Skip to content
Independent perspectives. Global stories.
BREAKING

ਲੋਕ ਹਿੱਤਾਂ ਨਾਲੋਂ ਨਿੱਜੀ ਹਿੱਤਾਂ ਨੂੰ ਤਰਜੀਹ ਦੇਣ ਲੱਗੇ ਪੰਜਾਬ ਦੇ ਨੇਤਾ

Share this story

ਪੰਜਾਬ ਵਿਚ ਇਹਨਾ ਦਿਨਾਂ ਵਿਚ ਦੋ ਅਹਿਮ ਘਟਨਾਵਾਂ ਵਾਪਰੀਆਂ ਹਨ। ਪਹਿਲੀ ਘਟਨਾ ਵਿਚ, ਵਿਧਾਨ ਸਭਾ ਦੇ ਸਰਦ ਰੁਤ ਸ਼ੈਸ਼ਨ ਦੌਰਾਨ ਵਿਧਾਨ ਸਭਾ ਵਿਚ ਵਡੇ ਹੰਗਾਮੇ ਹੋਏ, ਵਿਧਾਨ ਸਭਾ ਦੇ ਬਾਹਰ ਗਾਲੀ-ਗਲੋਚ, ਤਾਹਨੇ ਮੇਹਣੇ, ਆਪਸੀ ਇਲਜ਼ਾਮਬਾਜੀ ਵੇਖਣ-ਸੁਨਣ ਨੂੰ ਮਿਲੀ। ਇਸ ਸਭ ਕੁਝ ਦੇ ਦਰਮਿਆਨ ਸਹਿਕਾਰਤਾ, ਐਕਸਾਇਜ ਅਤੇ ਸਕੂਲ ਸਿਖਿਆ ਨਾਲ ਸਬੰਧਤ 13 ਬਿਲ ਪੰਜਾਬ ਸਰਕਾਰ ਅਛੋਪਲੇ ਜਿਹੇ ਪਾਸ ਕਰਵਾ ਗਈ ਅਤੇ ਇਕ ਗੈਰ-ਸਰਕਾਰੀ ਬਿਲ, ਵਿਰੋਧੀ ਨੇਤਾਵਾਂ ਨੂੰ ਨੁਕਰੇ ਲਾਉਣ ਲਈ, ਸੁਖਪਾਲ ਸਿੰਘ ਖਹਿਰਾ ਨਾਲ ਸਬੰਧਿਤ ਸਟਿੰਗ ਆਡੀਓ ਬਾਰੇ ਨਿਖੇਧੀ ਮਤਾ ਬਹੁ ਸੰਮਤੀ ਨਾਲ ਪਾਸ ਕਰਵਾ ਲਿਆ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਵਿਰੋਧੀ ਧਿਰ ਖਾਸ ਕਰਕੇ ‘ਆਪ‘ ਆਗੂ ਸਟਿੰਗ ਆਡੀਓ ਰਾਹੀਂ ਨਿਆਂਪਾਲਿਕਾ ਨੂੰ ਬਦਨਾਮ ਕਰ ਰਹੇ। ਦੂਜੀ ਘਟਨਾ ਵਿਚ, ਸ਼੍ਰੋਮਣੀ ਅਕਾਲ ਦਲ (ਬਾਦਲ) ਨੇ ਗੋਬਿੰਦ ਸਿੰਘ ਲੌਂਗੇਵਾਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਵਜੋਂ ਚੋਣ ਕਰਵਾ ਲਈ। ਭਾਵੇਂ ਕਿ ਇਹ ਪਹਿਲਾਂ ਹੀ ਨਿਸਚਿਤ ਸੀ ਕਿ ਜਿਸ ਸਖਸ਼ ਨੂੰ ਠਬਾਦਲਠ ਚਾਹੁਣਗੇ, ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਤੇ ਅਹੁਦੇਦਾਰ ਚੁਣਿਆ ਜਾਵੇਗਾ ਅਤੇ ਜਿਸਦੀ ਲਿਸਟ ਹਾਈ ਕਮਾਂਡ ਅਰਥਾਤ ਬਾਦਲ ਵਲੋਂ ਪ੍ਰਵਾਨ ਕਰਕੇ ਪਹਿਲਾਂ ਭੇਜੀ ਜਾਵੇਗੀ। ਦੋਵੇਂ ਘਟਨਾਵਾਂ ਵਡੀਆਂ ਹਨ। ਕਾਂਗਰਸ ਨੇ ਜੋ ਚਾਹਿਆ ਅਤੇ ਜਿਵੇਂ ਚਾਹਿਆ, ਵਿਧਾਨ ਸਭਾ ‘ਚ ਆਪਣਾ ਸਿਕਾ ਚਲਾਇਆ। ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਜੋ ਚਾਹਿਆ, ਜਿਵੇਂ ਚਾਹਿਆ, ਆਪਣਾ ਜ਼ੋਰ ਚਲਾਇਆ। ਦੋਹਾਂ ਘਟਨਾਵਾਂ ‘ਚ ਆਪੋ-ਆਪਣੀ ਵਿਰੋਧੀ ਧਿਰ ਨੂੰ ਨੁਕਰੇ ਲਾਇਆ, ਅਤੇ ਹਰ ਹੀਲਾ-ਹਰਵਾ ਵਰਤਕੇ ਮਨ ਆਈਆਂ ਕੀਤੀਆਂ। ਅਤੇ ਵਿਰੋਧੀ ਧਿਰ ਦੀ ਕਾਰ ਗੁਜ਼ਾਰੀ ਬਾਕੀ ਸਭੋ ਕੁਝ ਛਡ-ਛੁਡਾਕੇ ਸਿਰਫ ਠਮਣ-ਮਣ ਪਕੀਆਂਠ ਗਾਲਾਂ ਕਢਣ ਜੋਗੀ ਰਹਿ ਗਈ? ਇਹ ਘਟਨਾਵਾਂ ਜਾਂਚਣ-ਪਰਖਣ ਤੋਂ ਬਾਅਦ ਸਵਾਲ ਇਹ ਉਠਦਾ ਹੈ ਕਿ ਪੰਜਾਬ ਦੇ ਮਾਨਯੋਗ ਨੇਤਾ ਕਿਧਰ ਤੁਰੇ ਹੋਏ ਹਨ? ਕੀ ਨਿਜੀ ਰੰਜ਼ਿਸ਼ਾਂ ਕਢਣਾ, ਇਕ ਦੂਜੇ ਨੂੰ ਠਿਬੀ ਲਾਉਣਾ ਅਤੇ ਹਰ ਹੀਲੇ ਤਾਕਤ ਹਥਿਆਉਣਾ ਹੀ ਉਹਨਾ ਦਾ ਨਿਸ਼ਾਨਾ ਹੈ ਜਾਂ ਮੰਤਵ ਹੈ? ਪੰਜਾਬ ਕਿਧਰ ਜਾਵੇ, ਪੰਜਾਬੀ ਕਿਧਰ ਜਾਣ, ਜਿਹਨਾ ਦੀਆਂ ਸਮਸਿਆਵਾਂ, ਮੁਦੇ, ਮਸਲੇ ਮੂੰਹ-ਅਡੀ ਖੜੇ ਦਿਸਦੇ ਹਨ, ਅਤੇ ਜਿਹਨਾ ਵਲ ਪੰਜਾਬ ਦੇ ਨੇਤਾ ਪਿਠ ਕਰੀ ਖੜੇ ਦਿਸਦੇ ਹਨ।
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ, ਨਿਤ ਨਵੀਆਂ ਹਿਰਦੇਵੇਦਕ ਘਟਨਾਵਾਂ, ਕਤਲ, ਮਨ ਨੂੰ ਝੰਜੋੜਦੇ ਹਨ, ਜਾਨ-ਲੇਵਾ ਬਿਮਾਰੀਆਂ ਨੇ ਪੰਜਾਬ ਨੂੰ ਘੇਰਿਆ ਹੋਇਆ ਹੈ, ਆਤਮ-ਹਤਿਆਵਾਂ ਦਾ ਦੌਰ ਖਤਮ ਨਹੀਂ ਹੋ ਰਿਹਾ, ਰਿਸ਼ਵਤ ਦਾ ਦੌਰ ਜਾਰੀ ਹੈ, ਅਫਸਰ ਸ਼ਾਹੀ ਖੁਲ੍ਹ-ਖੇਲ੍ਹ ਰਹੀ ਹੈ। ਵਿਕਾਸ ਕਾਰਜ ਬੰਦ ਪਏ ਹਨ। ਮੁਲਾਜ਼ਮਾਂ ਨੂੰ ਨਿਯਮਤ ਤਨਖਾਹਾਂ ਦੇਣ ਦੇ ਲਾਲ਼ੇ ਪਏ ਹੋਏ ਹਨ। ਅਤੇ ਪੰਜਾਬ ਦੀ ਸਰਕਾਰ ਠਰਸਮਠ ਨਿਭਾਉਣ ਲਈ ਵਿਧਾਨ ਸਭਾ ਦਾ ਇਜਲਾਸ ਕਰਵਾਕੇ ਆਪਣੇ ਆਪ ਨੂੰ ਸੁਰਖੁਰੂ ਹੋ ਗਈ ਸਮਝਦੀ ਹੈ। ਸਿਰਫ ਠਖਜ਼ਾਨਾ ਖਾਲੀ ਹੈਠ ਦੇ ਬੋਲਾਂ ਨਾਲ ਕੀ ਪੰਜਾਬ ਦੇ ਲੋਕਾਂ ਨੂੰ ਪਤਿਆਇਆ, ਵਰਾਇਆ ਜਾ ਸਕਦਾ ਹੈ, ਜਿਹੜੇ ਆਪਣੇ ਭਵਿਖ ਠਨੌਜਵਾਨਾਂਠ ਨੂੰ ਮਜ਼ਬੂਰੀ ਵਸ, ਹਰ ਹੀਲ਼ੇ ਪੰਜਾਬੋਂ, ਦੇਸੋਂ ਬਾਹਰ ਭੇਜਣ ਲਈ ਮਜ਼ਬੂਰ ਦਿਸਦੇ ਹਨ। ਕਿਥੇ ਗਏ ਕਾਂਗਰਸ ਸਰਕਾਰ ਦੇ ਉਹ ਵਾਇਦੇ ਕਿ ਚੋਣਾਂ ਦੇ 100 ਦਿਨਾਂ ‘ਚ ਪੰਜਾਬੋਂ ਨਸ਼ੇ ਭਜਾ ਦਿਤੇ ਜਾਣਗੇ, ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਜਾਣਗੀਆਂ। ਸਾਫ ਸੁਥਰਾ ਸਾਸ਼ਨ ਮਿਲੇਗਾ। ਸਥਿਤੀ ਤਾਂ ਇਹ ਬਣ ਗਈ ਹੈ ਕਿ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਵੀ ਉਹਨਾ ਦੇ ਖਾਤਿਆਂ ਵਿਚੋਂ ਗਾਇਬ ਹੈ। ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਕਾਇਮ ਹਨ। ਖੇਤੀ ਮਸ਼ੀਨਰੀ ਮਹਿੰਗੀ ਹੋ ਗਈ, ਫਸਲਾਂ ਦਾ ਵਾਜਬ ਭਾਅ ਨਹੀਂ ਮਿਲ ਰਿਹਾ, ਖੇਤੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਕਰਜ਼ਾ ਮੁਆਫੀ ਕਾਰਨ ਆਈਆਂ ਹੋਰ ਦਿਕਤਾਂ ਬਰਕਰਾਰ ਹਨ, ਅਗਲਾ ਫਸਲੀ ਕਰਜ਼ਾ ਲੈਣ ਲਈ ਔਖਿਆਈਆਂ ਹਨ। ਕਾਰਖਾਨੇਦਾਰ, ਵਪਾਰੀ, ਮੋਦੀ ਸਰਕਾਰ ਨੇ ਨੋਟਬੰਦੀ ਜੀ ਐਸ ਟੀ ਨਾਲ ਪ੍ਰੇਸ਼ਾਨ ਕੀਤੇ ਹੋਏ ਹਨ, ਮੌਕੇ ਦੀ ਸੂਬਾ ਸਰਕਾਰ ਉਹਨਾ ਨੂੰ ਕੋਈ ਰਾਹਤ ਦੇਣ ਤੋਂ ਆਤੁਰ ਹੈ। ਜਲੰਧਰ ਦਾ ਖੇਡ ਉਦਯੋਗ, ਬਟਾਲੇ ਦਾ ਫਾਊਡਰੀ ਉਦਯੋਗ ਆਖਰੀ ਸਾਹ ਗਿਣ ਰਿਹਾ ਹੈ। ਕਿਸੇ ਜਮਾਨੇ ‘ਚ ਏਸ਼ੀਆਂ ਦੀ ਸਭ ਤੋਂ ਵਡੀ ਵੂਲਿਨ ਮਿਲ ਨੂੰ ਤਾਲਾ ਲਾਉਣ ਦੀ ਤਿਆਰੀ ਹੈ, ਪਿਛਲੇ ਵੀਹ ਸਾਲਾਂ ਤੋਂ ਇਹ ਮਿਲ ਕੇਂਦਰ ਤੇ ਸੂਬਾ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੈ। ਮੁਲਾਜ਼ਮ ਹੜਤਾਲਾਂ ਦੇ ਰਾਹ ਪਏ ਹੋਏ ਹਨ। ਕਚੇ ਮੁਲਾਜ਼ਮਾਂ ਨੂੰ ਪਕੇ ਕਰਨ ਦੀ ਕਿਰਿਆ ਅਧਵਾਟੇ ਲਟਕਦੀ ਦਿਸਦੀ ਹੈ। ਸਿਟੇ ਵਜੋਂ ਦਫਤਰੀ ਕੰਮ ਕਾਜ ਉਤੇ ਇਸਦਾ ਅਸਰ ਹੋ ਰਿਹਾ ਹੈ।
ਪੰਜਾਬ ਦੇ ਨੇਤਾਵਾਂ ਦੀ ਤਰਜ਼ੀਹ ਆਪਣੀ ਵੋਟ ਬੈਂਕ ਪਕੀ ਕਰਨ ‘ਤੇ ਲਗੀ ਹੈ। ਪਿੰਡਾਂ, ਸ਼ਹਿਰਾਂ ‘ਚ ਆਪਣੇ ਬੰਦਿਆਂ ਨਾਲ ਛੋਟੇ ਛੋਟੇ ਕੰਮ ਕਰਵਾਕੇ ਉਹ ਲੋਕਾਂ ਤੇ ਅਹਿਸਾਨ ਕਰਦੇ ਹਨ, ਫਿਰ ਆਪਣੇ ਦਲਾਲਾਂ ਰਾਹੀਂ ਉਹਨਾ ਦਾ ਨਿਪਟਾਰਾ ਕਰਦੇ ਹਨ। ਜਿਹੜੀ ਪਿਰਤ ਅਕਾਲੀ-ਭਾਜਪਾ ਸਰਕਾਰ ਨੇ ਹਲਕਾ ਇੰਚਾਰਜ ਨਿਯੁਕਤ ਕਰਕੇ ਕੀਤੀ ਸੀ, ਉਸੇ ਤਰ੍ਹਾਂ ਦੀ ਪਿਰਤ ਮੌਜੂਦਾ ਸਰਕਾਰ ਨੇ ਪਾਈ ਹੋਈ ਹੈ। ਆਮ ਆਦਮੀ ਆਪਣਾ ਸਧਾਰਨ ਕੰਮ ਕਰਨ-ਕਰਾਉਣ ਲਈ ਜਾਂ ਤਾਂ ਪੈਸੇ ਦਾ ਇਸਤੇਮਾਲ ਕਰਦਾ ਹੈ ਜਾਂ ਫਿਰ ਮਾੜੀ ਮੋਟੀ ਸਿਫਾਰਸ਼ ਦਾ! ਨੇਤਾ ਲੋਕ ਆਪਣੇ ਕਾਰੋਬਾਰ ਕਰਦੇ ਹਨ, ਉਸ ਕਾਰੋਬਾਰ ਦੇ ਵਾਧੇ ਲਈ ਲੋਕਾਂ ਦਾ ਇਸਤੇਮਾਲ ਕਰਦੇ ਹਨ। ਪੰਜਾਬ ਦੇ ਵਡੀ ਗਿਣਤੀ ਚੁਣੇ ਹੋਏ ਵਿਧਾਇਕਾਂ ਦੇ ਆਪੋ-ਆਪਣੇ ਕਾਰੋਬਾਰ ਹਨ। ਕੋਈ ਸਿਖਿਆ ਖੇਤਰ ਦਾ ਵਪਾਰੀ ਹੈ, ਕੋਈ ਖੰਡ ਮਿਲਾਂ ਦਾ। ਕੋਈ ਜ਼ਮੀਨ ਦੀ ਵੇਚ ਵਟਤ ਦਾ ਕੰਮ ਕਰਦਾ ਹੈ, ਕੋਈ ਆੜ੍ਹਤੀਏ ਦਾ। ਕੋਈ ਸ਼ਰਾਬ ਦਾ ਠੇਕੇਦਾਰ ਹੈ ਅਤੇ ਕਿਸੇ ਦੀ ਪ੍ਰਾਈਵੇਟ ਯੂਨੀਵਰਸਿਟੀਆਂ ‘ਚ ਹਿਸੇਦਾਰੀ ਹੈ। ਕੋਈ ਬਸਾਂ ਦਾ ਕਾਰੋਬਾਰ ਕਰਦਾ ਹੈ ਅਤੇ ਕੋਈ ਟਰਕਾਂ ਦਾ। ਇਸ ਤੋਂ ਵੀ ਅਗਲੀ ਗਲ ਇਹ ਕਿ ਉਹਨਾ ਦੇ ਪੁਤ-ਪਤਰ-ਧੀਆਂ, ਪੋਤਰੇ ਆਪਣੇ ਬਾਪੂ-ਬਾਬੇ ਦੇ ਕਾਰੋਬਾਰ ਦੀ ਦੇਖ-ਰੇਖ ਕਰਦਿਆਂ, ਬਿਨਾਂ ਮਿਹਨਤ ਤੋਂ ਵਧਦੇ-ਫੁਲਦੇ ਹਨ ਅਤੇ ਆਪਣੇ ਪਿਉ-ਬਾਬੇ ਦੀ ਸਿਆਸੀ ਗਦੀ ਦੇ ਮਾਲਕ ਬਣਦੇ ਹਨ। ਇਹੋ ਜਿਹੀਆਂ ਹਾਲਤਾਂ ‘ਚ ਆਮ ਆਦਮੀ ਤਾਂ ਕਿਧਰੇ ਦਿਖਾਈ ਹੀ ਨਹੀਂ ਦੇਂਦਾ। ਨੇਤਾ ਲੋਕਾਂ ਲਈ ਤਾਂ ਆਮ ਆਦਮੀ ਇਕ ਵੋਟ ਹੈ, ਜਿਸ ਦੀ ਪ੍ਰਾਪਤੀ ਲਈ ਉਹ ਸਾਮ-ਦਾਮ-ਦੰਡ ਦੇ ਜਗਤ ਪ੍ਰਸਿਧ ਫਾਰਮੂਲੇ ਦੀ ਵਰਤੋਂ ਕਰਨੋਂ ਨਾ ਡਰਦੇ ਹਨ, ਨਾ ਦਰੇਗ ਕਰਦੇ ਹਨ।
ਸਿਆਸੀ ਲੋਕਾਂ ਦੇ ਨਾਲ ਨਾਲ ਪੰਜਾਬ ਦੇ ਧਾਰਮਿਕ, ਸਮਾਜਿਕ ਨੇਤਾਵਾਂ ਨੇ ਵੀ ਜਿਵੇਂ ਪੰਜਾਬੀਆਂ ਦਾ ਸਾਥ ਛਡਣ ਨੂੰ ਤਰਜ਼ੀਹ ਦੇ ਰਖੀ ਹੈ। ਸਮਾਜ ਸੇਵਾ ਦੇ ਨਾਮ ਉਤੇ ਸਿਖਿਆ, ਸਿਹਤ ਖੇਤਰ ‘ਚ ਸਕੂਲ, ਹਸਪਤਾਲ ਖੋਹਲਕੇ ਉਹਨਾ ਨੂੰ ਵਪਾਰਕ ਅਦਾਰਿਆਂ ਵਜੋਂ ਚਲਾਇਆ ਜਾ ਰਿਹਾ ਅਤੇ ਇਥੋਂ ਦੇ ਕਰਮਚਾਰੀਆਂ ਨੂੰ ਅਤੇ ਸਮਾਜ ਸੇਵਾ ਦੀ ਭਲ ਨੂੰ ਉਹਨਾ ਵਲੋਂ ਆਪਣੀ ਸਖਸ਼ੀਅਤ ਉਭਰਨ ਵਜੋਂ ਵਰਤਿਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਅਦਾਰੇ ਆਪਣਾ ਮੁਖ ਮੰਤਵ ਭੁਲਾਕੇ ਸਿਆਸੀ ਲੋਕਾਂ ਨੂੰ ਅਗੇ ਲਿਆਉਣ ਦੇ ਕੰਮ ਕਰਨ ‘ਤੇ ਲਗੇ ਹੋਏ ਹਨ। ਜੇਕਰ ਇੰਜ ਨਾ ਹੁੰਦਾ ਤਾਂ ਪੰਜਾਬ ‘ਚ ਵਡੀਆਂ ਵਡੀਆਂ ਵਿਦੇਸ਼ੀ ਗਡੀਆਂ ਵਾਲੇ ਸਾਧਾਂ ਦਾ ਉਭਾਰ ਇਸ ਤਰ੍ਹਾਂ ਦਾ ਨਾ ਹੁੰਦਾ ਅਤੇ ਇਹ ਡੇਰਾਦਾਰ ਆਪਣੀਆਂ ਮਨਮਰਜ਼ੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰਦੇ। ਜੇਕਰ ਧਾਰਮਿਕ, ਸਮਾਜਿਕ ਸੰਸਥਾਵਾਂ ਦਾ ਮੰਤਵ ਲੋਕਾਂ ਨੂੰ ਸਹੀ ਸਿਖਿਆ, ਸਿਹਤ ਸਹੂਲਤਾਂ, ਚੰਗਾ ਵਾਤਾਵਰਨ ਦੇਣ ਤਕ ਸੀਮਤ ਹੁੰਦਾ ਤਾਂ ਅਜ ਪੰਜਾਬੀਆਂ ਦੇ ਸ਼ਰਧਾ ਨਾਲ ਦਿਤੇ ਦਾਨ ਨਾਲ ਸੈਂਕੜੇ ਨਹੀਂ ਹਜ਼ਾਰਾਂ ਵਿਦਿਅਕ ਸੰਸਥਾਵਾਂ, ਹਸਪਤਾਲ ਖੁਲ੍ਹੇ ਹੁੰਦੇ, ਜਿਹੜੇ ਲੋਕਾਂ ਨੂੰ ਮੁਫਤ ਸਿਹਤ, ਸਿਖਿਆ ਸਹੂਲਤਾਂ ਦੇ ਰਹੇ ਹੁੰਦੇ ਤਾਂ ਪੰਜਾਬ ਦੇ ਲੋਕ ਗੁਰਬਤ ਦੀ ਚਕੀ ‘ਚ ਨਾ ਪਿਸ ਰਹੇ ਹੁੰਦੇ, ਆਤਮ ਹਤਿਆਵਾਂ ਦਾ ਰਸਤਾ ਨਾ ਅਪਨਾਉਂਦੇ ਅਤੇ ਆਪਣੀ ਪਿਆਰੀ ਧਰਤੀ ਛਡਕੇ ਵਿਦੇਸ਼ਾਂ ਲਈ ਨਾ ਭਜਦੇ।
ਪੰਜਾਬ ਦੇ ਨੇਤਾਵਾਂ ਦਾ, ਲੋਕਾਂ ਹਿਤਾਂ ਨਾਲੋਂ ਮੁਖ ਮੋੜਕੇ ਕੁਰਸੀ ਸਾਂਭਣ ਵਾਲੇ ਵਰਤਾਰੇ ਨੂੰ ਅਪਨਾਉਣਾ ਸਚਮੁਚ ਨਿੰਦਣਯੋਗ ਹੈ। ਨਿਜੀ ਕਿੜਾਂ ਕਢਣ ਅਤੇ ਨਿਜੀ ਦੁਸ਼ਮਣੀ ਵਾਲੀ ਸਿਆਸਤ, ਪੰਜਾਬ ਦੇ ਸਿਆਸੀ ਮਾਹੌਲ ਨੂੰ ਦੂਸ਼ਿਤ ਕਰ ਰਹੀ ਹੈ। ਪੰਜਾਬ ਦੇ ਲੋਕ ਜੇਕਰ ਇਹੋ ਜਿਹੇ ਵਰਤਾਰੇ ਨੂੰ ਰੋਕਣ ‘ਚ ਕਾਮਯਾਬ ਨਾ ਹੋਏ ਤਾਂ ਇਹ ਪੰਜਾਬ ‘ਚ ਖਾਨਾ-ਜੰਗੀ ਦੇ ਦੌਰ ਨੂੰ ਮੁੜ ਲਿਆਏਗੀ।

WRITTEN BY