May 20, 2026 2:00 am

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ

ਸ੍ਰੀ ਅਨੰਦਪੁਰ ਸਾਹਿਬ ਤੇ 1704 ਈ: ਤੱਕ ਜ਼ਾਲਿਮ ਸਰਕਾਰ ਵੱਲੋਂ ਕਈ ਹਮਲੇ ਕੀਤੇ ਗਏ। ਸ੍ਰੀ ਅਨੰਦਪੁਰ ਸਾਹਿਬ ਦੀ ਅਖੀਰਲੀ ਜੰਗ 1704 ਈ: ਵਿੱਚ ਹੋਈ, ਜਦ ਗੁਰੂ ਜੀ ਨੂੰ ਪ੍ਰੀਵਾਰ ਸਮੇਤ ਅਨੰਦਪੁਰ ਸਾਹਿਬ ਛੱਡਣਾ ਪਿਆ।ਗੁਰੂ ਜੀ ਦਾ ਪ੍ਰੀਵਾਰ ਨਾਲੋਂ ਤੇ ਸਿੱਖਾਂ ਨਾਲੋਂ ਸਰਸਾ ਕੰਢੇ ਵਿਛੋੜਾ ਪਿਆ। ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਘਰੋਂ ਬੇਘਰ ਹੋਏ ਗੁਰੂ ਤੇ ਸਿੱਖਾਂ ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ। ਗੁਰੂ ਜੀ ਨੇ ਸਰਸਾ ਕੰਢੇ ਤੋਂ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਭੇਜ ਦਿੱਤਾ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਹਮਣ ਜੋ ਗੁਰੂ ਘਰ ਦਾ ਰਸੋਈਆ ਸੀ ਆਪਣੇ ਨਾਲ ਆਪਣੇ ਪਿੰਡ ਖੇੜੀ (ਸਹੇੜੀ) ਲੈ ਗਿਆ। ਆਪ ਗੁਰੂ ਗੋਬਿੰਦ ਸਿੰਘ ਜੀ ਦੋ ਵੱਡੇ ਸਾਹਿਬਜ਼ਾਦਿਆਂ ਤੇ ਚਾਲੀ ਕੁ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਪੁੱਜ ਗਏ।ਇਹ ਚਮਕੌਰ ਦੀ ਗੜੀ ਇੱਕ ਚੌਧਰੀ ਦੀ ਸੀ। ਮੁਗਲ ਫੌਜਾਂ ਪਿੱਛੇ ਚੜ੍ਹੀਆਂ ਆ ਰਹੀਆਂ ਸਨ। ਇਸ ਲਈ ਗੁਰੂ ਜੀ ਨੂੰ ਵੱਡੇ ਸਾਹਿਬਜ਼ਾਦਿਆਂ ਤੇ ਚਾਲੀ ਸਿੰਘਾਂ ਸਮੇਤ ਇਸ ਕੱਚੀ ਗੜ੍ਹੀ ਵਿੱਚ ਟਿਕਾਣਾ ਕਰਨਾ ਪਿਆ। ਮੁਗਲ ਫੌਜਾਂ ਨੇ ਘੇਰਾ ਪਾ ਲਿਆ। ਨਵਾਬ ਸ਼ੇਰ ਮੁਹੰਮਦ ਖਾਨ ਨੇ ਇਹ ਢੰਡੋਰਾ ਪਿਟਵਾ ਦਿੱਤਾ ਕਿ ਸਾਰੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿਉ ਨਹੀਂ ਤਾਂ ਮਾਰ ਦਿੱਤੇ ਜਾਉਗੇ।ਇਸ ਦਾ ਮੋੜਵਾਂ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਤੀਰਾਂ ਦੀ ਵਾਛੜ ਕਰ ਕੇ ਦਿੱਤਾ।ਇਤਿਹਾਸ ਦੱਸਦਾ ਹੈ ਕਿ ਗੁਰੂ ਜੀ ਅਤੇ ਚਾਲੀ ਸਿੰਘਾਂ ਨੂੰ ਦਸ ਲੱਖ ਦੀ ਫੌਜ ਨੇ ਘੇਰਾ ਪਾ ਰੱਖਿਆ ਸੀ। ਯੁੱਧ ਸ਼ੁਰੂ ਹੋ ਗਿਆ। ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਉ। ਅਸੀਂ ਇਸ ਫੌਜ ਦਾ ਮੁਕਾਬਲਾ ਕਰਾਂਗੇ। ਆਪ ਜੀ ਦੀ ਪੰਥ ਨੂੰ ਬਹੁਤ ਜਰੂਰਤ ਹੈ।ਆਪ ਬਾਹਰ ਜਾ ਕੇ ਫਿਰ ਸਿੱਖਾਂ ਨੂੰ ਇੱਕਠੇ ਕਰਕੇ ਵੈਰੀਆਂ ਨੂੰ ਸਬਕ ਸਿਖਾ ਸਕਦੇ ਹੋ। ਸਿੱਖਾਂ ਦੇ ਬਾਰ-ਬਾਰ ਬੇਨਤੀ ਕਰਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਫੁਰਮਾਇਆ ਕਿ ‘ਤੁਸੀ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।’ ਸਿੰਘ ਚੁੱਪ ਹੋ ਗਏ। ਬਾਬਾ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਜੀ ਕੋਲੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨਾਲ ਗੁਰੂ ਜੀ ਨੇ ਅੱਠ ਸਿੰਘ ਜਿੰਨ੍ਹਾਂ ਵਿੱਚ ਭਾਈ ਮੋਹਕਮ ਸਿੰਘ, ਭਾਈ ਈਸ਼ਰ ਸਿੰਘ, ਭਾਈ ਲਾਲ ਸਿੰਘ, ਭਾਈ ਨੰਦ ਸਿੰਘ, ਭਾਈ ਕੇਸਰ ਸਿੰਘ, ਭਾਈ ਦੇਵਾ ਸਿੰਘ, ਭਾਈ ਕੀਰਤੀ ਸਿੰਘ ਤੇ ਭਾਈ ਮੋਹਰ ਸਿੰਘ ਜੀ ਜੰਗ ਕਰਨ ਲਈ ਨਾਲ ਭੇਜੇ।ਬਾਬਾ ਅਜੀਤ ਸਿੰਘ ਜੀ ਦੀ ਉਮਰ ਉਸ ਵੇਲੇ 17 ਸਾਲ 11 ਮਹੀਨੇ ਤੇ 15 ਦਿਨ ਦੀ ਸੀ।
ਤਾਹਿ ਸਮੈ ਕਾਰਨ ਕਰਨ ਲੀਨੋ ਸਿੰਘ ਬੁਲਾਇ।
ਕਹੀ ਸਿੰਘ ਰਣਜੀਤ ਮੋ ਦੂਤਨ ਦੇਹੁ ਸਜਾਇ।
ਬਿਨਉ ਕਰੀ ਕਰ ਜੋਰਿ ਕੈ ਖੁਸ਼ੀ ਕਰਉ ਕਰਤਾਰ।
ਕਰਉ ਬੀਰ ਸੰਗ੍ਰਾਮ ਮਂੈ ਦੇਖਉ ਆਪਿ ਨਿਹਾਰ। (ਸ੍ਰੀ ਗੁਰੂ ਸੋਭਾ)
ਬਾਬਾ ਅਜੀਤ ਸਿੰਘ ਜੀ ਸਿੰਘਾਂ ਸਮੇਤ ਹਵੇਲੀ ਦਾ ਦਰਵਾਜ਼ਾ ਖੁੱਲਣ ਤੇ ਜੈਕਾਰੇ ਲਗਾਉਂਦੇ ਹੋਏ ਬਾਹਰ ਨਿਕਲੇ। ਬਾਬਾ ਅਜੀਤ ਸਿੰਘ ਜੀ ਨੇ ਵੈਰੀਆਂ ਤੇ ਤਾਬੜਤੋੜ ਹਮਲਾ ਕਰਕੇ ਵੈਰੀ ਨੂੰ ਚਨੇ ਚਬਾ ਛੱਡੇ। ਵੈਰੀ ਕੰਬ ਉ¤ਠੇ। ਗੁਰੂ ਪਾਤਸ਼ਾਹ ਜੀ ਮੰਮਟੀ ਤੇ ਬੈਠ ਕੇ ਯੁੱਧ ਦਾ ਨਜ਼ਾਰਾ ਦੇਖ ਰਹੇ ਸਨ।ਉਸ ਵੇਲੇ ਦਾ ਨਜ਼ਾਰਾ ਕਵੀ ਸੈਨਾਪਤਿ ਲਿੱਖਦਾ ਹੈ ਕਿ:
ਕਰੀ ਅਵਾਜ਼, ਅਬ ਆਉ ਅਰਮਾਨ ਜਿਹ,
ਸਕਲ ਦਲ ਦੇਖਿ ਦਉਰੇ ਅਪਾਰੋ।
ਘੇਰ ਚਹੂ ਦਿਸ ਲਿਯੋ ਆਨਿ ਤੁਰਕਾਨ ਨੇ,
ਕਰਤ ਸੰਗ੍ਰਾਮ ਰਣਜੀਤ ਭਾਰੋ।
ਭਾਵ ਕਿ ਕਈ ਵੈਰੀ ਭੱਜ ਕੇ ਭੱਜ ਕੇ ਸਾਹਮਣੇ ਆਏ। ਬਾਬਾ ਅਜੀਤ ਸਿੰਘ ਜੀ ਨੇ ਐਸੀ ਕਰਾਰੀ ਮਾਰ ਮਾਰੀ ਕਿ ਸਭ ਅਲਾਹ-ਅਲਾਹ ਪੁਕਾਰਨ ਲੱਗੇ। ਕਾਫੀ ਦੇਰ ਟਾਕਰਾ ਹੁੰਦਾ ਰਿਹਾ। ਬਾਬਾ ਜੀ ਦੇ ਤੀਰ ਮੁੱਕ ਗਏ। ਫਿਰ ਨੇਜ਼ਾ ਸੰਭਾਲ ਲਿਆ। ਨੇਜਾ ਸੰਜ਼ੋਅ ਵਿੱਚ ਅੜ ਗਿਆ। ਜਦ ਜ਼ੋਰ ਨਾਲ ਖਿੱਚਿਆ ਤਾਂ ਨੇਜਾ ਟੁੱਟ ਗਿਆ। ਬਾਬਾ ਅਜੀਤ ਸਿੰਘ ਜੀ ਨੇ ਤਲਵਾਰ ਸੰਭਾਲ ਲਈ ਤੇ ਘੋੜਾ ਦੁੜਾ ਕੇ ਦੁਸ਼ਮਣ ਦੇ ਝੁੰਡ ਵਿੱਚ ਵੜ ਗਏ।ਉਸ ਵੇਲੇ ਦਾ ਸੀਨ ਗਿ. ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਲਿੱਖਦੇ ਹਨ ਕਿ:
ਗੁਰ ਬਾਲਕ ਰੂਪ ਅਨੂਪਮ ਅੰਗਨ ਪੇਖ ਅਨੰਦ ਸੁ ਲਾਜੈ।
ਅਤਿ ਛੈਲ ਛਬੀਲੇ ਛਟੋ ਛਪ ਛੁੰਗਨ ਛੋਭ ਛਕੈ ਛਿ ਛਤ੍ਰੀ ਛਿਤ ਛਾਜੈ।
ਰਖ ਤਾਲਕ ਖਾਲਕ ਮਾਲਕ ਸੋ, ਅਰਿ ਗਾਲਕ ਪਾਲਕ ਹਿੰਦਨ ਲਾਜੈ।
ਜਨ ਕੰਦਰ ਅੰਦਰ ਤੇ ਨਿਕਸੇ, ਮਰਗਿੰਦ ਨਿਹਾਰ ਗਜਿੰਦ ਸਮਾਜੈ।
ਇਸ ਯੁੱਧ ਵਿੱਚ ਸਾਰੇ ਅੱਠ ਸਿੰਘ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਜੀ ਨੂੰ ਵੈਰੀਆਂ ਦੇ ਟਿੱਡੀ ਦਲ ਨੇ ਘੇਰ ਲਿਆ।ਬਾਬਾ ਜੀ ਦਾ ਘੋੜਾ ਵੀ ਜ਼ਖਮੀ ਹੋ ਗਿਆ। ਬਾਬਾ ਅਜੀਤ ਸਿੰਘ ਜੀ ਪੈਦਲ ਹੀ ਤਲਵਾਰ ਸੂਤ ਕੇ ਵੈਰੀਆਂ ਤੇ ਭੁੱਖੇ ਸ਼ੇਰ ਵਾਂਗ ਟੁੱਟ ਪਏ।ਬਾਬਾ ਜੀ ਨੂੰ ਇੱਕਲਾ ਦੇਖ ਕੇ ਵੈਰੀ ਇੱਕਠੇ ਹੋ ਕੇ ਪੈ ਗਏ।ਚਾਰ ਚੁਫੇਰੇ ਤੋਂ ਘੇਰ ਕੇ ਹਮਲਾ ਕਰ ਦਿੱਤਾ। ਬਾਬਾ ਅਜੀਤ ਸਿੰਘ ਜੀ 22 ਦਸੰਬਰ 1704 ਈ: ਨੂੰ ਸ਼ਹੀਦ ਹੋ ਗਏ। ਗੁਰੂ ਜੀ ਨੇ ਇਹ ਸਾਰਾ ਯੁੱਧ ਅੱਖੀਂ ਡਿੱਠਾ ਤੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਜੈਕਾਰਾ ਛੱਡਿਆ।
ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਦ ਬਾਬਾ ਜੁਝਾਰ ਸਿੰਘ ਜੀ ਨੇ ਵੀ ਪਿਤਾ ਕੋਲੋਂ ਜੰਗ ਵਿੱਚ ਜਾ ਕੇ ਭਰਾ ਵਾਂਗ ਵੈਰੀਆਂ ਦੇ ਟੋਟੇ ਕਰਨ ਦੀ ਇਜ਼ਾਜਤ ਮੰਗੀ।ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਪੁੱਤਰ ਨੂੰ ਆਪਣੇ ਹੱਥੀਂ ਸ਼ਸਤਰ ਸਜਾ ਕੇ ਤਿਆਰ ਕੀਤਾ।ਜੰਗ ਵਿੱਚ ਕੰਮ ਆਉਣ ਵਾਲੇ ਕੁੱਝ ਜਰੂਰੀ ਨੁਕਤੇ ਸਮਝਾਏ। ਭਾਈ ਹਿੰਮਤ ਸਿੰਘ ਜੀ, ਭਾਈ ਨੰਦ ਸਿੰਘ ਜੀ, ਭਾਈ ਆਲਮ ਸਿੰਘ ਜੀ ਤੇ ਹੋ ਸਿੰਘ ਯੁੱਧ ਲਈ ਨਾਲ ਭੇਜੇ।ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਬਾਬਾ ਜੁਝਾਰ ਸਿੰਘ ਨੇ ਬਹਾਦਰ ਖਾਂ, ਨਾਹਰ ਖਾਂ, ਅਸਮਤ ਖਾਂ ਤੇ ਕਈ ਹੋਰ ਸਰਦਾਰਾਂ ਨੂੰ ਪਾਰ ਬੁਲਾ ਦਿੱਤਾ। ਬਾਬਾ ਜੁਝਾਰ ਸਿੰਘ ਜੀ ਦੀ ਉਮਰ ਉਸ ਵੇਲੇ 14 ਸਾਲ ਦੀ ਸੀ।ਬਾਬਾ ਜੁਝਾਰ ਸਿੰਘ ਜੀ ਦੁਸ਼ਮਣ ਦੇ ਆਹੂ ਲਾਹੁੰਦੇ ਹੋਏ ਅੱਗੇ ਹੀ ਅੱਗੇ ਵੱਧ ਰਹੇ ਸਨ। ਪਹਿਲਾਂ ਤੀਰਾਂ ਨਾਲ ਤੇ ਫਿਰ ਤਲਵਾਰ ਦੇ ਜੌਹਰ ਦਿਖਾਏ। ਅੰਤ ਬਾਬਾ ਜੁਝਾਰ ਸਿੰਘ ਜੀ ਦੁਸ਼ਮਣ ਦੇ ਘੇਰੇ ਵਿੱਚ ਆ ਗਏ। ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਲੌਢੇ ਵੇਲੇ 22 ਦਸੰਬਰ 1704 ਈ: ਨੂੰ ਹੋਈ। ਸਾਹਿਬਜ਼ਾਦਿਆਂ ਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦੀ ਸ਼ਹੀਦੀ ਨੂੰ ਕੋਟਿਨ-ਕੋਟਿ ਪ੍ਰਣਾਮ।ਜਿਸ ਗੁਰੂ ਨੇ ਸਾਡੇ ਲਈ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾਏ। ਆਉ ਅਸੀਂ ਉਸ ਗੁਰੂ ਜੀ ਦੇ ਚਰਨਾਂ ਨਾਲ ਜੁੜੀਏ।

Send this to a friend