸਚਿ ਰਹੀ।’

WRITTEN BY