Skip to content
Independent perspectives. Global stories.
BREAKING

ਕੇਂਦਰ ’ਚ ਸੱਤਾਧਾਰੀ ਧਿਰ ਨਿਰਾਸ਼ਾ ਅਤੇ ਖਿੱਚੋਤਾਣ ਦੇ ਆਲਮ ’ਚ

Share this story

1885 ਤੋਂ ਭਾਰਤੀ ਸਿਆਸਤ ਵਿਚ ਚੜ੍ਹਦੀ ਕਲਾ ‘ਚ ਦਿਖ ਰਹੀ ਕਾਂਗਰਸ ਪਾਰਟੀ ਨੂੰ ਪਟਕਣੀ ਦੇਕੇ, 2014 ਵਿਚ ਭਾਜਪਾ ਨੇ ਆਪਣੀ ਪਾਰਟੀ ਦਾ ਨੁਮਾਇੰਦਾ ਨਰੇਂਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਨਾਉਣ ਤੋਂ ਬਾਅਦ ਇਹ ਨਜ਼ਰ ਆ ਰਿਹਾ ਸੀ ਕਿ ਨਰੇਂਦਰ ਮੋਦੀ ਘਟੋ-ਘਟ 10 ਸਾਲ ਇਸ ਆਹੁਦੇ ਉਤੇ ਟਿਕਿਆ ਰਹੇਗਾ। ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ਕਾਂਗਰਸ 2014 ਵਿਚ 543 ਲੋਕ ਸਭਾ ਸੀਟਾਂ ਵਿਚੋਂ 44 ਸੀਟਾਂ ਲੈ ਸਕੀ ਅਤੇ ਭਾਜਪਾ ਦਾ ਮੋਦੀ ਇਕ ਸ਼ਕਤੀਸ਼ਾਲੀ ਨੇਤਾ ਵਜੋਂ ਦੇਸ਼ ਦੇ ਸਿਆਸੀ ਦ੍ਰਿਸ਼ ਤੇ ਨਵੇਂ-ਨਵੇਂ ਵਾਅਦਿਆਂ, ਦਾਅਵਿਆਂ ਨਾਲ ਉਭਰਿਆ। ਕਾਂਗਰਸ ਮੁਕਤ ਭਾਰਤ ਦਾ ਨਾਅਰਾ ਲਾਉਂਦੀ ਭਾਜਪਾ ਤੇ ਮੋਦੀ ਨੇ ਕੁਝ ਸੂਬਿਆਂ ‘ਚ ਚੋਣਾਂ ਵੀ ਜਿਤੀਆਂ ਅਤੇ ਇਸ ਗਲ ਦੀਆਂ ਟਾਹਰਾਂ ਵੀ ਮਾਰੀਆਂ ਕਿ ਉਹ 2022 ਵਿਚ ਭਾਰਤ ਦੀ ਆਜ਼ਾਦੀ ਦੀ ਡਾਇਮੰਡ ਜੁਬਲੀ ਆਪਣੀ ਦੇਖ-ਰੇਖ ‘ਚ ਮਨਾਏਗੀ। ਪਰ ਪਿਛਲੇ ਤਿੰਨ ਸਾਲਾਂ ‘ਚ ਭਾਜਪਾ ਹਫੀ ਹੋਈ, ਥਕੀ ਹੋਈ ਅਤੇ ਕਾਂਗਰਸ ਆਪਣੀਆਂ ਐਮਰਜੈਂਸੀ ਬੈਟਰੀਆਂ ਨਾਲ ਮੁੜ ਸਾਹ ਲੈਂਦੀ ਜਾਪਣ ਲਗ ਪਈ ਹੈ।
ਪਿਛਲੀ ਸਦੀ ਦੇ ਛੇਵੇਂ ਦਹਾਕੇ ਦੇ ਸ਼ੁਰੂ ਵਿਚ ਦੇਸ਼ ਸਾਹਮਣੇ ਇਕ ਸਵਾਲ ਉਭਰਿਆ ਸੀ ਕਿ ਨਹਿਰੂ ਤੋਂ ਬਾਅਦ ਕੌਣ ਹੋਏਗਾ? ਫਿਰ ਸਤਵੇਂ ਦਹਾਕੇ ‘ਚ ਪੁਛਿਆ ਜਾਣ ਲਗ ਪਿਆ ਸੀ ਕਿ ਕੌਣ ਹੋਏਗਾ ਇੰਦਰਾ ਗਾਂਧੀ ਤੋਂ ਬਾਅਦ? ਹੁਣ 2018 ‘ਚ ਵਡਾ ਸਵਾਲ ਲੋਕ ਕਰਨ ਲਗ ਪਏ ਹਨ ਕਿ ਮੋਦੀ ਤੋਂ ਬਾਅਦ ਕਿਸ ਦੀ ਵਾਰੀ ਹੈ? ਇਹ ਤਿੰਨੇ ਸਿਖਰ ਤੇ ਪਹੁੰਚੇ, ਸ਼ਕਤੀਸ਼ਾਲੀ ਨੇਤਾਵਾਂ ਦਾ ਆਪਣਾ ਕੋਈ ਜਨਸ਼ੀਨ ਨਹੀਂ ਸੀ। ਅਗਲੀ ਕਤਾਰ ਵਾਲਾ ਕੋਈ ਦਿਸਦਾ ਨੇਤਾ ਵੀ ਨਹੀਂ ਸੀ ਜਾਂ ਹੈ, ਪਰ ਸਮੇਂ ਦੇ ਵਹਾਅ ‘ਚ ਨਹਿਰੂ ਤੋਂ ਬਾਅਦ ਲਾਲ ਬਹਾਦਰ ਸ਼ਾਸ਼ਤਰੀ ਆਇਆ, ਇੰਦਰਾ ਗਾਂਧੀ ਤੋਂ ਬਾਅਦ ਰਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ। ਮੋਦੀ ਦੇ ਹੁੰਦਿਆਂ ਹੀ, ਜਦੋਂ ਕਿ ਉਹ 2019 ਦੀਆਂ ਚੋਣਾਂ ਭਾਰੇ ਅਸਫਲਤਾਵਾਂ ਦੇ ਬਸਤੇ ਨਾਲ ਲੜਨ ਦੀ ਤਿਆਰੀ ਕਰ ਰਿਹਾ ਹੈ, ਸਵਾਲ ਪੁਛੇ ਜਾਣ ਲਗ ਪਏ ਹਨ ਕਿ ਉਸ ਤੋਂ ਅਗਲਾ ਪ੍ਰਧਾਨ ਮੰਤਰੀ ਕੌਣ ਹੋਏਗਾ, ਕਿਉਂਕਿ ਮੋਦੀ ਦਾ ਜਿਹੜਾ ਕ੍ਰਿਸ਼ਮਈ ਚਿਹਰਾ 2014 ‘ਚ ਦੇਸ਼, ਵਿਦੇਸ਼ ਵਿਚ ਦੇਖਣ ਨੂੰ ਮਿਲਿਆ ਸੀ, ਉਹ ਧੁੰਦਲਾ ਪਿਆ ਦਿਖਾਈ ਦੇਣ ਲਗਾ ਹੈ? ਨਵੰਬਰ 2014 ਵਿਚ ਭਾਜਪਾ ਤੇ ਮੋਦੀ ਦੀ ਤਾਕਤ ਆਰ ਐਸ ਐਸ ਮੁਖੀ ਮੋਹਨ ਭਗਵਤ ਨੇ ਮੋਦੀ ਦੀ ਤੁਲਨਾ ਮਹਾਂਭਾਰਤ ਦੇ ਅਭਮਿਨਊ( ਜੋ ਕਿ ਸ਼ਕਤੀਸ਼ਾਲੀ ਅਰਜਨ ਦਾ ਪੁਤਰ ਸੀ) ਨਾਲ ਕੀਤੀ ਸੀ, ਜਿਸਨੇ ਦੁਸ਼ਮਣ ਦਾ ਚਕਰਵਿਊ ਦੁਸ਼ਮਣ ਦੀਆਂ ਸੈਨਾਵਾਂ ਅੰਦਰ ਵੜਕੇ ਤੋੜਿਆ ਸੀ, ਪਰ ਹੁਣ ਸਥਿਤੀ ਬਦਲੀ ਬਦਲੀ ਜਾਪਦੀ ਹੈ ਕਿਉਂਕਿ ਮੋਦੀ ਦੁਆਲੇ ਹੁਣ ਸਤ ਕੌਰਵਾਂ (ਸਮਸਿਆਵਾਂ) ਦਾ ਘੇਰਾ ਹੈ, ਜਿਸ ਨੂੰ ਪਾਰ ਕਰਨਾ ਸੌਖਾ ਨਹੀਂ।
ਭਾਰਤੀ ਅਰਥ ਚਾਰੇ ਨੂੰ ਨੀਵਾਣਾ ਵਲ ਲੈਜਾਣ ਲਈ ਮੋਦੀ ਆਪਣੀ ਜੁੰਮੇਵਾਰੀ ਤੋਂ ਬਚ ਨਹੀਂ ਸਕਦੇ। 5 ਜਨਵਰੀ 2018 ਨੂੰ ਸੈਂਟਰਲ ਸਟੈਟਿਸਟੀਕਲ ਆਰਗੇਨਾਈਜੇਸ਼ਨ (ਸੀ ਐਸ ਓ) ਨੇ ਰਿਪੋਰਟ ਦਿਤੀ ਹੈ ਕਿ 2017-18 ਦੀ ਦੇਸ਼ ਦੀ ਆਰਥਿਕ ਤਰਕੀ 6.5 ਫੀਸਦੀ ਤੋਂ ਘਾਟੇ ਵਾਲੇ ਪਾਸੇ ਵਲ ਗਈ ਹੈ ਅਤੇ ਪਿਛਲੇ ਚਾਰ ਸਾਲਾਂ ‘ਚ ਇਹ ਲਗਾਤਾਰ ਨੀਵੀਂ ਹੋ ਰਹੀ ਹੈ। ਨਿਰਮਾਣ ਅਤੇ ਖੇਤੀ ਖੇਤਰ ਡੁਬ ਰਿਹਾ ਹੈ ਅਤੇ ਜੀ ਐਸ ਟੀ ਦੇ ਪਹਿਲੇ ਸਾਲ ਅਤੇ ਨੋਟਬੰਦੀ ਨੇ ਦੇਸ਼ ਦੇ ਅਰਥਚਾਰੇ ਨੂੰ ਖੋਰਾ ਲਾਇਆ ਹੈ। ਲੋਕਾਂ ਦੀਆਂ ਨੌਕਰੀਆਂ ਖੁਸੀਆ ਹਨ, ਖੇਤੀ ਘਾਟੇ ਦਾ ਸੌਦਾ ਬਣ ਗਈ ਤੇ ਕਿਸਾਨ ਖੇਤ ਮਜ਼ਦੂਰਾਂ ਦੀਆਂ ਆਤਮਹਤਿਆਵਾਂ ਵਧੀਆਂ ਹਨ, ਬੇਰੁਜ਼ਗਾਰ ਨੌਜਵਾਨਾਂ ‘ਚ ਨਿਰਾਸ਼ਤਾ ਚਰਨ ਸੀਮਾ ‘ਤੇ ਹੈ ਅਤੇ ਸਰਕਾਰ ਪ੍ਰਤੀ ਲੋਕਾਂ ਦਾ ਵਿਸ਼ਵਾਸ ਡਾਵਾਂ ਡੋਲ ਹੋਇਆ ਹੈ ਕਿਉਂਕਿ ਉਹ ਲਗਾਤਾਰ ਵਾਅਦਿਆ ਤੋਂ ਮੁਕਰੀ ਹੈ। ਮੋਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਮੋਦੀ ਦੇ ਆਪਣੇ ਸੂਬੇ ਗੁਜਰਾਤ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਦੇਖਣ ਨੂੰ ਮਿਲਿਆ ਕਿ 1995 ਤੋਂ ਬਾਅਦ ਪਹਿਲੀ ਵੇਰ 182 ਸੀਟਾਂ ਵਿਚੋਂ 99 ਸੀਟਾਂ ਜਿਤਕੇ ਹੀ ਭਾਜਪਾ ਆਪਣੀ ਵਜ਼ਾਰਤ ਬਣਾ ਸਕੀ ਜਦਕਿ ਉਹ ਹਰ ਵੇਰ ਸੈਕੜਾ, ਸਵਾ ਸੈਕੜਾ ਮਾਰਦੀ ਸੀ, ਇਥੇ ਮੋਦੀ ਦਾ ਕ੍ਰਿਸ਼ਮਾ ਵੀ ਕੁਝ ਨਾ ਕਰ ਸਕਿਆ।
ਦੇਸ਼ ਵਿਚ 10 ਕਰੋੜ (100 ਮਿਲੀਅਨ) ਨੌਜਵਾਨਾਂ ਦੀ ਬੇਰੁਜ਼ਗਾਰਾਂ ਦੀ ਫੌਜ ਹੈ, ਜਿਸ ਲਈ ਮੋਦੀ ਸਰਕਾਰ ਕੁਝ ਵੀ ਨਹੀਂ ਕਰ ਸਕੀ। 2013-14 ‘ਚ ਪ੍ਰਧਾਨ ਮੰਤਰੀ ਦੀ ਕੁਰਸੀ ਹਥਿਆਉਣ ਸਮੇਂ ਦੇਸ਼ ਦੇ ਕੁਲ ਵੋਟਰਾਂ ਦੇ 65 ਫੀਸਦੀ 18-35 ਸਾਲ ਦੇ ਯੁਵਕਾਂ ਉਤੇ ਟੇਕ ਰਖਕੇ, ਉਹਨਾ ਨੂੰ ਨੌਕਰੀਆਂ ਦੇਣ ਦੇ ਸੁਫਨੇ ਮੋਦੀ ਜੀ ਦਿਖਾਉਂਦੇ ਰਹੇ। ਇਹ ਸੁਫਨੇ ਸਿਰਫ ਸੁਫਨੇ ਹੀ ਬਣ ਕੇ ਰਹਿ ਗਏ, ਜਦਕਿ ਹਰ ਵਰ੍ਹੇ ਸਰਕਾਰ ਵਲੋਂ ਪੈਦਾ ਕੀਤੀਆਂ ਨੌਕਰੀਆਂ ‘ਚ ਕਮੀ ਦੇਖਣ ਨੂੰ ਮਿਲੀ। ਵਾਅਦਿਆਂ ਦੀ ਨਾ-ਪੂਰਤੀ ਵਿਚੋਂ ਨਿਕਲੀ ਬੇਚੈਨੀ ਵਿਚੋਂ ਹੀ ਗੁਜਰਾਤ ਸੂਬੇ ‘ਚੋਂ ਹਾਰਦਿਕ ਪਟੇਲ, ਅਲਪੇਸ਼ ਠਾਕੁਰ ਅਤੇ ਜਗਨੇਸ਼ ਮੈਵਾਲੀ ਜਿਹੇ ਯੁਵਕ ਨੇਤਾਵਾਂ ਦਾ ਜਨਮ ਹੋਇਆ, ਜਿਹਨਾ ਮੋਦੀ ਦੇ ਸ਼ਾਸ਼ਨ ਦੀਆਂ ਚੂਲਾਂ ਹਿਲਾ ਦਿਤੀਆਂ। ਇਹਨਾ ਤਿੰਨਾਂ ਯੁਵਕਾਂ ਦੀ ਸਿਆਸਤ ‘ਚ ਪਹਿਲਕਦਮੀ ਨੇ ਦੇਸ਼ ‘ਚ ਉਸ ਕਿਸਮ ਦੀ ਜਾਤ ਅਧਾਰਤ ਸਿਆਸਤ ਨੂੰ ਮੁੜ ਉਭਾਰਿਆ ਹੈ ਜੋ 1990 ‘ਚ ਦੇਸ਼ ‘ਚ ਪੈਦਾ ਹੋਈ ਸੀ। ਇਸ ਸਿਆਸਤ ਦੇ ਉਭਾਰ ਨਾਲ ਮੋਦੀ ਸਰਕਾਰ ਦਾ ਗੁਜਰਾਤ ਵਿਕਾਸ ਮਾਡਲ ਵੀ ਬੁਰੀ ਤਰ੍ਹਾਂ ਫੇਲ੍ਹ ਹੋਇਆ। ਜਾਤ ਅਧਾਰਤ ਇਹ ਸਿਆਸਤ ਗੁਜਰਾਤ ਤਕ ਹੀ ਸੀਮਤ ਨਹੀਂ ਸਗੋਂ ਇਸਦਾ ਪ੍ਰਭਾਵ ਮਹਾਰਾਸ਼ਟਰ ਤਕ ਵੀ ਜਾ ਪੁਜਾ।
ਮੋਦੀ ਦੇ ਸਾਹਮਣੇ 2018 ਦੀਆਂ 8 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹਨ। ਜਿਹਨਾ ਵਿਚ ਰਾਜਸਥਾਨ, ਮਧ ਪ੍ਰਦੇਸ਼, ਛਤੀਸ਼ਗੜ੍ਹ ਰਾਜ ਵੀ ਹਨ, ਜਿਥੇ ਭਾਜਪਾ ਰਾਜ ਕਰ ਰਹੀ ਹੈ। ਇਹਨਾ ਰਾਜਾਂ ਦੀਆਂ ਚੋਣਾਂ ਵਿਚ ਇਸ ਭਗਵਾਂ ਪਾਰਟੀ ਨੂੰ ਸਰਕਾਰ ਦੀਆਂ ਨਾਕਾਮੀਆਂ ਕਾਰਨ ਵਿਰੋਧ ਝਲਣਾ ਪਵੇਗਾ। ਇਹਨਾ ਰਾਜਾਂ ਵਿਚ ਵੀ ਜਾਤ ਅਧਾਰਤ ਰਾਜਨੀਤੀ ਜੋਰ ਫੜ ਰਹੀ ਹੈ। ਕਰਨਾਟਕ ਵਿਚ ਵੀ ਭਾਜਪਾ ਦੀ ਸਥਿਤੀ ਚੰਗੀ ਨਹੀਂ। ਉਪਰੋਂ ਮੁਸਲਿਮ ਵੋਟਾਂ ਦਾ ਤਿੰਨ ਤਲਾਕ ਮਾਮਲੇ ਉਤੇ ਔਰਤਾਂ ਦੇ ਹਕ ‘ਚ ਲਏ ਸਟੈਂਡ ਦੇ ਬਾਵਜੂਦ ਵੀ ਉਹਨਾ ਦੇ ਹਕ ‘ਚ ਆਉਣਾ ਨਾ ਮੁਮਕਿਨ ਜਾਪਦਾ ਹੈ ਕਿਉਂਕਿ ਦੇਸ਼ ਵਿਚਲੀਆਂ ਘਟ ਗਿਣਤੀਆਂ ਨਾਲ ਜਿਸ ਕਿਸਮ ਦਾ ਵਿਤਕਰਾ ਹੋ ਰਿਹਾ ਹੈ, ਉਸ ਤੋਂ ਉਹਨਾ ਦਾ ਨਰਾਜ਼ ਹੋਣਾ ਸੁਭਾਵਕ ਹੈ। ਗਊ ਹਤਿਆ ਦੇ ਨਾਮ ਤੇ ਮਨੁਖ ਹਤਿਆ, ਲਵ ਜਿਹਾਦ, ਅਤੇ ਘਟ ਗਿਣਤੀ ਲੋਕਾਂ ਦੀ ਕੁਝ ਥਾਵਾਂ ‘ਤੇ ਸ਼ਰੇਆਮ ਕੁਟ-ਮਾਰ ਉਹਨਾ ਦੇ ਮਨਾਂ ‘ਚ ਡਰ-ਭੈਅ ਤਾਂ ਪੈਦਾ ਕਰ ਹੀ ਰਹੀ ਹੈ, ਉਹਨਾ ਦੇ ਮਨਾਂ ‘ਚ ਰੋਸ ਵੀ ਵਧ ਰਿਹਾ ਹੈ।
ਇਹੋ ਜਿਹੀ ਸਥਿਤੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੰਦਿਰਾਂ ‘ਚ ਜਾਕੇ ਪੂਜਾ ਕਰਨਾ, ਵਿਰੋਧੀ ਧਿਰ ਦੀਆਂ ਹੋਰ ਪਾਰਟੀਆਂ ਨਾਲ ਤਾਲਮੇਲ ਵਧਾਉਣਾ ਮੋਦੀ ਲਈ ਖਤਰੇ ਦੀ ਘੰਟੀ ਬਣ ਰਿਹਾ ਹੈ। ਜੇਕਰ 2018 ‘ਚ ਹੋਣ ਵਾਲੀਆਂ 8 ਰਾਜਾਂ ਦੀਆਂ ਚੋਣਾਂ ‘ਚ ਭਾਜਪਾ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹਿੰਦੀ ਤਾਂ ਸੁਭਾਵਕ ਤੌਰ ਤੇ ਇਸਦਾ ਅਸਰ 2019 ਦੀਆਂ ਲੋਕ ਸਭਾ ਚੋਣਾਂ ਉਤੇ ਪਵੇਗਾ।
ਮੋਦੀ ਲੋਕਾਂ ਲਈ ਠਅਛੇ ਦਿਨਾਂਠ ਦੇ ਸੁਨੇਹੇ ਅਤੇ ਭ੍ਰਿਸ਼ਟਾਚਾਰੀ ਨੇਤਾਵਾਂ ਨੂੰ ਸਜ਼ਾ ਦੇਣ ਦੇ ਵਾਇਦੇ ਨਾਲ ਰਾਜ ਸਿੰਘਾਸਨ ਉਤੇ ਬਿਰਾਜਮਾਨ ਹੋਇਆ ਸੀ। ਭ੍ਰਿਸ਼ਟਾਚਾਰ ਦੇ ਕੁਝ ਮਾਮਲਿਆਂ ਦੀ ਫੂਕ ਪਿਛਲੇ ਦਿਨੀਂ ਹੋਏ ਅਦਾਲਤੀ ਫੈਸਲਿਆਂ ਨੇ ਕਢ ਦਿਤੀ ਹੈ। ਚੋਣਾਂ ‘ਚ ਭਾਜਪਾ ਵਲੋਂ ਅਪਰਾਧਿਕ ਮੁਕਦਮਿਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਚੋਣਾਂ ‘ਚ ਖੜੇ ਕਰਨ, ਬਿਹਾਰ ਵਿਚ ਨਿਤੀਸ਼ ਕੁਮਾਰ ਨੂੰ ਆਪਣੇ ਪਾਲੇ ਵਿਚ ਲਿਆਉਣ ਅਤੇ ਥਾਂ-ਥਾਂ ਵਿਰੋਧੀ ਧਿਰ ਦੇ ਨੇਤਾਵਾਂ ਉਤੇ ਛਾਪੇਮਾਰੀ ਕਰਨ ਤੇ ਉਹਨਾ ਨੂੰ ਪ੍ਰੇਸ਼ਾਨ ਕਰਨ ਵਰਗੀਆਂ ਘਟਨਾਵਾਂ ਨੇ ਲੋਕਾਂ ਵਿਚ ਭਾਜਪਾ ਨੇਤਾਵਾਂ ਪ੍ਰਤੀ ਨਾ-ਪਸੰਦਗੀ ਦਾ ਇਜ਼ਹਾਰ ਕੀਤਾ ਹੈ। ਗੁਜਰਾਤ ਦੀਆਂ 182 ਵਿਧਾਨ ਸਭਾ ਚੋਣਾਂ ‘ਚ 30 ਅਸੰਬਲੀ ਸੀਟਾਂ ਉਤੇ ਠਨੋਟਾਠ ਵੋਟਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ, ਇਹਨਾ ਸੀਟਾਂ ਉਤੇ ਇਹ ਨੋਟਾ ਨੇ ਜਿਤਣ ਹਾਰਣ ਵਾਲੇ ਭਾਜਪਾ-ਕਾਂਗਰਸੀ ਨੇਤਾਵਾਂ ਨੂੰ ਪ੍ਰਭਾਵਤ ਕੀਤਾ ਹੈ। ਲਗਭਗ 5 ਲਖ ਗੁਜਰਾਤੀ ਵੋਟਰਾਂ ਨੇ ਸੂਬੇ ‘ਚ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕੀਤਾ ਅਤੇ ਨੋਟਾ ਦੀ ਵਰਤੋਂ ਕੀਤੀ। ਇਹ ਵੀ ਆਪਣੇ ਆਪ ਵਿਚ ਮੋਦੀ ਦੇ ਨਿਕੰਮੇ ਸਾਸ਼ਨ ਨੂੰ ਲੋਕਾਂ ਵਲੋਂ ਨਿਕਾਰਨ ਦੀ ਵਡੀ ਮਿਸਾਲ ਹੈ।
ਸਾਲ 2014 ਵਿਚ ਮੋਦੀ ਪਿਛੇ 25 ਮਿਲੀਅਨ ਆਰ ਐਸ ਐਸ ਵਰਕਰਾਂ ਦਾ ਪ੍ਰੀਵਾਰ ਖੜ੍ਹਾ ਦਿਸਦਾ ਸੀ ਜਿਸਦੀ ਬਦੌਲਤ ਮੋਦੀ ਪ੍ਰਧਾਨਮੰਤਰੀ ਹਾਊਸ ਦੀਆਂ ਪੌੜੀਆਂ ਚੜ੍ਹਿਆ। ਪਿਛਲੇ ਤਿੰਨ ਸਾਲਾਂ ‘ਚ 56 ਇੰਚੀ ਚੌੜੀ ਛਾਤੀ ਸੁੰਗੜੀ-ਸੁੰਗੜੀ ਉਸ ਵੇਲੇ ਵੀ ਦਿਸੀ, ਜਦੋਂ ਗੁਜਰਾਤ ਚੋਣਾਂ ‘ਚ ਉਸਦੀ ਘਗਿਆਈ ਆਵਾਜ਼ ਸੁਨਣ ਨੂੰ ਮਿਲੀ ਕਿਉਂਕਿ ਆਰ ਐਸ ਐਸ ਪਰਿਵਾਰ ਨੇ ਇਹਨਾ ਚੋਣਾਂ ‘ਚ ਭਾਜਪਾ ਤੋਂ ਦੂਰੀ ਬਣਾਈ ਰਖੀ, ਇਥੇ ਠਯੋਧਾ ਮੋਦੀਠ ਥਕਿਆ ਥਕਿਆ ਨਜ਼ਰ ਆਇਆ। ਮੋਹਨ ਭਗਵਾਤ ਦਾ, ਅਭਮਨਿਊ, ਮੋਦੀ ਇਸ ਵੇਲੇ ਆਰ ਐਸ ਐਸ ਦੇ ਕਾਡਰ ‘ਚ ਕਿਉਂਕਿ ਆਪਣੀ ਥਾਂ ਗੁਆ ਚੁਕਾ ਹੈ, ਅਤੇ ਇਸਦਾ ਸੇਕ ਮੋਹਨ ਭਗਵਾਤ ਨੂੰ ਵੀ ਲਗ ਰਿਹਾ ਹੈ, ਕਿਉਂਕਿ ਆਰ ਐਸ ਐਸ ਦੇ ਆਸ਼ਿਆਂ ਅਨੁਸਾਰ ਮੋਦੀ ਨਾ ਤਾਂ ਰਾਮ ਮੰਦਿਰ ਦੀ ਉਸਾਰੀ ਕਰਵਾ ਸਕਿਆ ਹੈ ਅਤੇ ਨਾ ਹੀ ਆਰ ਐਸ ਦੇ ਭਗਵਾਂ ਅਜੰਡਾ ਹਿੰਦੀ, ਹਿੰਦੋਸਤਾਨ ਨੂੰ ਲਾਗੂ ਕਰਾਉਣ ‘ਚ ਕੋਈ ਕਾਮਯਾਬੀ ਹਾਸਲ ਕਰ ਸਕਿਆ ਹੈ। ਇਸੇ ਤਰ੍ਹਾਂ ਆਰ ਐਸ ਐਸ ਦੀਆਂ ਸਜੀਆਂ ਖਬੀਆਂ ਬਾਹਵਾਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀ ਐਚ ਪੀ), ਭਾਰਤੀ ਮਜ਼ਦੂਰ ਸੰਘ (ਬੀ ਐਮ ਐਸ) ਸਵਾਦੇਸ਼ੀ ਜਾਗਰਣ ਮੰਚ ਆਦਿ ਸਮੇਂ ਸਮੇਂ ਮੋਦੀ ਸ਼ਾਸ਼ਨ ਦੀਆਂ ਨਾ ਕਾਮਯਾਬੀਆਂ ਨੂੰ ਉਜਾਗਰ ਕਰਦੇ ਰਹੇ ਹਨ। ਅਸਲ ਵਿਚ ਤਾਂ ਇਹ ਮੋਦੀ-ਭਗਵਤ ਦਾ ਵਿਰੋਧ ਵੀ ਹੈ ਜੋ ਇਹਨਾ ਦਿਨਾਂ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਵਲੋਂ ਸਿਧਾ ਮੋਦੀ ਉਤੇ ਦੋਸ਼ ਲਾਕੇ ਪ੍ਰਗਟ ਵੀ ਕੀਤਾ ਜਾ ਰਿਹਾ ਹੈ।
ਆਰ ਐਸ ਐਸ ਜੋ 1925 ‘ਚ ਦੇਸ਼ ‘ਚ ਹੋਂਦ ਵਿਚ ਆਈ, ਭਾਜਪਾ ਦੀ ਸਮਾਜਿਕ, ਸਭਿਆਚਾਰਕ, ਅਤੇ ਆਤਮਿਕ ਗੁਰੂ ਹੈ। ਤਦੇ ਆਰ ਐਸ ਐਸ ਦਾ ਸਿਆਸੀ ਫਰੰਟ ਭਾਜਪਾ ਹੈ। ਇਸੇ ਕਰਕੇ ਆਰ ਐਸ ਐਸ ਨੇ 2014 ‘ਚ ਪੂਰਾ ਤਾਣ ਲਾਕੇ ਭਾਜਪਾ ਨੂੰ ਜਿਤਾਇਆ। ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ।
ਹੁਣ ਮੋਦੀ ਪ੍ਰਤੀ ਆਰ ਐਸ ਐਸ ਕਾਡਰ ਵਿਚਲੀ ਨਿਰਾਸ਼ਤਾ ਅਤੇ ਨੇਤਾਵਾਂ ਦੀ ਆਪਸੀ ਖਿਚੋਤਾਣ 2019 ’ਚ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਨਣ ‘ਚ ਰੁਕਾਵਟ ਬਣੇਗੀ ਕਿਉਂਕਿ ਆਰ ਐਸ ਐਸ ਦਾ ਵਡਾ ਕਾਡਰ ਮੋਦੀ ਤੋਂ ਮੁਖ ਮੋੜ ਚੁਕਾ ਹੈ, ਜੋ ਕਿ ਗੁਜਰਾਤ ਚੋਣਾਂ ਵਿਚ ਵੀ ਦੇਖਣ ਨੂੰ ਮਿਲਿਆ।

WRITTEN BY