ਇਸ ਦੌਰ ਕੇ ਰਿਸ਼ਤੋਂ
ਮੇਂ ਵਫ਼ਾ ਢੂੰਡ ਰਹੇ ਹੋ।
ਅੱਛਾ ਹੈ ਚਲੋ ਕੁਛ ਤੋਂ
ਨਯਾ ਢੂੰਡ ਰਹੇ ਹੋ।
ਸ਼ਾਇਰ ਰਾਜੇਂਦਰ ਚਾਂਦ ਦਾ ਉਕਤ ਸ਼ੇਅਰ ਅੱਜ ਦੇ ਦੌਰ ਦੇ ਰਿਸ਼ਤਿਆਂ ਵਿੱਚ ਹੋ ਰਹੀ ਤੋੜ ਭੰਨ੍ਹ ਵੱਲ ਸੰਕੇਤ ਕਰ ਰਿਹਾ ਹੈ। ਸੱਚਮੁੱਚ ਅੱਜ ਦੇ ਦੌਰ ਦੇ ਰਿਸ਼ਤੇ ਤਿੜਕ ਰਹੇ ਹਨ। ਲਹੂ ਦੇ ਰਿਸ਼ਤੇ ਆਪਣੇ ਹੀ ਲਹੂ ਦੇ ਪਿਆਸੇ ਹੋ ਰਹੇ ਹਨ। ਇਹ ਜਾਣਨਾ ਮੁਸ਼ਕਿਲ ਹੋ ਰਿਹਾ ਹੈ ਕਿ ਵਫਾ ਕਿਸ ਰਸਤੇ ਵਿੱਚੋਂ ਮਿਲੇਗੀ। ਸਾਡੇ ਸਮਾਜ ਵਿੱਚ ਹੋ ਰਹੇ ਰਿਸ਼ਤਿਆਂ ਦੇ ਘਾਣ ਦੇ ਸਬੂਤ ਵਜੋਂ ਪਿਛਲੇ 40-45 ਦਿਨਾਂ ’ਚ ਹੋ ਰਹੀਆਂ ਘਟਨਾਵਾਂ ’ਤੇ ਨਜ਼ਰ ਮਾਰਨੀ ਠੀਕ ਰਹੇਗੀ।
ਪਹਿਲਾ ਘਟਨਾ ਜ਼ੀਰਾ ਦੀ ਨਹਿਰ ਕਾਲੋਨੀ ਦੀ ਹੈ ਜਿਥੇ 6 ਸਤੰਬਰ ਨੂੰ ਆਪਣੇ ਸਹੁਰੇ ਘਰ ’ਚ ਦਾਖਲ ਹੋ ਕੇ ਆਪਣੀ ਪਤਨੀ ਅਤੇ ਆਪਣੀ ਸੱਸ ਅਤੇ ਸਹੁਰੇ ਦਾ ਕਤਲ ਕਰ ਦਿੱਤਾ। ਸਿਰਫ ਇਨ੍ਹਾਂ ਹੀ ਨਹੀਂ ਸਗੋਂ ਘਰ ’ਚ ਪਏ ਆਪਣੇ ਸਾਲੇ ਅਤੇ ਸਾਲੇਹਾਰ ਨੂੰ ਗੰਭੀਰ ਰੂਪ ਵਿੱਚ ਜ਼ਖਮੀਂ ਕਰ ਦਿੱਤਾ। ਇਸ ਦਿਨ ਇਕ ਹੋਰ ਦੁੱਖਦਾਈ ਵਾਰਦਾਤ ਬਰਨਾਲਾ ਵਿਖੇ ਵਾਪਰੀ। ਇਥੇ ਇਕ 22 ਦਿਨਾਂ ਦੀ ਜੰਮੀ ਬੱਚੀ ਨੂੰ ਉਸ ਦੀ ਮਾਂ ਅਤੇ ਦਾਦੀ ਨੇ ਹੀ ਮਾਰ ਮੁਕਾ ਦਿੱਤਾ। ਬੱਚੀ ਦੀ ਲਾਸ਼ ਨੂੰ ਘਰ ਵਿੱਚ ਹੀ ਲੁਕੋਕੇ ਅਫਵਾਹ ਫੈਲਾਅ ਦਿੱਤੀ ਕਿ ਉਨ੍ਹਾਂ ਦੀ ਬੱਚੀ ਨੂੰ ਕੋਈ ਚੁੱਕ ਕੇ ਲੈ ਗਿਆ। ਜਦੋਂ ਅਸਲੀਅਤ ਸਾਹਮਣੇ ਆਉਣ ਤੇ ਪੁਲਿਸ ਨੇ ਨੂੰਹ-ਸੱਸ ਦੇ ਵਿਰੁੱਧ ਕੇਸ ਦਰਜ ਕਰ ਲਿਆ। 9 ਸਤੰਬਰ ਨੂੰ ਧੂਰੀ ਲਾਗਲੇ ਪਿੰਡ ਬਰੜ੍ਹਵਾਲ ਵਿੱਚ ਇਕ ਪੁੱਤ ਨੇ ਆਪਣੇ ਹੀ ਪਿਉ ਦਾ ਕਤਲ ਕਰ ਦਿੱਤਾ ਸੀ। ਮਾਮਲਾ ਮੱਝ ਵੇਚਣ ਦੇ ਵਿਵਾਦ ਤੋਂ ਸ਼ੁਰੂ ਹੋਇਆ ਸੀ।
30 ਸਤੰਬਰ 2017 ਨੂੰ ਪਟਿਆਲਾ ਵਿੱਚ ਵਾਪਰੀ ਇਕ ਹੋਰ ਘਟਨਾ ਪਿਓ-ਧੀ ਦੇ ਰਿਸ਼ਤੇ ਦੀ ਪਵਿੱਤਰਤਾ ਉਤੇ ਕਾਲਖ ਪੋਚਣ ਵਾਲੀ ਘਟਨਾ ਹੈ, ਇਥੇ ਇਕ 45 ਸਾਲਾ 15 ਸਾਲਾ ਸਰਕਾਰੀ ਮੁਲਾਜ਼ਮ ਨੇ ਆਪਣੀਆਂ ਜੋੜੀਆਂ ਧੀਆਂ ਜਿਨ੍ਹਾਂ ਦੀ ਉਮਰ ਮਸਾਂ 15 ਸਾਲਾਂ ਦੀ ਹੈ, ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬੱਚੀਆਂ ਦੀ ਸ਼ਿਕਾਇਤ ’ਤੇ ਪਿਤਾ ਜੇਲ੍ਹ ਦੀ ਸਲਾਖਾਂ ਪਿੱਛੇ ਹੈ। ਪਟਿਆਲਾ ਦੀ ਘਟਨਾ ਤੋਂ ਵੀ ਗਿਰੀ ਹੋਈ ਘਟਨਾ ਨੂੰ ਫਿਰੋਜ਼ਪੁਰ ਵਿਖੇ ਇਕ ਵਿਅਕਤੀ ਵੱਲੋਂ ਅੰਜਾਮ ਦਿੱਤਾ ਗਿਆ। ਇਥੇ ਇਕ ਬੰਦੇ ਨੇ ਆਪਣੀ ਸੱਕੀ ਪੋਤੀ ਨੂੰ ਆਪਣਾ ਸ਼ਿਕਾਰ ਬਣਾਇਆ। ਪੁਲਿਸ ਅਨੁਸਾਰ ਇਸ ਦਰਿੰਦੇ ਨੇ ਪੋਤੀ ਤੋਂ ਪਹਿਲਾਂਉਸ ਦੀ ਮਾਂ ਯਾਨੀ ਕਿ ਆਪਣੀ ਨੂੰ ਨਾਲ ਬਲਾਤਕਾਰ ਕੀਤਾ। ਉਹ ਅਜਿਹਾ ਸਭ ਕੁਝ ਆਪਣੇ ਪੁੱਤ ਦੀ ਗੈਰ ਹਾਜ਼ਰੀ ਵਿੱਚ ਕਰਦਾ ਸੀ। 4 ਅਕਤੂਬਰ 2017 ਨੂੰ ਅੰਮ੍ਰਿਤਸਰ ਵਿੱਚ ਵਾਪਰੀ ਇਕ ਘਟਨਾ ਵਿੱਚ ਇਕ ਵਿਅਕਤੀ ਵਿਰੁੱਧ ਕੇਸ ਦਰਜ ਹੋਇਆ ਹੈ। ਘਟਨਾ ਅਨੁਸਾਰ ਅੰਮ੍ਰਿਤਸਰ ਦੇ ਜੌੜਾ ਪਿੱਪਲ ਇਲਾਕੇ ਦੇ ਰਾਜੇਸ਼ ਕੁਮਾਰ ਨੇ ਆਪਣੇ ਪਿਤਾ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ।
ਉਕਤ ਘਟਨਾਵਾਂ ਸਤੰਬਰ 2017 ਅਤੇ ਅਕਤੂਬਰ 2017 ਦੇ ਪਹਿਲੇ ਹਫਤੇ ਵਿੱਚ ਪੰਜਾਬ ਵਿੱਚ ਵਾਪਰੀਆਂ ਹਨ। ਪਰ ਇਹ ਕੋਈ ਨਵਾਂ ਵਰਤਾਰਾ ਨਹੀਂ ਸਗੋਂ ਇਹ ਸਿਲਸਿਲਾ ਲਗਾਤਾਰ ਚਲ ਰਿਹਾ ਹੈ ਅਤੇ ਜੇ ਇਹ ਕਹਿ ਦੇਈਏ ਕਿ ਵੱਧ ਰਿਹਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। 12 ਅਕਤੂਬਰ ਨੂੰ ਮਾਛੀਵਾੜਾ ਪੁਲਿਸ ਨੇ ਪਿੰਡ ਪਵਾਤ ਵਾਸੀ ਬਜ਼ੁਰਗ ਥਾਨਜੀਤ ਸਿੰਘ ਨੇ ਉਸ ਦੀ ਪ੍ਰੇਮਿਕਾ ਕੁਲਦੀਪ ਕੌਰ ਦੇ ਇਕ ਸਾਲ ਪੁਰਾਣੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਥਾਨਜੀਤ ਸਿੰਘ ਦੇ ਨਾਮ ਪਿੰਡ ਪਵਾਤ ਵਿੱਚ ਕਰੀਬ ਢਾਈ ਏਕੜ ਜ਼ਮੀਨ ਸੀ। ਉਸ ਦੇ ਪੁੱਤਾਂ ਨੂੰ ਸ਼ੱਕ ਸੀ ਕਿ ਇਹ ਜ਼ਮੀਨ ਥਾਨਜੀਤ ਆਪਣੀ ਪ੍ਰੇਮਿਕਾ ਕੁਲਦੀਪ ਕੌਰ ਦੇ ਨਾਮ ਕਰਵਾ ਸਕਦਾ ਹੈ, ਜਿਸ ਕਾਰਨ ਉਨ੍ਹਾਂ ਦੋਹਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਹਰਜਿੰਦਰ ਸਿੰਘ,ਸੁਖਚੈਨ ਸਿੰਘ ਅਤੇ ਪੋਤੇ ਕਮਲਜੀਤ ਸਿੰਘ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਸ ਕਿਸਮ ਦੀਆਂ ਸੁਰਖੀਆਂ ਰੋਜ਼ਾਨਾ ਅਖਬਾਰਾਂ ਵਿੱਚ ਪੜ੍ਹਣ ਨੂੰ ਮਿਲਦੀਆਂ ਹਨ ਜੋ ਸਾਡੇ ਸਮਾਜ ਵਿੱਚ ਆ ਰਹੀ ਗਿਰਾਵਟ ਨੂੰ ਉਜਾਗਰ ਕਰਦੀਆਂ ਹਨ। ਰਿਸ਼ਤਿਆਂ ਵਿੱਚ ਤਰੇੜਾਂ ਆ ਰਹੀਆਂ ਹਨ। ਰਿਸ਼ਤਿਆਂ ਦੀ ਪਵਿੱਤਰਤਾ ਭੰਗ ਹੋ ਰਹੀ ਹੈ। ਰਿਸ਼ਤਿਆਂ ਵਿੱਚ ਵਫਾ ਮਨਫੀ ਹੋ ਰਹੀ ਹੈ। ਸਵਾਰਥ, ਲਾਲਚ ਅਤੇ ਬੇਵਫਾਈ ਦੀ ਸਿਉਂਕ ਰਿਸ਼ਤਿਆਂ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲੱਗੀ ਹੈ। ਸਾਡੇ ਸਮਾਜ ਵਿੱਚੋਂ ਨੈਤਿਕਤਾ ਦਾ ਗੈਰ ਹਾਜ਼ਰ ਹੋਣਾ ਬਹੁਤ ਖਤਰਨਾਕ ਰੁਝਾਨ ਹੈ। ਇਸ ਪਾਸੇ ਤੁਰੰਤ ਗੰਭੀਰ ਚਿੰਤਨ ਦੀ ਲੋੜ ਹੈ।
ਇਸ ਦੌਰ ਕੇ ਰਿਸ਼ਤੋਂ ਮੇਂ ਵਫ਼ਾ ਢੂੰਡ ਰਹੇ ਹੋ



