ਮਨੁੱਖਤਾ ਨੇ ਲੱਖਾਂ ਸਾਲਾਂ ਤੋਂ ਨਸਲ ਦਰ ਨਸਲ ਵਿਕਾਸ ਕੀਤਾ ਹੈ। ਹਰ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ ਵਿਕਾਸ ਦਾ ਅਗਲਾ ਪੰਧ ਤਹਿ ਕਰਦੀ ਰਹੀ ਹੈ। ਪਹਿਲੀ ਪੀੜ੍ਹੀ ਨੇ ਆਪਣੀ ਸੁਹਿਰਦਤਾ ਨਾਲ ਆਪਣੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਰਾਸਤ ਆਪਣੀ ਸੰਤਾਨ ਨੂੰ ਦਿੱਤੀ ਹੈ। ਮਾਪੇ ਸੰਤਾਨ ਦਾ ਹਮੇਸ਼ਾਂ ਦਿਲੋਂ ਭਲਾ ਲੋੜਦੇ ਹਨ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਅਤੇ ਪਰਿਵਾਰ ਦੇ ਸਫਲ ਕਮਾਊ ਮੈਂਬਰ ਬਣਾਉਣਾ ਲੋਚਦੇ ਹਨ। ਨਵੀਂ ਪੀੜ੍ਹੀ ਦੀ ਸਿਖਲਾਈ ਵਿੱਚ ਜਿਥੇ ਸਮਾਜ ਆਪਣਾ ਵਿਵਸਥਾਮਈ ਕਰਤੱਵ ਨਿਭਾਉਂਦਾ ਹੈ, ਉਥੇ ਮਾਪੇ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਸੰਤਾਨ ਦਾ ਪੱਥ-ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਲਈ ਸਿਖਲਾਈ ਦਾ ਮਾਧਿਅਮ, ਅਧਾਰ ਅਤੇ ਵਿਧੀ ਚੁਣਦੇ ਹਨ।
ਮਾਪਿਆਂ ਅਤੇ ਸਮਾਜ ਦਾ ਫ਼ਰਜ਼ ਬਣਦਾ ਹੈ ਕਿ ਉਹ ਸੰਤਾਨ ਦੇ ਸਰਬਪੱਖੀ ਵਿਕਾਸ ਲਈ ਸਹੂਲਤਾਂ ਮੁਹੱਈਆ ਕਰਵਾਉਣ, ਤਾਂ ਜੋ ਉਹ ਆਪਣੇ ਅਗਾਮੀ ਜੀਵਨ ਵਿੱਚ, ਰੁਜ਼ਗਾਰ ਅਤੇ ਕਿੱਤੇ ਵਿੱਚ ਉਤਮ ਮੁਹਾਰਤ ਹਾਸਲ ਕਰ ਸਕਣ। ਸਵਾਲ ਮੁੱਢਲੀ ਸਿਖਲਾਈ ਦੇ ਮਾਧਿਅਮ ਦਾ ਹੈ। ਬੱਚਾ ਮਾਂ, ਆਪਣੇ ਬਚਪਨ ਦੇ ਸੰਗੀਆਂ ਸਾਥੀਆਂ ਅਤੇ ਆਲੇ-ਦੁਆਲੇ ਤੋਂ ਸਭ ਤੋਂ ਪਹਿਲਾਂ ਸਿਖਦਾ ਹੈ। ਉਸ ਦੇ ਗਿਆਨ ਗ੍ਰਹਿਣ ਕਰਨ ਦਾ ਉਤਮ ਵਸੀਲਾ ਉਸ ਦੀ ਮਾਂ ਬੋਲੀ ਹੀ ਹੋ ਸਕਦੀ ਹੈ। ਉਸ ਦੀ ਮੁੱਢਲੀ ਯੋਗਤਾ ਅਤੇ ਉਸ ਦੇ ਜੀਵਨ ਪੈਂਤੜੇ ਦਾ ਅਧਾਰ ਬਣਦੀ ਹੈ। ਉਸ ਨੂੰ ਸੋਚਣ ਅਤੇ ਸਮਝਣ ਦੀ ਜਾਚ ਸਿਖਾਉਣ ਅਤੇ ਉਸ ਨੂੰ ਪ੍ਰਪੱਕ ਕਰਨ ਵਿੱਚ ਸਹਾਇਤਾ ਦਿੰਦੀ ਹੈ। ਮੁੱਢਲੀ ਸਟੇਜ ਉਤੇ ਭਾਸ਼ਾਈ ਸੁਭਾਵਕਤਾ ਅਤੇ ਇਕਾਗਰਤਾ ਉਸ ਦੀਆਂ ਮੌਲਿਕ ਸ਼ਕਤੀਆਂ ਨੂੰ ਪ੍ਰਪੱਕ ਕਰਨ ਵਿੱਚ ਸਹਾਇਕ ਹੁੰਦੀ ਹੈ।
ਪੱਛਮੀ ਦੇਸ਼ਾਂ ਦੇ ਆਧੁਨਿਕ ਸਿਖਿਆ ਸ਼ਾਸਤਰੀਆਂ ਨੇ ਇਹ ਗੱਲ ਸਿੱਧ ਕਰ ਲਈ ਹੈ ਕਿ ਹਰ ਇਕ ਬੱਚਾ ਆਪਣੀ ਪ੍ਰੰਪਰਾਗਤ ਮਾਂ ਬੋਲੀ ਵਿੱਚ ਹੀ ਸਹਿਜ ਸਫ਼ਲਤਾ ਅਤੇ ਤੇਜ਼ੀ ਨਾਲ ਸਿੱਖਿਆ ਗ੍ਰਹਿਣ ਕਰ ਸਕਦਾ ਹੈ। ਆਰੰਭਕ ਪੜਾਅ ਉਤੇ ਉਸ ਨੂੰ ਕਿਸੇ ਹੋਰ ਭਾਸ਼ਾ ਦੇ ਝੰਜਟ ਵਿੱਚ ਪਾਉਣਾ ਬੱਚੇ ਦੀਆਂ ਸਿਖਿਆ ਸ਼ਕਤੀਆਂ ਨਾਲ ਕੁਕਰਮ ਹੈ। ਪੱਛਮੀਂ ਮੁਲਕਾਂ ਨੇ ਵਿਦੇਸ਼ੀ ਭਾਸ਼ੀ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਦੇ ਵਿਦਿਅਕ ਕਾਨੂੰਨ ਲਾਗੂ ਕੀਤੇ ਹੋਏ ਹਨ।
ਸੰਸਾਰ ਦਾ ਹਰ ਇਕ ਉਨਤ, ਬੌਧਿਕ ਅਤੇ ਸਮਾਜਿਕ ਤੌਰ ’ਤੇ ਸੁਤੰਤਰ ਦੇਸ਼ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਰਾਹੀਂ ਸਿੱਖਿਆ ਦਿੰਦਾ ਹੈ। ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਰਾਹੀਂ ਸਿੱਖਿਆ ਦਿੱਤੀ ਜਾਣੀ ਸੁਭਾਵਿਕ ਹੈ। ਅੰਗਰੇਜ਼ ਲੱਗਭਗ ਡੇਢ ਸਦੀ ਸਾਰੀ ਦੁਨੀਆਂ ਉਤੇ ਰਾਜਸੀ ਸਭਿਆਚਾਰਕ, ਸਾਹਿਤਕ ਅਤੇ ਭਾਸ਼ਾਈ ਪੱਖ ਤੋਂ ਛਾਏ ਰਹੇ ਹਨ। ਅਸੀਂ ਭਾਰਤੀਆਂ ਨੇ ਅੰਗਰੇਜ਼ਾਂ ਤੋਂ ਬਹੁਤ ਕੁੱਝ ਸਿੱਖਿਆ ਅਤੇ ਬਹੁਤ ਕੁਝ ਗਵਾਇਆ ਹੈ। ਅਸੀਂ ਉਨ੍ਹਾਂ ਦੀ ਜੀਵਨ ਜਾਚ, ਲਿਬਾਸ, ਵਿਚਾਰਧਾਰਾ ਨੂੰ ਪਹਿਲਾਂ ਅੰਗਰੇਜ਼ ਹਾਕਮਾਂ ਨੂੰ ਖੁਸ਼ ਕਰਨ ਲਈ ਅਤੇ ਮਾਤਿਹਤੀ-ਪ੍ਰਬੰਧਕੀ ਨੌਕਰੀਆਂ ਪ੍ਰਾਪਤ ਕਰਨ ਲਈ ਅਪਣਾਇਆ ਅਤੇ ਦਫ਼ਤਰੀ ਅਫਸਰਸ਼ਾਹੀ ਦੀ ਪ੍ਰਾਪਤੀ ਲਈ ਅੰਗਰੇਜ਼ੀ ਇਕ ਜ਼ਰੂਰੀ ਵਸੀਲਾ ਬਣ ਗਈ।
ਅੰਗਰੇਜ਼ ਚਲੇ ਗਏ ਪਰ ਉਹ ਆਪਣਾ ਸੱਭਿਆਚਾਰਕ ਅਤੇ ਭਾਸ਼ਾਈ ਇੰਦਰਜਾਲ ਪਿੱਛੇ ਭਾਰਤ ਵਿੱਚ ਛੱਡ ਗਏ, ਜਦਕਿ ਹਿੰਦੀ ਨੂੰ ਅਸੀਂ ਆਪਣੀ ਰਾਸ਼ਟਰ ਭਾਸ਼ਾ ਅਤੇ ਇਲਾਕਾਈ ਭਾਸ਼ਾਵਾਂ ਨੂੰ ਸੁਬਾਈ ਭਾਸ਼ਾਵਾਂ ਸੰਵਿਧਾਨਕ ਤੌਰ ’ਤੇ ਮੰਨ ਲਿਆ ਹੈ ਫਿਰ ਵੀ ਥੋੜ੍ਹੀ ਜਿਹੀ ਖੁਸ਼ਹਾਲੀ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਮੁੱਢਲੇ ਪੜਾਅ ਉਤੇ ਅੰਗਰੇਜ਼ੀ ਪੜ੍ਹਾਉਣ ਦੇ ਭਰਮ ਜਾਲ ਵਿੱਚ ਫਸੇ ਹੋਏ ਹਨ। ਅਜਿਹੇ ਪੜ੍ਹੇ, ਅੱਧਪੜ੍ਹੇ ਜਾਂ ਅਨਪੜ੍ਹ ਮਾਪੇ ਅਸਲ ਵਿੱਚ ਜ਼ਿਹਨੀ ਤੌਰ ’ਤੇ ਹਾਲੇ ਤੱਕ ਵੀ ਗੁਲਾਮ ਹਨ ਅਤੇ ਆਪਣੀ ਸੰਤਾਨ ਦੇ ਦੁਸ਼ਮਣ।
ਅੰਗੇਰਜ਼ੀ ਤੇ ਪਬਲਿਕ ਸਕੂਲਾਂ ਦੇ ਨਾਮ ਉਤੇ ਕੁਝ ਲੋਕ ਉਨ੍ਹਾਂ ਦੀ ਇਸ ਕੁਰੁਚੀ ਦਾ ਲਾਭ ਉਠਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ ਅਤੇ ਮਾਤ ਭਾਸ਼ਾ ਪੰਜਾਬੀ ਵਿਰੁੱਧ ਆਪਣਾ ਗੱਦਾਰੀ ਭਰਿਆ ਘਿਣਾਉਣਾ ਰੋਲ ਅਦਾ ਕਰ ਰਹੇ ਹਨ। ਅਜਿਹੇ ਦੰਭੀ ਅੰਗਰੇਜ਼ੀ ਸਕੂਲਾਂ ਦੇ ਚੱਤੁਰ ਤੇ ਚਾਪਲੂਸ ਪ੍ਰਿੰਸੀਪਲ ਅਤੇ ਸਟਾਫ ਨਿੱਕੇ-ਨਿੱਕੇ ਪੰਜਾਬੀ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਬੋਲਣ ਉਤੇ ਮਜ਼ਬੂਰ ਕਰਕੇ ਉਨ੍ਹਾਂ ਦੀ ਆਤਮਾ ਦਾ ਗਲਾ ਘੁਟ ਰਹੇ ਹਨ। ਵਧ ਫੀਸਾਂ, ਵਰਦੀਆਂ, ਇਮਾਰਤਾਂ, ਪੱਖੇ ਅਤੇ ਪਾਣੀ ਅਤੇ ਸਾਇਕਲ ਰੱਖਣ ਤੱਕ ਦੀਆਂ ਸਹੂਲਤਾਂ ਦੇ ਇੰਨੇ ਪੈਸੇ ਲੈਂਦੇ ਹਨ ਅਤੇ ਇਵਜ਼ ਵਿੱਚ ਸਿਵਾਏ ਚਾਰ ਅੱਖਰੀ ਅੰਗਰੇਜ਼ੀ ਤੋਂ ਇਲਾਵਾ ਬੁਨਿਆਦੀ ਤੌਰ ’ਤੇ ਕੁਝ ਵੀ ਨਹੀਂ ਸਿਖਾਉਂਦੇ। ਅੰਗਰੇਜ਼ੀ ਦਾ ਅਭਿਆਸ ਨਾ ਹੋਣ ਕਰਕੇ ਅਜਿਹੇ ਬੱਚੇ ਪਹਿਲੀ ਸਟੇਜ ਉਤੇ ਹੀ ਸਧਾਰਨ ਬੁਨਿਆਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਬੂਰੀ ਤਰ੍ਹਾਂ ਨਾਲ ਮਾਰ ਖਾ ਜਾਂਦੇ ਹਨ। ਅਜਿਹੀ ਬੇਕਾਰਨੀ ਅਸਫ਼ਲਤਾ ਦਾ ਬੱਚਿਆਂ ਦੇ ਮਨ ਉਤੇ ਸੁਭਾਵਿਕ ਬੋਝ ਪੈਂਦਾ ਹੈ ਅਤੇ ਦੋ ਤਿੰਨ ਸਾਲ ਖਰਾਬ ਕਰਕੇ ਮੁੜ ਅਜਿਹੇ ਬੱਚਿਆਂ ਨੂੰ ਮਾਤ ਭਾਸ਼ਾ ਰਾਹੀਂ ਸਿੱਖਿਆ ਦੇਣ ਵਾਲੇ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਅਜਿਹਾ ਗਰੀਬ ਤੇ ਥੋੜ੍ਹੇ ਪੜ੍ਹੇ ਲਾਈਲਗ ਕਿਸਮ ਦੇ ਮਾਪਿਆਂ ਨੂੰ ਸੰਤਾਪ ਸਾਬਤ ਹੁੰਦਾ ਹੈ।
– ਬਾਕੀ ਕੱਲ੍ਹ ਪੜ੍ਹੋ
ਮਾਤ ਭਾਸ਼ਾ ਵਿੱਚ ਪੜ੍ਹਾਈ ਲਾਜ਼ਮੀ ਕਿਉਂ



