Skip to content
Independent perspectives. Global stories.
BREAKING

ਜਦ ਤੁਰੋ ਤਾਂ ਰੌਸ਼ਨੀ ਵਾਂਗ ਤੁਰੋ

Share this story

ਇਕ ਸ਼ਰਾਬੀ ਸੀ ਅਤੇ ਉਸ ਸ਼ਰਾਬੀ ਨੇ ਆਪਣਾ ਸਾਰਾ ਧਨ ਨਸ਼ੇ ਵਿੱਚ ਬਰਬਾਦ ਕਰ ਦਿੱਤਾ ਸੀ। ਉਸ ਦੇ ਦੋ ਪੁੱਤਰ ਸਨ। ਸ਼ਰਾਬੀ ਦੇ ਦੋਵੇਂ ਪੁੱਤਰਾਂ ਵਿੱਚੋਂ ਇਕ ਬਹੁਤ ਵੱਡਾ ਅਤੇ ਸਫ਼ਲ ਵਪਾਰੀ ਬਣਿਆ ਅਤੇ ਦੂਜਾ ਨਸ਼ੇੜੀ, ਗਰੀਬ ਅਤੇ ਬੇਕਾਰ ਆਦਮੀ ਬਣਿਆ। ਇਕ ਦਿਨ ਪੱਤਰਕਾਰਾਂ ਨੇ ਦੋਵਾਂ ਨੂੰ ਇੰਟਰਵਿਊ ਕੀਤਾ। ਸਫ਼ਲ ਵਪਾਰੀ ਨੇ ਦੱਸਿਆ, ‘‘ਮੈਂ ਆਪਣੇ ਪਿਤਾ ਕਾਰਨ ਸਫ਼ਲ ਹੋਇਆ ਹਾਂ। ਮੇਰਾ ਪਿਤਾ ਸ਼ਰਾਬੀ ਸੀ ਅਤੇ ਨਸ਼ੇ ਨਾਲ ਜ਼ਿੰਦਗੀ ਨਸ਼ਟ ਕਰ ਗਏ। ਮੈਂ ਸੋਚਿਆ ਕਿ ਮੈਂ ਕਦੇ ਵੀ ਨਸ਼ਾ ਨਹੀਂ ਕਰਾਂਗਾ ਅਤੇ ਪਿਤਾ ਵਾਂਗ ਜ਼ਿੰਦਗੀ ਖ਼ਰਾਬ ਨਹੀਂ ਕਰਾਂਗਾ ਅਤੇ ਨਾ ਹੀ ਗਰੀਬ ਰਹਾਂਗਾ, ਸੋ ਮੈਂ ਪਿਤਾ ਨੂੰ ਵੇਖਕੇ ਸਫ਼ਲ ਵਿਅਕਤੀ ਬਣਿਆ।
ਦੂਜੇ ਪੁੱਤਰ ਦਾ ਜਵਾਬ ਸੀ ਕਿ ਮੈਂ ਸ਼ਰਾਬ ਪੀਣੀ ਆਪਣੇ ਪਿਤਾ ਤੋਂ ਸਿੱਖੀ। ਮੈਂ ਬਚਪਨ ਵਿੱਚ ਹੀ ਆਪਣੇ ਪਿਤਾ ਨੂੰ ਵੇਖ-ਵੇਖ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਸੋ ਮੇਰੀ ਇਸ ਹਾਲਤ ਲਈ ਮੇਰੇ ਪਿਤਾ ਹੀ ਜ਼ਿੰਮੇਵਾਰ ਹਨ।
ਸੂਤਰ ਸਪੱਸ਼ਟ ਹੈ ਕਿ ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸੇ ਘਟਨਾ, ਵਿਅਕਤੀ ਜਾਂ ਵਸਤੂ ਨੂੰ ਕਿਸ ਨਜ਼ਰ ਨਾਲ ਵੇਖਦੇ ਹਾਂ। ਇਕ ਹੀ ਪ੍ਰੇਰਨਾ ਸਰੋਤ ਤੋਂ ਵੱਖ-ਵੱਖ ਵਿਅਕਤੀ ਵੱਖ-ਵੱਖ ਗੱਲਾਂ ਸਿਖਦੇ ਹਨ। ਇਹ ਸਿੱਖਣ ਵਾਲੇ ’ਤੇ ਨਿਰਭਰ ਕਰਦਾ ਹੈ ਕਿ ਉਹ ਪ੍ਰੇਰਨਾ ਨੂੰ ਕਿਸ ਨਜ਼ਰੀਏ ਤੋਂ ਵੇਖਦਾ ਹੈ। ਵੇਖਣ ਵਾਲੇ ਦੀ ਨਜ਼ਰ ’ਤੇ ਹੀ ਨਿਰਭਰ ਕਰਦਾ ਹੈ। ਉਸ ਦੀ ਨਜ਼ਰ ਅਤੇ ਸੋਚ ਹੀ ਉਸ ਨੂੰ ਸਫ਼ਲਤਾ ਜਾਂ ਅਸਫ਼ਲਤਾ ਦੇ ਰਾਹ ਲੈ ਕੇ ਜਾਂਦੀ ਹੈ। ਜਦੋਂ ਕੋਈ ਆਪਣੇ ਮਨ ਵਿੱਚ ਕੋਈ ਤਸਵੀਰ ਜਾਂ ਸੁਪਨਾ ਬੁਣ ਲੈਂਦਾ ਹੈ ਅਤੇ ਉਸ ਨੂੰ ਪੂਰਾ ਕਰਨ ਹਿੱਤ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਨਾਲ ਜੁੱਟ ਜਾਂਦਾ ਹੈ ਤਾਂ ਕਾਮਯਾਬੀ ਅਵੱਸ਼ ਮਿਲਦੀ ਹੈ। ਧਨੀ ਰਾਮ ਚਾਤ੍ਰਿਕ ਵੀ ਅਜਿਹਾ ਹੀ ਕਹਿੰਦੇ ਹਨ:
ਜੋ ਤੂੰ ਚਾਹੇਂ ਬਣ ਸਕਦਾ ਹੈਂ,
ਹਿੰਮਤ ਅਤੇ ਇਰਾਦੇ ਨਾਲ।
ਤਾਰਿਆਂ ਤੋਂ ਭੀ ਪਾਰ ਪਹੁੰਚ ਜਾ
ਯਾ ਗਿਰ ਕੇ ਧਸ ਜਾ ਪਤਾਲ।
ਕਰਮ ਕਲਪਤਰੂ ਫਲ ਦੇਂਦਾ ਹੈ,
ਮਨੋਕਾਮਨਾ ਦੇ ਅਨੁਸਾਰ,
ਖੇਤੀ ਕਰਮਾਂ ਸੇਤੀ, ਕਹਿੰਦੇ,
ਜੈਸੀ ਚਾਹੇਂ ਕਿਸਮਤ ਢਾਲ।
ਧਨੀ ਰਾਮ ਚਾਤ੍ਰਿਕ ਵੀ ਇਹੀ ਕਹਿ ਰਹੇ ਨੇ ਕਲਪਤਰੂ ਬ੍ਰਿਖ ਤੁਹਾਡੀ ਮਨੋਕਾਮਨਾਵਾਂ ਦੇ ਅਨੁਸਾਰ ਹੀ ਫਲ ਦਿੰਦਾ ਹੈ। ਸੋ ਜੋ ਤੁਹਾਡੀ ਦ੍ਰਿਸ਼ਟੀ ਅਨੁਸਾਰ ਤੁਹਾਡੀ ਜ਼ਿੰਦਗੀ ਬਣ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ:
ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇ॥
ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਇਕ ਵਿਚਾਰ ਲਵੋ, ਉਸ ਵਿਚਾਰ ਨੂੰ ਆਪਣਾ ਜੀਵਨ ਬਣਾ ਲਵੋ, ਉਸ ਵਿਚਾਰ ਬਾਰੇ ਸੋਚੋ, ਉਸ ਦੇ ਸੁਪਨੇ ਲਵੋ, ਉਸ ਵਿਚਾਰ ਨੂੰ ਜੀਓ, ਆਪਣੇ ਮਸਤਿਕ, ਮਾਸਪੇਸ਼ੀਆਂ, ਨਸਾਂ, ਸਰੀਰ ਦੇ ਹਰ ਹਿੱਸੇ ਨੂੰ ਉਸ ਵਿਚਾਰ ਵਿੱਚ ਡੁੱਬ ਜਾਣ ਦੇਵੋ ਅਤੇ ਬਾਕੀ ਸਾਰੇ ਵਿਚਾਰ ਇਕ ਪਾਸੇ ਰੱਖ ਦਿਓ। ਇਹੀ ਸਫ਼ਲਤਾ ਦਾ ਤਰੀਕਾ ਹੈ। ਸੋ, ਸਪੱਸ਼ਟ ਹੈ ਕਿ ਵਿਚਾਰ ਹੀ ਸਾਡੀ ਜ਼ਿੰਦਗੀ ਬਣਾਉਂਦੇ ਹਨ। ਅਜਿਹੇ ਵਿਚਾਰ ਲਈ ਸਾਨੂੰ ਲਗਾਤਾਰ ਪ੍ਰੇਰਤ ਹੋਣ ਦੀ ਲੋੜ ਹੁੰਦੀ ਹੈ। ਆਪਣੇ ਆਪ ਨੂੰ ਪ੍ਰੇਰਤ ਕਰਨ ਲਈ ਹਮੇਸ਼ਾਂ ਆਪਣੇ ਉਦੇਸ਼ ਨੂੰ ਯਾਦ ਰੱਖੋ ਅਤੇ ਆਪਣੇ ਆਪ ਨੂੰ ਸਵਾਲ ਕਰੋ ਕਿ ਆਪਣੇ ਮੰਤਵ ਨੂੰ ਪੂਰਾ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ। ਜੋ ਕੰਮ ਤੁਸੀਂ ਕਰ ਰਹੇ ਹੋ ਉਸ ਬਾਰੇ ਸੋਚੋ ਕਿ ਉਹ ਕੰਮ ਤੁਹਾਡੇ ਉਦੇਸ਼ ਦੀ ਪੂਰਤੀ ਵਿੱਚ ਮਦਦਗਾਰ ਹੈ ਕਿ ਨਹੀਂ। ਇਹ ਵੀ ਸੋਚਿਆ ਜਾਣਾ ਚਾਹੀਦਾ ਹੈ ਕਿ ਮੇਰਾ ਕਿਹੜਾ ਕੰਮ ਮੈਨੂੰ ਆਪਣੀ ਮੰਜ਼ਿਲ ਦੀ ਤਰਫ਼ ਲੈ ਕੇ ਜਾ ਰਿਹਾ ਹੈ ਜਾ ਲਿਜਾ ਸਕਦਾ ਹੈ। ਆਪਣੇ ਆਪ ਨੂੰ ਸਕਾਰਤਮਕ ਵਿਚਾਰਾਂ ਨਾਲ ਭਰਪੂਰ ਰੱਖਣਾ ਚਾਹੀਦਾ ਹੈ। ਆਪਣਾ ਮੇਲ-ਜੋਲ ਸਕਾਰਤਮਕ ਸੋਚ ਵਾਲੇ ਲੋਕਾਂ ਨਾਲ ਰੱਖਣਾ ਚਾਹੀਦਾ ਹੈ। ਨਕਾਰਤਮਕ ਗੱਲਾਂ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਣੀਆਂ ਚਾਹੀਦੀਆਂ ਹਨ। ਸਫ਼ਲਤਾ ਲਈ ਲੋੜੀਂਦੀਆਂ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰਨ ਦੇ ਯਤਨ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਹਿੰਮਤ ਅਤੇ ਹੌਂਸਲਾ ਵਧਾਉਣ ਵਾਲਾ ਸਾਹਿਤ ਪੜ੍ਹਦੇ ਰਹਿਣੇ ਚਾਹੀਦਾ ਹੈ।
ਪ੍ਰੋ. ਜਗਤਾਰ ਦਾ ਆਹ ਸ਼ੇਅਰ ਪੜ੍ਹਿਆ ਜਾ ਸਕਦਾ ਹੈ :
ਜੇ ਘਰਾਂ ਤੋਂ ਤੁਰ ਪਏ ਹੋ ਦੋਸਤੋ।
ਮੁਸ਼ਕਿਲਾਂ ਤੇ ਔਕੜਾਂ ਤੋਂ ਨਾ ਡਰੋ
ਜਦ ਰੁਕੋ ਤਾਂ ਨਕਸ਼ ਬਣਕੇ ਹੀ ਰੁਕੋ
ਜਦ ਤੁਰੋ ਤਾਂ ਰੌਸ਼ਨੀ ਵਾਂਗੂ ਤੁਰੋ।

 

WRITTEN BY