ਕੌਮਾਂਤਰੀ ਪੱਧਰ ’ਤੇ ਭਾਰਤ ਦੀ ਸਥਿਤੀ ਬਦਲ ਰਹੀ ਹੈ। ਪ੍ਰਭਾਵਸ਼ਾਲੀ ਦੇਸ਼ਾਂ ਵੱਲੋਂ ਪਹਿਲਾਂ ਦੇ ਮੁਕਾਬਲੇ ਹੁਣ ਭਾਰਤ ਨੂੰ ਵਧੇਰੇ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਆਰਥਿਕ ਖੇਤਰ ਵਿੱਚ ਵੀ ਭਾਰਤ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ ਅਤੇ ਸੰਸਾਰ ਆਰਥਿਕਤਾ ਵਿੱਚ ਉਸ ਦਾ ਅਸਥਾਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸ ਸਥਿਤੀ ਲਈ ਲਾਜ਼ਮੀ ਤੌਰ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਵੱਲੋਂ ਕੀਤੇ ਯਤਨਾਂ ਨਾਲ ਹੀ ਸਵਿਟਜ਼ਰਲੈਂਡ ਦੇ ਸ਼ਹਿਰ ‘ਦਾਵੋਸ’ ਵਿਖੇ ਹੋ ਰਹੀ ਵਰਲਡ ਇਕੋਨਾਮਿਕ ਫੋਰਮ (ਡਬਲਿਊ. ਈ. ਐਫ.) ਪ੍ਰੋਗਰਾਮ ਵਿੱਚ ਭਾਰਤ ਦਾ ਵੱਖਰਾ ਹੀ ਜਲਵਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਾਲਡ ਟਰੰਪ ਸਮੇਤ ਇਸ ’ਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ 3000 ਤੋਂ ਵੱਧ ਆਗੂ ਸ਼ਾਮਲ ਹੋ ਰਹੇ ਹਨ। ਸੋਮਵਾਰ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਗਲੋਬਲ ਇਕੋਨਾਮੀ ਲਈ ਭਾਰਤ ਦੇ ਵਿਕਾਸ ਮਾਡਲ ਨੂੰ ਸਾਹਮਣੇ ਰੱਖਣਗੇ। ਇਹ ਮਾਣ ਵਾਲੀ ਗੱਲ ਹੈ ਕਿ ਪ੍ਰੋਗਰਾਮ ਵਿੱਚ ਭਾਰਤੀ ਯੋਗਾ ਦੇ ਲਾਈਵ ਸੈਸ਼ਨ ਹੋਣਗੇ ਅਤੇ ਭਾਰਤੀ ਭੋਜਨ ਪਰੋਸਿਆ ਜਾਵੇਗਾ। 1997 ਤੋਂ ਬਾਅਦ ਲਗਪਗ 20 ਸਾਲਾਂ ਦੇ ਵਕਫੇ ਬਾਅਦ ਸ਼੍ਰੀ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜੋ ਇਸ ਪ੍ਰੋਗਰਾਮ ’ਚ ਵੱਖਰੀ ਸ਼ਾਨ ਨਾਲ ਹਿੱਸਾ ਲੈ ਰਹੇ ਹਨ। ਡਬਲਿਊ. ਈ. ਐਫ. ਸੰਮੇਲਨ ਪੰਜ ਦਿਨਾਂ ਤਕ ਚੱਲੇਗਾ। ਸਵਿਟਜ਼ਰਲੈਂਡ ਦੇ ਸਕਾਇੰਗ ਰਿਜ਼ਾਰਟ ਦੇ ਪ੍ਰਬੰਧ ਹੇਠ ਇਸ ਪ੍ਰੋਗਰਾਮ ਦਾ ਆਫੀਸ਼ੀਅਲ ਸੈਸ਼ਨ ਮੰਗਲਵਾਰ ਤੋਂ ਸ਼ੁਰੂ ਹੋਵੇਗਾ। ਇਸ ’ਚ ਇਸ ਵਾਰ ਸਭ ਤੋਂ ਜ਼ਿਆਦਾ 130 ਦੇਸ਼ ਹਿਸਾ ਲੈ ਰਹੇ ਹਨ। ਸ਼੍ਰੀ ਮੋਦੀ ਮੰਗਲਵਾਰ ਨੂੰ ਦੁਨੀਆ ਦੇ ਸਾਹਮਣੇ ਭਾਰਤ ਦੀ ‘ਓਪਨ ਇਕੋਨਮੀ’ ਦਾ ਨਜ਼ਰੀਆ ਪੇਸ਼ ਕਰਨਗੇ। ਇਸ ਦੇ ਇਲਾਵਾ ਗਲੋਬਲ ਇਕੋਨਮੀ ਅਤੇ ਭਾਰਤ ’ਚ ਨਿਵੇਸ਼ ਦੇ ਮਾਮਲੇ ’ਚ ਵੀ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਦੁਨੀਆ ਦੇ ਟਾਪ ਸੀ.ਈ.ਓਜ਼ ਲਈ ਡਿਨਰ ਦੀ ਮਹਿਮਾਨਨਿਵਾਜ਼ੀ ਵੀ ਕਰ ਰਹੇ ਹਨ। ਉਹ ਸਵਿਸ ਪ੍ਰਧਾਨ ਮੰਤਰੀ ਐਲਨ ਬੁਰਸੈਟ ਨਾਲ ਵੀ ਮੁਲਾਕਾਤ ਕਰਨਗੇ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਮਿਸਟਰ ਡੋਨਾਲਡ ਟਰੰਪ ਸਮੇਤ ਕਈ ਦੇਸ਼ਾਂ ਦੇ ਮੁਖੀਆਂ ਨਾਲ ਵਿਚਾਰ ਚਰਚਾ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਕਹਿਣ ਦਾ ਭਾਵ ਇਹ ਹੈ ਕਿ ਇਸ ਪ੍ਰੋਗਰਾਮ ਵਿੱਚ ਭਾਰਤ ਦੀ ਸ਼ਮੂਲੀਅਤ ਕਈ ਪੱਖਾਂ ਤੋਂ ਬਹੁਤ ਅਹਿਮ ਅਤੇ ਜ਼ਿਕਰਯੋਗ ਹੈ। ਕੌਮਾਂਤਰੀ ਅਹਿਮੀਅਤ ਵਾਲੇ ਪ੍ਰੋਗਰਾਮਾਂ ਵਿੱਚ ਭਾਰਤ ਦੀ ਇਹ ਸਥਿਤੀ ਬੇਹਦ ਮਾਣਯੋਗ ਹੈ। ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਦੀ ‘ਦਾਬੋਸ਼’ ਫੇਰੀ ਪੂਰੀ ਤਰ੍ਹਾਂ ਕਾਮਯਾਬ ਰਹੇਗੀ ਤੇ ਇਸ ਨਾਲ ਭਾਰਤ ਦੀ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਰਾਹ ਖੁੱਲ੍ਹਣਗੇ।
– ਬਲਜੀਤ ਸਿੰਘ ਬਰਾੜ



