ਮੀਡੀਆ ਵਿੱਚ ਸੰਪਾਦਕੀ ਆਜ਼ਾਦੀ ਦਾ ਇਕ ਹੋਰ ਅਜਿਹਾ ਮਾਮਲਾ ਆਇਆ ਹੈ ਜਿਸ ਨੇ ਪ੍ਰੈਸ ਦੀ ਆਜ਼ਾਦੀ ਅਤੇ ਮੀਡੀਆ ਮਾਲਕਾਂ ਦੀ ਦਖਲਅੰਦਾਜ਼ੀ ਬਾਰੇ ਅਹਿਮ ਸਵਾਲ ਹਿੰਦੋਸਤਾਨ ਦੇ ਮੀਡੀਆ ਉਦਯੋਗ ਸਾਹਮਣੇ ਖੜ੍ਹੇ ਕਰ ਦਿੱਤੇ ਹਨ। ਇਸ ਵਾਰ ਇਹ ਮਾਮਲਾ ਕਿਸੇ ਮੀਡੀਆ ਗਰੁੱਪ ਦੇ ਮਾਲਕ ਅਤੇ ਸੰਪਾਦਕੀ ਅਮਲੇ ਵਿਚਕਾਰ ਨਹੀਂ ਸਗੋਂ ਦੇਸ਼ ਦੇ ਇਕ ਪੁਰਾਣੇ ਅਖ਼ਬਾਰ ਦੇ ਟਰੱਸਟ ਦੇ ਚੇਅਰਮੈਨ ਅਤੇ ਅਖ਼ਬਾਰ ਦੇ ਸੰਪਾਦਕ ਅਤੇ ਸੰਪਾਦਕੀ ਡੈਸਕ ਦੇ ਅਮਲੇ ਦਰਮਿਆਨ ਵਾਪਰਿਆ ਹੈ। ਉਤਰੀ ਭਾਰਤ ਦਾ ਸਭ ਤੋਂ ਪੁਰਾਣਾ ਅਖ਼ਬਾਰ ‘ਦਾ ਟ੍ਰਿਬਿਊਨ’ ਜੋ 1881 ਵਿੱਚ ਲਾਹੌਰ ਤੋਂ ਸ. ਦਿਆਲ ਸਿੰਘ ਮਜੀਠੀਆ ਨੇ ਸ਼ੁਰੂ ਕੀਤਾ ਸੀ, ਜਿਸ ਦੀ ਮਾਲਕੀ ਇਕ ਪੰਜ ਮੈਂਬਰੀ ਟਰਸੱਟ ਕੋਲ ਹੈ। 3 ਨਵੰਬਰ ਤੱਕ ਇਸ ਟਰੱਸਟ ਦੇ ਚੇਅਰਮੈਨ ਜਸਟਿਸ (ਰਿਟਾਇਰਡ) ਐਸ.ਐਸ. ਸੋਢੀ ਸਨ ਅਤੇ ਟਰੱਸਟ ਦੀ 3 ਨਵੰਬਰ 2017 ਦੀ ਮੀਟਿੰਗ ਵਿੱਚ ਅਚਾਨਕ ਅਜਿਹਾ ਹੈਰਾਨਕੁਨ ਫੈਸਲਾ ਲਿਆ ਗਿਆ ਜਿਸ ਨੇ ਹਿੰਦੋਸਤਾਨ ਦੇ ਮੀਡੀਆ ਉਦਯੋਗ ਨੂੰ ਹਿਲਾਕੇ ਰੱਖ ਦਿੱਤਾ। ਇਸ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ ਜਸਟਿਸ ਐਸ.ਐਸ. ਸੋਢੀ ਨੂੰ ਟਰੱਸਟ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਨਰਿੰਦਰ ਨਾਥ ਵੋਹਰਾ ਨੂੰ ਟਰੱਸਟ ਦਾ ਚੇਅਰਮੈਨ ਚੁਣ ਲਿਆ ਗਿਆ। ਅਚਾਨਕ ਹੋਈ ਇਸ ਤਬਦੀਲੀ ਪਿੱਛੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਟ੍ਰਿਬਿਊਨ ਵਿੱਚ ਛਾਪਿਆ ਗਿਆ ਇਕ ਸਪਸ਼ਟੀਕਰਨ ਸੀ ਜੋ ਮਜੀਠੀਆਂ ਦੇ ਡਰੱਗ ਮਾਫੀਆ ਨਾਲ ਸਬੰਧਾਂ ਬਾਰੇ ਦੋ ਰਿਪੋਰਟਾਂ ਸਬੰਧੀ ਸੀ। ਸ. ਬਿਕਰਮ ਸਿੰਘ ਮਜੀਠਿਆਂ ਨੇ ਇਸ ਸਬੰਧੀ ਅਖ਼ਬਾਰ ਉਪਰ ਮਾਨਹਾਨੀ ਦੇ ਕੇਸ ਕਰ ਦਿੱਤਾ ਸੀ।
ਟਰੱਸਟ ਦੇ ਚੇਅਰਮੈਨ ਜਸਟਿਸ (ਰਿਟਾਇਰਡ) ਐਸ.ਐਸ. ਸੋਢੀ ਇਸ ਕੇਸ ਨੂੰ ਅਦਾਲਤ ਤੋਂ ਬਾਹਰ ਰਫਾ ਦਫਾ ਕਰਨ ਵਿੱਚ ਦਿਲਚਸਪੀ ਰੱਖਦੇ ਸਨ, ਉਨ੍ਹਾਂ ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਹਰੀਸ਼ ਖਰੇ ਨੂੰ ਇਨ੍ਹਾਂ ਰਿਪੋਰਟਾਂ ਸਬੰਧੀ ਪਹਿਲੇ ਪੰਨੇ ’ਤੇ ਮੁਆਫੀ ਛਾਪਣ ਲਈ ਜ਼ੋਰ ਪਾਇਆ ਸੀ। ਇਹ ਵੀ ਕਿਹਾ ਜਾਂਦਾ ਇਸ ਮੁੱਦੇ ਨੂੰ ਲੈ ਕੇ ਜਸਟਿਸ ਸੋਢੀ ਅਤੇ ਹਰੀਸ਼ ਖਰੇ ਇਕਮੱਤ ਨਹੀਂ ਸਨ ਅਤੇ ‘ਦਾ ਟ੍ਰਿਬਿਊਨ’ ਦੇ ਨਿਊਜ਼ ਡੈਸਕ ਨਾਲ ਸਬੰਧਤ ਮੀਡੀਆ ਕਰਮੀ ਇਸ ਮੁਆਫੀਨਾਮੇ ਨਾਲ ਸਹਿਮਤ ਨਹੀਂ ਸਨ। ਹਰੀਸ਼ ਖਰ੍ਹੇ ਨੇ ਇਸ ਮੁੱਦੇ ’ਤੇ ਆਪਣਾ ਅਸਤੀਫਾ ਵੀ ਪੇਸ਼ ਕਰ ਦਿੱਤਾ ਸੀ ਪਰ ਜਸਟਿਸ ਸੋਢੀ ਦੇ ਜ਼ੋਰ ਪਾਉਣ ’ਤੇ ਟ੍ਰਿਬਿਊਨ ਅਖ਼ਬਾਰ ਨੇ 29 ਅਕਤੂਬਰ 2017 ਨੂੰ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਤਿੰਨ ਕਾਲਮੀ ਮੁਆਫੀਨਾਮਾ ਪ੍ਰਕਾਸ਼ਿਤ ਕਰ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਮਜੀਠੀਆ ਕਿਸੇ ਡਰੱਗ ਮਾਮਲੇ ਵਿੱਚ ਸ਼ਾਮਲ ਨਹੀਂ ਅਤੇ ਉਸ ਖਿਲਾਫ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਇਹ ਮੁਆਫੀਨਾਮਾ ਪ੍ਰਕਾਸ਼ਿਤ ਹੋਣ ਤੋਂ ਬਾਅਦ ਟ੍ਰਿਬਿਊਨ ਅਖਬਾਰ ਦੇ ਕਰਮਚਾਰੀਆਂ ਵਿੱਚ ਨਰਾਜ਼ਗੀ ਦੀ ਲਹਿਰ ਪਾਈ ਜਾ ਰਹੀ ਸੀ। ਅਖਬਾਰ ਦੇ ਕਰਮਚਾਰੀਆਂ ਦੀ ਯੂਨੀਅਨ ਨੇ ਇਸ ਸਬੰਧੀ ਜ਼ਿੰਮੇਵਾਰੀ ਕਰਮਚਾਰੀਆਂ ਦੀ ਯੂਨੀਅਨ ਨੇ ਇਸ ਸਬੰਧੀ ਜ਼ਿੰਮੇਵਾਰੀ ਤਹਿ ਕਰਨ ਦੀ ਮੰਗ ਕੀਤੀ ਸੀ। ਟਰੱਸਟ ਦੀ 3 ਨਵੰਬਰ ਦੀ ਮੀਟਿੰਗ ਵਿੱਚ ਮੁੱਖ ਸੰਪਾਦਕ ਹਰੀਸ਼ ਖਰ੍ਹੇ ਨੇ ਆਪਣਾ ਅਸਤੀਫਾ ਪੇਸ਼ ਕਰ ਦਿੱਤਾ ਸੀ। ਟਰਸੱਟ ਨੇ ਮੁੱਖ ਸੰਪਾਦਕ ਦਾ ਅਸਤੀਫਾ ਪ੍ਰਵਾਨ ਕਰਨ ਦੀ ਥਾਂ ਸਾਬਕਾ ਆਈ.ਏ.ਐਸ. ਅਧਿਕਾਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸ਼੍ਰੀ ਐਨਐਨ ਵੋਹਰਾ ਨੂੰ ਟਰੱਸਟ ਦਾ ਚੇਅਰਮੈਨ ਥਾਪ ਦਿੱਤਾ। ਇਥੇ ਮੈਂ ਬਿਕਰਮ ਸਿੰਘ ਮਜੀਠੀਆ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਮੈਂ ਤਾਂ ਅਖਬਾਰ ਦੇ ਚੇਅਰਮੈਨ ਦੀ ਦਖ਼ਲਅੰਦਜ਼ੀ ਬਾਰ ਗੱਲ ਕਰਨੀ ਹੈ। ਪੱਤਰਕਾਰੀ ਦੀ ਨੈਤਿਕਤਾ ਇਹ ਮੰਗ ਕਰਦੀ ਹੈ ਕਿ ਕੋਈ ਮਾਲਕ ਭਾਵੇਂ ਉਹ ਟਰੱਸਟ ਦੇ ਰੂਪ ਵਿੱਚ ਹੋਵੇ ਜਾਂ ਨਿੱਜੀ ਰੂਪ, ਉਸ ਨੂੰ ਸੰਪਾਦਕ ਦੀ ਅਜ਼ਾਦੀ ਨੂੰ ਘੱਟ ਕਰਨ ਜਾਂ ਉਸ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ। ਇਸ ਕੇਸ ਵਿੱਚ ਮੈਂ ਸ੍ਰੀ ਹਰੀਸ਼ ਖਰੈ ਦੀ ਪ੍ਰਸੰਸਾ ਕਰਦਾ ਹਾਂ ਕਿ ਉਨ੍ਹਾਂ ਨੇ ਮੁਆਫੀਨਾਮਾ ਛਾਪਣ ਤੇ ਪਹਿਲਾਂ ਇਤਰਾਜ਼ ਉਠਾਇਆ ਅਤੇ ਬਾਅਦ ਵਿੱਚ ਅਸਤੀਫੇ ਦੀ ਪੇਸ਼ਕਸ਼ ਵੀ ਕੀਤੀ। ਚੰਗਾ ਹੁੰਦਾ ਜੇ ਉਹ ਇਸ ਮੁੱਦੇ ’ਤੇ ਕਿਸੇ ਕਿਸਮ ਦਾ ਕੋਈ ਸਮਝੋਤਾ ਨਾ ਕਰਦੇ ਅਤੇ ਜੇ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਮੁਆਫੀਨਾਮਾ ਛਾਪਣਾ ਉਚਿਤ ਨਹੀਂ ਤਾਂ ਉਹ ਛਾਪਣ ਤੋਂ ਇਨਕਾਰ ਕਰ ਦਿੰਦੇ ਅਤੇ ਅਸਤੀਫਾ ਦੇ ਦਿੰਦੇ। ਜੇ ਉਹ ਅਜਿਹਾ ਕਰਦੇ ਤਾਂ ਉਹ ਭਾਰਤੀ ਪੱਤਰਕਾਰੀ ਦੇ ਇਤਿਹਾਸ ਵਿੱਚ ਸੰਪਾਦਕੀ ਆਜ਼ਾਦੀ ਦੇ ਅਲੰਬਰਦਾਰ ਵਜੋਂ ਜਾਣੇ ਜਾਂਦੇ। ਅਹੁਦਾ ਸੰਭਾਲਣ ਤੋਂ ਬਾਅਦ ਜਿਵੇਂ ਸ੍ਰੀ ਵੋਹਰਾ ਨੇ ਕਿਹਾ ਹੈ ਕਿ ਅਖ਼ਬਾਰ ਪੱਤਰਕਾਰੀ ਦੇ ਮਿਆਰਾਂ ਨੂੰ ਬਰਕਰਾਰ ਰੱਖਦਾ ਹੋਇਆ ਆਪਣਾ ਕੰਮ ਕਰਦਾ ਰਹੇਗਾ, ਠੀਕ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ। ਸਾਡੇ ਇਸ ਖਿੱਤੇ ਦੇ ਲੋਕਾਂ ਦੀ ਆਦਤ ਬਣ ਚੁਕਿਆ ਹੈ ਟ੍ਰਿਬਿਊਨ। ਜੇ ਟ੍ਰਿਬਿਊਨ ਵਰਗਾ ਅਖ਼ਬਾਰ ਪੱਤਰਕਾਰੀ ਦੀ ਮਰਿਆਦਾ ਦੀ ਉਲੰਘਣਾ ਕਰੇਗਾ ਤਾਂ ਲੋਕਾਂ ਨੂੰ ਵੱਡਾ ਅਫਸੋਸ ਹੋਵੇਗਾ। ਅਖ਼ਬਾਰ ਦੇ ਸੰਪਾਦਕੀ ਮਾਮਲੇ ਨੂੰ ਚਾਹੀਦਾ ਸੀ ਕਿ ਖ਼ਬਰਾਂ ਛਾਪਣ ਤੋਂ ਪਹਿਲਾਂ ਪੂਰੀ ਤਰ੍ਹਾਂ ਪੁਣਛਾਣ ਕਰਕੇ ਛਾਪੀਆਂ ਜਾਣ ਤਾਂ ਕਿ ਅਖਬਾਰ ਨੂੰ ਮੁਆਫੀ ਮੰਗਣ ਦੀ ਨੌਬਤ ਹੀ ਨਾ ਪਵੇ। ਆਸ ਹੈ ਕਿ ਭਵਿੱਖ ਵਿੱਚ ਟ੍ਰਿਬਿਊਨ ਅਤੇ ਹੋਰ ਅਖ਼ਬਾਰ ਇਸ ਪੱਖੋਂ ਸੁਚੇਤ ਹੋਣਗੇ।
ਸੰਪਾਦਕੀ ਅਜ਼ਾਦੀ ਬਰਕਰਾਰ ਰੱਖਣੀ ਜ਼ਰੂਰੀ



