Skip to content
Independent perspectives. Global stories.
BREAKING

ਸਰਬ ਦਾਤਾ ਸਰਬ ਗਯਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

Share this story

ਬਾਦਸ਼ਾਹ ਦਰਵੇਸ਼ , ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਮਨ ਨੂੰ ਰੂਹਾਨੀ ਪ੍ਰਕਾਸ਼ ਨਾਲ ਰੋਸ਼ਨ ਕਰ ਦੇਣ ਵਾਲਾ , ਆਤਮਿਕ ਤ੍ਰਿਪਤੀ ਪ੍ਰਦਾਨ ਕਰਨ ਵਾਲਾ , ਜੀਵਨ ਪ੍ਰਤੀ ਦ੍ਰਿਸ਼ਟੀ ਬਦਲ ਦੇਣ ਵਾਲਾ , ਅਗਾਂਹ ਵਧ ਕੇ ਮਨੁਖਤਾ ਤੇ ਆਪਾ ਵਾਰ ਦੇਣ ਲਈ ਪ੍ਰੇਰਨ ਵਾਲਾ ਤੇ ਪਰਮੇਸ਼ਵਰ ਦੀ ਸਰਬ ਵਿਆਪਕਤਾ ਨਾਲ ਇਕਸਾਰ ਕਰਨ ਵਾਲਾ ਹੈ। ਇਕ ਵਾਰ ਗੁਰੂ ਸਾਹਿਬ ਦਾ ਨਾਮ ਲੈਣਾ ਹੀ ਜੀਵਨ ਧੰਨ ਧੰਨ ਕਰ ਦਿੰਦਾ ਹੈ 9 ਕੁਝ ਬਚਦਾ ਹੀ ਨਹੀਂ ਬਿਆਨ ਕਰਨ ਲਾਇਕ। ਗੁਰੂ ਸਾਹਿਬ ਦੀ ਮਹਾਨਤਾ ਦਾ ਵਰਣਨ ਕਰਨ ਦੀ ਸਮਰਥਾ ਹੀ ਨਹੀ ਰਹਿੰਦੀ। ਕੋਈ ਹੋਰ ਅਜਿਹੀ ਸ਼ਖਸੀਅਤ ਨਹੀਂ ਹੋਈ ਜੇ ਤੁਲਨਾ ਕੀਤੀ ਜਾ ਸਕੇ , ਕੋਈ ਇੰਨਾ ਕਾਬਲ ਨਹੀਂ ਹੋਇਆ ਜੋ ਨਜਰ ਭਰ ਕੇ ਗੁਰੂ ਸਾਹਿਬ ਨੂੰ ਸੰਪੂਰਨਤਾ ’ਚ ਵੇਖਣ ਦਾ ਜਤਨ ਕਰ ਸਕੇ ।
ਸੰਸਾਰ ਅੰਦਰ ਪਰਮਾਤਮਾ ਦੀ ਸਤਾ ਉਸ ਦੇ ਕਲਿਆਣਕਾਰੀ ਵਰਤਾਰੇ ਰਾਹੀਂ ਲੋਕਾਂ ਦੇ ਮਨਾਂ ਤੇ ਚਲਦੀ ਆਈ ਹੈ । ਉਸ ਦੀ ਬੇਅੰਤ ਸ਼ਕਤੀ ‘ਚ ਮਨੁਖ ਨੇ ਸਦਾ ਆਪਣੇ ਹਿਤ ਵੇਖੇ ਹਨ ਅਤੇ ਸੁਰਖਿਆ ਮਹਿਸੂਸ ਕੀਤੀ ਹੈ । ਉਸ ਦੀ ਨੇੜਤਾ ਪ੍ਰਾਪਤ ਕਰਨ ਲਈ ਸਰਵ ਸ਼ਕਤੀਸ਼ਾਲੀ ਪਰਮਾਤਮਾ ਨੂੰ ਮਾਤਾ , ਪਿਤਾ , ਸੁਤ , ਮੀਤ, ਭ੍ਰਾਤਾ ਆਦਿਕ ਸਾਰੇ ਸਾਂਸਾਰਿਕ ਸੰਬੰਧਾਂ ਅੰਦਰ ਗ੍ਰਹਿਣ ਕੀਤਾ ਗਿਆ। ਪੁਰਾਣਿਕ ਕਾਲ ‘ਚ ਸਵ ਹਿਤ ਦੀ ਇਸ ਬਹੁ ਪਖੀ ਕਲਪਨਾ ਨੇ ਕਿਤਨੇ ਹੀ ਦੇਵੀ , ਦੇਵਤਿਆਂ ਨੂੰ ਆਕਾਰ ਦਿਤਾ ਅਤੇ ਕਿਤਨੀਆਂ ਹੀ ਧਾਰਮਿਕ ਵਿਧੀਆਂ ਹੋਂਦ ਵਿਚ ਆਉਂਦੀਆਂ ਗਈਆਂ। ਮਨੁਖੀ ਕਲਪਨਾ ਅੰਦਰ ਪਰਮਾਤਮਾ ਅਜਿਹੀ ਸ਼ਕਤੀ ਬਣ ਕੇ ਉਭਰਿਆ ਜੋ ਹਰ ਵਿਪਦਾ ਹਰਨ ਵਾਲਾ, ਹਰ ਕਸ਼ਟ ਦੂਰ ਕਰਨ ਵਾਲਾ, ਹਰ ਦਾਤ ਦੇਣ ਵਾਲਾ, ਹਰ ਮਾਣ ਬਖਸ਼ਣ ਵਾਲਾ , ਹਰ ਪਲ ਪਤਿ ਰਖਣ ਵਾਲਾ ਅਤੇ ਸਦਾ ਮਤਿ ਦੇਣ ਵਾਲਾ ਸੀ। ਇਸ ਕਾਰਣ ਹੀ ਪਰਮਾਤਮਾ ਨੂੰ ਦਿਆਲੂ, ਕ੍ਰਿਪਾਲੂ , ਦਾਤਾ , ਰਖਿਅਕ ਅਤੇ ਸਹਾਈ ਕਿਹਾ ਗਿਆ। ਅਧਿਆਤਮਿਕ ਜਗਤ ਦਾ ਆਧਾਰ ਹੀ ਪਰਮਾਤਮਾ ਦੇ ਗੁਣ ਬਣੇ। ਮਨੁਖ ਦੀ ਆਦਿ ਕਾਲ ਤੋਂ ਰਚੀ ਗਈ ਇਹ ਕਲਪਨਾ ਸਤਾਹਰਵੀਂ ਸਦੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਸ਼ਖਸੀਅਤ ਦੇ ਰੂਪ ਵਿਚ ਸਾਕਾਰ ਹੋਈ ਅਤੇ ਸੰਸਾਰ ਨੂੰ ਪਹਿਲੀ ਵਾਰ ਇਨ੍ਹਾਂ ਸਾਰੇ ਗੁਣਾਂ ਦੇ ਪ੍ਰਤਖ ਦਰਸ਼ਨ ਇਕੋ ਨਾਲ ਹੋਏ। ਧਾਰਮਿਕ ਕਟੜਤਾ ਨੂੰ ਢਾਹ ਲਾਉਣ ਅਤੇ ਭਾਰਤ ਦੀ ਧਾਰਮਿਕ , ਸਮਾਜਿਕ ਕੀਮਤਾਂ ਨੂੰ ਬਚਾਉਣ ਲਈ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਹੋਈ ਸ਼ਹਾਦਤ ਤੋਂ ਬਾਅਦ ਨੌ ਸਾਲ ਦੀ ਆਯੂ ਵਿਚ ਗੁਰਗਦੀ ਦੇ ਆਸੀਨ ਹੋਣਾ ਕੋਈ ਸੰਜੋਗ ਨਹੀਂ ਪਰਮਾਤਮਾ ਦਾ ਨਿਰਣਾਂ ਸੀ ਆਪਣੇ ਆਪ ਨੂੰ ਪੂਰਨ ਤੌਰ ਤੇ ਪ੍ਰਕਟ ਕਰਨ ਦਾ। ਗੁਰੂ ਨਾਨਕ ਸਾਹਿਬ ਦਾ ਕਾਲ ਪਰਮਾਤਮਾ ਦਾ ਉਦੈ ਕਾਲ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗਦੀ ਤੇ ਵਿਰਾਜਮਾਨ ਹੋਣਾ ਦੁਪਹਿਰ ਹੋਣਾ ਸੀ ਜਦੋਂ ਸੂਰਜ ਆਪਣੇ ਪੂਰੇ ਗੋਲ ਆਕਾਰ ਵਿਚ, ਭਰਪੂਰ ਰੋਸ਼ਨੀ ਨਾਲ ਆਕਾਸ਼ ਦੇ ਵਿਚੋ ਵਿਚ ਚਮਕਣ ਲਗ ਪੈਂਦਾ ਹੈ ਜਿਸ ਦੀ ਝਲਕ ਸਹਾਰੀ ਨਹੀਂ ਜਾਂਦੀ। ਅਠ – ਨੌ ਸਾਲ ਦੀ ਉਮਰ ਵਿਚ ਪਿਤਾ ਨੂੰ ਬਲੀਦਾਨ ਲਈ ਪ੍ਰੇਰਿਤ ਕਰਣਾ ਨਾਲ ਹੀ “ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ “ ਦੇ ਆਸ਼ਾਵਾਦ ਨਾਲ ਲਬਰੇਜ ਵਚਨ ਕਹਿ ਕੇ ਆਪਣੀ ਅੰਤਰ ਚੇਤਨਾ ਪ੍ਰਕਟ ਕਰਦਿਆਂ ਭਵਿਖ ਬਾਰੇ ਨਿਸ਼ਚਿੰਤ ਕਰਣਾ ਇਕ ਲਾਸਾਨੀ ਘਟਨਾ ਸੀ। ਸੰਸਾਰ ਦੇ ਇਤਿਹਾਸ ਵਿਚ ਇਹੋ ਜੇਹੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਇਹ ਗੁਰੂ ਗੋਬਿੰਦ ਸਿੰਘ ਜੀ ਦੇ “ ਧਰਮ ਚਲਾਵਨ ਸੰਤ ਉਬਾਰਨ , ਦੁਸਟ ਸਭਨ ਕੋ ਮੂਲ ਉਪਾਰਨ “ ਦ੍ਰਿੜ੍ਹ ਨਿਸ਼ਚੈ ਦੀ ਮਹਾਨ ਆਰੰਭਤਾ ਸੀ। ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਤੋਂ ਬਾਅਦ ਉਤਪੰਨ ਹੋਏ ਹਾਲਾਤ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਧੀਰਜ ਅਤੇ ਸੂਝ ਨਾਲ ਸਾਮਨਾ ਕੀਤਾ ਅਤੇ ਜਿਸ ਤਰਹ ਕਦਮ ਦਰ ਕਦਮ ਆਪਣੇ ਨਿਸ਼ਚੈ ਨੂੰ ਕਾਰਜ ਰੂਪ ਵਿਚ ਬਦਲਿਆ ਉਹ ਤੀਵ੍ਰ ਤੋਂ ਤੀਵ੍ਰ ਮਨੁਖੀ ਬੁਧੀ ਨੂੰ ਹੈਰਾਨ ਕਰ ਦੇਣ ਵਾਲਾ ਸਾਬਿਤ ਹੋਇਆ।
ਅਕਾਲ ਪੁਰਖ ਦੀ ਆਗਿਆ ਅਨੁਸਾਰ ਜਿਸ ਧਰਮ ਰਾਜ ਦੀ ਸਥਾਪਨਾ ਲਈ ਗੁਰੂ ਗੋਬਿੰਦ ਸਿੰਘ ਜੀ ਸੰਸਾਰ ‘ਚ ਪ੍ਰਕਟ ਹੋਏ ਉਸ ਦਾ ਪਹਿਲਾ ਥੰਮ ਬਣਿਆ ਗਿਆਨ। ਗੁਰੂ ਸਾਹਿਬ ਨੇ ਵਡੇ ਪਧਰ ਤੇ ਸਮਾਜ ਨੂੰ ਜਾਗ੍ਰਤ ਕਰਨ ਲਈ ਭਰਮ , ਦੁਵਿਧਾ , ਸ਼ੰਕਾ ਅਤੇ ਅਗਿਆਨਤਾ ਦੀ ਨਿਵ੍ਰਿਤੀ ਦਾ ਉਦੇਸ਼ ਅਗੇ ਰਖਿਆ . ਦੂਰ ਦੂਰ ਤੋਂ ਵਿਦਵਾਨ , ਕਵੀ , ਗਿਆਨੀ ਸਦ ਕੇ ਆਪਣੇ ਦਰਬਾਰ ‘ਚ ਆਦਰ ਪੂਰਨ ਸਥਾਨ ਦੇਣਾ ਅਤੇ ਉਹਨਾਂ ਨੂੰ ਸ਼੍ਰੇਸ਼ਠ ਸਾਹਿਤ ਰਚਨ ਲਈ ਪ੍ਰੇਰਿਤ ਕਰਣਾ ਇਕ ਅਤਿ ਮਹਤਵਪੂਰਨ ਕਦਮ ਸੀ ਜਿਸ ਨੇ ਆਮ ਲੋਕਾਂ ਨੂੰ ਬੌਧਿਕ ਅਤੇ ਆਤਮਿਕ ਤੋਰ ਤੇ ਬਲਵਾਨ ਬਣਾਉਣ ‘ਚ ਵਡੀ ਭੂਮਿਕਾ ਅਦਾ ਕੀਤੀ। ਗੁਰੂ ਸਾਹਿਬ ਨੇ ਚੋਣਵੇ ਸਿਖਾਂ ਨੂੰ ਸੰਸਕ੍ਰਿਤ ਭਾਸ਼ਾ ਦਾ ਗਿਆਨ ਹਾਸਿਲ ਕਰਨ ਅਤੇ ਧਰਮ, ਅਧਿਆਤਮ ਦੇ ਗੂੜ੍ਹ ਤਤ ਜਾਨਣ ਲਈ ਬਨਾਰਸ ਭੇਜਿਆ ਜੋ ਗਿਆਨ ਦਾ ਮੁਖ ਕੇਂਦਰ ਮਨਿਆ ਜਾਂਦਾ ਸੀ । ਕਈ ਇਤਿਹਾਸਕ ਗ੍ਰੰਥਾਂ ਦੇ ਅਨੂਵਾਦ ਪੰਜਾਬੀ ਭਾਸ਼ਾ ਵਿਚ ਕੀਤੇ ਗਏ . ਇਸ ਨਾਲ ਗਿਆਨ ਤੇ ਇਕ ਖਾਸ ਵਰਗ ਦੀ ਥਾਈ ਗਈ ਆਪ ਹੁਦਰੀ ਮਿਲਕੀਅਤ ਨੂੰ ਗਹਿਰਾ ਧਕਾ ਲਗਿਆ ਅਤੇ ਆਮ ਲੋਕਾਂ ਦੇ ਮਨ ਵਿਸ਼ਵਾਸ ਨਾਲ ਭਰਪੂਰ ਹੋ ਗਏ। ਧਰਮ ਜੋ ਉਚ ਸ਼੍ਰੇਣੀ ਦੀ ਚਰਚਾ ਦਾ ਵਿਸ਼ੇਸ਼ਾਧਿਕਾਰ ਸੀ ਆਮ ਲੋਕਾਂ ਦੇ ਖੁਲੇ ਚਿੰਤਨ ਦਾ ਵਿਸ਼ਾ ਬਣ ਗਿਆ। ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਹੀ ਸੰਗਤ ਨਾਲ ਅਧਿਆਤਮਿਕ ਚਿੰਤਨ ਦੀ ਪਰੰਪਰਾ ਪੈ ਚੁਕੀ ਸੀ। ਗੁਰੂ ਸਾਹਿਬਾਨ ਨੇ ਕਦੇ ਵੀ ਉਪਦੇਸ਼ ਦੀ ਪਰੰਪਰਾਗਤ ਸ਼ੈਲੀ ਨਹੀਂ ਸੀ ਅਪਨਾਈ। ਗੁਰੂ ਗਿਆਨ ਦੇ ਸਿਧਾਂਤ ਸਮੂਹਿਕ ਚਰਚਾ ਦੁਰਾਨ , ਗੁਰੂ ਸਾਹਿਬਾਨ ਦੇ ਆਚਾਰ ਜਾਂ ਹਰਿ ਜਸ ਗਾਇਨ ਰਾਹੀਂ ਪ੍ਰਕਟ ਹੋਇਆ ਕਰਦੇ ਸਨ। ਭਾਈ ਗੁਰਦਾਸ ਜੀ ਅਤੇ ਬ੍ਰਹਮ ਗਿਆਨੀ ਬਾਬਾ ਬੁਢਾ ਜੀ ਜੇਹੇ ਵਿਦਵਾਨ ਇਸ ਪ੍ਰਕ੍ਰਿਆ ਦੇ ਹੀ ਸੁਫਲ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਕ੍ਰਿਆ ਨੰਾ ਇਕ ਵਿਆਪਕ ਫਲਕ ਪ੍ਰਦਾਨ ਕੀਤਾ ਜੋ ਸਮਕਾਲੀ ਪਰਿਸਥਿਤੀਆਂ ਦਾ ਪਰਿਣਾਮ ਅਤੇ ਸਮੇਂ ਦੀ ਲੋੜ ਮੁਜਬ ਸੀ। ਗੁਰੂ ਸਾਹਿਬ ਨੇ ਆਪ ਸਿਖਾਂ ਦੇ ਆਤਮਿਕ ਵਿਕਾਸ ‘ਚ ਸਹਾਇਕ ਸ੍ਰੇਸ਼ਠ ਬਾਣੀ ਰਚੀ ਜੋ ਅੰਮ੍ਰਿਤਮਈ ਅਤੇ ਜੀਵਨਦਾਈ ਸਿਧ ਹੋਈ। ਗਿਆਨ ਦੇ ਇਸ ਮਾਰਗ ਨੇ ਸਿਖਾਂ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਮਨੋਵਰਿਤੀ ਨੂੰ ਬਦਲਣ ਦਾ ਕੰਮ ਕੀਤਾ। ਇਸ ਬਿਨਾ ਵਿਆਪਕ ਸਾਮਾਜਿਕ ਚੇਤਨਾ ਸੰਭਵ ਨਹੀਂ ਸੀ।
ਗੁਰੂ ਸਾਹਿਬ ਦਾ ਅਗਲਾ ਕਦਮ ਸਿਖਾਂ ਨੂੰ ਹਾਲਤ ਅਤੇ ਅਨਿਆ ਦਾ ਮੁਕਾਬਲਾ ਕਰਨ ਯੋਗ ਬਣਾਉਣਾ ਸੀ। ਜੋਰ , ਜਬਰ ਨੂੰ ਸਿਧਾਂਤਾਂ ਨਾਲ ਨਹੀਂ ਸਿਧਾਂਤਕ ਵੀਰਤਾ ਨਾਲ ਹੀ ਪਰਾਜਿਤ ਕੀਤਾ ਜਾ ਸਕਦਾ ਸੀ। ਗੁਰੂ ਹਰਿਗੋਬਿੰਦ ਜੀ ਮੀਰੀ ਅਤੇ ਪੀਰੀ ਦੀਆਂ ਤਲਵਾਰਾਂ ਧਾਰਣ ਕਰ ਕਰ ਪੰਥ ਨੂੰ ਪਹਿਲਾਂ ਹੀ ਇਸ ਦਿਸ਼ਾ ਵਲ ਅਗਾਂਹ ਵਧਾ ਚੁਕੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਣਾਂ ਮੀਰੀ ਤੇ ਪੀਰੀ ਨੂੰ ਸਿਖਾਂ ਦਾ ਸੁਭਾਵ ਬਣਾ ਦੇਣ ਦਾ ਸੀ। ਇਸ ਲਈ ਪਹਿਲਾਂ ਸਿਖਾਂ ’ਚ ਵੀਰਤਾ ਦਾ ਭਾਵ ਭਰਿਆ ਗਿਆ, ਫੌਜ ਤਿਆਰ ਹੋਈ ਫਿਰ ਖਾਲਸਾ ਪੰਥ ਦੀ ਸਾਜਨਾ ਦਾ ਮਹਾਨ ਅਤੇ ਇਤਿਹਾਸਕ ਕਾਰਜ ਸੰਪੰਨ ਹੋਇਆ। ਖਾਲਸਾ ਦਾ ਅਰਥ ਆਮ ਲੋਕਾਂ ਨੂੰ ਅਧਿਆਤਮਿਕ , ਸਾਮਾਜਿਕ ਅਤੇ ਰਾਜਸੀ ਪਾਤਿਸ਼ਾਹੀ ਪ੍ਰਦਾਨ ਕਰਣਾ ਸੀ । ਗੁਰੂ ਸਾਹਿਬ ਨੇ ਆਪਣੀ ਸ਼ਕਤੀ ਵੀ ਪੰਜ ਪਿਆਰਿਆਂ ਰਾਹੀਂ ਪੰਥ ਵਿਚ ਨਿਹਿਤ ਕਰ ਦਿਤੀ। ਪੰਜ ਕਕਾਰ ਬਖ਼ਸ਼ ਕੇ ਗੁਰੂ ਸਾਹਿਬ ਨੇ ਵਿਅਕਤੀਗਤ ਅਤੇ ਪੰਥਕ ਅਨੁਸ਼ਾਸਨ ਦਾ ਸੁਮੇਲ ਕੀਤਾ ਜੋ ਸਦਾ ਲਈ ਮਰਿਆਦਾ ਕਾਇਮ ਰਖਣ ਦਾ ਸਖ਼ਤ ਸੁਨੇਹਾ ਸੀ। ਗੁਰੂ ਸਾਹਿਬ ਨੇ ਕਿਹਾ ਕਿ ਮਰਿਆਦਾ ਦੀ ਉਲੰਘਣਾ ਪਰਮੇਸ਼ਵਰ ਤੋਂ ਦੂਰ ਕਰਨ ਵਾਲੀ ਹੈ “ ਜੇ ਜੇ ਬਾਦਿ ਕਰਤ ਹੰਕਾਰਾ॥ ਤਿਨ ਤੇ ਭਿੰਨ ਰਹਤ ਕਰਤਾਰਾ॥ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਪਰਮੇਸ਼ਵਰ ਵਿਚ ਰਮਿਆ ਹੋਇਆ ਜੋਧਾ ਸੀ ਜੋ ਦੁਸ਼ਟ ਦਮਨ ਅਕਾਲਪੁਰਖ ਦਾ ਪ੍ਰਤਾਪ ਪ੍ਰਕਟ ਕਰਨ ਲਈ ਕਰ ਰਿਹਾ ਸੀ , ਜਿਸ ਦੀ ਤੇਗ ਰੂਹਾਨਿਅਤ ਦੀ ਰੋਸ਼ਨੀ ‘ਚ ਲਿਸ਼ਕ ਲਿਸ਼ਕ ਮਨੁਖੀ ਹਿਤਾਂ ਦੀ ਰਾਹ ਰੋਸ਼ਨ ਕਰ ਰਹੀ ਸੀ ਅਤੇ ਜਿਸ ਦਾ ਰੰਜੀਤ ਨਗਾਰਾ “ ਸਜਸ ਤੁਯੰ॥ ਧਜਸ ਤੁਯੰ॥ ਅਲਸ ਤੁਯੰ॥ ਇਕਸ ਤੁਯੰ॥ ਦੀ ਗੂੰਜ ਕਢਦਾ ਹੋਇਆ ਧਰਮ ਦੀ ਜੈ ਜੈਕਾਰ ਕਰ ਰਿਹਾ ਸੀ। ਗੁਰੂ ਸਾਹਿਬ ਦੁਆਰਾ ਸਾਜੇ ਗਏ ਖਾਲਸਾ ਦਾ ਪਰਮਾਤਮਾ ਦੇ ਨਿਆਅ ਤੇ ਅਤੁਟ ਵਿਸ਼ਵਾਸ ਸੀ “ ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਲੋਕ ਚਪੈਂਗੇ। ਗੁਰੂ ਸਾਹਿਬ ਨੇ ਖਾਲਸਾ ਨੂੰ ਆਪਨੇ ਖਾਸ ਰੂਪ ਅਤੇ ਸੰਤਾਨ ਦੇ ਤੋਰ ਦੇ ਦੇਖਿਆ ਤੇ ਪਿਆਰ, ਸਤਿਕਾਰ ਕੀਤਾ ਜੋ ਵਿਲਖਣ ਸੀ।
ਗੁਰੂ ਨਾਨਕ ਦੇ ਦਰ ਦੇ ਸੇਵਕਾਂ ਦੀ ਸਿਖ ਪੰਥ ਤੋਂ ਖਾਲਸਾ ਪੰਥ ਤੀਕ ਦੀ ਯਾਤਰਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਚੰਡ ਰੂਹਾਨੀ ਤੇਜ ਦਾ ਵਿਸਮਾਦੀ ਕਰਿਸ਼ਮਾ ਸੀ। ਜਿਨ੍ਹਾਂ ਕਦੇ ਹਥਿਆਰ ਚੁਕ ਕੇ ਵੀ ਨਾ ਦੇਖੇ ਹੋਣ ਉਹ ਰਣ ‘ਚ ਵੈਰੀ ਤੇ ਬਾਜ ਵਾਂਗੂਂ ਟੁਟਣ ਲਗ ਪਏ ਅਤੇ ਸ਼ੀਸ਼ ਵਾਰਦੀਆਂ ਜਿੰਦਗੀ ਦੇ ਜਸ਼ਨ ਮਨਾਉਣ ਲਗ ਪਏ। ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਖਾਲਸਾ ਨੂੰ ਸਿਰ ਵਾਰਨ ਦੀ ਜਾਚ ਸਿਖਾਈ ਅਤੇ ਇਸ ਤੋਂ ਬਾਅਦ ਵੀ ਚੜ੍ਹਦੀਕਲਾ ਵਿਚ ਰਹਿਣਾ ਦਸਿਆ “ ਨ ਪੋਚੀਦਾ ਮੂਇ ਨ ਰੰਜੀਦਹ ਤਨ ਕਿ ਬੇਰੂੰ ਖੁਦਾਵਰਦ ਦੁਸ਼ਮਨ ਸ਼ਿਕਨ ॥ ਇਹ ਪੰਕਤੀ ਗੁਰੂ ਸਾਹਿਬ ਦੀ ਅਮਰ ਕ੍ਰਿਤੀ ਜਫਰਨਾਮਾ ਦੀ ਹੈ ਜਿਸ ਰਾਹੀਂ ਆਨੰਦਪੁਰ ਸਾਹਿਬ ਛਡਣ , ਮਨੁਖਤਾ ਲਈ ਸਰਬੰਸ ਵਾਰਨ ਤੇ ਸਿਖਾਂ ਦੇ ਖਿੰਡਰ ਜਾਣ ਤੋਂ ਬਾਅਦ ਵੀ ਅਗੰਮੀ ਸ਼ਕਤੀ ਨਾਲ ਭਰਪੂਰ ਗੁਰੂ ਸਾਹਿਬ ਨੇ ਦੀਨੇ ਦੀ ਧਰਤੀ ਤੋਂ ਹਿੰਦੁਸਤਾਨ ਦੀ ਸਲਤਨਤ ਨੂੰ ਵੰਗਾਰਦਿਆਂ ਕਿਹਾ ਕਿ ਸਾਡਾ ਜਰਾ ਵੀ ਵਾਲ ਵਿੰਗਾ ਨਹੀਂ ਹੋਇਆ ਅਤੇ ਨਾ ਹੀ ਕੋਈ ਕਸ਼ਟ ਹੋਇਆ ਹੈ। ਪਰਮਾਤਮਾ ਨੇ ਆਪ ਸਹਾਇਕ ਹੋ ਕੇ ਸਾਨੂੰ ਦੁਸ਼ਟ ਵੈਰੀਆਂ ਦੇ ਕੁਚਕ੍ਰ ਤੋਂ ਬਾਹਰ ਸੁਰਖਿਅਤ ਕਢ ਲਿਆਂਦਾ ਹੈ। ਹਰ ਸਥਿਤੀ, ਹਰ ਔਂਕੜ ‘ਚ ਪਰਮਾਤਮਾ ਤੇ ਅਥਾਹ ਭਰੋਸਾ ਅਤੇ ਸੰਜਮ ਰਖਣ ਦਾ ਨਾਮ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਸੀ।
ਸਿਖ ਨੂੰ ਵੀਰ ਜੋਧਾ , ਵਡੇਰਾ ਸਾਧਕ ਜਾਂ ਪਰੋਪਕਾਰੀ ਬਨਾਉਣਾ ਹੀ ਗੁਰੂ ਸਾਹਿਬ ਦਾ ਉਦੇਸ਼ ਨਹੀਂ ਸੀ। ਗੁਰੂ ਸਾਹਿਬ ਦਾ ਮਾਰਗ ਗੁਰਸਿਖ ਨੂੰ ਪਰਮਾਤਮਾ ਦੀ ਸ਼ਰਣ ’ਚ ਲਿਜਾਣ ਵਾਲਾ ਸੀ। ਇਸ ਲਈ ਗੁਰੂ ਸਾਹਿਬ ਨੇ ਪ੍ਰੇਮ ਨੂੰ ਮਾਧਿਅਮ ਬਣਾਇਆ “ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗਿਆਨ ਪ੍ਰਾਪਤ ਕਰਣਾ , ਸ਼ਸਤਰ ਧਾਰਣ ਕਰਣਾ , ਜੁਧ ਕਰਨੇ , ਨਾਮ ਜਪਨਾ , ਤਿਆਗ , ਬਲਿਦਾਨ ਕਰਣਾ ਮਾਤਰ ਨਿਮਿਤ ਸਨ ਮਨ ਨੂੰ ਨਿਰਮਲ ਕਰਨ ਅਤੇ ਪ੍ਰੇਮ ਦੀ ਰਾਹ ਖੋਲਣ ਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗਦੀ ਸੌਂਪ ਕੇ ਗੁਰੂ ਸਾਹਿਬ ਖਾਲਸਾ ਪੰਥ ਨੂੰ ਸਦਾ ਲਈ ਗੁਰੂ ਸ਼ਬਦ ਦੀ ਅਧੀਨਤਾ ਹੇਠ ਲੈ ਆਏ। ਇਕ ਗਿਆਨਵਾਨ , ਵੀਰ , ਪਰੋਪਕਾਰੀ , ਸਾਧਕ , ਧਰਮੀ ਜਦੋਂ ਪ੍ਰੇਮ ਦੀ ਗਲ ਕਰਦਾ ਹੈ ਤਾਂ ਪ੍ਰੇਮ ਦਾ ਸਚਾ ਸਵਰੂਪ ਸਜੀਵ ਹੋ ਉਠਦਾ ਹੈ। ਸਿਖ ਬਲਿਦਾਨਾਂ ਦਾ ਗੌਰਵਮਈ ਇਤਿਹਾਸ ਪਰਮਾਤਮਾ ਅਤੇ ਮਨੁਖਤਾ ਪ੍ਰਤੀ ਅਤੁਟ ਅਤੇ ਪ੍ਰਤੀਬਧ ਪ੍ਰੇਮ ਕਾਰਣ ਹੀ ਬਣ ਸਕਿਆ।
ਗੁਰੂ ਗੋਬਿੰਦ ਸਿੰਘ ਜੀ ਦੀ ਵਿਸਮਾਦੀ ਸ਼ਖਸੀਅਤ ਪਰਮਾਤਮਾ ਦੇ ਗੁਣਾਂ ਦੇ ਸੰਪੂਰਨਤਾ ਵਿਚ ਦਰਸ਼ਨ ਕਰਾਉਣ ਵਾਲੀ ਹੈ। ਗੁਰੂ ਸਾਹਿਬ ਦੇ ਗੁਣਾਂ ਦੀ ਚਰਚਾ ਕੀਤੀ ਜਾ ਸਕਦੀ ਹੈ ਪਰ ਸ਼ਲਾਘਾ ਕਰਣਾ ਅਤੇ ਕੀਮਤ ਪਾਉਣਾ ਕਿਸੇ ਵੀ ਕਲਮ ਜਾਂ ਜੁਬਾਨ ਦੀ ਸਮਰਥਾ ’ਚ ਨਹੀਂ . ਗੁਰੂ ਸ਼ੋਭਾ ਅਕਥ ਹੈ।

WRITTEN BY