ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇਕ ਸਰਕਾਰੀ ਅਧਿਕਾਰੀ ਵੱਲੋਂ ਸਿ¤ਖਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਸਥਿਤੀ ਬਾਰੇ ਹਰ ਪੱਧਰ ’ਤੇ ਚਰਚਾ ਸ਼ੁਰੂ ਹੋ ਗਈ ਹੈ। ਇਸਲਾਮ ਧਰਮ ਦੇ ਅਧਾਰ ਉ¤ਪਰ ਬਣੇ ਪਾਕਿਸਤਾਨ ਅੰਦਰ ਘੱਟ ਗਿਣਤੀਆਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ। ਹੋਰ ਤਾਂ ਹੋਰ ਕੁਝ ਮੁਸਲਿਮ ਫਿਰਕਿਆਂ ਖਿਲਾਫ ਵੀ ਲਗਾਤਾਰ ਹਿੰਸਾ ਹੋ ਰਹੀ ਹੈ। ਇਸਾਈਆਂ ਅਤੇ ਹਿੰਦੂ ਭਾਈਚਾਰੇ ਨੂੰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਵੀ ਹੁਣ ਇਸ ਤੋਂ ਬਚੇ ਨਹੀਂ ਹਨ। ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਅਬਾਦੀ ਲਗਾਤਾਰ ਘੱਟ ਰਹੀ ਹੈ। ਕਿਉਂਕਿ ਡਰਦੇ ਮਾਰੇ ਲੋਕ ਪਾਕਿਸਤਾਨ ਤੋਂ ਪ੍ਰਵਾਸ ਕਰ ਰਹੇ ਹਨ। ਦੂਸਰੇ ਧਰਮਾਂ ਦੇ ਲੋਕਾਂ ਤੋਂ ਇਲਾਵਾ ਹੁਣ ਸਿੱਖਾਂ ਨੂੰ ਵੀ ਡਰਾਉਣ-ਧਮਕਾਉਣ ਦੀਆਂ ਕਾਰਵਾਈਆਂ ਸੱਚਮੁੱਚ ਚਿੰਤਾਜਨਕ ਹਨ। ਇਸ ਦਾ ਦੁਨੀਆਂ ਭਰ ਵਿੱਚ ਤਿੱਖਾ ਵਿਰੋਧ ਹੋਇਆ ਹੈ। ਬੇਸ਼ਕ ਪਾਕਿਸਤਾਨ ਦੀ ਸਰਕਾਰ ਨੇ ਇਸ ਸਬੰਧੀ ਫੌਰੀ ਤੌਰ ’ਤੇ ਕਾਰਵਾਈ ਕਰਦੇ ਹੋਏ ਸਬੰਧਤ ਅਧਿਕਾਰੀ ਨੂੰ ਹਟਾ ਦਿੱਤਾ ਹੈ, ਪ੍ਰੰਤੂ ਅਜਿਹੀ ਚਿੰਤਾ ਹਾਲੇ ਵੀ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ ਸਥਾਨ ਵੀ ਸੁਰੱਖਿਅਤ ਨਹੀਂ ਹਨ। ਪਾਕਿਸਤਾਨ ਦੀ ਸਰਕਾਰ ਘੱਟ ਗਿਣਤੀਆਂ ਦੀ ਰਾਖੀ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਪ੍ਰਤੀ ਵੱਡੀ ਕੁਤਾਹੀ ਵਰਤ ਰਹੀ ਹੈ। ਮੌਜੂਦਾ ਸਮੇਂ ਸਰਕਾਰ ਦਾ ਇਕ ਧਰਮ ਪ੍ਰਤੀ ਉਲਾਰ ਸੱਚਮੁੱਚ ਖਤਰਨਾਕ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਮੁਲਕ ਵਿੱਚ ਰਹਿਣ ਵਾਲੇ ਸਾਰੇ ਵਰਗਾਂ ਅਤੇ ਧਰਮਾਂ ਨੂੰ ਇਕ ਨਜ਼ਰ ਨਾਲ ਦੇਖੇ। ਸਾਰਿਆਂ ਨਾਲ ਬਰਾਬਰ ਦਾ ਸਲੂਕ ਹੋਵੇ। ਕਿਸੇ ਵੀ ਵਰਗ ਅਤੇ ਧਰਮ ਨਾਲ ਕੋਈ ਵਿਤਕਰਾ ਨਾ ਹੋਵੇ। ਫਿਰਕੂ ਆਧਾਰ ’ਤੇ ਹਿੰਸਾ ਤਾਂ ਹੋਰ ਵੀ ਮਾੜੀ ਗੱਲ ਹੈ। ਚੰਗੇ ਸਮਾਜ ਅਤੇ ਬੇਹਤਰ ਸਰਕਾਰ ਲਈ ਇਸ ਮਾਮਲੇ ਵਿੱਚ ਇਕ ਸੰਤੁਲਿਨ ਬਣਾਏ ਜਾਣ ਦੀ ਜ਼ਰੂਰਤ ਹੁੰਦੀ ਹੈ। ਪਾਕਿਸਤਾਨ ਦੀ ਸਰਕਾਰ ਨੂੰ ਇਸ ਸਿਲਸਿਲੇ ਵਿੱਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜੇਕਰ ਸਿੱਖ ਭਾਈਚਾਰੇ ਨਾਲ ਇਸ ਤਰ੍ਹਾਂ ਦਾ ਸਲੂਕ ਬਾਰ-ਬਾਰ ਹੁੰਦਾ ਹੈ ਤਾਂ ਇਸ ਦਾ ਦੁਨੀਆ ਭਰ ਵਿੱਚ ਬਹੁਤ ਤਿੱਖਾ ਪ੍ਰਤੀਕਰਮ ਹੋਵੇਗਾ। ਪਾਕਿਸਤਾਨ ਦੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਸਰਕਾਰ ਨੂੰ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਰਾਖੀ ਲਈ ਵਚਨਬੱਧ ਹੋਣਾ ਚਾਹੀਦਾ ਹੈ। ਫਿਰਕੂ ਕਾਰਵਾਈਆਂ ਵਿੱਚ ਰੁਝੇ ਅਨਸਰਾਂ ਅਤੇ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਿੱਖਾਂ ਨੂੰ ਧਰਮ ਪਰਿਵਰਤਨ ਲਈ ਮਜ਼ਬੂਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਅਪਰਾਧਕ ਕੇਸ ਵੀ ਦਰਜ ਕੀਤਾ ਜਾਵੇ ਅਤੇ ਉਸ ਨੂੰ ਤੁਰੰਤ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਜਾਵੇ। ਸਿੱਖਾਂ ਦੀਆਂ ਸਾਰੀਆਂ ਨੁਮਾਇੰਦਾ ਜਥੇਬੰਦੀਆਂ ਨੂੰ ਇਸ ਸਿਲਸਿਲੇ ਵਿੱਚ ਲਗਾਤਾਰ ਵਿੱਚ ਆਵਾਜ਼ ਉਠਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਭਾਈਚਾਰੇ ਨਾਲ ਕੋਈ ਵਿਤਕਰਾ ਜਾਂ ਜ਼ੁਲਮ ਨਾ ਹੋਵੇ।
– ਬਲਜੀਤ ਸਿੰਘ ਬਰਾੜ