Skip to content
Independent perspectives. Global stories.
BREAKING

ਕੀ ਝੋਨੇ ਦੇ ਖੇਤ ਨੂੰ ਅਗ ਲਾਉਣਾ ਜਾਇਜ਼ ਹੈ?

Share this story

ਕਿਸਾਨਾਂ ਵਲੋਂ ਖੇਤਾਂ ਦੀ ਪਰਾਲੀ ਨੂੰ ਅਗ ਲਗਾਉਣਾ ਅਜਕਲ੍ਹ ਉਲਝੀ ਤੰਦ ਬਣਿਆ ਹੋਇਆ ਹੈ।ਕਿਸਾਨ ਅਤੇ ਸਰਕਾਰਾਂ ਇਸ ਮੁਦੇ ਤੇ ਆਹਮੋ- ਸਾਹਮਣੇ ਹਨ ।ਕਿਸਾਨ ਆਰਥਿਕ ਮੰਦਹਾਲੀ ਦਾ ਵਾਸਤਾ ਪਾਕੇ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦਸ ਰਹੇ ਹਨ ਜਦਕਿ ਨੈਸਨਲ ਗ੍ਰੀਨ ਟ੍ਰਿਬਿਊਨਲ ਨੇ ਵਾਤਾਵਰਣ ਪ੍ਰਤੀ ਸੁਚੇਤ ਹੋਣ ਪ੍ਰਗਟਾਵਾ ਕਰਦਿਆਂ ਸਰਕਾਰਾਂ ਨੂੰ ਇਸ ਪ੍ਰਤੀ ਸਖਤਾਈ ਕਰਨ ਦੀ ਹਦਾਇਤ ਕੀਤੀ ਹੈ। ਇਸ ਮੁਦੇ ਪ੍ਰਤੀ ਵਖ ਵਖ ਵਿਚਾਰਕਾਂ ਦੀਆਂ ਵਿਚਾਰਾਂ/ਰਿਪੋਰਟਾਂ ਸਾਨੂੰ ਸਾਡੇ ਸੁਵਲੇ ,ਉਜਲੇ ਅਤੇ ਸੁਰਖਿਅਤ ਭਵਿਖ ਲਈ ਸੋਚਣ ਲਈ ਮਜਬੂਰ ਕਰਦੀਆਂ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਝੋਨੇ ਦੇ ਖੇਤਾਂ ਨੂੰ ਅਗ ਲਗਾਉਣ ਤੇ ਕੀਤੀ ਸਖ਼ਤੀ ਪ੍ਰਤੀ ਵਾਦ-ਵਿਵਾਦਾਂ ਵਿਚ ਕਿਸਾਨਾਂ ਦੀ ਆਰਥਿਕ ਮੰਦਹਾਲੀ ਦੇ ਹਵਾਲੇ ਨਾਲ ਖੇਤਾਂ ਚ ਅਗ ਲਗਾਉਣ ਨੂੰ ਕਿਸਾਨਾਂ ਦੀ ਮਜਬੂਰੀ ਵਜੋਂ ਪੇਸ਼ ਕੀਤਾ ਜਾਦਾ ਹੈ,ਪਰ ਸੋਚਣ ਵਾਲੀ ਗਲ ਇਹ ਹੈ ਜੇਕਰ ਕੋਈ ਮਜਬੂਰੀ ਆਮ ਲੋਕਾਂ ਲਈ ਮਾਰੂ ਸਾਬਤ ਹੋਵੇ ਤਾਂ ਕੀ ਉਹ ਮਜਬੂਰੀ ਜਾਇਜ ਹੈ?
ਇਕ ਰਿਪੋਰਟ ਅਨੁਸਾਰ ਝੋਨੇ ਦੀ ਪਰਾਲੀ ਨੂੰ ਅਗ ਲਗਾਉਣ ਨਾਲ ਜਹਿਰੀਲੀਆਂ ਅਤੇ ਘਾਤਕ ਗੈਸਾਂ ਪੈਦਾ ਹੁੰਦੀਆਂ ਹਨ।ਪੰਜਾਬ ਵਿਚ ਲਗਭਗ 65 ਲਖ ਏਕੜ ਜ਼ਮੀਨ ਵਿਚ ਝੋਨੇ ਦੀ ਖੇਤੀ ਹੁੰਦੀ ਹੈ।ਇਕ ਏਕੜ ਖੇਤ ਚੋਂ ਇਕ ਅੰਦਾਜੇ ਅਨੁਸਾਰ ਢਾਈ ਤੋਂ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ।ਇਸ ਤਰ੍ਹਾਂ ਇਕਲੇ ਪੰਜਾਬ ਚ ਲਗਭਗ 17.87 ਕ੍ਰੋੜ ਟਨ ਪਰਾਲੀ ਸਾੜ ਦਿਤੀ ਜਾਂਦੀ ਹੈ।ਜੋ ਸਾਡੇ ਵਾਤਾਵਰਣ ਨੂੰ ਜਹਿਰੀਲੀਆਂ ਗੈਸਾਂ ਨਾਲ ਭਰ ਦਿੰਦੀ ਹੈ।ਇਹਨਾਂ ਜਹਿਰੀਲੀਆਂ ਗੈਸਾਂ ਦਾ ਪ੍ਰਭਾਵ ਸਭ ਤੋਂ ਵਧ ਬਚਿਆਂ ਅਤੇ ਬਜੁਰਗਾਂ ਦੀ ਸਿਹਤ ਤੇ ਪੈਂਦਾ ਹੈ। ਆਮ ਦਿਨਾਂ ਚ ਸਾਡੇ ਸਾਹ ਨਾਲ ਸਰੀਰ ਅੰਦਰ ਜਾਣ ਵਾਲੇ ਮਹੀਨ ਧੂੜ ਕਣਾਂ ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ ਘਣ ਮੀਟਰ ਹੁੰਦੀ ਹੈ ,ਪਰ ਪਰਾਲੀ ਸਾੜਨ ਦੇ ਦਿਨਾਂ ਚ ਇਹ 425 ਮਿ.ਗ੍ਰਾ. ਘਣ ਮੀਟਰ ਤਕ ਹੋ ਜਾਂਦੀ ਹੈ।ਉਸਦੇ ਜੋ ਆਮ ਲੋਕਾਂ ਦੀ ਜ਼ਿੰਦਗੀ ਤੇ ਮਾਰੂ ਅਤੇ ਖਤਰਨਾਕ ਪ੍ਰਭਾਵ ਪੈਂਦੇ ਹਨ ਜਾਂ ਬਿਮਾਰੀਆਂ ਲਗਦੀਆਂ ਹਨ ਕੀ ਕਿਸਾਨਾਂ ਦੇ ਪਰਿਵਾਰ ਇਸ ਪ੍ਰਭਾਵ ਹੇਠ ਨਹੀਂ ਆਉਦੇ? ਪਰਾਲੀ ਸਾੜਨ ਨਾਲ ਪੈਦਾ ਹੋਏ ਧੂੰਏਂ ਨਾਲ ਅਨੇਕਾਂ ਸੜਕੀ ਹਾਦਸੇ ਵਾਪਰਦੇ ਹਨ ਅਤੇ ਬਹੁਤ ਮਨੁਖੀ ਜਾਨਾਂ ਚਲੀਆਂ ਜਾਦੀਆਂ ਹਨ , ਕੀ ਇਸ ਪ੍ਰਤੀ ਸਾਡੀ ਜੁੰਮੇਵਾਰੀ ਨਹੀਂ ਬਣਦੀ? ਇਸ ਤੋਂ ਇਲਾਵਾ ਅਨੇਕਾਂ ਜੀਵ ਜੰਤੂ, ਪਸ਼ੂ ਪੰਛੀ,ਕੀੜ ਮਕੌੜੇ ,ਕੀਟ ਪਤੰਗੇ, ਫੁਲ ਬੂਟੇ, ਦਰਖਤ ਆਦਿ ਦਾ ਵੀ ਅਗ ਨਾਲ ਸੜ ਜਾਂਦੇ ਹਨ ,ਕੀ ਇਹ ਕੁਦਰਤ ਨਾਲ ਸਰਾਸਰ ਅਨਿਆ ਨਹੀਂ ਹੈ? ਪਰਾਲੀ ਦੇ ਧੂੰਏ ਨਾਲ ਜੋ ਬਿਮਾਰੀਆਂ ਪੈਦਾ ਹੁੰਦੀਆਂ ਹਨ,ਕੀ ਉਸਦਾ ਸ਼ਿਕਾਰ ਕਿਸਾਨ ਦੇ ਪਰਿਵਾਰ ਨਹੀਂ ਹੁੰਦੇ?।ਉਸ ਬਿਮਾਰੀ ਤੇ ਹੋਣ ਵਾਲਾ ਖਰਚਾ ਵੀ ਕਿਸਾਨ ਲਈ ਹੋਰ ਆਰਥਿਕ ਮੰਦਹਾਲੀ ਦਾ ਕਾਰਨ ਬਣਦਾ ਹੈ।। ਖੇਤੀਬਾੜੀ ਮਾਹਿਰਾਂ ਮੁਤਾਬਿਕ ਪਰਾਲੀ ਸਾੜਨ ਨਾਲ ਲਗਭਗ 32 ਕਿਲੋ ਯੂਰੀਆ,5.5 ਕਿਲੋ ਡੀਪੀਏ, 51 ਕਿਲੋ ਪੋਟਾਸ਼ ਸੜ ਜਾਂਦੀ ਹੈ , ਸਾਡੀ ਜਮੀਨ ਦੇ ਉਪਜਾਊ ਸ਼ਕਤੀ ਨੂੰ ਘਟਾ ਦਿੰਦੀ ਹੈ ਅਤੇ ਇਸਦੀ ਪੂਰਤੀ ਲਈ ਸਾਨੂੰ ਜਿਆਦਾ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ ,ਜੋ ਆਰਥਿਕ ਮੰਦਹਾਲੀ ਵਲ ਇਸ਼ਾਰਾ ਕਰਦਾ ਹੈ।ਸੋ ਸਾਨੂੰ ਸਾਰਿਆਂ ਨੂੰ ਆਰਥਿਕ ਮੰਦਹਾਲੀ ਦੀ ਸੋਚ ਤੋਂ ਬਾਹਰ ਆਕੇ ਪੂਰੀ ਮਾਨਵਤਾ ਦੇ ਭਲੇ ਲਈ ਇਸ ਤੋਂ ਬਚਾਅ ਕਰਨ ਲਈ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ।ਧਰਤੀ ਦੀ ਹਰਿਆਵਲ ਬਰਕਰਾਰ ਰਖਣ ਵਧ ਤੋਂ ਵਧ ਬੂਟੇ ਲਗਾਉਣੇ ਚਾਹੀਦੇ ਹਨ।

WRITTEN BY