ਜ਼ਿਲ੍ਹਾ ਮਾਨਸਾ ਦੇ ਕਸਬਾ ਸਰਦੂਲਗੜ੍ਹ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਝੰਡਾ ਕਲਾਂ ਸਾਹਿਬ ਵਿਖੇ ਇਤਿਹਾਸਕ ਗੁਰੂਦੁਆਰਾ ਬਣਿਆ ਹੋਇਆ ਹੈ ਜਿਸ ਸਥਾਨ ਉਪਰ ਇਹ ਗੁਰੂਦੁਆਰਾ ਬਣਿਆ ਹੋਇਆ ਉਥੇ ਸਿੱਖਾ ਦੇ ਦਸਵੇਂ ਗੁਰੁ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਪਧਾਰੇ ਸਨ ਇਹ ਗੁਰੂਦੁਆਰਾ ਦੀ ਦੇਖਰੇਖ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਵੱਲੋ ਕੀਤੀ ਜਾਦੀ ਹੈ ਇਹ ਗੁਰੂਦੁਆਰਾ ਗੁ: ਪਾਤਸ਼ਾਹੀ ਦਸਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਤਿਹਾਸ: ਜਦ ਗੁਰੁ ਗੋਬਿੰਦ ਸਿੰਘ ਜੀ ਜੰਗਾ ਯੁੱਧਾ ਤੋ ਵਿਹਲੇ ਹੋਕੇ ਸ੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਵਿਖੇ ਆਏ ਸਨ ਤਾਂ ਉਸ ਸਮੇਂ ਇਸ ਪਿੰਡ ਵਿੱਚ ਵਿਰਾਜਮਾਨ ਵਲੈਤ ਸ਼ਾਹ ਫਕੀਰ ਹਰ ਰੋਜ਼ ਨਿਤਨੇਮ ਕਰਨ ਤੋ ਬਾਅਦ ਦਮਦਮਾ ਅਤੇ ਝੰਡਾ ਕਲਾਂ ਦੇ ਰਾਸਤੇ ਹਮੇਸ਼ਾ ਹੀ ਪਾਣੀ ਦਾ ਛਿੜਕਾ ਕਰਦਾ ਰਹਿੰਦਾ ਸੀ ਜਦ ਇਸ ਸੰਬੰਧ ਵਿੱਚ ਉਸ ਨੂੰ ਲੋਕ ਪੁੱਛਦੇ ਕਿ ਤੂੰ ਇਥੇ ਹੀ ਛਿੜਕਾ ਕਿਉ ਕਰਦਾ ਹਾਂ ਹੋਰ ਕਿਤੇ ਕਿਉ ਨਹੀ ਛਿੜਕਦਾ ਤਾਂ ਉਹ ਕਹਿੰਦਾ ਰਹਿੰਦਾ ਕਿ ਇਸ ਰਾਸਤੇ ਮੇਰਾ ਰੰਗਲਾ ਮਾਹੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਆ ਰਿਹਾ ਹੈ। ਇਸ ਸਾਂਈ ਜੀ ਦੀ ਪ੍ਰੇਮ ਦੀ ਬਿਹਬਲਤਾ ਨੂੰ ਵੇਖ ਕਿ ਅੰਤਰਜਾਮੀ ਸਤਿਗੁਰੂ ਦਮਦਮਾ ਸਾਹਿਬ ਚੱਲਕੇ ਪਿੰਡ ਝੰਡਾ ਕਲਾਂ ਵਿਖੇ ਬਿਰਾਜੇ ਅਤੇ ਉਸ ਨੂੰ ਦਰਸ਼ਨ ਦੇਕੇ ਨਿਹਾਲ ਕੀਤਾ।ਇਥੇ ਮੌਜੂਦ ਖੂਹ ਦਾ ਪਾਣੀ ਮਿੱਠਾ ਕੀਤਾ। ਉਸ ਤੋ ਬਾਅਦ ਇੱਥੇ ਇਤਿਹਾਸਕ ਗੁਰੂਦੁਆਰਾ ਸਥਾਪਿਤ ਕੀਤਾ ਗਿਆ ਇਸ ਤੋ ਇਲਾਵਾ ਇੱਥੇ ਉਸ ਪੀਰ ਵਲੈਤ ਸ਼ਾਹ ਦੀ ਸਮਾਧੀ ਵੀ ਬਣੀ ਹੋਈ ਹੈ ਜਿਸ ਦੇ ਸੈਂਕੜੇ ਲੋਕ ਹਰੇਕ ਵਰਿਵਾਰ ਨੂੰ ਇਸ ਸਮਾਧੀ ਸਥਲ ਤੇ ਪਹੁੰਚ ਕੇ ਆਪਣਾ ਸ਼ੀਸ ਝੁਕਾ ਕੇ ਖੂਹ ਦਾ ਮਿੱਠਾ ਪਾਣੀ ਪੀਕੇ ਆਪਣੀ ਮਨੋਕਾਮਨਾਂ ਨੂੰ ਪੂਰਨ ਕਰਦੇ ਹਨ।
ਕਿ ਕਹਿਣਾ ਹੈ ਮੁੱਖ ਸੇਵਾਦਾਰ ਦਾ: ਜਦ ਇਸ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਦੇ ਮੁੱਖ ਸੇਵਾਦਾਰ ਜਥੇ. ਮੇਜਰ ਸਿੰਘ ਨੰਬਰਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਇਸ ਜਗ੍ਹਾ ਤੇ ਸੰਨ 1707 ਦੇ ਦਸਵੇ ਮਹੀਨੇ ਵਿਚ ਸਿੱਖਾ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਿਰਾਜੇ ਸਨ ਉਸ ਸਮੇਂ ਇਥੇ ਇੱਕ ਛੋਟਾ ਜਿਹਾ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ ਉਨਾਂ ਨੇ ਦੱਸਿਆ ਕਿ ਗੁਰੁ ਸਹਿਬਾਨ ਦਮਦਮਾ ਸਾਹਿਬ (ਤਲਵੰਡੀ) ਤੋਂ ਝੰਡਾ ਕਲਾਂ ਹੋਕੇ ਨਾਂਦੇੜ ਸਾਹਿਬ ਪਹੁੰਚੇ ਸਨ । ਉਨਾਂ ਨੇ ਦੱਸਿਆ ਕਿ 7 ਨਵੰਬਰ 1975 ਨੂੰ ਇਥੇ ਇੱਕ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਜਿਸ ਦਾ ਨੀਹ ਪੱਥਰ 96 ਕਰੋੜੀ ਪੰਥ ਦੇ ਜਰਨੈਲ ਜਥੇਦਾਰ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਨੇ ਰੱਖਿਆ ਅਤੇ ਇਸ ਗੁਰਦੁਆਰੇ ਦੀ ਸੇਵਾ ਆਰੰਭ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਉਸ ਦਿਨ ਤੋ ਹਰ ਸਾਲ ਬੁੱਢਾ ਦਲ ਅਤੇ ਪਿੰਡ ਝੰਡਾ ਕਲਾਂ ਦੇ ਸਮੂਹ ਨਗਰ ਪੰਚਾਇਤ ਅਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ 21,22,23 ਕਤੱਕ ਨੂੰ ਭਾਰੀ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ। ਉਨਾਂ ਨੇ ਕਿਹਾ ਕਿ ਇਥੇ 12 ਮਹੀਨੇ 30 ਦਿਨ 24 ਘੰਟੇ ਗੁਰੁ ਜੀ ਦਾ ਲੰਗਰ ਅਟੁੱਟ ਵਰਤਾਇਆ ਜਾਂਦਾ ਹੈ ਇਸ ਤੋਂ ਇਲਾਵਾ ਇਥੇ ਮੱਸਿਆ ਅਤੇ ਹਰ ਐਤਵਾਰ ਨੂੰ ਇਸ਼ਨਾਨ ਕਰਨ ਨਾਲ ਸਾਰੇ ਸਰੀਰਕ ਰੋਗ ਦੂਰ ਹੁੰਦੇ ਹਨ।
ਗੁਰੂਦੁਆਰਾ ਸ੍ਰੀ ਸਰੋਵਰ ਸਾਹਿਬ ਸਰਦੂਲਗੜ੍ਹ ਦਾ ਇਤਿਹਾਸ
ਸ੍ਰੀ ਗੁੂਰਦੁਆਰਾ ਸਰੋਵਰ ਸਾਹਿਬ ਪਾਤਸ਼ਾਹੀ ਦਸਵੀ ਸਰਦੂਲਗੜ੍ਹ ਸ਼ਹਿਰ ਵਿੱਚ ਬਣਿਆ ਹੋਇਆ ਹੈ ਇਸ ਗੁਰਦੁਆਰੇ ਨੂੰ ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਛੋਹ ਪ੍ਰਾਪਤ ਹੈ ਕਿਉ ਕਿ ਇਥੇ ਆ ਕੇ ਗੁਰੁ ਜੀ ਨੇ ਅਰਾਮ ਫਰਮਾਇਆ ਸੀ ਅਤੇ ਆਪਣਾ ਘੋੜਾ ਦਰੱਖਤ (ਵਣ) ਨਾਲ ਬੰਨਿਆਂ ਸੀ ਜਿਸ ਕਾਰਨ ਇਸ ਗੁਰੂਦੁਆਰਾ ਦਾ ਨਾਮ ਸ੍ਰੀ ਮਾਲ ਸਾਹਿਬ ਰੱਖਿਆ ਗਿਆ ਹੈ ਅਤੇ ਇੱਥੇ ਇੱਕ ਸਰੋਵਰ ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਗੁਰੂਦੁਆਰਾ ਦੀ ਸਾਂਭ ਸੰਭਾਲ 11 ਮੈਂਬਰੀ ਪ੍ਰਬੰਧਕ ਕਮੇਟੀ ਕਰਦੀ ਹੈ। ਜਦੋ ਦਸਮੇਸ਼ ਪਿਤਾ ਦਮਦਮਾ ਸਾਹਿਬ ਤੋ ਚੱਲ ਕੇ ਪਿੰਡ ਝੰਡਾ ਕਲਾਂ ਦੇ ਰਹਿਣ ਵਾਲੇ ਪੀਰ ਵਲਾਇਤ ਸ਼ਾਹ ਜੀ ਨੂੰ ਦਰਸ਼ਨ ਦੇਣ ਜਾ ਰਹੇ ਸਨ ਤਾਂ ਸਤਿਗੁਰ ਜੀ ਪਿੰਡ (ਢੰਡਾਲ) ਹੁਣ ਸਰਦੂਲਗੜ੍ਹ ਉਸ ਸਥਾਨ ਤੇ ਰੁਕੇ ਜਿਥੇ ਹੁਣ ਮਾਲ ਸਾਹਿਬ ਗੁਰੂਦੁਆਰਾ ਸੁਸ਼ੋਭਿਤ ਹੈ।ਇਥੇ ਗੁਰੂ ਜੀ ਨੇ (ਵਣ) ਨਾਲ ਘੋੜਾ ਬੰਨਿਆ ਅਤੇ ਕੁਝ ਸਮੇ ਲਈ ਅਰਾਮ ਕੀਤਾ ਇਸ ਗੁਰਦੁਆਰਾ ਸਰੋਵਰ ਸਾਹਿਬ ਵਾਲੀ ਜਗਾ ਇੱਕ ਛੋਟੀ ਜੀ ਛੱਪੜੀ ਸੀ ਉਸ ਛੱਪੜੀ ਤੇ ਗੁਰੁ ਜੀ ਨੇ ਘੋੜੇ ਨੂੰ ਪਾਣੀ ਪਿਲਾਇਆ ਅਤੇ ਸਤਿਗੁਰਾਂ ਨੇ ਆਪਣੇ ਮੁਖਾਰਬਿੰਦ ਤੋ ਇਸ ਨਗਰ ਦੇ ਲੋਕਾਂ ਨੂੰ ਇਹ ਵਰ ਦਿੱਤਾ ਕਿ ਜੋ ਪ੍ਰਾਣੀ ਇਸ ਛੱਪੜੀ ਵਿੱਚ ਇਸ਼ਨਾਨ ਕਰੇਗਾ ਉਸ ਪ੍ਰਾਣੀ ਦੇ ਸਰੀਰਕ ਰੋਗ ਦੂਰ ਹੋਣਗੇ। ਹੁਣ ਇਹ ਪਵਿੱਤਰ ਸਰੋਵਰ ਉਸ ਛੱਪੜੀ ਵਾਲੀ ਜਗ੍ਹਾ ਤੇ ਸੰਤ ਨਰਾਇਣ ਸਿੰਘ ਜੀ ਮੋਨੀ (ਤਪਾ ਦਰਾਜ ਵਾਲਿਆ) ਦੇ ਉਦਮ ਸਦਕਾ ਬਣਾਇਆ ਗਿਆ। ਜਿਥੇ ਅਨੇਕਾਂ ਹੀ ਪ੍ਰਾਣੀ ਦੂਰ-ਦੂਰ ਤੋ ਆਕੇ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਜਿਸ ਨਾਲ ਰੋਗਾਂ ਦੀ ਨਵਿਰਤੀ ਹੁੰਦੀ ਹੈ ਅਤੇ ਮਨ ਦੀਆ ਆਸਾਂ ਪੂਰੀਆ ਹੁੰਦੀਆ ਹਨ। ਇਹ ਅਸਥਾਨ ਗੁਰਦੁਆਰਾ ਸਰੋਵਰ ਸਾਹਿਬ ਜੀ ਦੇ ਨਾ ਨਾਲ ਜਾਣਿਆ ਜਾਂਦਾ ਹੈ। ਇਸ ਅਸਥਾਨ ਤੇ ਹਰ ਮਹੀਨੇ ਮੱਸਿਆ ਦਾ ਦਿਹਾੜਾ ਬੜੀ ਸ਼ਰਧਾਂ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ । ਬਲਦੇਵ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਦੋ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ 4 ਨਵੰਬਰ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਰੋਵਰ ਸਾਹਿਬ ਜੀ ਤੋ ਨਗਰ ਕੀਰਤਨ ਕੱਢਿਆ ਗਿਆ ਇਹ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚ ਦੀ ਹੋਕੇ ਗੁਰਦੁਆਰਾ ਮਾਲ ਸਾਹਿਬ ਵਿਖੇ ਸਮਾਪਤ ਹੋਇਆ। ਇਸ ਦੋਰਾਨ 5 ਨਵੰਬਰ ਦਿਨ ਐਤਵਾਰ ਨੂੰ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਗੁਰੁ ਕਾ ਲੰਗਰ ਅਟੁੱਟ ਵਰਤੇਗਾ।
– ਵਿਪਨ ਗੋਇਲ ਸਰਦੂਲਗੜ੍ਹ
ਪੱਤਰਕਾਰ ਪੰਜਾਬ ਟਾਇਮਜ਼
ਸੰਪਰਕ : 98782-96000
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਛੋਹ ਪ੍ਰਾਪਤ ਸ੍ਰੀ ਝੰਡਾ ਸਾਹਿਬ ਦਾ ਗੁਰਦੁਆਰਾ



