ਸਾਖਰਤਾ ਦਰ ਵਧਣ ਦੇ ਬਾਵਜੂਦ ਵੀ ਅਸੀਂ ਹਾਲੇ ਬਹੁਤੇ ਅਕਲਮੰਦ ਨਹੀਂ ਬਣੇ ਭਾਵ ਕਿ ਅਸੀਂ ਪੜ੍ਹੇ-ਲਿਖੇ ਅਨਪੜ੍ਹ ਹੀ ਹਾਂ। ਇਹ ਅਨਪੜ੍ਹਤਾ ਸਾਡੀ ਵਿਦਿਅਕ ਅਨਪੜ੍ਹਤਾ ਨਹੀਂ ਸਗੋਂ ਦਿਮਾਗੀ ਅਨਪੜ੍ਹਤਾ ਹੈ,ਕਿਉਂਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਉਹ ਕਰ ਰਹੇ ਹਾਂ ਜੋ ਸਾਨੂੰ ਨਹੀਂ ਕਰਨਾ ਚਾਹੀਦਾ ਭਾਵ ਜੋ ਮਨੁਖਤਾ ਦੇ ਅਸਤਿਤਵ ਲਈ ਖਤਰਾ ਹਨ ਅਸੀਂ ਉਸ ਨੂੰ ਕਰਨ ਦੇ ਆਦੀ ਬਣਦੇ ਜਾ ਰਹੇ ਹਾਂ। ਅਜ ਜੋ ਮਨੁਖਤਾ ਦੀ ਹੋਂਦ ਦਾ ਕਾਇਆ-ਕਲਪ ਕਰ ਰਿਹਾ ਹੈ ਉਹ ਹੈ ਵਾਤਾਵਰਨ ਵਿਚ ਵਧ ਰਿਹਾ ਹਵਾ ਦਾ ਪ੍ਰਦੂਸ਼ਣ। ਹਵਾ ਵਿਚਲੇ ਪ੍ਰਦੂਸ਼ਣ ਨੇ ਸਾਡੇ ਮੌਸਮ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਜਿਧਰ ਦੇਖੋ ਉਧਰ ਹਵਾ ਵਿਚ ਧੂੰਏਂ ਦੇ ਗ਼ੁਬਾਰ ਹੀ ਗ਼ੁਬਾਰ ਨਜ਼ਰ ਆਉਂਦੇ ਹਨ। ਇਹੀ ਹਵਾ ਪ੍ਰਦੂਸਣ ਦਾ ਨਤੀਜਾ ਹੈ ਕਿ ਅਜ-ਕਲ ਫੋਗ ਭਾਵ ਧੁੰਦ ਦਾ ਵੀ ਰੂਪ ਬਦਲ ਗਿਆ ਹੈ। ਇਸ ਪ੍ਰਦੂਸਣ ਕਾਰਨ ਫੋਗ ਹੁਣ ਸਮੋਗ ਬਣ ਗਈ ਹੈ ਜੋ ਕਿ ਧੁੰਦ ਅਤੇ ਧੂੰਏਂ ਦਾ ਮਿਸ਼ਰਣ ਹੈ। ਧੁੰਦ ਉਦੋਂ ਬਣਦੀ ਹੈ ਜਦੋਂ ਹਵਾ ਅਤੇ ਦਿਸ਼ਾ ਬਿੰਦੂ ਵਿਚਲਾ ਅੰਤਰ 2.5 ਡਿਗਰੀ ਸੈਂਟੀਗਰੇਡ ਜਾਂ 4 ਡਿਗਰੀ ਫਾਰਨਹੇਟ ਤੋਂ ਘਟ ਹੁੰਦਾ ਹੈ। ਧੁੰਦ ਧਰਤੀ ਦੀ ਸਤ੍ਹਾ ਤੇ ਜਾਂ ਇਸਦੇ ਨੇੜ੍ਹੇ ਹਵਾ ਵਿਚ ਨਜ਼ਰ ਆਉਣ ਵਾਲੇ ਬਦਲ ਪਾਣੀ ਦੇ ਤੁਪਕੇ ਜਾਂ ਆਈਸ ਕ੍ਰਿਸਟਲ ਸ਼ਾਮਿਲ ਹੁੰਦੇ ਹਨ। ਆਮ ਤੌਰ ਤੇ ਧੁੰਦ ਨੇੜ੍ਹੇ ਦੇ ਪਾਣੀ ਦੇ ਸ੍ਰੋਤਾਂ, ਭੂਗੋਲ ਅਤੇ ਹਵਾ ਦੀਆਂ ਸਥਿਤੀਆਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ। ਪਰ ਸਮੋਗ ਉਦੋਂ ਪੈਦਾ ਹੁੰਦੀ ਹੈ ਜਦੋਂ ਧੁੰਦ ਵਿਚਲੇ ਪਾਣੀ ਦੇ ਤੁਪਕੇ ਸਾਡੇ ਘਰਾਂ, ਫੈਕਟਰੀਆਂ, ਵਾਹਨਾਂ, ਪਟਾਖਿਆਂ ਅਤੇ ਪਰਾਲੀ ਸਾੜ੍ਹਨ ਕਾਰਨ ਨਿਕਲੇ ਧੂੰਏਂ ਅਤੇ ਉਸਦੇ ਕਣਾਂ ਨਾਲ ਮਿਲਦੇ ਹਨ। ਇਹ ਨੁਕਸਾਨਦੇਹ ਕਣ ਕਈ ਵਾਰੀ ਵਾਯੂਮੰਡਲ ਵਿਚ ਉਚਾਈ ‘ਤੇ ਨਹੀਂ ਜਾ ਸਕਦੇ,ਇਸ ਦੇ ਉਪਰ ਗਰਮ ਹਵਾ ਦੀ ਇਕ ਪਰਤ ਜੰਮ ਜਾਂਦੀ ਹੈ ਜੋ ਸਮੋਗ ਦੀ ਪਰਤ ਨੂੰ ਇਕ ਢਕਣ ਵਾਂਗਢਕ ਲੈਂਦੀ ਹੈ। ਸਮੋਗ ਦੀ ਸਮਸਿਆ ਕੇਵਲ ਭਾਰਤ ਦੀ ਸਮਸਿਆ ਹੀ ਨਹੀਂ ਸਗੋਂ ਚੀਨ ਅਤੇ ਹੋਰ ਵਡੀ ਆਬਾਦੀ ਵਾਲੇ ਦੇਸ਼ਾਂ ਦੇ ਵਡੇ-ਵਡੇ ਸ਼ਹਿਰਾਂ ਵਿਚ ਵੀ ਹੈ। ਸਮੋਗ ਦੇ ਬਣਨ ਦਾ ਮੁਖ ਕਾਰਨ ਪ੍ਰਦੂਸਣ ਦੀ ਸਮਸਿਆ ਹੀ ਹੈ। ਜਿਵੇਂ ਕਿ 1952 ਵਿਚ ਭੂਰੇ ਰੰਗ ਦੀ ਫੋਟੋ ਕੈਮੀਕਲ ਸਮੋਗ ਨੇ ਲੰਡਨ ਸ਼ਹਿਰ ਨੂੰ ਪੰਜ ਦਿਨਾਂ ਦੇ ਲਈ ਪੂਰਨ ਤੌਰ ਢਕ ਲਿਆ ਸੀ। ਉਦੋਂ 4000 ਦੇ ਕਰੀਬ ਲੋਕਾਂ ਦੀ ਦਮੇ ਅਤੇ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਹੋ ਗਈ ਸੀ। ਇਕ ਸਰਵੇ ਅਨੁਸਾਰ ਭਾਰਤ ਦੇ ਮੈਟਰੋ ਸ਼ਹਿਰ ਦਿਲੀ ਵਿਚ 10,500 ਲੋਕ ਹਰ ਸਾਲ ਪ੍ਰਦੂਸ਼ਣ ਕਾਰਨ ਮਰਦੇ ਹਨ। ਜਿਥੇ ਧੁੰਦ ਕਾਰਨ ਬਹੁਤ ਸਾਰੀਆਂ ਮਨੁਖੀ ਗਤੀਵਿਧੀਆਂ ਜਿਵੇਂ ਸ਼ਿਪਿੰਗ, ਥਲੀ ਜਾਂ ਹਵਾਈ ਸਫ਼ਰ ਆਦਿ ਪ੍ਰਭਾਵਿਤ ਹੁੰਦੀਆਂ ਹਨ, ਉਥੇ ਸਮੋਗ ਕਾਰਨ ਵਿਅਕਤੀਆਂ ਦੀਆਂ ਅਖਾਂ ਅਤੇ ਸਾਹ ਨਲੀ ਵੀ ਪ੍ਰਭਾਵਿਤ ਹੁੰਦੀਆਂ ਹਨ ਜਿਸਦਾ ਨਤੀਜਾ ਨਿਕਲਦਾ ਹੈ ਬਿਮਾਰੀਆਂ ਵਿਚ ਵਾਧਾ। ਦਿਨੋਂ-ਦਿਨ ਵਧ ਰਹੇ ਧੂੰਏਂ ਦੇ ਪ੍ਰਦੂਸ਼ਣ ਕਾਰਨ ਵਿਅਕਤੀ ਦੀ ਉਮਰ-ਦਰ ਵੀ ਘਟਦੀ ਜਾ ਰਹੀ ਹੈ। ਇਕ ਰਿਪੋਰਟ ਅਨੁਸਾਰ ਦਿਲੀ ਵਿਚ ਧੂੰਏਂ ਦੇ ਪ੍ਰਦੂਸ਼ਣ ਕਾਰਨ ਵਿਅਕਤੀ ਦੀ ਉਮਰ 6 ਸਾਲ ਹੋਰ ਘਟ ਗਈ ਹੈ। ਇਸ ਸਮੋਗ ਕਾਰਨ ਭਾਰਤ ਦੇ ਬਹੁਤ ਸਾਰੇ ਰਾਜਾਂ ਜਿਵੇਂ ਪੰਜਾਬ, ਹਰਿਆਣਾ ਆਦਿ ਅਤੇ ਦਿਲੀ ਸ਼ਹਿਰ ਵਿਚ ਰੋਜਾਨਾ ਸੜ੍ਹਕ ਦੁਰਘਟਨਾਵਾਂ ਵਿਚ ਪਤਾ ਨਹੀਂ ਕਿੰਨੇ ਲੋਕ ਆਪਣੀ ਜਾਨ ਗਵਾ ਰਹੇ ਹਨ। ਦੂਜੇ ਪਾਸੇ ਪੰਛੀਆਂ ਦੀ ਦੁਨੀਆ ਨੂੰ ਵੀ ਇਸ ਸਮੋਗ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਜੇ ਇਸ ਸਮਸਿਆ ਵਲ ਸਰਕਾਰਾਂ ਅਤੇ ਆਮ ਲੋਕਾਂ ਨੇ ਧਿਆਨ ਨਾ ਦਿਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੀਆਂ ਪੀੜ੍ਹੀਆਂ ਬਿਮਾਰੀ ਵਿਚ ਗ੍ਰਸਤ ਪੈਦਾ ਹੋਣਗੀਆਂ। ਇਸ ਲਈ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਪ੍ਰਦੂਸ਼ਣ ਘਟ ਕਰਨ ਵਿਚ ਸਹਿਯੋਗ ਦੇਣਾ ਆਪਣੀ ਨੈਤਿਕ ਜਿੰਮੇਵਾਰੀ ਸਮਝਣ।।
ਧੂੰਏਂ ਤੇ ਧੁੰਦ ਦੇ ਗ਼ੁਬਾਰ (ਸਮੋਗ) ਮਨੁੱਖੀ ਜੀਵਨ ਲਈ ਘਾਤਕ



