ਭਾਵੇਂ ਔਰਤ ਤੋਂ ਬਿਨਾਂ ਮਨੁਖੀ ਸਮਾਜ ਦੀ ਹੋਂਦ ਨਹੀਂ ਹੋ ਸਕਦੀ ਪਰ ਸਦੀਆਂ ਤੋਂ ਹੀ ਇਹ ਮਨੁਖੀ ਸਮਾਜ ਸਦਾ ਮਰਦ ਪ੍ਰਧਾਨ ਰਿਹਾ ਹੈ ਅਤੇ ਔਰਤਾਂ ’ਤੇ ਸਦਾ ਜ਼ੁਲਮ ਹੁੰਦੇ ਆਏ ਹਨ। ਔਰਤਾਂ ’ਤੇ ਇਨ੍ਹਾਂ ਜ਼ੁਲਮਾਂ ਦੀ ਕਹਾਣੀ ਅਜ ਦੇ ਜ਼ਮਾਨੇ ਵਿਚ ਕੋਈ ਨਵੀਂ ਨਹੀਂ ਹੈ ਸਗੋਂ ਇਹ ਤਾਂ ਮਹਾਭਾਰਤ ਅਤੇ ਰਮਾਇਣ ਦੇ ਸਮਿਆਂ ਤੋਂ ਹੀ ਚਲੀ ਆ ਰਹੀ ਹੈ। ਜੁਗਾ-ਜੁਗਾਤਰਾਂ ਤੋਂ ਔਰਤ ਨੂੰ ਕਮਜੋਰ, ਅਵਲਾ ਅਤੇ ਨੀਵੀ ਦਰਸਾਉਣ ਦੇ ਯਤਨ ਹੁੰਦੇ ਆਏ ਹਨ। ਅਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹਤਿਆਵਾਂ ਕਾਰਨ ਲੜਕੀਆਂ ਦੀ ਘਟ ਰਹੀ ਗਿਣਤੀ ਨੂੰ ਠਲ ਪਾਉਣ ਲਈ ਵਡੇ ਵਡੇ ਯਤਨ ਹੋ ਰਹੇ ਹਨ। ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇਕ ਹੀ ਮਾਦਾ ਭਰੂਣ ਹਤਿਆ ਦਾ ਵਿਰੋਧ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘਟ ਰਹੀ ਹੈ। ਸਾਡੇ ਮਰਦ ਪ੍ਰਧਾਨ ਦੇਸ਼ ਵਿਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁਢ ਤੋਂ ਹੀ ਚਲੀ ਆ ਰਹੀ ਹੈ। ਅਜੋਕੇ ਸਮੇਂ ਵਿਚ ਇਸਦਾ ਸਿਰਫ ਢੰਗ ਹੀ ਬਦਲਿਆ ਹੈ। ਮਾਦਾ ਭਰੂਣ ਹਤਿਆ ਦਾ ਮੁਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘਟ ਨਹੀਂ ਗੁਜਾਰੀ। ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿਚ ਹੀ ਹਾਰ ਦਿਤਾ ਸੀ, ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ। ਬੇਸ਼ਕ ਸਾਡੇ ਹਿੰਦੂ ਸਮਾਜ ਵਿਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿਚ ਵੀ ਔਰਤਾਂ ਨੂੰ ਬਰਾਬਰਤਾ ਦਾ ਹਕ ਹਾਸਲ ਨਹੀਂ ਹੈ, ਮੁਸਲਿਮ ਔਰਤਾਂ ਨੂੰ ਵੀ ਪਰਦੇ (ਬੁਰਕੇ) ਵਿਚ ਹੀ ਰਹਿਣ ਦਾ ਅਧਿਕਾਰ ਹੈ। ਸਿਖ ਮਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹਕ ਵਿਚ ਅਵਾਜ ਉਠਾਉਦਿਆਂ ਕਿਹਾ ਸੀ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਜੇ ਗਲ ਕਰੀਏ ਕੁੜੀਆਂ ਦੇ ਦੁਖਾਂਤ ਭਰੇ ਜੀਵਨ ਦੀ ਤਾਂ ਅਜੋਕੇ ਸਮੇਂ ਵਿਚ ਹੀ ਨਹੀਂ ਮੇਰੇ ਛੋਟੀ ਜਿਹੀ ਸੋਚ ਮੁਤਾਬਿਕ ਜਦੋ ਤੋ ਦੁਨੀਆ ਦੀ ਰਚਨਾ ਹੋਈ ਹੋਣੀ ਉਦੋਂ ਤੋ ਹੀ ਕੁੜੀਆਂ ਨੂੰ ਕਮਜ਼ੋਰ ਸਮਝਿਆ ਜਾ ਰਿਹਾ ਹੈ। ਜੇ ਸਵਾਲ ਹੋਵੇ ਕੀ ਸਚੀ ਔਰਤ ਕਮਜ਼ੋਰ ਹੈ? ਤਾਂ ਮੇਰਾ ਜਵਾਬ ਹੋਵੇਗਾ ਨਹੀਂ ਔਰਤ ਕਮਜ਼ੋਰ ਨਹੀਂ ਹੈ ਕਿਉਂਕਿ ਇਸ ਦੇ ਪ੍ਰਮਾਣ ਵਜੋਂ ਅਜੋਕੇ ਸਮੇਂ ਵਿਚ ਕੁੜੀਆਂ ਮੁਡਿਆ ਤੋਂ ਕਿਸੇ ਪਖੋਂ ਵੀ ਪਿਛੇ ਨਹੀਂ ਹਨ ਉਨ੍ਹਾਂ ਜਿਥੇ ਆਪਣੀ ਅਹਿਮੀਅਤ ਦੀ ਪਹਿਚਾਣ ਕੀਤੀ ਉਥੇ ਆਪਣੇ ਵਜੂਦ ਨੂੰ ਵੀ ਪਰਵਾਰਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੋਢੇ ਨਾਲ ਮੋਢਾ ਲਾ ਇਕੋ ਹੀ ਰਾਹ ਤੁਰ ਕੇ ਮਜਿਲ ਕਾਇਮ ਕੀਤਾ ਹੈ। ਔਰਤ ਦੀ ਇਹ ਕਾਮਯਾਬੀ ਆਦਮੀ ਤੋ ਬਰਦਾਸ਼ਤ ਨਹੀਂ ਹੋ ਰਹੀ ਏ ਤੇ ਵਿਚੋਂ ਵਿਚ ਜਲ ਰਿਹਾ ਇਹ ਆਦਮ ਹੁਣ ਇਕ ਸ਼ੈਤਾਨ ਜੋ ਬਣ ਗਿਆ ਹੈ। ਕੁੜੀਆਂ ਨੂੰ ਕਿਹਾ ਜਾਂਦਾ ਕਿ ਕੁੜੀਆਂ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ ਹੁੰਦੀ ਹੈ। ਜਿਸ ਕਰਨ ਕੁੜੀਆਂ ਨੂੰ ਤਾਂ ਪੜਾਇਆ ਵੀ ਨਹੀਂ ਗਿਆ ਸੀ ਜੇ ਪੜਾਇਆ ਵੀ ਤਾਂ ਸਿਰਫ਼ ਇਕ ਨਾਮ ਲਿਖਣ ਜਾਂ ਪੜ੍ਹਨ ਜੋਗਾ ਕਿਉਂਕਿ ਪਰਿਵਾਰ ਨੂੰ ਆਪਣੀ ਲਾਜ ਦਾ ਖ਼ਤਰਾ ਸੀ ਜਿਸ ਕਰਕੇ ਉਹ ਪੜ੍ਹਾਈ ਨਹੀਂ ਗਈ ਸੀ । ਭਰਾ ਨੂੰ ਹਸਾਉਣ ਲਈ ਆਪਣੇ ਸਾਰੇ ਅਰਮਾਨਾਂ ਨੂੰ ਆਪਣੀ ਦੇਹ ਵਿਚ ਕਿਸੇ ਇਹੋ ਜਿਹੇ ਕੋਨੇ ਵਿਚ ਦਫ਼ਨਾ ਲੈਂਦੀ ਹੈ ਜਿਥੋਂ ਫਿਰ ਉਨ੍ਹਾਂ ਅਰਮਾਨਾਂ ਨੂੰ ਕੁਮਲਾਏ ਫੁਲਾਂ ਵਾਂਗ ਮੁਰਝਾ ਜਾਣਾ ਪੈਂਦਾ ਹੈ। ਹੋਲੀ ਹੋਲੀ ਜਵਾਨੀ ਦੀ ਦਹਲੀਜ ਆਪਣੇ ਮਾਤਾ ਪਿਤਾ ਦੀ ਆਣ ਤੇ ਸ਼ਾਨ ਨੂੰ ਬਰਕਰਾਰ ਰਖ ਕੇ ਪਾਰ ਕਰ ਜਿਸ ਘਰ ਵਿਚ ਬਚਪਨ ਤੇ ਜਵਾਨੀ ਦੇ ਕੀਮਤੀ ਪਹਿਰ ਬਿਤਾਏ ਹੋਣ ਉਸ ਨੂੰ ਛਡ ਜਦੋਂ ਕਿਸੇ ਹੋਰ ਬੇਗਾਨੇ ਘਰ ਵਿਚ ਆਪਣੇ ਜੀਵਨ ਦਾ ਅਧ ਪੜਾਅ ਲੰਘਾਉਣ ਲਈ ਚਾਈਂ ਚਾਈਂ ਜਾਂਦੀ ਹੈ ਤਾਂ ਕਿੰਨੇ ਈ ਨਵੇਂ ਅਰਮਾਨਾਂ ਨੇ ਉਦੋਂ ਫਿਰ ਜਨਮ ਲਿਆ ਹੋਣਾ ਪਰ ਅਫ਼ਸੋਸ ਫਿਰ ਦਹੇਜ ਦੀ ਮਾਰ ਥਲੇ ਪਿਸ ਪਿਸ ਕੇ ਆਪਣੇ ਗ਼ਰੀਬੜੇ ਮਾਪਿਆ ਦਾ ਮਾਣ ਵਧਾਉਣ ਲਈ ਆਪਣਾ ਆਪ ਕੁਰਬਾਨ ਕਰਕੇ ਵੀ ਝੂਠਾ ਜਿਹਾ ਹਸ ਕੇ ਦਿਲਾਸਾ ਦੇ ਜਾਂਦੀ ਹੈ ਕਿ ਸਭ ਠੀਕ ਹੈ ਤੇ ਮਾਪੇ ਸਭ ਜਾਣਦੇ ਹੋਏ ਵੀ ਚੁਪ ਧਾਰ ਲੈਂਦੇ ਨੇ ਆਖ਼ਿਰ ਲਕਸ਼ਮੀ ਦੇ ਇਸ ਰੂਪ ਨੂੰ ਇਹ ਕਹਿ ਦਿਤਾ ਜਾਂਦਾ ਹੈ ਕਿ ਧੀ ਤਾਂ ਬੇਗਾਨਾ ਧੰਨ ਹੈ ਪਰ ਬੇਗਾਨਾ ਕਾਦਾ ਨਾ ਪੇਕਿਆਂ ਦਾ ਨਾ ਸਹੁਰਿਆਂ ਦਾ। ਅੰਤ ਮਨ ਤੇ ਪਥਰ ਧਰ ਜਦੋਂ ਕੁਖੋਂ ਜੰਮੇ 9 ਮਹੀਨਿਆਂ ਦੀ ਘੋਰ ਤਪਸਿਆ ਤੋ ਬਾਅਦ ਪੁਤਰ ਨੂੰ ਦੇਖ ਦੀ ਹੈ ਤੇ ਸੋਚਦੀ ਹੈ ਕਿ ਹੁਣ ਜ਼ਿੰਦਗੀ ਇਸੇ ਦੇ ਸਹਾਰੇ ਰਹਿਣਾ ਹੈ, ਪਰ ਜਦੋ ਉਹ ਪੁਤ ਆਪਣੀ ਮਾਂ ਨੂੰ ਗ਼ਲਤ ਬੋਲਦਾ ਹੈ ਫਿਰ ਉਸ ਦੇ ਸਾਰੇ ਅਰਮਾਨ ਮਿਟੀ ਚ ਮਿਲ ਜਾਂਦੇ ਹਨ। ਫਿਰ ਤਾਂ ਮਨੋਂ ਜਿਵੇਂ ਫਿਰ ਜਿਊਣ ਦੀ ਆਰਜ਼ੂ ਹੀ ਮੁਕ ਜਾਂਦੀ ਹੈ। ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ਚਿਟੇ ਸੂਟ ਤੇ ਦਾਗ ਪੈ ਗਏ, ਗਲੀਆਂ ਦੇ ਵਿਚ ਗਾਰਾ ਜਿਹੇ ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰਖ ਦਿਤਾ ਹੈ। ਚਿਟੇ ਕਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿਟੇ ਕਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬਸਾਂ ਵਿਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ। ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ ਵਿਚੋਂ ਆਪਣੀ ਧੀ ਜਾਂ ਭੈਣ ਨਜ਼ਰ ਆਉਂਦੀ ਹੋਵੇ ਤਾਂ ਇਹ ਲੜਕੀਆਂ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ। ਇਹਨਾਂ ਗੀਤਾਂ ਕਰਨ ਅਜ ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿਚ ਔਰਤਾਂ ਕਿਤੇ ਵੀ ਸੁਰਖਿਅਤ ਨਹੀਂ ਹਨ। ਆਖ਼ਿਰ ਕਦੋਂ ਹੋਵੇਗਾ ਬੰਦ ਔਰਤਾਂ ਤੇ ਜੁਲਮ ਜਿਸ ਦਾ ਮੁਢ ਭਰੂਣ ਹਤਿਆ ਵਰਗੇ ਘਿਣਾਉਣੇ ਅਪਰਾਧ ਤੋਂ ਸ਼ੁਰੂ ਹੁੰਦਾ ਹੈ, ਕੀ ਸਮਾਜ ਇਸ ਅਪਰਾਧ ਨੂੰ ਬੰਦ ਨਹੀਂ ਹੋਣਾ ਦੇਣਾ ਚਾਹੁੰਦਾ? ਕੀ ਸਰਕਾਰਾਂ ਦੁਆਰਾ ਵੀ ਇਹਨਾਂ ਗੰਭੀਰ ਅਪਰਾਧਾਂ ਨੂੰ ਸਹਿਯੋਗ ਦਿਤਾ ਜਾ ਰਿਹਾ ਹੈ? ,ਕੀ ਔਰਤ ਸਿਰਫ਼ ਤੇ ਸਿਰਫ਼ ਧਾਰਮਿਕ ਅਸਥਾਨਾਂ ਤੇ ਜਿਥੇ ਦੇਵੀ ਦੇ ਰੂਪ ਵਿਚ ਮੰਨ ਕੇ ਪੂਜਾ ਕੀਤੀ ਜਾਂਦੀ ਹੈ ਉਥੇ ਪੁਤਲਾ ਬਣ ਕੇ ਖੜੀ ਹੀ ਰਹੇਗੀ? ਪਤਾ ਨਹੀਂ ਕਿੰਨੇ ਕੁ ਸਵਾਲ ਮੇਰੇ ਜਿਹਨਾਂ ਦਾ ਜੁਆਬ ਤਾਂ ਸ਼ਾਇਦ ਉਸ ਔਰਤ ਨੂੰ ਬਣਾਉਣ ਵਾਲੇ ਕੁਦਰਤ ਦੇ ਮਾਲਕ ਰਬ ਕੋਲ ਵੀ ਨਹੀਂ ਹੋਣਾ’।
ਆਖ਼ਿਰ ਕਦੋਂ ਹੋਵੇਗਾ ਬੰਦ ਔਰਤਾਂ ’ਤੇ ਜ਼ੁਲਮ



