ਇਕ ਪੇਂਡੂ ਜ਼ਿੰਦਗੀ ਦੇ ਕਾਰ ਵਿਹਾਰ ਬਾਰੇ ਕਿਸੇ ਸਜਣ ਨੇ ਮੈਨੂੰ ਗਲ ਸੁਣਾਈ ਅਤੇ ਮੈਂ ਉਸ ਸਜਣ ਵਲੋਂ ਜਿਸ ਤਰੀਕੇ ਪੇਸ਼ਕਾਰੀ ਕੀਤੀ ਤਾਂ ਮੇਰੀਆਂ ਸੋਚਾਂ ਵਿਚ ਆਪ ਮੁਹਾਰੇ ਹੀ ਇਕ ਚਲਦੀ ਫਿਰਦੀ ਤਸਵੀਰ ਬਣ ਗਈ !
ਪਿੰਡਾਂ ਵਿਚ ਰੂੜੀ ਇਕਠੀ ਹੋ ਜਾਣ ਤੇ ਭਰ ਗਰਮੀ ਵਿਚ ਰੂੜੀ ਨੂੰ ਗਡਿਆਂ ਤੇ ਲਦ ਕੇ ਖੇਤਾਂ ਵਿਚ ਲਿਜਾ ਜੇ ਖਿਲਾਰਨ ਦਾ ਕੰਮ ਆਮ ਹੀ ਦੇਖਣ ਨੂੰ ਮਿਲਦਾ ਹੈ ! ਪਰ ਇਸ ਹਿਲ ਜੁਲ ਦੌਰਾਨ ਕੁਝ ਅਜੀਬ ਵਾਪਰਦਾ ਹੈ ਜੋ ਕਿ ਬਹੁਤ ਹੀ ਘਟ ਲੋਕਾਂ ਨੀ ਨਜ਼ਰੀਂ ਪੈਂਦਾ ਹੈ ! ਜਿਉਂ ਹੀ ਰੂੜੀ ਗਡੇ ਤੇ ਲਦਣੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਰੂੜੀ ਵਾਲੇ ਕੁਤੇ ਗਡੇ ਹੇਠਾਂ ਆ ਬੈਠੇ ਹਨ ਧੁਪ ਜ਼ਿਆਦਾ ਹੋਣ ਕਾਰਨ ਗਡੇ ਹੇਠ ਛਾਂ ਹੁੰਦੀ ਹੈ ਤੇ ਰੂੜੀ ਵਿਚਲੇ ਗੋਹੇ ਗੰਦ ਦਾ ਪਾਣੀ ਫਟਿਆਂ ਵਿਚੋਂ ਚੋਂਦਾ ਕੁਤਿਆਂ ਨੂੰ ਹੋਰ ਵੀ ਠੰਡਕ ਪਾਉਂਦਾ ਹੈ । ਗਡਾ ਭਰ ਜਾਣ ਦੀ ਸੂਰਤ ਵਿਚ ਜਿਵੇਂ ਹੀ ਤੁਰਨਾ ਸ਼ੁਰੂ ਹੁੰਦਾ ਹੈ ਤਾਂ ਕੁਤੇ ਵੀ ਥਲਿਉਂ ਨਾਲ ਨਾਲ ਤੁਰਨਾ ਸ਼ੁਰੂ ਕਰ ਦਿੰਦੇ ਹਨ । ਹੁਣ ਧੁਪ ਗਰਮੀ ਦੀ ਮਾਰ ਨਾਲ ਕੁਤਿਆਂ ਦਾ ਸਰੀਰ ਸਿਰਫ਼ ਜ਼ੁਬਾਨ ਬਾਹਰ ਕਢੀ ਹੋਣ ਨਾਲ ਹੀ ਵਜ਼ਨਦਾਰ ਹੋ ਜਾਂਦਾ ਹੈ ਤੇ ਜਿਵੇਂ ਜਿਵੇਂ ਗਡਾ ਹੋਲੀ ਹੋਲੀ ਤੁਰਦਾ ਹੈ ਤਾਂ ਕੁਤੇ ਵੀ ਪੂਰਾ ਜ਼ੋਰ ਲਾ ਲਾ ਕੇ ਕਦਮ ਚੁਕਦੇ ਹਨ ! ਉਸ ਵੇਲੇ ਕੁਤਿਆਂ ਨੂੰ ਲਗਦਾ ਹੈ ਕਿ ਗਡਾ ਉਹਨਾਂ ਨੇ ਸਿਰ ਤੇ ਚੁਕਿਆਂ ਹੋਇਆਂ ਹੈ ਤੇ ਉਹ ਬੇ ਤਹਾਸ਼ਾ ਭਾਰ ਚੁਕੀ ਲਈ ਜਾ ਰਹੇ ਹਨ ਬਿਲਕੁਲ ਇਹੀ ਹਾਲਤ ਅਜ ਬਾਬਾ ਨਾਨਕ ਜੀ ਸਾਡੀ ਹੋ ਚੁਕੀ ਹੈ ! ਤੁਸੀਂ ਸਾਨੂੰ ਮੂਰਤੀਆਂ ਕਰਮ ਕਾਂਡਾਂ ਭਰੀ ਰੂੜੀ ਵਾਲੇ ਗਡੇ ਹੇਠੋਂ ਬਾਹਰ ਕਢਿਆਂ ਸੀ ਤੇ ਅਸੀਂ ਉਹੀ ਗੰਦ ਦਾ ਭਰਿਆ ਗਡਾ ਫੇਰ ਉਤੇ ਛਾਂ ਦੀ ਤਰਾਂ ਕਰ ਲਿਆ ਅਸੀਂ ਜਾਤਾਂ ਪਾਤਾਂ ਦੇ ਮੁਸ਼ਕ ਮਾਰਦੇ ਸਿਸਟਮ ਹੇਠਾਂ ਆਪਣੀਆਂ ਲਲਚਾਈਆਂ ਜੁਬਾਨਾ ਬਾਹਰ ਕਢੀ ਇਸੇ ਭੁਲੇਖੇ ਤੁਰੇ ਫਿਰ ਰਹੇ ਹਾਂ ਕਿ ਜਿਵੇਂ ਇਹ ਸਾਡਾ ਸੁਖਾਂ ਭਰਿਆ ਜੀਵਨ ਸਿਰਫ਼ ਸਾਡੀ ਵਜਾਹ ਨਾਲ ਹੀ ਚਲ ਰਿਹਾ ਹੈ ! ਅਸੀਂ ਸਿਖ ਬਾਣੇ ਵਿਚ ਕੋਡੇ ਰਾਖ਼ਸ਼ ਤੋਂ ਵੀ ਕਈ ਗੁਣਾ ਅਗੇ ਲੰਘ ਗਏ ! ਆਪਣੇ ਆਪਣੇ ਗਡਿਆ ਥਲੇ ਬਾਬਰਾਂ ਦੇ ਤੁਲ ਆਪ ਬੇਰਹਿਮ ਤੇ ਤੇਰੇ ਦਰ ਤੋਂ ਰਹਿਮ ਦੀ ਭੀਖ਼ ਰੋਜ਼ ਮੰਗਦੇ ਹਾਂ ! ਸਿਖ ਮੰਗਤਾ ਨਹੀਂ ਦਾ ਢਕਵੰਜ ਰੋਜ਼ ਤੇ ਪਦਾਰਥਾਂ ਦੀ ਮੰਗ ਲਈ ਮੰਗਤਿਆਂ ਤੋਂ ਥਲੇ ਕਿਰਦਾਰ ਵਿਚ ਅੰਦਰੋਂ ਅੰਦਰੀਂ ਤੇਰੇ ਨਾਲ ਸੋਦੇਬਾਜ਼ੀ ਕਰਦੇ ਹਾਂ ਕੀ ਕੀ ਬਿਆਨ ਕਰਾਂ ਮੇਰੇ ਨਾਨਕ ਜੀਉ ਸ਼ਰਮ ਆ ਰਹੀ ਹੈ ਆਪਣੀਆਂ ਕੋਮੀ ਤੇ ਜ਼ਾਤੀ ਕਮਜ਼ੋਰੀਆਂ ਬਿਆਨ ਕਰਦਿਆਂ ! ਤੁਸੀਂ ਝੰਜੋੜਾ ਦਿਤਾ ਸੀ ਕਿ ਕਰਾਮਾਤਾਂ ਨੂੰ ਨਾਂ ਉਡੀਕੋ ! ਅਸੀਂ ਅਜ ਥਾਂ ਥਾਂ ਸਜਣ ਠਗ ਕਰਾਮਾਤਾਂ ਦੇ ਨਾਂ ਹੇਠ ਸਾਨੂੰ ਮੁੰਨਣ ਲਈ ਪਾਲ ਲਏ। ਗੁਰਪੁਰਬ ਮਨਾਉਣ ਦੇ ਚਾਅ ਵਿਚ ਗਾ ਰਹੇ ਹਾਂ “ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ” ਪਰ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਵਿਚ ਅਸੀਂ ਧੁੰਦ ਪਾਉਣ ਵਿਚ ਕੋਈ ਕਸਰ ਨਹੀਂ ਛਡੀ ! ਤੁਸੀਂ ਨਿਮਰਤਾ ਦੇ ਪੁੰਜ ਸਿਖਾ ਕੇ ਗਏ ਕਿ “ ਨਾਨਕ ਨੀਵਾਂ ਜੋ ਚਲੇ ਲਗੇ ਨਾਂ ਤਤੀ ਵਾਉ “ ਪਰ ਅਸੀਂ ਕਿਥੋਂ ਮੰਨੇ ਅਸੀਂ ਇਸ ਰੂੜੀ ਭਰੇ ਗਡੇ ਦੀ ਛਾਂ ਹੇਠ ਇਕ ਦੂਜੇ ਦੀ ਪਗ ਨੂੰ ਲੀਰਾਂ ਲੀਰਾਂ ਕਰ ਦਿਤਾ ‘ ਮੈਂ ਵਡਾ ਲੀਡਰ ਮੈਂ ਵਡਾ ਪ੍ਰਧਾਨ ‘ ਦੇ ਫ਼ਲਸਫ਼ੇ ਤੇ ਚਲਦਿਆਂ ਅਸੀਂ ਸੇਵਾਦਾਰ ਦਾ ਮੁਲਾਂਕਣ ਹੀ ਭੁਲ ਗਏ ! ਹਦੋਂ ਵਧ ਇਹ ਹੋਈ “ਹਿੰਦੁ ਵਡਾ ਜਾ ਮੁਸਲਮਾਨੋਈ ! ਅਮਲਾ ਬਾਝੋਂ ਦੋਨੋ ਰੋਈ ਦਾ ਗਿਆਨ ਤੁਸੀਂ ਸਾਡੀ ਝੋਲੀ ਪਾਇਆ ਤੇ ਅਸੀਂ ਭੋਲੀਆਂ ਰੂਹਾਂ ਅਗੇ ਆਪ ਪੂਰਨ ਗਿਆਨੀ ਮਹਾਂ ਅਵਤਾਰ ਅਤੇ ਹੋਰ ਤਾਂ ਹੋਰ ਆਪਣੇ ਆਪ ਨਾਨਕ ਗੁਰੂ ਅਖਵਾਣ ਦਾ ਪੂਰਾ ਜ਼ੋਰ ਲਾਇਆ ! ਤੁਸੀਂ ਸਾਨੂੰ ਮਿਹਨਤ ਦਾ ਪਾਠ ਪੜਾਇਆ ਤੇ ਇਕ ਰਬ ਦੇ ਲੜ ਲਾਇਆ ਤੇ ਅਸੀਂ ਗੂੰਹ ਦੇ ਗਡੇ ਦੇ ਮਾਲਕ ਬਣਿਆਂ ਨੇ ਜਾਤਾਂ ਪਾਤਾਂ ਤੇ ਕਰਾਮਾਤਾਂ ਦੇ ਨਾਂ ਤੇ ਅਣਗਿਣਤ ਡੇਰੇ ਤੇ ਗੁਰਦੁਆਰੇ ਬਣਾ ਦਿਤੇ ! ਤੁਸੀ ਬੇ ਆਸਰਿਆਂ ਨੂੰ ਆਸਰੇ ਦਾ ਪਾਠ ਪੜਾਇਆ ਤੇ ਅਸੀਂ ਜ਼ਮੀਨਾਂ ਤੇ ਕਬਜ਼ੇ ਕਰਕੇ ਲੋਕਾਈ ਨੂੰ ਬੇਆਸਰੇ ਕੀਤਾ ਤੇ ਫੇਰ ਉਂਸੇ ਲਈ ਲੰਗਰ ਲਾ ਕੇ ਤੇਰੇ ਸਚੇ ਸੌਦੇ ਦਾ ਖ਼ੂਬ ਪ੍ਰਚਾਰ ਕੀਤਾ !
ਅਸੀਂ ਸਰਬਤ ਦੇ ਭਲੇ ਦੀ ਅਰਦਾਸ ਰੋਜ਼ ਕਰਦੇ ਹਾਂ ਪਰ ਆਪ ਅਸੀਂ ਸਿਰਫ਼ ਆਪਣੇ ਭਲੇ ਅਤੇ ਗੂੰਹ ਦੇ ਗਡੇ ਦੇ ਤਕ ਸੀਮਤ ਹਾਂ ।
ਬਲ ਬਖ਼ਸ਼ਣਾ ਕਿ ਆਪ ਜੀ ਨੂੰ ਯਾਦ ਕਰਦਿਆਂ ਇਸ ਗੰਦ ਦੇ ਗਡੇ ਹੇਠੋਂ ਸਿਰ ਬਾਹਰ ਕਢ ਸਕੀਏ !
(ਆਪ ਜੀ ਦੀ ਲੋਕਾਈ ਦਾ ਕੂਕਰ)
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਿਆਂ



