Skip to content
Independent perspectives. Global stories.
BREAKING

ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕਿਹੇ ਜਿਹੀ ਸਿੱਖੀ ਦੇਣ ਵਾਲੇ ਹਾਂ

Share this story

ਮਨੁਖ ਅਜ ਜੋ ਕਰ ਰਿਹਾ ਹੈ ਉਹ ਵਿਰਾਸਤ ਦਾ ਹਿਸਾ ਬਣ ਰਿਹਾ ਹੈ। ਆਪਣੇ ਕਰਮਾਂ ਲਈ ਜਵਾਬਦੇਹੀ ਤੋਂ ਬਚਿਆ ਨਹੀਂ ਜਾ ਸਕਦਾ “ ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ। ਦਰਿਆ ਦਾ ਪਾਣੀ ਆਪਣੇ ਵੇਗ ’ਚ ਵਹਿ ਰਿਹਾ ਹੈ। ਇਹ ਵੇਗ ਉਸ ਦਾ ਸੁਭਾਅ ਹੈ। ਪਰ ਪਾਣੀ ਦੇ ਵਗਣ ਨਾਲ ਕਿਨਾਰੇ ਨਾ ਚਾਹੁੰਦੀਆਂ ਵੀ ਟੁਟਦੇ ਰਹਿੰਦੇ ਹਨ। ਸ਼ੇਖ ਫਰੀਦ ਸਾਹਿਬ ਨੇ ਕਿਹਾ ਕਿ ਆਪਣੇ ਸੁਭਾਉ ਕਾਰਣ ਪੈਦਾ ਹੋਏ ਵੇਗ ਲਈ ਵੀ ਪਾਣੀ ਨੂੰ ਲੇਖਾ ਦੇਣਾ ਪੈਂਦਾ ਹੈ। ਸਾਗਰ ’ਚ ਮਿਲਦੀਆਂ ਹੀ ਉਸ ਦਾ ਵੇਗ ਸ਼ਾਂਤ ਹੋ ਜਾਉਂਦਾ ਹੈ। ਪਾਣੀ ਨੇ ਨਦੀ ਦੇ ਕੰਢਿਆਂ ਨੂੰ ਤੋੜਿਆ। ਇਸ ਦਾ ਫਲ ਹੋਇਆ ਕਿ ਉਸ ਦਾ ਸੁਭਾਵਕ ਵੇਗ ਜਾਉਂਦਾ ਰਿਹਾ। ਮਨੁਖ ਜੇ “ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ “ ਦੀ ਜਿੰਦਗੀ ਜਿਉਂ ਰਿਹਾ ਹੈ ਤਾਂ ਵੀ ਉਸ ਦੀ ਜਿੰਮੇਵਾਰੀ ਹੈ। ਜੇ ਮਨੁਖਤਾ ਤੇ ਕੌਮ ਲਈ ਕੁਝ ਕਰ ਰਿਹਾ ਹੈ ਤਾਂ ਵੀ ਉਸ ਨੂੰ ਲੇਖਾ ਦੇਣਾ ਹੈ। ਸੰਸਾਰ ਦਾ ਹਰ ਧਰਮ ਮਨੁਖ ਨੂੰ ਇਕ ਸੁਚਜੀ ਜੀਵਨ ਜਾਚ ਬਖਸ਼ਣ ਵਾਲਾ ਹੈ। ਸਿਖ ਧਰਮ ਨੇ ਸਿਧਾਂਤਾਂ ਨਾਲ ਕਾਰਜਸ਼ੀਲਤਾ ਨੂੰ ਜੋੜ ਕੇ ਗੁਰਸਿਖੀ ਦੀ ਰਾਹ ਨੂੰ ਹੋਰ ਵਿਲਖਣ ਬਣਾ ਦਿਤਾ “ ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ। ਗੁਰਸਿਖ ਦਾ ਧਰਮ ਸਚ ਨੂੰ ਧਾਰਣ ਕਰਨਾ ਤੇ ਅਮਲ ’ਚ ਲਿਆਉਣਾ ਹੈ। ਗੁਰਸਿਖ ਦਾ ਧਰਮ ਮੌਨ ਧਾਰਣ ਕਰ ਲੈਣ ਵਾਲਾ ਧਰਮ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਖੀ ਨੂੰ ਸ਼ੁਭ ਕਰਮਾਂ ਤੇ ਜੀਵਨ ਤਕ ਅਰਪਣ ਕਰ ਦੇਣ ਦੀ ਦ੍ਰਿਸ਼ਟੀ ਦਿੰਦਿਆਂ ਖਾਲਸਾ ਦੀ ਸਾਜਨਾ ਕੀਤੀ ਸੀ। ਸਿਖੀ ਬਲਿਦਾਨਾਂ ਦਾ ਇਤਿਹਾਸ ਆਪ ਅਗੇ ਵਧ ਕੇ ਮਨੁਖਤਾ ਦੇ ਹਿਤਾਂ ਲਈ ਜਾਨਾਂ ਵਾਰਨ ਦਾ ਇਤਿਹਾਸ ਹੈ। ਸਿਖੀ ਸਦਾ ਸੁਚੇਤ ਰਹਿ ਕੇ ਚਲਣ ਦਾ ਨਾਉਂ ਹੈ ਤਾਂ ਹੀ ਖੰਡੇ ਤੋਂ ਵੀ ਤਿਖੀ ਤੇ ਵਾਲਾਂ ਤੋਂ ਵੀ ਨਿਕੀ ਇਸ ਰਾਹ ਤੇ ਚਲਿਆ ਜਾ ਸਕਦੇ। ਸਵਾਲ ਉਠਦਾ ਹੈ ਕਿ ਇਸ ਅਨਮੋਲ ਸਿਖੀ ਵਿਰਾਸਤ ਨੂੰ ਅਗਾਂਹ ਵਧਾਉਣ ਲਈ ਅਜ ਅਸੀਂ ਕਿੰਨੇ ਸੁਚੇਤ ਤੇ ਜਤਨਸ਼ੀਲ ਹਾਂ।
ਗੁਰੂ ਸਾਹਿਬਾਨ ਦੇ ਸਮੇਂ ਗੁਰਸਿਖੀ ਦੇ ਪ੍ਰਸਾਰ ਲਈ ਜਿਥੇ ਗੁਰੂ ਸਾਹਿਬਾਨ ਨੇ ਆਪ ਧਰਮ ਯਾਤਰਾਵਾਂ ਕੀਤੀਆਂ ਉਥੇ ਸੰਗਤਾਂ ਨਾਲ ਨਿਰੰਤਰ ਸੰਵਾਦ ਲਈ ਮੰਜੀਆਂ ਤੇ ਪੀੜ੍ਹੇ ਥਾਪੇ ਗਏ ਸਨ। ਸਥਾਨਕ ਮੁਖੀ ਸਿਖਾਂ ਦੀ ਅਗੁਆਈ ਹੇਠ ਸਿਖਾਂ ਨੂੰ ਗੁਰਬਾਣੀ ਦੀ ਪ੍ਰੇਰਣਾ ਮਿਲਦੀ ਤੇ ਭਾਵਨਾ ਬਣਦੀ। ਮਸੰਦਾਂ ਦੇ ਕੰਮ ਕਾਜ ਤੇ ਗੁਰੂ ਸਾਹਿਬਾਨ ਦੀ ਪੂਰੀ ਨਿਗਾਹ ਬਣੀ ਰਹਿੰਦੀ। ਲੋੜ ਪਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਸੰਦਾ ਨੂੰ ਸੋਧਣ ’ਚ ਜਰਾ ਵੀ ਢਿਲ ਨਹੀਂ ਕੀਤੀ। ਗੁਰੂ ਸਾਹਿਬਾਨ ਦੇ ਕਾਲ ’ਚ ਹੋਏ ਅਜਿਹੇ ਬਹੁ ਗਿਣਤੀ ਸਿਖਾਂ ਦਾ ਜਿਕਰ ਇਤਿਹਾਸ ’ਚ ਮਿਲਦਾ ਹੈ ਜੋ ਰਹਿਤ ਦੇ ਪੂਰੇ ਸਨ। ਅਜਿਹੇ ਗੁਰਸਿਖਾਂ ਨੂੰ ਗੁਰੂ ਸਾਹਿਬਾਨ ਦੀ ਕਿਰਪਾ ਪ੍ਰਾਪਤ ਹੋਈ ਤੇ ਸਿਖ ਸੰਗਤਾਂ ਨੇ ਆਦਰ , ਸਨਮਾਨ ਦਿਤਾ। ਇਹ ਪੂਰਣ ਗੁਰਸਿਖ ਅਜ ਵੀ ਸਿਖ ਜਗਤ ਲਈ ਸ੍ਰੇਸਟ ਪ੍ਰੇਰਣਾ ਸ੍ਰੋਤ ਹਨ। ਅਜ ਕਿੰਨੇ ਅਜਿਹੇ ਪੂਰਣ ਗੁਰਸਿਖ ਨਜਰ ਆਉਂਦੇ ਹਨ ਜੋ ਵਰਤਮਾਨ ਤੇ ਭਵਿਖ ਦੇ ਪ੍ਰੇਰਣਾ ਸ੍ਰੋਤ ਬਣ ਸਕਣ। ਅਜ ਵੀ ਸਿਖ ਕੌਮ ਨੂੰ ਸਦ ਜੀਵਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਤੇ ਬਖਸ਼ਿਸ਼ ਪ੍ਰਾਪਤ ਹੈ। ਇਸ ਤੋਂ ਵਧ ਭਾਗਾਂ ਵਾਲੀ ਗਲ ਹੋਰ ਕੀ ਹੋ ਸਕਦੀ ਹੈ। ਕੋਈ ਮਨੁਖਤਾ ਜਾਂ ਕੌਮ ਪੁਰਾਤਨ ਇਤਿਹਾਸ ਦੇ ਆਸਰੇ ਸਦਾ ਲਈ ਨਹੀਂ ਟਿਕ ਸਕਦੀ। ਇਸ ‘ਚ ਨਵੇਂ ਪੰਨੇ ਜੋੜਦੇ ਰਹਿਣ ਦੀ ਲੋੜ ਹੁੰਦੀ ਹੈ। ਪੀੜ੍ਹੀਆਂ ਨੂੰ ਇਤਿਹਾਸ ਦੇ ਨਾਇਕਾਂ ਨਾਲ ਹੀ ਜੀਵਤ ਨਾਇਕਾਂ ਦੀ ਪ੍ਰੇਰਣਾ ਵੀ ਚਾਹੀਦੀ ਹੁੰਦੀ ਹੈ . ਹਰ ਸਮੇਂ ਘਟੋ ਘਟ ਚਾਰ ਪੀੜ੍ਹੀਆਂ ਚਲਦੀਆਂ ਹਨ। ਪਹਿਲੀਆਂ ਦੋ ਪੀੜ੍ਹੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਬਾਅਦ ਦੀਆਂ ਦਿਸ ਰਹੀਆਂ ਦੋ ਪੀੜ੍ਹੀਆਂ ਨੂੰ ਇਤਿਹਾਸ ਦੇ ਨਾਲ ਹੀ ਜਿਉਂਦੇ ਜਾਗਦੇ ਪੂਰਣ ਗੁਰਸਿਖਾਂ ਤੋਂ ਵੀ ਜਾਣੂੰ ਕਰਾਏ ਜੋ ਉਨ੍ਹਾਂ ਲਈ ਪ੍ਰੇਰਣਾਦਾਈ ਹੋਣ। ਅਜ ਕਿੰਨੇ ਜਿਉਂਦੇ ਜਾਗਦੇ ਗੁਰਸਿਖਾਂ ਨੂੰ ਆਦਰਸ਼ ਗੁਰਸਿਖ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦੇ? ਇਹ ਘਾਟ ਚਿੰਤਾ ਦਾ ਗੰਭੀਰ ਵਿਸ਼ਾ ਹੈ। ਨਵੀਆਂ ਪੀੜ੍ਹੀਆਂ ਵੇਖਣਾ ਚਾਹੁੰਦੀਆਂ ਹਨ ਕਿ ਗੁਰਸਿਖੀ ਤੇ ਕਿਵੇਂ ਪਰਿਪਕ ਹੋਇਆ ਤੇ ਚਲਿਆ ਜਾ ਸਕਦਾ ਹੈ। ਗੁਰ ਇਤਿਹਾਸ ਤੇ ਗੁਰਬਾਣੀ ਤੇ ਦ੍ਰਿੜ੍ਹ ਹੋਣ ਲਈ ਆਦਰਸ਼ ਨਾਇਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਸਚ ਬੀਜਣਾ ਤੇ ਸਚ ਉਗਾਉਣਾ ਕਰ ਕੇ ਵੀ ਤਾਂ ਵਿਖਾਉਣਾ ਪਵੇਗਾ। ਨਵੀਆਂ ਪੀੜ੍ਹੀਆਂ ਨੂੰ ਧਰਮ ਦੇ ਚਲਣ ਦਾ ਉਪਦੇਸ਼ ਦੇਣ ਵਾਲਿਆਂ ਨੂੰ ਆਪ ਅਸੂਲਾਂ ਤੇ ਚਲ ਕੇ ਵਿਖਾਉਣਾ ਪੈਂਦਾ ਹੈ। ਨਿਰੀਆਂ ਗਲਾਂ ਤੇ ਭੇਖ – ਬਾਣੇ ਨਾਲ ਸਿਖੀ ਪਰਿਪਕ ਨਹੀਂ ਹੁੰਦੀ “ ਬਹੁ ਭੇਖ ਕੀਆ ਦੇਹੀ ਦੁਖੁ ਦੀਆ। ਗੁਰੂ ਨਾਨਕ ਸਾਹਿਬ ਨੇ ਸਚੇ ਸਿਖ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਚਾ ਸਿਖ ਉਹ ਹੈ ਜਿਸ ਦੇ ਹਿਰਦੈ ਅੰਦਰ ਸਚ ਹੈ, ਸਚ ਨਾਲ ਪ੍ਰੀਤ ਹੈ, ਸਚ ਨੂੰ ਉਸ ਨੇ ਜੀਵਨ ਦੀ ਜੁਗਤ ਬਣਾ ਲਿਆ ਹੈ, ਸਚੀ ਸਿਖਿਆ ਲੈ ਕੇ ਉਹ ਸਮ ਦ੍ਰਿਸ਼ਟੀ ਨਾਲ ਸਾਰੇ ਜੀਵਾਂ ਤੇ ਦਇਆ ਤੇ ਪਰੋਪਕਾਰ ਕਰਦਾ ਹੈ, ਕਰਮ ਕਾਂਡਾਂ, ਪਖੰਡਾ ’ਚ ਨਹੀ ਪੈਂਦਾ ਤੇ “ ਆਤਮ ਤੀਰਥਿ ਕਰੇ ਨਿਵਾਸੁ “ ਦੀ ਅਵਸਥਾ ਰਖਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹੋ ਵਚਨ ਕੀਤਾ “ ਰਹਤ ਸੁ ਪ?ਯਾਰੋ ਮੋਹਿ ਕਉ ਸਿਦਕ ਮਹਾਂ ਪ੍ਰਿਯ ਆਹਿ। ਨਵੀਆਂ ਸਿਖ ਪੀੜ੍ਹੀਆਂ ਨੂੰ ਗੁਰਸਿਖੀ ਨਾਲ ਜੋੜਨ ਲਈ ਸਭ ਤੋਂ ਵਡੀ ਪ੍ਰੇਰਣਾ ਗੁਰਸਿਖ ਦੀ ਪ੍ਰਕਟ ਰੂਪ ਰਹਿਤ ਹੈ। ਇਸ ਤੋਂ ਅਵੇਸਲੇ ਹੋਣ ਦਾ ਅਰਥ ਹੈ ਆਪਣੇ ਮਨ ਦੇ ਵੇਗ ਨਾਲ ਕਿਨਾਰੇ ਤੋੜਨ ਦਾ ਗੁਨਾਹ ਕਰਨਾ ਜੋ ਕੌਮ ਨੂੰ ਕਮਜੋਰ ਬਣਾਉਂਦਾ ਜਾਏਗਾ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਸੰਦਾਂ ਨੂੰ ਸੋਧ ਕੇ ਇਹ ਪ੍ਰਥਾ ਖਤਮ ਕਰ ਦਿਤੀ ਸੀ। ਖਾਲਸਾ ਦੀ ਸਾਜਨਾ ਤੋਂ ਸਾਲ ਭਰ ਦੇ ਅੰਦਰ ਹੀ ਗੁਰੂ ਸਾਹਿਬ ਨੂੰ ਜੁਧਾਂ ਦਾ ਸਾਹਮਣਾ ਕਰਨਾ ਪੈ ਗਿਆ। ਖਾਲਸਾਈ ਭਾਵਨਾ ਦੇ ਪ੍ਰਚਾਰ , ਪ੍ਰਸਾਰ ਲਈ ਗੁਰੂ ਸਾਹਿਬ ਨੂੰ ਕੋਈ ਸੁਵਿਚਾਰਤ ਤੰਤ੍ਰ ਵਿਕਸਿਤ ਕਰਨ ਦਾ ਅਉਸਰ ਹੀ ਨਹੀਂ ਮਿਲਿਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਪਾਰ ਮਿਹਰ ਸਦਕਾ ਅਜ ਸਿਖ ਕੌਮ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਹੈ ਜਿਸ ਦੀ ਸੇਧ ਕੌਮ ਦੀ ਰਾਹ ਨੂੰ ਸਦਾ ਰੋਸ਼ਨ ਰੱਖਨ ’ਚ ਸਮਰਥ ਹੈ। ਪਿਛਲੇ ਸੌ ਸਾਲਾਂ ਵਿਚ ਦੁਨਿਆ ਅੰਦਰ ਵਡੀ ਸੰਖਿਆ ’ਚ ਗੁਰਦੁਅਰਿਆਂ ਦੀ ਉਸਾਰੀ ਹੋਈ ਹੈ। ਗੁਰਦੁਆਰੇ ਗੁਰਸਿਖੀ ਦੇ ਨਵੇਂ ਕੇਂਦਰ ਬਣ ਕੇ ਉਭਰੇ ਹਨ। ਹਰ ਗੁਰਦੁਆਰੇ ਅੰਦਰ ਹੋ ਰਿਹਾ ਨਿਤਨੇਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਤਾਪ੍ਰਤਿ ਪ੍ਰਕਾਸ਼ ਕੌਮੀ ਹਿਤਾਂ ਦੀ ਵਡੀ ਆਸ ਬੰਨਣ ਵਾਲਾ ਸੀ। ਧਾਰਮਕ ਹੀ ਨਹੀਂ ਗੁਰਦੁਆਰੇ ਕੌਮ ਦੀਆਂ ਸਮਾਜਕ ਮਿਲਵਰਤਨ ਦੀਆਂ ਲੋੜਾਂ ਵੀ ਪੂਰੀਆਂ ਕਰਣ ‘ਚ ਸਹਾਈ ਹੋਏ। ਥਾਂ-ਥਾਂ ਸਿਖ ਸੰਗਤ ਵਜੂਦ ’ਚ ਆਈ। ਪਰ ਇਸ ਦੇ ਨਾਲ ਹੀ ਕੁਝ ਬੁਰਿਆਈਆਂ ਵੀ ਪੈਦਾ ਹੋਣ ਲਗੀਆਂ ਜੋ ਕਿਸੇ ਵੀ ਸੰਸਥਾ ਦੇ ਵਿਕਾਸ ਨਾਲ ਸੁਭਾਵਕ ਹੀ ਜੁੜ ਜਾਉਂਦੀਆਂ ਹਨ। ਇਹ ਬੁਰਿਆਈਆਂ ਅਜ ਵਡਾ ਆਕਾਰ ਲੈ ਚੁਕੀਆਂ ਹਨ। ਕਈ ਵਾਰ ਸੁਣਨ ’ਚ ਆਉਂਦਾ ਹੈ ਕਿ ਚੰਦ ਸੁਆਰਥੀ ਲੋਗ ਕੌਮੀ ਭਾਵਨਾਵਾਂ ਨਾਲ ਖੇਡ ਆਪਣੇ ਸੁਆਰਥ ਸਿਧ ਕਰਨ ’ਚ ਕਾਮਿਆਬ ਹੋ ਰਹੇ ਹਨ। ਇਸ ਨਾਲ ਨਿਸ਼ਕਾਮ ਸੇਵਾ ਕਰ ਰਹੇ ਗੁਰਸਿਖਾਂ ਦੀ ਭੂਮਿਕਾ ਵੀ ਸ਼ਕ ਦੇ ਦਾਇਰੇ ‘ਚ ਆ ਜਾਉਂਦੀ ਹੈ। ਗੁਰਦੁਆਰੇ ਮੁਠੀ ਭਰ ਲੋਗਾਂ ਦੀ ਸੁਆਰਥ ਪੂਰਤੀ ਦੇ ਕੇਂਦਰ ਤੇ ਸਿਆਸੀ ਉਡਾਰੀਆਂ ਦੇ ਲਾਂਚਿੰਗ ਪੈਡ ਨਹੀਂ ਬਣਨ ਦਿਤੇ ਜਾਣੇ ਚਾਹੀਦੇ। ਜਿਥੇ ਵੀ ਗੁਰਦੁਆਰਾ ਪ੍ਰਬੰਧ ਦੇ ਵਿਵਾਦ ਸੁਣਨ ’ਚ ਆਉਂਦੇ ਹਨ, ਸਮਸਿਆ ਦਾ ਮੂਲ ਇਹੋ ਹੁੰਦਾ ਹੈ। ਗੁਰਦੁਆਰਾ ਪ੍ਰਬੰਧ ਦੇ ਝਗੜੇ ਪਕੀ ਨਿਸ਼ਾਨੀ ਹਨ ਕਿ ਅਜਿਹੇ ਲੋਗਾਂ ਨੂੰ ਵਾਹਿਗੁਰੂ ਸਤਿਗੁਰੁ ਨਿਰਵੈਰ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ “ ਦੀ ਪਛਾਣ ਨਹੀਂ ਹੈ। ਵਾਹਿਗੁਰੂ ਦੀ ਅਜਿਹੇ ਲੋਕਾਂ ਤੇ ਮਿਹਰ ਨਹੀਂ ਹੋਈ ਹੈ ਕਿਉਂਕਿ ਵਾਹਿਗੁਰੂ ਦਾ ਪ੍ਰਸਾਦ“ ਜਿਸੁ ਪਰਸਾਦਿ ਵੈਰੀ ਸਭ ਮੀਤ“ ਇਨ੍ਹਾਂ ਨੂੰ ਨਸੀਬ ਹੋਇਆ ਨਹੀਂ ਵਿਖਾਈ ਦੇ ਰਿਹਾ। ਗੁਰੂ ਦੀ ਮਿਹਰ ਹੁੰਦੀ ਹੈ ਤਾਂ ਜੀਵਨ ਦ੍ਰਿਸ਼ਟੀ ਹੀ ਬਦਲ ਜਾਉਂਦੀ ਹੈ। ਜੇ ਗੁਰੂ ਘਰ ਦੇ ਪ੍ਰਬੰਧ ਲਈ ਵੀ ਦ੍ਰਿਸ਼ਟੀ ਨਹੀਂ ਬਦਲੀ ਤਾਂ ਕਿਹੋ ਜਿਹੀ ਗੁਰਸਿਖੀ। ਗੁਰੂ ਦੀ ਕਿਰਪਾ ਤੋਂ ਸਖਣੇ ਲੋਕਾਂ ਲਈ ਹੀ ਗੁਰ ਵਚਨ ਹੋਇਆ ਕਿ “ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਨ ਤੇ ਸਦਾ ਡਰਾਨੇ ਰਹੀਐ। ਦਰਅਸਲ ਗੁਰਦੁਆਰੇ ਗੁਰਸਿਖੀ ਦੀ ਤਾਕਤ ਹਨ। ਇਸ ਤਾਕਤ ਨੂੰ ਚੰਦ ਲੋਗਾਂ ਦੇ ਸੁਆਰਥਾਂ ਲਈ ਅਜਾਈਂ ਨਹੀਂ ਜਾਣ ਦੇਣਾ ਚਾਹੀਦੇ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੀਦੇ ਕਿ ਵਿਸ਼ਵ ਭਰ ਦੇ ਗੁਰਦੁਅਰਿਆਂ ਲਈ ਇਕ ਰਹਿਤ ਮਰਿਆਦਾ ਤਿਆਰ ਕਰਵਾਏ ਤੇ ਇਸ ਨੂੰ ਲਾਗੂ ਕਰਵਾਉਣ ਲਈ ਇਕ ਸ਼ਕਤੀਸ਼ਾਲੀ ਨਿਗਰਾਨੀ ਤੰਤ੍ਰ ਤਿਆਰ ਕਰੇ। ਇਸ ਵਿਚ ਜਿੰਨੀ ਦੇਰ ਕੀਤੀ। ਜਾਏਗੀ ਪੰਥ ਦਾ ਨੁਕਸਾਨ ਹੀ ਹੋਣਾ ਹੈ। ਗੁਰਦੁਅਰਿਆਂ ਦੇ ਝਗੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਥਾਪੀਆਂ ਗਾਈਆਂ ਲੀਗਲ ਕਮੇਟੀਆਂ ਦੁਆਰਾ ਨਿਬੇੜੇ ਜਾਣ। ਕੌਮ ਦੇ ਆਗੂ ਜਦੋਂ ਨਿਕੀਆਂ ਨਿਕੀਆਂ ਗਲਾਂ ਲਈ ਅਦਾਲਤਾਂ ‘ਚ ਜਾਂ ਪ੍ਰਸ਼ਾਸਨ ਅਗੇ ਖੜੋਤੇ ਨਜਰ ਆਉਂਦੇ ਹਨ ਤਾਂ ਕੌਮ ਦੀ ਸ਼ਾਨ ਨੂੰ ਸਟ ਪੁਜਦੀ ਹੈ। ਗੁਰਸਿਖੀ ਤਾਂ ਮਨੁਖਤਾ ਦੇ ਹਿਤਾਂ ਲਈ ਆਪਾ ਵਾਰ ਦੇਣਾ ਸਿਖਾਉਂਦੀ ਹੈ ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ। ਆਪਾ ਜਨਾਉਣਾ ਗੁਰਸਿਖੀ ਨਹੀਂ ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ। ਸਿਖ ਕੌਮ ਆਪਣੇ ਮਸਲੇ ਆਪ ਤੈ ਕਰਨ ’ਚ ਸਮਰਥ ਹੈ। ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਰਚਿਆ ਸ੍ਰੀ ਅਕਾਲ ਤਖ਼ਤ ਸਾਹਿਬ ਨਿਆਂ ਦੀ ਆਸ ਲਈ ਦੁਨਿਆ ਦਾ ਸਭ ਤੋਂ ਪਵਿਤਰ ਅਸਥਾਨ ਹੈ। ਸਿੱਖ ਕੌਮ ਨੂੰ ਫੈਸਲਾ ਕਰਨਾ ਚਾਹੀਦੇ ਕਿ ਉਸ ਨੇ ਗੁਰੂ ਸਾਹਿਬ ਦੀ ਰਾਹ ਤੇ ਚਲਣਾ ਹੈ ਜਾਂ ਆਪਣੀ ਰਾਹ ਤੇ। ਗੁਰਦੁਅਰਿਆਂ ਦੀ ਸ਼ੋਭਾ ਕੌਮੀ ਵਿਰਾਸਤ ਦੀ ਸੰਭਾਲ ’ਚ ਹੈ। ਸਿਖੀ ਵਿਰਾਸਤ ਬਚਾਉਣ ਤੇ ਵਧਾਉਣ ਲਈ ਜਰੂਰੀ ਹੈ ਕਿ ਹਰ ਗੁਰਦੁਆਰੇ ਅੰਦਰ ਗੁਰ ਇਤਿਹਾਸ ਤੇ ਸਿਖ ਇਤਿਹਾਸ ਦੇ ਕੇਂਦਰ ਉਸਾਰੇ ਜਾਣ। ਇਨ੍ਹਾਂ ਅੰਦਰ ਯੋਗ ਸਾਹਿਤ ਲੋਕਾਂ ਦੇ ਪੜ੍ਹਨ ਲਈ ਇਕਤਰ ਕੀਤਾ ਜਾਏ। ਮਸੰਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੋਧ ਦਿਤੇ ਸਨ। ਅਜ ਲੋੜ ਹੈ ਨਿਸ਼ਕਾਮ ਸਿਖ ਸੇਵਕ ਤਿਆਰ ਕਰਨ ਦੀ ਜੋ ਸਥਾਨਕ ਤੌਰ ਤੇ ਗੁਰਸਿਖੀ ਪ੍ਰਚਾਰ ਦਾ ਕੰਮ ਸੰਭਾਲਣ। ਵਡੀ ਤਦਾਦ ’ਚ ਨੌਕਰੀਆਂ ਤੋਂ ਰਿਟਾਇਰ ਹੋ ਚੁਕੇ ਗੁਰਸਿਖ ਮੌਜੂਦ ਹਨ, ਖਾਸ ਤੌਰ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਹਜਾਰਾਂ ਰੀਟਾਇਰ ਮੁਲਾਜਮ ਜੋ ਕੌਮ ਲਈ ਕੁਝ ਕਰਨਾ ਚਾਹੁੰਦੇ ਹਨ। ਇਨ੍ਹਾਂ ਨੂੰ ਸਿਖ ਸੇਵਕ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਿਉਕਤ ਕਰੇ ਤੇ ਫ੍ਰੀ ਵੰਡਣ ਲਈ ਧਰਮ ਪ੍ਰਚਾਰ ਦਾ ਲਿਟਰੇਚਰ ਉਪਲਬਧ ਕਰਾਏ। ਗੁਰੂ ਸਾਹਿਬਾਨ ਦੇ ਪੁਰਬਾਂ ਤੇ ਇਹ ਸਿਖ ਸੇਵਕ ਆਮ ਲੋਕਾਂ ਨੂੰ ਦਸ ਸਕਣ ਕਿ ਇਹ ਪੁਰਬ ਕਿਸ ਲਈ ਤੇ ਕਿਉਂ ਮਨਾਏ ਜਾ ਰਹੇ ਹਨ। ਗੁਰਦੁਅਰਿਆਂ ਦੇ ਪ੍ਰਬੰਧਕ ਗੁਰੂ ਘਰ ਅੰਦਰ ਤੇ ਸਿਖ ਸੇਵਕ ਗੁਰੂ ਘਰ ਤੋਂ ਬਾਹਰ ਸਮਾਜ ਅੰਦਰ ਆਪਣੀ ਭੂਮਿਕਾ ਨਿਭਾਉਣ।
ਸਿਖ ਕੌਮ ਦੀ ਤਰੱਕੀ ਲਈ ਪ੍ਰਚਾਰ ਦੇ ਢੰਗ ਤੇ ਦਾਇਰੇ ਨੂੰ ਬਦਲਣ ਦੀ ਲੋੜ ਨਹੀਂ। ਜੋ ਮਾਰਗ ਗੁਰੂ ਸਾਹਿਬਾਨ ਨੇ ਦਸਿਆ, ਉਲੀਕਿਆ ਬਸ ਉਸ ਤੇ ਹੀ ਚਲਣ ਦੀ ਲੋੜ ਹੈ।
ਗੁਰੂ ਸਾਹਿਬ ਨੇ ਸਚ ਦਾ ਸੁਨੇਹਾ ਸੰਸਾਰ ਦੇ ਕੋਨੇ ਕੋਨੇ ਤਕ ਪੁਜਾਇਆ , ਅਜ ਇਹੋ ਉਪਰਾਲਾ ਹੋਵੇ। ਗੁਰੂ ਸਾਹਿਬਾਨ ਨੇ ਆਪਣੇ ਆਚਾਰ ਨਾਲ ਗੁਰਸਿਖੀ ਨੂੰ ਸਿਧ ਕੀਤਾ , ਵਰਤਮਾਨ ਦੀ ਮੰਗ ਵੀ ਇਹੋ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਅੰਦਰ ਆਪਣੇ ਰੂਪ ਨੂੰ ਸਮੋਇਆ ਸੀ। ਹਰ ਗੁਰਸਿਖ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਣਾਂ ਦਾ ਅੰਸ਼ ਵੀ ਪ੍ਰਕਟ ਹੋਣ ਲਗੇ ਤਾਂ ਗੁਰਸਿਖੀ ਦੀ ਸੰਭਾਲ ਹੁੰਦੀ ਹੈ।

WRITTEN BY