ਪਰਮਾਤਮਾ ਇਸ ਸੰਸਾਰ ਵਿਚ ਆਉਣ ਵਾਲੇ ਹਰ ਵਿਅਕਤੀ ਦੇ ਪਾਲਣ ਪੋਸ਼ਣ ਦਾ ਪ੍ਰਬੰਧ ਖ਼ੁਦ ਹੀ ਕਰਦਾ ਹੈ ਪ੍ਰੰਤੂ ਹਰ ਇਨਸਾਨ ਲਈ ਪੈਮਾਨਾ ਵੱਖਰਾ ਬਣਾਉਂਦਾ ਹੈ। ਕਿਸੇ ਨੂੰ ਰਜਵੀਂ ਰੋਟੀ ਵੀ ਲਹੀਂ ਮਿਲਦੀ ਕਿਸੇ ਕੋਲ ਲੋੜ ਤੋਂ ਵੱਧ ਸਾਧਨ ਹੁੰਦੇ ਹਨ। ਇਸ ਤਰ੍ਹਾਂ ਕਿਉਂ ਹੁੰਦਾ ਹੈ, ਇਹ ਸਿਰਫ ਪਰਮਾਤਮਾ ਹੀ ਜਾਣਦਾ ਹੈ ਪ੍ਰੰਤੂ ਪਰਮਾਤਮਾ ਕੁਝ ਅਜਿਹੇ ਵਿਅਕਤੀ ਵੀ ਪੈਦਾ ਕਰਦਾ ਹੈ ਜਿਹੜੇ ਲੋੜਮੰਦ ਇਨਸਾਨਾ ਦੀ ਬਿਹਤਰੀ ਲਈ ਖਾਣ ਪੀਣ ਅਤੇ ਰਹਿਣ ਸਹਿਣ ਦਾ ਪ੍ਰਬੰਧ ਕਰਨ ਵਿਚ ਰੁੱਝੇ ਰਹਿੰਦੇ ਹਨ। ਇਹ ਸਾਰਾ ਤਾਣਾ ਬਾਣਾ ਉਸ ਪਰਮ ਪਿਤਾ ਪਰਮਾਤਮਾ ਦੀ ਇੱਛਾ ਅਨੁਸਾਰ ਹੀ ਵਿਛਾਇਆ ਗਿਆ ਹੈ। ਇਸ ਕਰਕੇ ਹੀ ਇਨਸਾਨ ਸਾਰੀ ਉਮਰ ਆਪਣੀ ਨਿੱਜੀ ਜ਼ਿੰਦਗੀ ਨੂੰ ਸੁਆਰਨ, ਖਾਣ ਪੀਣ, ਰਹਿਣ ਸਹਿਣ, ਪਹਿਨਣ ਅਤੇ ਆਪਣੇ ਪਰਿਵਾਰ ਦੀ ਸੁਚੱਜੇ ਢੰਗ ਨਾਲ ਪਾਲਣ ਪੋਸ਼ਣ ਕਰਨ ਵਿਚ ਹੀ ਗੁਜ਼ਾਰ ਦਿੰਦਾ ਹੈ। ਕਹਿਣ ਤੋਂ ਭਾਵ ਕਿ ਉਹ ਆਪਦੀ ਨਿੱਜ ਤੋਂ ਹੀ ਬਾਹਰ ਨਹੀਂ ਨਿਕਲਦਾ। ਪਰਿਵਾਰ ਤੋਂ ਬਾਅਦ ਉਹ ਆਪਣੇ ਕਬੀਲੇ ਅਤੇ ਰਿਸ਼ਤੇਦਾਰਾਂ ਦੀ ਬਿਹਤਰੀ ਲਈ ਹੀ ਰੁਝਿਆ ਰਹਿੰਦਾ ਹੈ। ਕੁਝ ਕੁ ਇਨਸਾਨ ਅਜਿਹੇ ਵੀ ਹੁੰਦੇ ਹਨ, ਜਿਹੜੇ ਸਮੁਚੇ ਸਮਾਜ ਨੂੰ ਹੀ ਆਪਣਾ ਪਰਿਵਾਰ ਸਮਝਦੇ ਹਨ। ਅਜਿਹੇ ਇਨਸਾਨ ਗਿਣੇ ਚੁਣੇ ਹੀ ਹੁੰਦੇ ਹਨ, ਉਨ੍ਹਾਂ ਵਿਚ ਸੁਰਿੰਦਰਪਾਲ ਸਿੰਘ ਓਬਰਾਏ ਦਾ ਨਾਂ ਆਉਂਦਾ ਹੈ, ਜਿਹੜਾ ਆਪਣੇ ਪਰਿਵਾਰ ਤੋਂ ਵੀ ਵੱਧ ਸਮੁਚੀ ਇਨਸਾਨੀਅਤ ਨੂੰ ਹੀ ਆਪਣਾ ਪਰਿਵਾਰ ਸਮਝਦਾ ਹੈ, ਉਹ ਇਨਸਾਨੀਅਤ ਦਾ ਕਦਰਦਾਨ, ਪੁਜਾਰੀ ਅਤੇ ਮੁੱਦਈ ਹੈ, ਜੋ ਹਮੇਸ਼ਾ ਸਮਾਜ ਸੇਵਾ ਨੂੰ ਹੀ ਤਰਜੀਹ ਦਿੰਦਾ ਹੈ। ਸਮਾਜ ਦੇ ਦੱਬੇ ਕੁਚਲੇ, ਗ਼ਰੀਬ ਅਤੇ ਲੋੜਵੰਦਾਂ ਦੀ ਸੇਵਾ ਕਰਨ ਵਿਚ ਹੀ ਰੁਝਿਆ ਰਹਿੰਦਾ ਰਹਿੰਦਾ ਹੈ। ਪਰਮਾਤਮਾ ਪੈਸਾ ਤਾਂ ਬਹੁਤ ਸਾਰੇ ਇਨਸਾਨਾ ਨੂੰ ਦਿੰਦਾ ਹੈ ਪ੍ਰੰਤੂ ਇਸ ਵਿਚੋਂ ਦਾਨ ਕਰਨ ਦੀ ਸਮਰੱਥਾ ਗਿਣਵੇਂ ਚੁਣਵੇਂ ਵਿਅਕਤੀਆਂ ਨੂੰ ਹੀ ਦਿੰਦਾ ਹੈ। ਦੁਨੀਆਂ ਵਿਚ ਅਮੀਰ ਲੋਕ ਤਾਂ ਬਹੁਤ ਹਨ ਪ੍ਰੰਤੂ ਦਿਲ ਦਾ ਅਮੀਰ ਟਾਵਾਂ ਟਾਵਾਂ ਹੀ ਹੁੰਦਾ ਹੈ। ਐਸ.ਪੀ.ਸਿੰਘ.ਓਬਰਾਏ ਦਿਲ ਦਾ ਅਮੀਰ ਅਤੇ ਇਨਸਾਨੀਅਤ ਦਾ ਪੁਜਾਰੀ ਹੈ। ਉਨ੍ਹਾਂ ਦਾ ਜਨਮ ਪਿਤਾ ਪ੍ਰੀਤਮ ਸਿੰਘ ਓਬਰਾਏ ਅਤੇ ਮਾਤਾ ਅੰਮ੍ਰਿਤਪਾਲ ਕੌਰ ਓਬਰਾਏ ਦੇ ਘਰ 13 ਅਪ੍ਰੈਲ 1956 ਨੂੰ ਨੰਗਲ ਟਾਊਨਸ਼ਿਪ ਜਿਲ੍ਹਾ ਰੂਪ ਨਗਰ ਵਿਖੇ ਹੋਇਆ। ਮੁਢਲੀ ਪੜ੍ਹਾਈ ਆਪ ਨੇ ਨੰਗਲ ਟਾਊਨ ਤੋਂ ਹੀ ਪ੍ਰਾਪਤ ਕੀਤੀ। ਆਪ ਦਾ ਵਿਆਹ ਸ਼੍ਰੀਮਤੀ ਮਨਿੰਦਰ ਕੌਰ ਨਾਲ ਹੋਇਆ। ਆਪ ਦੇ ਦੋ ਲੜਕੇ ਸੁਖਦੀਪ ਸਿੰਘ ਓਬਰਾਏ ਅਤੇ ਅਮਨਿੰਦਰ ਸਿੰਘ ਓਬਰਾਏ ਹਨ। ਆਪ ਨੇ ਇੰਜਣ ਮਕੈਨਿਕ ਦੇ ਤੌਰ ਤੇ ਮਹਿਜ 19 ਸਾਲ ਦੀ ਉਮਰ ਵਿਚ 1975 ਵਿਚ ਆਪਣਾ ਕੈਰੀਅਰ ਸ਼ੁਰੂ ਕੀਤਾ। ਉਦਮੀ ਰੁਚੀ ਅਤੇ ਸੁਭਾਓ ਹੋਣ ਕਰਕੇ ਆਪ ਨੇ ਆਪਣੇ ਪਿਤਾ ਦੇ ਨਾਂ ਤੇ ‘ਪ੍ਰੀਤਮ ਸਿੰਘ ਐਂਡ ਸਨਜ਼’ ਮੈਟੀਰੀਅਲ ਸਪਲਾਈ ਅਤੇ ਕੰਨਸਟਰਕਸ਼ਨ ਕੰਪਨੀ ਖੋਲ੍ਹ ਲਈ। ਇਸ ਕੰਪਨੀ ਰਾਹੀਂ ਉਨ੍ਹਾਂ ਬਹੁਤ ਵੱਡੇ ਪ੍ਰਾਜੈਕਟ ਜਿਵੇਂ ਕਿ ਨੈਸ਼ਨਲ ਹਾਈਵੇਜ਼, ਸੜਕਾਂ, ਪੁਲ ਅਤੇ ਬਿਆਸ ਤੋਂ ਗੋਇੰਦਵਾਲ ਸਾਹਿਬ ਤੱਕ ਰੇਲਵੇ ਲਾਈਨ ਆਦਿ ਮੁਕੰਮਲ ਕੀਤੇ। ਆਪ ਵਿਚ ਕੁਝ ਨਵੇਕਲਾ ਕਰ ਗੁਜ਼ਰਨ ਦੀ ਇੱਛਾ ਸ਼ਕਤੀ ਹੋਣ ਕਰਕੇ ਉਹ1993 ਵਿਚ ਦੁਬਈ ਚਲੇ ਗਏ ਅਤੇ ਉਥੇ ਜਨਰਲ ਟਰੇਡਿੰਗ ਕੰਪਨੀ ਸਥਾਪਤ ਕਰ ਲਈ। 18 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਦੋ ਕੰਪਨੀਆਂ ‘ਅਪੈਕਸ ਗਰੁਪ ਆਫ਼ ਕੰਪਨੀਜ਼’ ਅਤੇ ‘ਅਪੈਕਸ ਇੰਟਰਨੈਸ਼ਨਲ ਕਨਸਟਰਕਸ਼ਨ ਐਂਡ ਲੈਂਡ ਡੀਵਾਟਰਿੰਗ’ ਸਥਾਪਤ ਕਰ ਲਈਆਂ। ਇਸ ਤੋਂ ਬਾਅਦ ਉਨ੍ਹਾਂ ਹੋਰ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਸਥਾਪਤ ਕੀਤੀਆਂ। ਉਨ੍ਹਾਂ 2006 ਵਿਚ ਗਲੋਬਲ ਵਿਲੇਜ਼ ਦੁਬਈ ਵਿਖੇ ਭਾਰਤ ਦੇ ਤਾਜ ਮਹਿਲ ਵਰਗਾ ਤਾਜ ਮਹਿਲ ਭਾਰਤ ਤੋਂ 370 ਸਕਿਲਡ ਕਰਾਫ਼ਟਸਮੈਨ ਲਿਜਾ ਕੇ ਬਣਵਾਇਆ। ਉਨ੍ਹਾਂ ਦੁਬਈ ਵਿਖੇ 1998 ਵਿਚ ‘ਦੁਬਈ ਗਰੈਂਡ’ ਹੋਟਲ ਬਣਾਇਆ, ਇਹ ਹੋਟਲ ਅਪੈਕਸ ਗਰੁਪ ਦਾ ਹਿੱਸਾ ਹੀ ਹੈ। ਫ਼ਿਰ ਉਨ੍ਹਾਂ ‘ਸਰਬਤ ਦਾ ਭਲਾ ਚੈਰੀਟੇਬਲ ਟਰੱਸਟ’ ਬਣਾਈ ਅਤੇ ਆਪ ਇਸ ਦੇ ਮੈਨੇਜਿੰਗ ਟਰੱਸਟੀ ਬਣ ਗਏ। ਇਹ ਟਰੱਸਟ ਦੇਸ਼ ਵਿਦੇਸ਼ ਵਿਚ ਕੰਮ ਕਰ ਰਹੀ ਹੈ, ਇਸਦਾ ਮੁੱਖ ਦਫ਼ਤਰ ਪਟਿਆਲਾ ਵਿਚ ਸਥਿਤ ਹੈ। ਸਮੁੱਚੇ ਪੰਜਾਬ ਦੇ ਜਿਲ੍ਹਾ ਹੈਡਕੁਆਟਰਜ਼, ਹਰਿਆਣਾ, ਹਿਮਾਚਲ, ਚੰਡੀਗੜ੍ਰ, ਜੰਮੂ ਕਸ਼ਮੀਰ ਅਤੇ ਦਿੱਲੀ ਵਿਚ ਦਫ਼ਤਰ ਬਾਕਾਇਦਾ ਸਮਾਜ ਸੇਵਾ ਅਤੇ ਐਨ.ਜੀ.ਓਜ਼ ਦੀ ਆਰਥਿਕ ਮਦਦ ਕਰਦੇ ਹਨ। ਪਰਵਾਸ ਵਿਚ ਦੁਬਈ, ਇੰਗਲੈਂਡ, ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਵਊਜੀਲੈਂਡ ਅਤੇ ਹੋਰ ਦੇਸ਼ਾਂ ਵਿਚ ਵੀ ਦਫ਼ਤਰ ਸਥਾਪਤ ਕੀਤੇ ਹਨ ਜੋ ਲੋੜਵੰਦਾਂ ਦੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਆਪ ਲਗਪਗ 20 ਸਵੈ ਇਛਤ ਸੰਸਥਾਵਾਂ ਦੇ ਪ੍ਰਧਾਨ ਅਤੇ ਚੀਫ਼ ਪੈਟਰਨ ਹਨ, ਜਿਹੜੀਆਂ ਸਮਾਜ ਭਲਾਈ ਦੇ ਕੰਮ ਕਰ ਰਹੀਆਂ ਹਨ। ਆਪ ਬਹੁਤ ਹੀ ਫਰਾਕ ਦਿਲ ਇਨਸਾਨ ਹਨ। ਆਪ ਦੀ ਸਰਬਤ ਦਾ ਭਲਾ ਟਰੱਸਟ ਸਮਾਜ ਸੇਵਾ, ਵਿਦਿਆ, ਗ਼ਰੀਬ ਲੋੜਵੰਦਾਂ ਦੀ ਆਰਥਕ ਮਦਦ, ਸਿਹਤ ਸਹੂਲਤਾਂ, ਲੋੜਵੰਦਾਂ ਨੂੰ ਘਰ ਬਣਾਕੇ ਦੇਣ ਅਤੇ ਹਰ ਖੇਤਰ ਵਿਚ ਮਦਦ ਦੇਣ ਲਈ ਮੋਹਰੀ ਹੋਕੇ ਸੇਵਾ ਕਰ ਰਹੀ ਹੈ। ਇਸ ਟਰੱਸਟ ਨੇ ਸਮਾਜ ਭਲਾਈ ਦੇ ਇਤਨੇ ਜ਼ਿਆਦਾ ਕੰਮ ਕੀਤੇ ਹਨ ਕਿ ਉਨ੍ਹਾਂ ਬਾਰੇ ਲਿਖਕੇ ਜਾਣਕਾਰੀ ਦੇਣੀ ਅਸੰਭਵ ਹੈ ਪ੍ਰੰਤੂ ਫਿਰ ਵੀ ਕੁਝ ਗਿਣਵੇਂ ਚੁਣਵੇਂ ਕੰਮਾ ਬਾਰੇ ਜਾਦਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ। ਇਸ ਟਰੱਸਟ ਨੇ ਹੁਣ ਤੱਕ 20 ਹਜ਼ਾਰ ਗ਼ਰੀਬ ਲੜਕੀਆਂ ਦੇ ਵਿਆਹਾਂ ਦਾ ਖ਼ਰਚਾ ਕੀਤਾ ਹੈ। ਸਪੈਸ਼ਲ ਬੱਚਿਆਂ ਲਈ 200 ਦੀ ਸਮਰੱਥਾ ਵਾਲਾ ਰਹਾਇਸ਼ੀ ਸਕੂਲ ਸਥਾਪਤ ਕੀਤਾ ਹੈ। ਇਨ੍ਹਾਂ ਸਪੈਸ਼ਲ ਬੱਚਿਆਂ ਦੀਆਂ ਜ਼ਰੂਰਤਾਂ ਲਈ ਹਰ ਸਾਲ 60 ਅਧਿਆਪਕਾਂ ਨੂੰ ਡਿਪਲੋਮਾ ਅਤੇ ਬੀ.ਐਡ. ਕਰਵਾਈ ਜਾਂਦੀ ਹੈ। ਇਕ ਏਕੜ ਥਾਂ ਖ੍ਰੀਦਕੇ 300 ਮੰਦ ਬੁਧੀ ਬੱਚਿਆਂ ਲਈ ਹੋਸਟਲ ਬਣਾਇਆ ਗਿਆ ਹੈ। 550 ਮੈਡੀਕਲ, ਇੰਜਨੀਅਰਿੰਗ, ਪੀ.ਐਚ.ਡੀ., ਆਦਿ ਕੋਰਸਾਂ ਲਈ ਮੁਫ਼ਤ ਪੜ੍ਹਾਈ ਕਰਵਾਈ ਗਈ, ਇੱਕ ਸਾਲ ਵਿਚ 1000 ਵਿਦਿਆਰਥੀਆਂ ਨੂੰ ਇਸ ਮੰਤਵ ਲਈ ਮਦਦ ਕਰਦੇ ਹਨ। ਉਨ੍ਹਾਂ ਆਪਣਾ ਸਮਾਜ ਸੇਵਾ ਦਾ ਖੇਤਰ ਸਾਰੀ ਦੁਨੀਆਂ ਵਿਚ ਸ਼ੁਰੂ ਕਰ ਦਿੱਤਾ ਹੈ। ਨੈਪਾਲ ਵਿਚ ਕਠਮੰਡੂ ਵਿਖੇ 40 ਯਤੀਮ ਬੱਚੇ ਅਡਾਪਟ ਕਰਕੇ ਉਨ੍ਹਾਂ ਦੀ ਪਾਲਣ ਪੋਸ਼ਣ ਅਤੇ ਪੜ੍ਹਾਈ ਦਾ ਪ੍ਰਬੰਧ ਕੀਤਾ ਅਤੇ ਉਥੇ ਹੀ 100 ਬੱਚਿਆਂ ਦੇ ਰਹਿਣ ਲਈ ਇੱਕ ਸੈਂਟਰ ਸਥਾਪਤ ਕੀਤਾ ਹੈ। ਸਲੱਮ ਏਰੀਆ ਵਿਚ ਰਹਿਣ ਵਾਲੇ 2500 ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ। ਭੁਚਾਲ ਤੋਂ ਪ੍ਰਭਾਵਤ ਲੋਕਾਂ ਲਈ ਮਕਾਨ ਉਸਾਰ ਕੇ ਦਿੱਤੇ ਹਨ। ਦੇਸ਼ ਤੋਂ ਬਾਹਰਲੀਆਂ ਜੇਲ੍ਹਾਂ ਵਿਚ ਬੰਦ ਲਗਪਗ100 ਲੜਕਿਆਂ ਨੂੰ ਕਰੋੜਾਂ ਰੁਪਏ ਦੀ ਬਲੱਡ ਮਨੀ ਦੇ ਕੇ ਮੌਤ ਦੇ ਮੂੰਹੋਂ ਬਚਾਇਆ ਹੈ। ਵਿਦੇਸ਼ਾਂ ਵਿਚ ਫਸੇ 800 ਤੋਂ ਉਪਰ ਵਿਅਕਤੀਆਂ ਨੂੰ ਭਾਰਤ ਆਉਣ ਲਈ ਹਵਾਈ ਟਿਕਟਾਂ ਲੈ ਕੇ ਦਿੱਤੀਆਂ। ਵਿਦੇਸ਼ਾਂ ਵਿਚੋਂ ਹੀ ਮੰਦਭਗੇ ਵਿਅਕਤੀਆਂ ਦੀਆਂ 30 ਲਾਸ਼ਾਂ ਆਪਣੇ ਖ਼ਰਚੇ ਤੇ ਭਾਰਤ ਲਿਆਂਦੀਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ 10 ਹਜ਼ਾਰ ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੇਸ਼ ਵਿਦੇਸ਼ ਦੀਆਂ 100 ਸਵੈ ਇੱਛਤ ਸੰਸਥਾਵਾਂ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਆਰਥਕ ਮਦਦ ਦਿੱਤੀ ਜਾ ਰਹੀ ਹੈ। 1200 ਵਿਧਵਾਵਾਂ ਅਤੇ ਓਲਡ ਏਜ ਪੈਨਸ਼ਨ ਹਰ ਮਹੀਨੇ 750 ਰੁਪਏ ਤੋਂ ਹਜ਼ਾਰ ਰੁਪਏ ਤੱਕ ਦਿੱਤੀ ਜਾਂਦੀ ਹੈ। ਕਾਲਜਾਂ, ਸਕੂਲਾਂ, ਜੇਲ੍ਹਾਂ, ਪਾਲੀਟਿਕਨਿਕਸ ਵਿਚ ਮੁਫ਼ਤ ਆਰ.ਓ., ਕੂਲਰ ਤੇ ਕੰਪਿਊਟਰ ਦਿੱਤੇ ਗਏ ਅਤੇ ਕਰੈਚ ਤੇ ਲੜਕੀਆਂ ਲਈ ਕਾਮਨ ਰੂਮ ਬਣਾਏ ਗਏ ਹਨ। ਭਾਂਖਰ ਪਿੰਡ ਵਿਚ ਸਨੀ ਸਾਇੰਸ ਅਤੇ ਕਮਰਸ ਬਲਾਕ ਬਣਵਾਇਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਵਿਚ ਵੀ ਸਨੀ ਆਡੋਟੋਰੀਅਮ ਬਣਾਇਆ ਗਿਆ ਹੈ। ਗ਼ਰੀਬਾਂ ਦੇ 100 ਬੱਚਿਆਂ ਲਈ ਕਰੈਚ ਬਣਾਇਆ ਗਿਆ ਹੈ। ਪੰਜਾਬ ਦੇ 27 ਜਿਲ੍ਹਿਆਂ ਵਿਚ ਟਰੈਫ਼ਿਕ ਨਿਯਮਾਂ ਤੇ ਪਾਲਣਾ ਕਰਨ ਲਈ ਗੱਡੀਆਂ ਤੇ 50 ਲੱਖ ਰੇਡੀਅਮ ਰਿਫਲੈਕਟਰ ਲਗਾਏ ਗਏ ਹਨ। ਅੱਖਾਂ ਦੇ ਕੈਂਪ ਲਗਾਕੇ 40 ਹਜ਼ਾਰ ਲੋਕਾਂ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 17000 ਵਿਅਕਤੀਆਂ ਨੂੰ ਮੁਫ਼ਤ ਲੈਨਜ਼ ਦਿੱਤੇ ਗਏ ਹਨ। ਦੁਬਈ ਵਿਚ ਉਥੋਂ ਦੇ ਸਿਹਤ ਵਿਭਾਗ ਦੇ ਸਹਿਯੋਗ ਨਾਲ 18 ਖ਼ੂਨ ਦਾਨ ਕੈਂਪ ਲਗਾਏ ਗਏ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਚ ਕੈਂਸਰ ਦੇ ਮਰੀਜਾਂ ਲਈ ‘‘ਸਨੀ ਓਬਰਾਏ ਰੈਣ ਬਸੇਰਾ’’ ਬਣਾਇਆ ਗਿਆ ਹੈ। ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਅਤੇ ਦਿੱਲੀ ਵਿਚ 100 ਡਾਇਲਸਿਸ ਯੂਨਿਟਾਂ ਖ਼੍ਰੀਦਕੇ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿਚ 100 ਰੁਪਏ ਦੀ ਲਾਗਤ ਨਾਲ ਡਾਇਲਸਿਸ ਕੀਤਾ ਜਾਂਦਾ ਹੈ। 78 ਕਮਪਿਊਟਰ ਸੈਂਟਰ ਅਤੇ 98 ਸਿਲਾਈ ਕਢਾਈ ਸੈਂਟਰ ਖੋਲ੍ਹੇ ਗਏ ਹਨ ਜਿਥੇ ਮੁਫ਼ਤ ਸਿਖਿਆ ਦਿੱਤੀ ਜਾਂਦੀ ਹੈ। 240 ਲੋੜਵੰਦ ਪਰਵਾਰਾਂ ਨੂੰ 250 ਘਰ ਬਣਾਕੇ ਦਿੱਤੇ ਅਤੇ ਸਿਕਲੀਗਰਾਂ ਲਈ 7 ਘਰ ਅਤੇ 10 ਹੋਰ ਫਲੈਟ ਬਣਾਏ ਜਾ ਰਹੇ ਹਨ। ਕੇਰਲਾ ਦੇ ਇੱਕ ਹਸਪਤਾਲ ਦਾ ਫਰਸ਼ ਬਣਾਇਆ ਅਤੇ ਇੱਕ ਐਲੀਵੇਟਰ ਦਾਨ ਕੀਤਾ। ਅੰਮ੍ਰਿਤਸਰ ਵਿਖੇ ਗੁਰਮਤ ਸੰਗੀਤ ਦੀ ਸਿਖਿਆ ਦਾ ਸਕੂਲ ਖੋਲ੍ਹਿਆ ਗਿਆ। ਪਟਿਆਲਾ ਦੇ ਸਾਕੇਤ ਹਸਪਤਾਲ ਵਿਚ 150 ਬੈਡ ਦਿੱਤੇ ਗਏ। ਸਰਹੰਦ ਸੜਕ ਤੇ 20 ਏਕੜ ਥਾਂ ਖ੍ਰੀਦ ਲਈ ਹੈ, ਜਿਸ ਵਿਚ ਓਲਡ ਏਜ ਹੋਮ, ਯਤੀਮਾਂ ਲਈ ਘਰ, ਕਿਤਾ ਸਿਖਲਾਈ ਸਕੂਲ, ਹਸਪਤਾਲ, ਕੰਪਿਊਟਰ ਸੈਂਟਰ, ਸਿਖ ਅਜਾਇਬ ਘਰ, ਟੇਲਰਿੰਗ, ਸਿਲਾਈ ਕਢਾਈ ਅਤੇ ਉਦਮੀਆਂ ਲਈ ਕਾਰਪੈਂਟਰੀ, ਮੇਸਨ ਆਦਿ ਦੀ ਸਿਖਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 100 ਏਕੜ ਜ਼ਮੀਨ ਹੋਰ ਖ੍ਰੀਦੀ ਗਈ ਹੈ, ਜਿਥੇ ਕੈਂਸਰ ਦੇ ਮਰੀਜਾਂ ਲਈ 100 ਹਟਸ ਬਣਾਈਆਂ ਜਾਣਗੀਆਂ। ਪੰਜਾਬੀ ਯੂਨੀਵਰਸਿਟੀ ਵਿਚ ਵੀ ਸਨੀ ਓਬਰਾਏ ਆਡੋਟੋਰੀਅਮ ਬਣਾਇਆ ਗਿਆ। ਪਾਲੂਸ਼ਨ ਤੋਂ ਨਿਜਾਤ ਪਾਉਣ ਦੇ ਇਰਾਦੇ ਨਾਲ ਪਟਿਆਲਾ ਵਿਖੇ ਵੀਰ ਦਸੌਧੀ ਰਾਮ ਕਰੀਮੇਸ਼ਨ ਗਰਾਊਂਡ ਵਿਚ ਮੁਰਦਿਆਂ ਦਾ ਸਸਕਾਰ ਕਰਨ ਲਈ ਗੈਸ ਤੇ ਨਿਰਧਾਰਤ ਪਲਾਂਟ 50 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਹੈ। ਐਸ.ਪੀ.ਸਿੰਘ.ਓਬਰਾਏ ਨੂੰ ਉਨ੍ਹਾਂ ਦੀਆਂ ਸਮਾਜ ਸੇਵਾ ਵਿਚ ਕੀਤੀਆਂ ਸੇਵਾਵਾਂ ਬਦਲੇ ਲਗਪਗ ਦੇਸ਼ ਅਤੇ ਵਿਦੇਸ਼ ਦੀਆਂ ਸਰਕਾਰਾਂ ਅਤੇ ਸੰਸਥਾਵਾਂ ਵਲੋਂ ਸਨਮਾਨ ਕੀਤਾ ਗਿਆ ਹੈ। ‘ਹਾਊਸ ਆਫ ਲਾਰਡ ¦ਡਨ’, ‘ਇੰਟਰਨੈਸ਼ਨਲ ਸਿਖ ਫ਼ੋਰਮ’ ਵਲੋਂ ਆਪ ਨੂੰ ਆਪ ਦੀਆਂ ਸਮਾਜ ਸੇਵਾ ਦੀਆਂ ਸਰਗਰਮੀਆਂ ਕਰਕੇ ‘ਸਿਖ ਆਫ਼ ਦਾ ਯੀਅਰ-2013 ਅਵਾਰਡ’ ਦੇ ਕੇ ¦ਡਨ ਵਿਖੇ ਸਨਮਾਨਿਆਂ ਗਿਆ। ਇਸੇ ਤਰ੍ਹਾਂ ਸਾਏਬੋਰਗਾ ਦੀ ਸਰਕਾਰ ਵਲੋਂ ਆਪ ਦੀ ਸਮਾਜ ਸੇਵਾ ਨੂੰ ਮੁਖ ਰੱਖਦਿਆਂ ਭਾਰਤ ਵਿਚ ਉਨ੍ਹਾਂ ਨੂੰ ਸਾਏਬੋਰਗਾ ਦਾ ‘ਆਨਰੇਰੀ ਕੌਨਸਲੇਟ ਜਨਰਲ’ ਨਿਯੁਕਤ ਕੀਤਾ ਗਿਆ ਹੈ। ਇਹ ਮਾਣ ਲੈਣ ਵਾਲੇ ਆਪ ਪਹਿਲੇ ਭਾਰਤੀ ਹਨ। ਆਪ ਨੂੰ ਇੰਟਰਨੈਸ਼ਨਲ ਯੂਨੀਵਰਸਿਟੀ ਆਫ਼ ਫ਼ੰਡੇਮੈਂਟਲ ਸਟੱਡੀਜ਼ ਰੂਸ ਨੇ ਦਿਹਾਤੀ ਖੇਤਰ ਦੇ ਦੂਰ ਦੁਰਾਡੇ ਇਲਾਕਿਆਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁਕਣ ਲਈ ਕੀਤੇ ਕੰਮਾਂ ਕਰਕੇ ਆਨਰੇਰੀ ਪੀ.ਐਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ। ਦੇਸ਼ ਅਤੇ ਵਿਦੇਸ਼ ਵਿਚ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਤ ਲੋਕਾਂ ਲਈ ਹਮੇਸ਼ਾ ਮਦਦ ਕਰਦੇ ਹਨ। ਜਿਹੜੇ ਹੋਰ ਮਾਨ ਸਨਮਾਨ ਮਿਲੇ ਹਨ ਉਨ੍ਹਾਂ ਵਿਚ ਲਾਈਫ਼ ਅਚੀਵਮੈਂਟ ਅਵਾਰਡ, ਸ਼ਿਰੋਮਣੀ ਸਿੱਖ ਗੋਲਡ ਅਵਾਰਡ, ਰੁਸਤਮੇ ਹਿੰਦ ਦਾਨਵੀਰ ਅਵਾਰਡ, ਪੰਜਾਬੀਆਂ ਦਾ ਮਾਣ ਅਵਾਰਡ, ਵਿਸ਼ਵ ਪੰਜਾਬੀ ਵਰਲਡ ਅਵਾਰਡ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਅਤੇ ਦਿੱਲੀ ਵੱਲੋਂ ਕੀਤੇ ਸਨਮਾਨ ਵੀ ਸ਼ਾਮਲ ਹਨ। ਜੰਮੂ ਕਸ਼ਮੀਰ ਅਤੇ ਨੈਪਾਲ ਵਿਖੇ ਕੁਦਰਤੀ ਆਫ਼ਤਾਂ ਦੇ ਪ੍ਰਭਾਵਤ ਲੋਕਾਂ ਨੂੰ ਘਰ ਬਣਵਾਕੇ ਦਿੱਤੇ ਹਨ। ਸੰਸਾਰ ਵਿਚ ਕਿਸੇ ਵੀ ਥਾਂ ਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸਰਬੱਤ ਦਾ ਭਲਾ ਟਰੱਸਟ ਹਰ ਥਾਂ ਮੋਹਰੀ ਹੋ ਸਮਾਜ ਸੇਵਾ ਦਾ ਕੰਮ ਕਰਦੀ ਹੈ।
ਕੈਪਸ਼ਨ-ਤਸਵੀਰਾਂ ਡਾ.ਸੁਰਿੰਦਰਪਾਲ ਸਿੰਘ ਓਬਰਾਏ
ਇਨਸਾਨੀਅਤ ਦਾ ਪੁਜਾਰੀ : ਸਮਾਜ ਸੇਵੀ ਡਾ.ਸੁਰਿੰਦਰਪਾਲ ਸਿੰਘ ਓਬਰਾਏ



