Skip to content
Independent perspectives. Global stories.
BREAKING

ਤੇਰੀ ਗੁੱਤ ’ਤੇ ਕਚਿਹਰੀ ਲੱਗਦੀ…

Share this story

ਸ਼ਿੰਗਾਰ ਅਤੇ ਪੰਜਾਬਣ ਦਾ ਮੁੱਢ ਤੋਂ ਹੀ ਚੋਲੀ ਦਾਮਨ ਦਾ ਸਾਥ ਰਿਹਾ ਹੈ। ਪੰਜਾਬੀ ਮੁਟਿਆਰ ਦਾ ਸੱਜਨ-ਫੱਬਨ ਦੀ ਹਮੇਸ਼ਾ ਹੀ ਰੀਝ ਰਹੀ ਹੈ। ਇਸੇ ਲਾਲਸਾ ਨੇ ਜਿੱਥੇ ਵੱਖੋ-ਵੱਖਰੇ ਗਹਿਣਿਆ ਨੂੰ ਤਰਾਸ਼ਣ ਦੀ ਯੁਕਤ ਲੜਾਈ, ਉਥੇ ਵੱਖ-ਵੱਖ ਪਹਿਰਾਵਿਆਂ ਤੇ ਸਟਾਇਲਾਂ ਦੀ ਕਾਢ ਵੀ ਕੱਢੀ ਹੈ। ਸੋਹਣੇ ਲੱਗਣ ਲਈ ਵਾਲਾ ਨੂੰ ਵਾਹੁਣਾ ਬੜਾ ਜਰੂਰੀ ਹੈ। ਵਾਲਾ ਨੂੰ ਸੰਵਾਰਨਾ, ਗੁੱਤ ਕਰਨੀ, ਜੂੜਾ ਕਰਨਾ, ਜਲੇਬੀ ਜੂੜਾ ਕਰਨਾ, ਮੀਢੀਆਂ ਕਰਨੀਆ, ਡਾਕ ਬੰਗਲਾ ਪਾਉਣਾ, ਮੋਰਨੀਆ ਪਾਉਣੀਆਂ, ਮੱਥੇ ਅੱਗੇ ਲਟਾਂ ਛੱਡਣੀਆਂ ਆਦਿ ਸਭ ਵਾਲਾ ਨੂੰ ਸੰਵਾਰਨ ਦੇ, ਦੂਜੇ ਤੇ ਪ੍ਰਭਾਵ ਪਾਉਣ ਵਾਲੇ, ਸੋਹਣਾ ਦਿਸਣ ਦੇ ਅਤੇ ਕਿਸੇ ਨੂੰ ਮੋਹਅਣ ਦੇ ਹੀ ਢੰਗ ਤਰੀਕੇ ਹਨ। ਇਸੇ ਲਈ ਸਿਰ ਗੁੰਦਣ ਵੱਲ ਵਿਸ਼ੇਸ ਧਿਆਨ ਦਿੱਤਾ ਜਾਂਦਾ ਸੀ। ਕੁੱਝ ਸਮਾਂ ਪਹਿਲਾਂ ਔਰਤਾਂ ਲੰਮੇ ਵਾਲ ਰੱਖਣ ਦੀਆਂ ਸ਼ੋਕੀਨ ਹੁੰਦੀਆਂ ਸਨ। ਉਹ ਵਾਲਾ ਨੂੰ ਸੰਭਾਲਣ ਲਈ ਦੋਹੀਂ ਪਾਸੀ ਕਿੰਨੀਆਂ-ਕਿੰਨੀਆਂ ਮਿੱਢੀਆਂ ਗੁੰਦ-ਗੁੰਦ ਕੇ ਗੁੱਤਾ ਗੁੰਦਦੀਆਂ ਸਨ, ਤੇ ਕਈ-ਕਈ ਦਿਨ ਬੀਤਣ ਤੋਂ ਬਾਅਦ ਉਹ ਮੀਢੀਆਂ ਖੋਲਦੀਆਂ ਸਨ। ਹਰ ਰੋਜ ਗੁੱਤਾ ਗੁੰਦਣੀਆਂ ਉਨ੍ਹਾਂ ਨੂੰ ਪਸੰਦ ਨਹੀਂ ਸੀ। ਉਨ੍ਹਾਂ ਦੀ ਸੋਚ ਸੀ ਕਿ ਗੁੰਦੀਆਂ ਹੋਈਆਂ ਮੀਢੀਆਂ ਕਾਫੀ ਦਿਨਾਂ ਤੋਂ ਖੋਲਣ ਪਿੱਛੇ ਵਾਲ ਹੋਰ ਵੀ ਲੰਮੇ ਹੁੰਦੇ ਹਨ, ਜੋ ਉਨ੍ਹਾਂ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਗਾਉਂਦੇ ਹਨ। ਅਸਲ ’ਚ ਲੰਮੀ ਗੁੰਦਵੀ ਗੁੱਤ ਹਮੇਸ਼ਾ ਤੋਂ ਹੀ ਮੁਟਿਆਰ ਦੀ ਸ਼ਖਸੀਅਤ ਨੂੰ ਉਭਾਰਦੀ ਰਹੀ ਹੈ, ਤੇ ਇਹ ਸਮਾਜ ਦੀ ਅੱਖ ਨੂੰ ਭਾਉਂਦੀ ਵੀ ਰਹੀ ਹੈ। ਆਮ ਕਰਕੇ ਤਾਂ ਗੁੱਤ ਦੀ ਲੰਬਾਈ ਮੋਢਿਆਂ ਤੋਂ ਫੁੱਟ ਕੁ ਹੇਠਾਂ ਤੱਕ ਦੀ ਹੁੰਦੀ ਹੈ ਪਰ ਕਈਆਂ ਦੀ ਜਿਆਦਾ ਹੇਠਾਂ ਲੱਕ ਤੱਕ ਵੀ ਹੁੰਦੀ ਸੀ। ਮੁਟਿਆਰ ਦੀ ਲੰਮੀ ਤੇ ਕਾਲੀ ਗੁੱਤ ਕਾਲੇ ਨਾਗ ਵਰਗੀ ਲਗਦੀ ਹੁੰਦੀ ਸੀ। ਕਾਲੀ ਲੰਮੀ ਗੁੱਤ ਦਾ ਜ਼ਿਕਰ ਲੋਕ ਬੋਲੀਆਂ ਵਿੱਚ ਵੀ ਹੋਇਆ:- ਕਹਿੰਦਾ ਗੁੱਤ ਦੀ ਬਣਾ ਲਈ ਸੱਪਣੀ, ਨਿੱਤ ਮੈਨੂੰ ਮੇਹਣੇ ਮਾਰਦਾ। ਕਾਲਾ ਨਾਗ ਚਰੀ ਵਿੱਚ ਸੂਕੇ, ਗੁਜਰੀ ਦੀ ਗੁੱਤ ਵਰਗਾ। ਗੱਭਰੂ ਤਾਂ ਮੁੱਢ-ਸਦੀਵੀ ਤੋਂ ਹੀ ਮੁਟਿਆਰ ਦੀ ਲੰਮੀ ਗੁੱਤ ਦੇ ਮਤਵਾਲੇ ਰਹੇ ਹਨ ਕਿਉਂਕਿ ਲੱਕ ਦੁਆਲੇ ਘੁੰਮਦੀ ਨਾਗ ਵਲ ਖਾਂਦੀ ਗੁੱਤ ਹਮੇਸ਼ਾ ਖਿੱਚ ਦਾ ਕੇਂਦਰ ਰਹੀ ਹੈ। ਤਾਹੀਓਂ ਤਾਂ:- ਤੇਰੀ ਗੁੱਤ ਤੇ ਕਚਿਹਰੀ ਲੱਗਦੀ, ਦੂਰੋਂ-ਦੂਰੋਂ ਆਉਣ ਝਗੜੇ। ਜਵਾਬ ’ਚ ਮੁਟਿਆਰ ਕਿਸੇ ਮਨਚਲੇ ਗੱਭਰੂ ਨੂੰ ਵਰਜਦੀ ਹੋਈ ਆਖ ਹੀ ਦਿੰਦੀ:- ਮੇਰੀ ਗੁੱਤ ਦੇ ਵਿਚਾਲੇ ਠਾਣਾ, ਕੈਦ ਕਰਾ ਦੂੰ ਗੀ। ਪਰ ਜੇਕਰ ਕੋਈ ਗੱਭਰੂ ਮੁਟਿਅਰ ਦੇ ਦਿਲ ’ਚ ਵੀ ਥਾਂ ਬਣਾ ਲੈਂਦਾ ਤਾਂ ਉਹ ਉਸ ਲਈ ਵੀ ਸਾਡੀ ਲੋਕ ਧਾਰਾ ’ਚ ਜਵਾਬ ਹੈ:- ਮੇਰੀ ਗੁੱਤ ਤੇ ਆਲਣਾਂ ਪਾਇਆ ਜੰਗਲੀ ਕਬੂਤਰ ਨੇ। ਕਈ ਮੁਟਿਆਰਾਂ ਗੁੱਤ ਤੇ ਰੀਬਨ ਬੰਨਦੀਆਂ ਤੇ ਉਤੇ ਘੁੰਗਰੂ ਲਾਉਂਦੀਆਂ ਸਨ। ਗੁੱਤ ਤੇ ਘੁੰਗਰੂ ਦੀ ਗੱਲ ਇਸ ਬੋਲੀ ਵਿੱਚ ਵੀ ਕੀਤੀ ਗਈ ਹੈ:- ਤੇਰੀ ਗੁੱਤ ਨੂੰ ਬਸੰਤੀਏ ਘੁੰਗਰੂ, ਗੱਲ ਸੁਣ ਛੜਿਆਂ ਦੀ। ਫੇਰ ਕੁੱਝ ਸਮੇਂ ਬਾਅਦ ਕਈ ਔਰਤਾਂ ਸਿਰ ਦੇ ਪਿਛਲੇ ਪਾਸੇ ਗਿੱਚੀ ਵਿੱਚ ਪਫ ਲਾ ਕੇ ਵੱਡਾ ਸਾਰਾ ਜੂੜਾ ਕਰਦੀਆਂ ਤੇ ਦੋਹਾਂ ਪਾਸੇ ਫੁੱਲ ਚਿੜੀਆਂ ਵੀ ਬਣਾ ਲੈਂਦੀਆਂ ਸਨ। ਪਿੰਡਾ ਵਿੱਚ ਰਹਿਣ ਵਾਲੀਆਂ ਔਰਤਾਂ ਕਸ ਕੇ ਗੁੱਤਾਂ ਕਰਦੀਆਂ ਸਨ ਤੇ ਗੁੱਤਾਂ ਨੂੰ ਹੋਰ ਕਸ ਪਾਉਣ ਲਈ ਪਰਾਂਦੇ ਪਾਉਂਦੀਆਂ ਸਨ। ਪਰਾਂਦੇ ਦੇ ਹੇਠਾਂ ਰੰਗ-ਬਰੰਗੇ, ਤੇਲੇਦਾਰ ਤੇ ਕਈ ਨਮੂਨਿਆਂ ਵਿੱਚ ਬਣੇ ਹੋਏ ਛੱਜੇ ਲੱਗੇ ਹੁੰਦੇ ਸਨ, ਜਿਸ ਪਰਾਂਦੇ ਦੇ ਹੇਠਾ ਛੱਜੇ ਨਹੀਂ ਲੱਗੇ ਹੁੰਦੇ ਉਸਨੂੰ ਪਰਾਂਦੀ ਕਿਹਾ ਜਾਂ ਸੀ। ਆਮ ਮੁਟਿਆਰਾਂ ਲੰਮੀਆਂ ਗੁੱਤਾਂ ਦੀਆਂ ਹੀ ਸ਼ੋਕੀਨ ਹੁੰਦੀਆਂ ਸਨ। ਉਹ ਗੁੱਤਾਂ ਨੂੰ ਹੋਰ ਲੰਮੀਆਂ ਕਰਨ ਲਈ ਪਰਾਂਦੇ ਪਾਉਂਦੀਆਂ ਸਨ। ਇਸ ਤਰ੍ਹਾਂ ਦੀ ਬੋਲੀ:- ਨੀ ਮੈਂ ਆਵਾਂ-ਆਵਾਂ-ਆਵਾਂ, ਨੀ ਮੈਂ ਨੱਚਦੀ-ਨੱਚਦੀ ਆਵਾਂ, ਮੇਰਾ ਨੱਚਦਾ ਪਰਾਂਦਾ ਕਾਲੇ ਸੱਪ ਵਰਗਾ। ਪਰਾਂਦਾ ਵੀ ਸੱਭਿਆਚਾਰ ਦਾ ਅਤੁੱਟ ਅੰਗ ਹੈ, ਪਰਾਂਦੇ ਦੀ ਲੰਬਾਈ ਡੇਢ ਜਾਂ ਦੋ ਫੁੱਟ ਤੋਂ ਵਧੇਰੇ ਨਹੀਂ ਹੁੰਦੀ, ਆਮ ਤੌਰ ਤੇ ਪਰਾਂਦੇ ਕਾਲੇ ਸੂਤ ਦੇ ਬਣੇ ਹੁੰਦੇ ਤੇ ਪਰਾਂਦਿਆ ਦੇ ਹੇਠਾ ਜੋ ਛੱਜੇ ਲੱਗੇ ਹੁੰਦੇ ਉਹ ਰੰਗ-ਬਰੰਗੇ ਰੇਸ਼ਮੀ ਧਾਗਿਆਂ ਦੇ ਬਣੇ ਹੁੰਦੇ ਤੇ ਸ਼ੀਸੇ ਮੋਤੀਆਂ ਨਾਲ ਜੜੇ ਹੁੰਦੇ ਹਨ। ਕਈ ਮੁਟਿਆਰਾਂ ਸੂਟਾਂ ਨਾਲ ਦੇ ਪਰਾਂਦੇ ਬੜੀ ਰੀਝ ਨਾਲ ਪਾਉਂਦੀਆਂ ਸਨ। ਇਸ ਲੋਕ ਗੀਤ ਵਿੱਚ ਵੀ ਪਰਾਂਦੇ ਦੇ ਰੰਗ ਦਾ ਜ਼ਿਕਰ ਕੀਤਾ ਗਿਆ ਹੈ:- ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਰੂਪ ਦੀਏ ਰਾਣੀਏ ਪਰਾਂਦੇ ਨੂੰ ਸੰਭਾਲ ਨੀ। ਉਨ੍ਹਾਂ ਮੁਟਿਆਰਾਂ ਦੇ ਵਾਲ ਪਹਿਲਾ ਹੀ ਬਹੁਤ ਲੰਮੇ ਹੁੰਦੇ ਸਨ ਤੇ ਵਾਲਾ ’ਤੇ ਲੰਮੇ-ਲੰਮੇ ਪਰਾਂਦੇ ਪਾ ਕੇ ਗੁੱਤਾਂ ਨੂੰ ਏਨੀਆਂ ਜਿਆਦਾ ਲੰਮੀਆਂ ਕਰ ਲੈਂਦੀਆਂ ਸਨ ਕਿ ਮਧਰੇਪਨ ਦਾ ਨਾਂਅ ਪਰਾਂਦੇ ਦੇ ਨਾਪ ਨਾਲ ਇਸ ਤਰ੍ਹਾਂ ਕਰਦੀਆਂ ਸਨ:- ਬਾਬਲੇ ਨੇ ਵਰ ਟੋਲਿਆ, ਮੇਰੀ ਗੁੱਤ ਦੇ ਪਰਾਂਦੇ ਨਾਲੋ ਛੋਟਾ। ਅਸਲ ’ਚ ਆਪਣੀ ਲੰਮੀ ਗੁੱਤ ਤੇ ਤਾਂ ਪੰਜਾਬਣ ਨੂੰ ਹਮੇਸ਼ਾ ਹੀ ਮਾਣ ਰਿਹਾ ਹੈ। ਸਾਇਦ ਇਸੇ ਕਰਕੇ ਪਿਛਲੇ ਇੱਕ-ਡੇਢ ਦਹਾਕੇ ਦੌਰਾਨ ਲੰਮੇ ਵਾਲਾ ਨੁੰ ਤਲਾਜਲੀ ਦੇ ਕੇ ਬੁਆਏਕੱਟ, ਸੋਲਡਰਕੱਟ, ਪੋਨੀ ਗੁੱਤ ਜਾਂ ਮੋਨੀਆਂ-ਘੋਨੀਆਂ ਬਣ ਜਾਣ ਵਾਲੀਆਂ ਮੁਟਿਆਰਾਂ ਦੇ ਮਨਾਂ ’ਚ ਹੁਣ ਫਿਰ ਤੋਂ ਪੰਜਾਬੀਅਤ ਜਾਗ ਪਈ ਲੱਗਦੀ ਹੈ। ਪਿਛਲੇ ਕੁੱਝ ਸਮੇਂ ਤੋਂ ਲੰਮੀਆਂ ਵਲ ਖਾਂਦੀਆਂ ਗੁੱਤਾਂ ਫਿਰ ਤੋਂ ਦਿਸਣ ਲੱਗ ਪਈਆਂ ਹਨ। ਹੁਣ ਸਾਡੇ ਸਮਾਜ ’ਚ ਮੁਟਿਆਰਾਂ ਦੇ ਕੱਟੇ ਵਾਲ ਘੱਟ ਹੀ ਜਾਪਦੇ ਹਨ। ਉਦਾਂ ਦੇਖਿਆ ਜਾਵੇ ਤਾਂ ਪੰਜਾਬਣ ਦੀ ਪਛਾਣ ਹੀ ਲੰਮੀ ਗੁੱਤ ਰਹੀ ਹੈ। ਪੱਛਮ ਤੋਂ ਆਈਆਂ ਕੁੱਝ ਹਵਾਵਾਂ ਨੇ ਬੀਤੇ ਸਮਿਆਂ ’ਚ ਅਧੁਨਿਕਤਾ ਦੇ ਨਾਂਅ ਤੇ ਇਹਦੀ ਲੰਬਾਈ ਤੇ ਕੈਂਚੀ ਜਰੂਰ ਚਲਾਈ ਹੈ ਪਰ ਸੁੰਦਰਤਾ ਦੇ ਪੈਮਾਨੇ ਤੇ ਇਸਦੇ ਖ਼ਰੇ ਉਤਰਨ ਕਾਰਨ ਮੁਟਿਆਰਾਂ ’ਚ ਇਸਨੂੰ ਲੰਮੇ ਰੱਖਣ ਦੀ ਲਾਲਸਾ ਵਧੀ ਹੈ। ਲੰਮੇ ਵਾਲ ਔਰਤ ਦੀ ਸ਼ਾਨ ਵੀ ਹਨ ਤੇ ਪਛਾਣ ਵੀ।

WRITTEN BY