ਪੰਜਾਬ ਅਤੇ ਨਾਲ ਲਗਦੇ ਰਾਜਾਂ ਵਿੱਚ ਝੋਨੇ ਦੀ ਰਹਿੰਦ-ਖੁੰਹਦ ਪਰਾਲੀ ਦੀ ਸਾਂਭ ਸੰਭਾਲ ਦਾ ਮੁੱਦਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ। ਕਿਸਾਨ ਅਗਲੀ ਫਸਲ ਦੀ ਤਿਆਰੀ ਦੇ ਚੱਕਰ ਵਿੱਚ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿੰਦੇ ਹਨ। ਇਸ ਨਾਲ ਇਸ ਖੇਤਰ ਵਿੱਚ ਪ੍ਰਦੂਸ਼ਣ ਦਾ ਵੱਡਾ ਮਸਲਾ ਖੜ੍ਹਾ ਹੋ ਗਿਆ ਹੈ। ਕਿਸਾਨ ਵੱਡੇ ਖਰਚੇ ਤੋਂ ਬਚਣ ਲਈ ਪਰਾਲੀ ਸਾੜਨ ਨੂੰ ਤਰਜੀਹ ਦਿੰਦੇ ਹਨ। ਦੂਸਰੇ ਪਾਸੇ ਸਰਕਾਰ ਨੇ ਕਾਨੂੰਨੀ ਤੌਰ ’ਤੇ ਪਰਾਲੀ ਸਾੜਨ ’ਤੇ ਰੋਕ ਲਗਾਈ ਹੋਈ ਹੈ। ਪਰਾਲੀ ਸਾੜਨ ਦੀ ਸੂਰਤ ਵਿੱਚ ਕਿਸਾਨਾਂ ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਹ ਗੱਲ ਵਖਰੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਦਬਾਅ ਹੇਠ ਕਈ ਮੌਕਿਆਂ ’ਤੇ ਕਿਸਾਨਾਂ ਖਿਲਾਫ ਅਜਿਹੀ ਕਾਰਵਾਈ ਨਹੀਂ ਕੀਤੀ ਜਾਂਦੀ। ਸਰਕਾਰ ਦੀ ਬੇਬਸੀ ਇਸ ਸਬੰਧ ਵਿੱਚ ਸਾਫ ਸਾਹਮਣੇ ਆ ਰਹੀ ਹੈ। ਕਿਸਾਨ ਜਥੇਬੰਦੀਆਂ ਦਾ ਤਰਕ ਇਹ ਹੈ ਕਿ ਕਿਸਾਨਾਂ ਕੋਲ ਪਰਾਲੀ ਨੂੰ ਕਿਸੇ ਹੋਰ ਢੰਗ ਨਾਲ ਟਿਕਾਣੇ ਲਾਉਣ ਲਈ ਸਾਧਨ ਨਹੀਂ ਹਨ। ਦੂਸਰਾ ਉਨ੍ਹਾਂ ਦਾ ਤਰਕ ਹੈ ਕਿ ਪ੍ਰਦੂਸ਼ਣ ਦੇ ਮਾਮਲੇ ਵਿੱਚ ਸਿਰਫ ਕਿਸਾਨਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂ ਕਿ ਕਾਰਖਾਨੇਦਾਰ ਅਤੇ ਹੋਰ ਕਾਰੋਬਾਰੀ ਵੀ ਵਾਤਾਵਰਣ ਨੂੰ ਵਿਗਾੜ ਰਹੇ ਹਨ ਪ੍ਰੰਤੂ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਵਾਤਾਵਰਣ ਦੀ ਮਲੀਨਤਾ ਕਾਰਨ ਹੁਣ ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਸਰਕਾਰ ਨੂੰ ਸਕੂਲ ਤੱਕ ਬੰਦ ਕਰਨੇ ਪਏ ਹਨ। ਸੜਕਾਂ ’ਤੇ ਹਰ ਰੋਜ਼ ਵੱਡੇ-ਵੱਡੇ ਹਾਦਸੇ ਹੋ ਰਹੇ ਹਨ। ਕਹਿਣ ਦਾ ਭਾਵ ਇਹ ਹੈ ਕਿ ਵਾਤਾਵਰਣ ਨੂੰ ਗੰਧਲਾ ਕਰਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਮਸਲਾ ਇਹ ਨਹੀਂ ਹੈ ਕਿ ਵਾਤਾਵਰਣ ਨੂੰ ਕੌਣ ਵਧੇਰੇ ਗੰਧਲਾ ਕਰ ਰਿਹਾ ਹੈ। ਮਸਲਾ ਇਹ ਹੈ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਸਰਕਾਰ ਨੂੰ ਸਿਰਫ ਕਿਸਾਨਾਂ ਵੱਲ ਹੀ ਬੰਦੂਕਾਂ ਨਹੀਂ ਸੇਧਣੀਆਂ ਚਾਹੀਦੀਆਂ। ਇਸ ਮਸਲੇ ਦਾ ਰਲ ਮਿਲ ਕੇ ਹੱਲ ਲੱਭਿਆ ਜਾਣਾ ਚਾਹੀਦਾ ਹੈ। ਉਨ੍ਹਾਂ ਉਦਯੋਗਾਂ ਵਿਰੁੱਧ ਵੀ ਕਰੜੀ ਕਾਰਵਾਈ ਹੋਣੀ ਉ¤ਤਰੀ ਸੂਬਿਆਂ ਨੂੰ ਪ੍ਰਦੂਸ਼ਣ ਦੀ ਇਸ ਸਮੱਸਿਆ ਖਿਲਾਫ ਰਲਮਿਲ ਕੇ ਨਜਿੱਠਣਾ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਸੁਝਾਅ ਬਹੁਤ ਹੀ ਅਹਿਮ ਹੈ ਕਿ ਇਸ ਸਥਿਤੀ ਵਿੱਚ ਕੇਂਦਰ ਸਰਕਾਰ ਦਖਲ ਦੇਵੇ। ਕੇਂਦਰ ਸਰਕਾਰ ਪਰਾਲੀ ਦੀ ਸੰਭਾਲ ਸਬੰਧੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਪ੍ਰਬੰਧ ਕਰੇ। ਸੂਬਿਆਂ ਕੋਲ ਇਸ ਸਬੰਧੀ ਫੰਡਾਂ ਅਤੇ ਸਾਧਨਾਂ ਦੀ ਕਮੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਅਹਿਮ ਸਮੱਸਿਆ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ



