Skip to content
Independent perspectives. Global stories.
BREAKING

ਪੰਜਾਬੀ ਹਿਤੈਸ਼ੀਆਂ ਦੀ ਵੱਡੀ ਜਿੱਤ

Share this story

ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਕਸਰ ਮੈਨੂੰ ਫੋਨ ਕਰਕੇ ਕਿਸੇ ਨਾ ਕਿਸੇ ਮੁੱਦੇ ’ਤੇ ਸਲਾਹ ਲੈ ਲੈਂਦੇ ਹਨ ਜਾਂ ਫਿਰ ਆਪਣੀ ਸੋਸਇਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਹਨ। ਮਹੀਨਾ ਕੁ ਪਹਿਲਾਂ ਸ. ਚੰਦਬਾਜਾ ਦਾ ਫੋਨ ਆਇਆ ਅਤੇ ਕਹਿਣ ਲੱਗੇ, ‘‘ਸਰਕਾਰ ਦਾ ਹਾਲ ਵੇਖੋ, ਪੰਜਾਬ ਵਿੱਚ ਬਠਿੰਡਾ-ਅੰਮ੍ਰਿਤਸਰ ਚਾਰ ਮਾਰਗੀ ਸੜਕ ’ਤੇ ਥੱਲੇ ਲਿਖਿਆ ਗਿਆ ਹੈ। ਪੰਜਾਬੀ ਮਾਤ ਭਾਸ਼ਾ ਨਾਲ ਇਹ ਵਿਤਕਰਾ ਨਾਸਹਿਣਯੋਗ ਹੈ। ਇਸ ਸਬੰਧੀ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣ ਦਾ ਇਰਾਦਾ ਹੈ। ਤੁਹਾਡਾ ਕੀ ਖਿਆਲ ਹੈ?’’ ਅਸਲ ਵਿੱਚ ਉਹ ਫੈਸਲਾ ਵੀ ਕਰ ਚੁੱਕੇ ਸਨ ਅਤੇ ਇਸ ਸਬੰਧੀ ਆਪਣਾ ਵਿਰੋਧ ਵੀ ਦਰਜ਼ ਕਰਵਾ ਚੁੱਕੇ ਸਨ। ਫਿਰ ਉਨ੍ਹਾਂ 29 ਸਤੰਬਰ ਦੇ ਅਖ਼ਬਾਰ ਦੀ ਇਕ ਖ਼ਬਰ ਵਟਸਅੱਪ ’ਤੇ ਭੇਜੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਫਰੀਦਕੋਟ ਸ਼ਹੀਦ ਭਗਤ ਸਿੰਘ ਪਾਰਕ ਫਰੀਦਕੋਟ ਵਿਖੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਚਿੰਤਕਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਹੋਈ ਅਤੇ ਇਸ ਮੀਟਿੰਗ ਵਿੱਚ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਧਰਤੀ ਤੇ ਬਣਦਾ ਸਤਿਕਾਰ ਨਾ ਦੇਣ ਤੇ ਨਰਾਜ਼ਗੀ ਪ੍ਰਗਟ ਕਰਦਿਆਂ ਡੀ.ਸੀ. ਰਾਹੀਂ ਕੇਂਦਰ ਦੇ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ। ਇਸੇ ਤਰ੍ਹਾਂ ਕੁੱਝ ਦਿਨਾਂ ਬਾਅਦ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਪੀ. ਡਬਲਯੂ.ਡੀ. (ਬੀ.ਐਂਡ.ਆਰ.) ਦੇ ਮੁੱਖ ਇੰਜੀਨੀਅਰ ਨੂੰ ਕਾਨੂੰਨੀ ਨੋਟਿਸ ਦੇ ਕੇ ਐਲਾਨ ਕੀਤਾ ਗਿਆ ਕਿ ਜੇ 15 ਦਿਨਾਂ ’ਚ ਸਾਇਨ ਬੋਰਡ ਨਾ ਬਦਲੇ ਗਏ ਤਾਂ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਸੰਘਰਸ਼ ਤੇਜ ਕੀਤਾ ਜਾਵੇਗਾ।
ਕੈਂਸਰ ਰੋਕੋ ਸੋਸਾਇਟੀ ਦੀਆਂ ਗਤੀਵਿਧੀਆਂ ਨੇ ਕੇਂਦਰ ਵੱਲੋਂ ਪੰਜਾਬੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਵਿਰੁੱਧ ਇਕ ਮਾਹੌਲ ਬਣਾ ਦਿੱਤਾ ਸੀ। ਮਾਂ ਬੋਲੀ ਦੇ ਵਿਤਕਰੇ ਦੇ ਨਾਮ ’ਤੇ ਮਾਲਵਾ ਯੂਥ ਫੈਡਰੇਸ਼ਨ ਅਤੇ ਕੁੱਝ ਪੰਥਕ ਧਿਰਾਂ ਵੀ ਮੈਦਾਨ ਵਿੱਚ ਆ ਗਈਆਂ। ਉਧਰ ਟੀਵੀ ਚੈਨਲਾਂ ਅਤੇ ਕੁੱਝ ਪੰਜਾਬੀ ਅਖਬਾਰਾਂ ਨੇ ਇਸ ਮੁੱਦੇ ਨੂੰ ਉਚੀ ਸੁਰ ਵਿੱਚ ਉਠਾਇਆ। ਇਸ ਮੁੱਦੇ ਨੂੰ ਉਠਾਉਣ ਵਾਲੇ ਆਮ ਪੰਜਾਬੀ ਪਹਿਲੀ ਕਤਾਰ ਵਿੱਚ ਨਜ਼ਰ ਆਏ ਅਤੇ ਪੰਜਾਬੀਦੇ ਲੇਖਕ ਅਤੇ ਲੇਖਕ ਸਭਾਵਾਂ ਕਿੱਤੇ ਨਜ਼ਰ ਨਹੀਂ ਆਈਆਂ। ਉਂਜ ਇਹ ਮੁੱਦਾ ਉਠਾਉਣ ਵਿੱਚ ਪੰਜਾਬੀ ਸਾਹਿਤਕਾਰਾਂ ਅਤੇ ਲੇਖਕ ਸਭਾਵਾਂ ਨੂੰ ਪਹਿਲਕਦਮੀ ਕਰਨੀ ਬਣਦੀ ਸੀ। ਇਹ ਇਕ ਗੰਭੀਰ ਮਸਲਾ ਹੈ ਅਤੇ ਇਕ ਵਾਰ ਫਿਰ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਸ਼ਰੇਆਮ ਨਜ਼ਰ ਆ ਰਿਹਾ ਹੈ। ਨਿਯਮਾਂ ਅਨੁਸਾਰ ਕੌਮੀ ਮਾਰਗਾਂ ’ਤੇ ਲਾਏ ਗਏ ਦਿਸ਼ਾ ਬੋਰਡਾਂ ’ਤੇ ਕਿਸੇ ਵੀ ਰਾਜ ਦੀ ਭਾਸ਼ਾ ਨੂੰ ਪ੍ਰਮੁੱਖਤਾ ਦੇਣੀ ਬਣਦੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ -ਬਠਿੰਡਾ ਕੌਮੀ ਮਾਰਗ 54 ਐਨ.ਐਚ. ’ਤੇ ਲਾਏ ਦਿਸ਼ਾ ਬੋਰਡਾਂ ਉਤੇ ਹਿੰਦੀ ਨੂੰ ਪਹਿਲੇ, ਅੰਗਰੇਜ਼ੀ ਨੂੰ ਦੂਸਰੇ ਅਤੇ ਪੰਜਾਬੀ ਨੂੰ ਤੀਸਰੇ ਸਥਾਨ ’ਤੇ ਲਿਖਿਆ ਗਿਆ ਹੈ। ਪੰਜਾਬੀ ਨਾਲ ਵਿਤਕਰੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਉਜਾੜਕੇ ਵਸਾਏ ਚੰਡੀਗੜ੍ਹ ਵਿੱਚ ਵੀ ਪੰਜਾਬੀ ਨੂੰ ਪਟਰਾਣੀ ਕੀ ਰਾਣੀ ਦਰਜ਼ਾ ਵੀ ਨਹੀਂ ਮਿਲਿਆ। ਦੁੱਖ ਤਾਂ ਇਸ ਗੱਲ ਦਾ ਹੈ ਕਿ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਬੰਧੀ ਕੋਈ ਵਿਰੋਧ ਨਹੀਂ ਦਰਜ ਕੀਤਾ। ਹਾਂ, ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਕੁਲਤਾਰ ਸਿੰਘ ਸਿੰਧਵਾਂ ਨੇ ਇਸ ਮਸਲੇ ਨੂੰ ਅਸੈਂਬਲੀ ਵਿੱਚ ਉਠਾਉਣ ਦਾ ਵਾਅਦਾ ਜ਼ਰੂਰ ਕੀਤਾ ਸੀ।
ਇਸ ਹਾਲਾਤ ਵਿੱਚ ਮਾਲਵਾ ਯੂਥ ਫੈਡਰੇਸ਼ਨ ਅਤੇ ਕੁਝ ਹੋਰ ਧਿਰਾਂ ਦੇ ਨੌਜਵਾਨਾਂ ਨੇ ਇਸ ਕੌਮੀ ਮਾਰਗ ’ਤੇ ਲੱਗੇ ਦਿਸ਼ਾ ਬੋਰਡਾਂ ’ਤੇ ਲਿਖੀ ਹਿੰਦੀ ਅਤੇ ਅੰਗਰੇਜ਼ੀ ’ਤੇ ਕਾਲਖ ਪੋਚ ਕੇ ਆਪਣਾ ਵਿਰੋਧ ਪ੍ਰਗਟ ਕੀਤਾ। ਅਖ਼ਬਾਰੀ ਰਿਪੋਰਟਾਂ ਅਨੁਸਾਰ ਪੰਜਾਬੀ ਹਿਤੈਸ਼ੀ ਲੱਖਾਂ ਸਿਧਾਣਾ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਨੂੰ ਮਾਣ ਸਤਿਕਾਰ ਦਿਵਾਉਣ ਲਈ ਸੰਘਰਸ਼ ਵਿੱਢਿਆ ਗਿਆ। ਦਲ ਖਾਲਸਾ ਦੇ ਮੀਤ ਪ੍ਰਧਾਨ ਸ. ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕਿਹਾ ਕਿ ਕੇਂਦਰ ਦੀ ਹਿੰਦੂਵਾਦੀ ਹਕੂਮਤ ਪੰਜਾਬੀ ਨੂੰ ਮਿਟਾਉਣ ’ਤੇ ਤੁਲੀ ਹੈ। ਉਧਰ ਇਨ੍ਹਾਂ ਨੌਜਵਾਨਾਂ ਦੇ ਸੰਘਰਸ਼ ਨੂੰ ਫਲ ਮਿਲਿਆ ਲਗਦਾ ਹੈ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਏ.ਕੇ. ਸਿੰਗਲਾ ਨੇ ਦੱਸਿਆ ਕਿ ਸਾਰੇ ਸਾਈਨ ਬੋਰਡਾਂ ’ਤੇ ਪੰਜਾਬੀ ਨੂੰ ਪਹਿਲੇ ਸਥਾਨ ’ਤੇ ਲਿਖਣ ਲਈ ਪ੍ਰਵਾਨਗੀ ਲੈ ਲਈ ਗਈ ਹੈ ਅਤੇ 10 ਨਵੰਬਰ ਤੱਕ ਸ਼ਾਹਰਾਹ ਬੋਰਡਾਂ ’ਤੇ ਕਾਲਖ ਫੇਰਨ ਵਾਲੇ ਲੋਕਾਂ ’ਤੇ ਸਰਕਾਰੀ ਸੰਪਤੀ ਨਾਲ ਛੇੜ-ਛਾੜ ਦਾ ਕੇਸ ਦਰਜ ਕੀਤਾ ਗਿਆ। ਜਦੋਂ ਕਿ ਸਰਕਾਰ ਨੇ ਇਹ ਮੰਨ ਲਿਆ ਕਿ ਗਲਤੀ ਹੋਣ ਕਾਰਨ ਪੰਜਾਬੀ ਸਭ ਤੋਂ ਹੇਠਾਂ ਲਿਖੀ ਗਈ ਤਾਂ ਉਸ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨਾ ਠੀਕ ਨਹੀਂ। ਆਮ ਪੰਜਾਬੀ ਹਿਤੈਸ਼ੀਆਂ ਵੱਲੋਂ ਇਸ ਕਿਸਮ ਦਾ ਵਿਰੋਧ ਇਕ ਕਿਸਮ ਦਾ ਸ਼ੁਭ ਸ਼ਗਨ ਹੈ। ਜੇ ਇਉਂ ਸਾਰੇ ਲੋਕ ਸੋਚਣ ਲੱਗਣ ਅਤੇ ਖੁਲ੍ਹਕੇ ਪੰਜਾਬੀ ਦੇ ਹੱਕ ਵਿੱਚ ਨਿਤਰਨ ਤਾਂ ਉਹ ਦਿਨ ਦੂਰ ਨਹੀਂ ਕਿ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਰੁਤਬਾ ਜ਼ਰੂਰ ਮਿਲੇਗਾ। ਰੱਬ ਕਰੇ ਇਹ ਦਿਨ ਜਲਦੀ ਆਵੇ।

WRITTEN BY