ਜੋਗੀ ਅੱਲਾ ਖਾਨ ਦੇ ਆਖੇ ਸ਼ਬਦ ‘ਗਰ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ’ ਵਿੱਚ ਸ਼੍ਰੀ ਚਮਕੌਰ ਸਾਹਿਬ ਨੂੰ ਜੋਗੀ ਜੀ ਨੇ ਦੁਨੀਆਂ ਦਾ ਅਜਿਹਾ ਯਾਤਰਾ ਵਾਲਾ ਅਸਥਾਨ ਦੱਸਿਆ ਹੈ। ਜਿਸ ਦੀ ਲਾਸਾਨੀ ਕੁਰਬਾਨੀ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਸੰਸਾਰ ਦਾ ਇਤਿਹਾਸ ਭਾਵੇਂ ਅਨੇਕਾਂ ਹੀ ਜੰਗਾਂ ਨਾਲ ਭਰਿਆ ਪਿਆ ਹੋਵੇ ਪਰ ਸ਼੍ਰੀ ਚਮਕੌਰ ਸਾਹਿਬ ਵਿੱਚ ਹੋਈ ਜੰਗ ਵਿਸ਼ਵ ਵਿੱਚ ਅਸਾਵੀਂ ਜੰਗ ਮੰਨੀ ਜਾਂਦੀ ਹੈ। ਕਿਉਂਕਿ ਜਿਸ ਵਿੱਚ ਗੁਰੂ ਸਹਿਬ ਨੇ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਤਿੰਨ ਪਿਆਰੇ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਸਮੇਤ ਚਾਲੀ ਸਿੰਘ ਭਾਈ ਸਹਜ ਸਿੰਘ, ਭਾਈ ਸਰਦੂਲ ਸਿੰਘ, ਭਾਈ ਸਰੂਪ ਸਿੰਘ, ਭਾਈ ਸਾਹਿਬ ਸਿੰਘ, ਭਾਈ ਸੁਜਾਨ ਸਿੰਘ, ਭਾਈ ਸ਼ੇਰ ਸਿੰਘ, ਭਾਈ ਸੇਵਾ ਸਿੰਘ, ਭਾਈ ਸੰਗੋ ਸਿੰਘ, ਭਾਈ ਸੰਤ ਸਿੰਘ, ਭਾਈ ਹਰਦਾਸ ਸਿੰਘ, ਭਾਈ ਹਿੰਮਤ ਸਿੰਘ, ਭਾਈ ਕਰਮ ਸਿੰਘ, ਭਾਈ ਕ੍ਰਿਪਾਲ ਸਿਘ, ਭਾਈ ਖੜਕ ਸਿੰਘ, ਭਾਈ ਗੁਰਦਾਸ ਸਿੰਘ, ਭਾਈ ਗੁਰਦਿਤ ਸਿੰਘ, ਭਾਈ ਗੁਲਾਬ ਸਿੰਘ, ਭਾਈ ਗੰਗਾ ਸਿੰਘ, ਭਾਈ ਗੰਡਾ ਸਿੰਘ, ਭਾਈ ਚੜ੍ਹਤ ਸਿੰਘ, ਭਾਈ ਜਵਾਹਰ ਸਿੰਘ, ਭਾਈ ਜੈਮਲ ਸਿੰਘ, ਭਾਈ ਜਵਾਲਾ ਸਿੰਘ, ਭਾਈ ਝੰਡਾ ਸਿੰਘ, ਭਾਈ ਟੇਕ ਸਿੰਘ, ਭਾਈ ਠਾਕਰ ਸਿੰਘ, ਭਾਈ ਤਰਲੋਕ ਸਿੰਘ, ਭਾਈ ਦਿਆਲ ਸਿੰਘ, ਭਾਈ ਦਾਮੋਦਰ ਸਿੰਘ, ਭਾਈ ਨਰਾਇਣ ਸਿੰਘ, ਭਾਈ ਨਿਹਾਲ ਸਿੰਘ, ਭਾਈ ਪੰਜਾਬ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਬਸਾਵਾ ਸਿੰਘ, ਭਾਈ ਬਿਸ਼ਨ ਸਿੰਘ, ਭਾਈ ਭਗਵਾਨ ਸਿੰਘ, ਭਾਈ ਮਤਾਬ ਸਿੰਘ, ਭਾਈ ਮੋਹਕਮ ਸਿੰਘ, ਭਾਈ ਰਣਜੀਤ ਸਿੰਘ, ਭਾਈ ਰਤਨ ਸਿੰਘ ਨੂੰ ਦੱਸ ਲੱਖ ਫ਼ੌਜਾਂ ਨਾਲ ਲ਼ੜਾ ਕੇ ਕੌਮ ਲਈ ਸਿੰਘਾਂ ਦੀਆਂ ਕੁਰਬਾਨੀਆਂ ਦਿਵਾਈਆਂ। ਇਥੇ ਸਥਿਤ ਗੁਰਦੁਆਰਾ ਸਾਹਿਬਾਨ ਸਿੰਘਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਬਿਆਨ ਕਰਦੇ ਹਨ। ਇਥੇ ਹੋਰਨਾਂ ਗੁਰੂ ਸਥਾਨਾਂ, ਮੰਦਰ, ਮਸਜਿਦ ਅਤੇ ਹੋਰ ਧਾਰਮਿਕ ਸਥਾਨਾਂ ਤੋਂ ਇਲਾਵਾ ਪੰਜ ਇਤਿਹਾਸਿਕ ਗੁਰਦੁਆਰੇ ਸਾਹਿਬ ਹਨ। ਜਿੰਨਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ:
ਗੁਰਦੁਆਰਾ ਰਣਜੀਤਗੜ੍ਹ ਸਾਹਿਬ : ਇਸ ਪਵਿੱਤਰ ਅਸਥਾਨ ਉਤੇ ਗੁਰੂ ਜੀ ਜੰਗ ਤੋ ਕੁਝ ਸਮਾਂ ਪਹਿਲਾਂ ਕੁਰੂਕਸ਼ੇਤਰ ਆਦਿ ਥਾਵਾਂ ਦੀ ਪ੍ਰਚਾਰ ਯਾਤਰਾ ਸਮੇਂ ਰੁਕੇ ਸਨ। ਇਥੇ ਭੀਮ ਚੰਦ ਰਾਜੇ ਦੇ ਭੇਜੇ ਦੋ ਮੁਗਲ ਹਾਕਮ ਅਲਫ਼ ਖ਼ਾਨ ਅਤੇ ਸੈਦ ਬੇਗ ਨੇ ਫੌਜ ਸਮੇਤ ਗੁਰੂ ਜੀ ਉਤੇ ਚੜ੍ਹਾਈ ਕਰ ਦਿਤੀ ਪਰ ਸੈਦ ਬੇਗ ਗੁਰੂ ਜੀ ਦਾ ਮੁਰੀਦ ਬਣ ਗਿਆ ਅਤੇ ਸੈਨਾ ਵਾਪਿਸ ਪਰਤ ਗਈ। ਸਿੰਘਾਂ ਨੇ ਜਿੱਤ ਦੀ ਖੁਸ਼ੀ ਵਿੱਚ ਰਣਜੀਤ ਨਗਾਰਾ ਵਜਾਇਆ। ਇਸ ਸਥਾਨ ਉਤੇ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸ਼ੁਸ਼ੋਭਿਤ ਹੈ।
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ: ਇਸ ਅਸਥਾਨ ਉਤੇ ਗੜ੍ਹੀ ਦੇ ਮਾਲਕ ਦਾ ਬਾਗ਼ ਸੀ। ਗੁਰੂ ਜੀ ਨੇ 7 ਪੋਹ ਸੰਮਤ 1761 ( ਸੰਨ 1704 ਈ.) ਨੂੰ ਜਦੋ ਆਨੰਦਪੁਰ ਸਾਹਿਬ ਛੱਡਣ ਉਪਰੰਤ ਇੱਥੇ ਚਰਨ ਪਾਏ ਤਾਂ ਇਸੇ ਅਸਥਾਨ ਉਤੇ ਗੜ੍ਹੀ ਤੇ ਮਾਲਕਾਂ ਰੂਪ ਚੰਦ ਅਤੇ ਰਾਇ ਜਗਤ ਸਿਹੁੰ ਨਾਲ ਗੜ੍ਹੀ ਲੈਣ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀ ਕੱਚੀ ਹਵੇਲੀ ਸੌਂਪ ਦਿੱਤੀ। ਇਸ ਅਸਥਾਨ ਤੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਸ਼ੁਸ਼ੋਭਿਤ ਹੈ। ਗੁਰਦੁਆਰਾ ਸ਼੍ਰੀ ਗੜ੍ਹੀ ਸਾਹਿਬ: ਇਹ ਉਹ ਅਸਥਾਨ ਹੈ ਜਿੱਥੇ 8 ਪੋਹ ਸੰਮਤ 1761( ਸੰਨ 1704 ) ਨੂੰ ਸਿੰਘਾਂ ਤੇ ਮੁਗਲ ਫ਼ੌਜਾਂ ਵਿੱਚਕਾਰ ਘਮਾਸਾਨ ਦਾ ਯੁੱਧ ਹੋਇਆ, ਜਿਸ ਵਿੱਚ ਗੁਰੂ ਜੀ ਦੇ ਦੋਵੇਂ ਪੁਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ, ਤਿੰਨ ਪਿਆਰੇ ਅਤੇ ਚਾਲੀ ਸਿੰਘ ਸ਼ਹੀਦੀ ਪਾ ਗਏ। ਰਾਤ ਨੂੰ ਜਦੋਂ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਪੰਜ ਸਿੰਘਾਂ ਦੀ ਬੇਨਤੀ ਮੰਨਦੇ ਹੋਏ ਮਾਛੀਵਾੜੇ ਵੱਲ ਚਾਲੇ ਪਾ ਦਿੱਤੇ।
ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ: ਇਹ ਉਹ ਪਵਿੱਤਰ ਅਸਥਾਨ ਹੈ, ਜਿੱਥੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ,ਤਿੰਨ ਪਿਆਰਿਆਂ ਅਤੇ ਚਾਲੀ ਸਿੰਘਾਂ ਦੀ ਸ਼ਹੀਦੀ ਉਪਰੰਤ ਸ਼ਹੀਦਾਂ ਦੀਆਂ ਦੇਹਾਂ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਵਾਲੀ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸ਼੍ਰੀ ਤਾੜੀ ਸਾਹਿਬ: ਜਦੋ ਗੁਰੂ ਜੀ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਮਾਛੀਵਾੜੇ ਵੱਲ ਆਪਣੇ ਕਦਮ ਵਧਾਉਣ ਲੱਗੇ ਤਾਂ ਉਨ੍ਹਾਂ ਨੇ ਇਸ ਅਸਥਾਨ ਤੋਂ ਮੁਗਲ ਫ਼ੌਜਾਂ ਨੂੰ ਵੰਗਾਰਦੇ ਹੋਏ ਤਾੜੀ ਵਜਾ ਕੇ ‘ਹਿੰਦ ਦਾ ਪੀਰ ਜਾ ਰਿਹਾ ਹੈ ਜੇ ਰੋਕ ਸਕਦੇ ਹੋ ਤਾ ਰੋਕ ਲਓ’ ਆਖਿਆ। ਮੁਗਲ ਫ਼ੌਜਾਂ ਵਿੱਚ ਹਫੜਾ ਦਫੜੀ ਮਚ ਗਈ ਅਤੇ ਗੁਰੂ ਜੀ ਅੱਗੇ ਨਿਕਲ ਗਏ।