ਰਾਮ ਲਾਲ ਭਗਤ ਦੀ ਪੁਸਤਕ ‘ਨੂੰਹਾਂ’ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ ਹੈ। ਇਸ ਪੁਸਤਕ ਦੀਆਂ ਸਾਰੀਆਂ ਹੀ ਕਵਿਤਾਵਾਂ ਸਮਾਜ ਵਿਚ ਵਾਪਰ ਰਹੀਆਂ ਸਮਾਜਿਕ, ਆਰਥਿਕ, ਚ¦ਤ ਮਸਲਿਆਂ ਅਤੇ ਸਭਿਆਚਾਰਕ ਘਟਨਾਵਾਂ ਦਾ ਪ੍ਰਗਟਾਵਾ ਕਰਨ ਵਾਲੀਆਂ ਹਨ। ਅਣਜੋੜ ਵਿਆਹ, ਗ਼ਰੀਬੀ, ਮਜ਼ਬੂਰੀ, ਰਿਸ਼ਵਤਖ਼ੋਰੀ, ਮਹਿੰਗਾਈ , ਨਸ਼ੇ ਅਤੇ ਬੋਰੋਜ਼ਗਾਰੀ ਵਰਗੇ ਅਹਿਮ ਮੁੱਦਿਆਂ ਨੂੰ ਕਵਿਤਾਵਾਂ ਦੇ ਵਿਸ਼ੇ ਬਣਾਇਆ ਗਿਆ ਹੈ। ਇਸ ਪੁਸਤਕ ਦੇ ਸਮਰਪਣ ਤੋਂ ਹੀ ਕਵੀ ਦੀ ਵਿਚਾਰਧਾਰਾ ਅਤੇ ਸਮਾਜਿਕ ਘਟਨਾਵਾਂ ਸੰਬੰਧੀ ਸੇਵੇਦਨਸ਼ੀਲਤਾ ਦਾ ਪਤਾ ਲੱਗਦਾ ਹੈ ਕਿ ਕਵੀ ਕਿਤਨਾ ਸੰਜੀਦਾ ਅਤੇ ਗੰਭੀਰ ਹੈ, ਜਿਸ ਨੇ ਸਮਾਜ ਵਿਚ ਇਸਤਰੀਆਂ, ਖਾਸ ਤੌਰ ਤੇ ਜਿਹੜੀਆਂ ਬਾਲੜੀਆਂ ਰੋਜ਼ੀ ਰੋਟੀ ਖ਼ਾਤਰ ਮਿਹਨਤ ਮਜ਼ਦੂਰੀ ਕਰਦੀਆਂ ਹਨ, ਨੂੰ ਜੋ ਔਕੜਾਂ ਉਨ੍ਹਾਂ ਦੇ ਰਾਹ ਵਿਚ ਪਹਾੜ ਬਣਕੇ ਖੜ੍ਹਦੀਆਂ ਹਨ ਅਤੇ ਬਲਾਤਕਾਰ ਅਤੇ ਦਾਜ ਦਹੇਜ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ ਨੂੰ ਸਮਰਪਤ ਕੀਤੀ ਗਈ ਹੈ। ਨੂੰਹਾਂ ਉਸਦੀ ਕਵਿਤਾਵਾਂ ਦੀ ਚੌਥੀ ਪੁਸਤਕ ਹੈ। ਰਾਮ ਲਾਲ ਭਗਤ ਸਮਾਜਿਕ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਤੋਂ ਭਲੀ ਭਾਂਤ ਜਾਣੂੰ ਲੱਗਦਾ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਵਰਤਮਾਨ ਸਮਾਜਿਕ ਜ਼ਿੰਦਗੀ ਦਾ ਦਰਪਣ ਸਾਬਤ ਹੋ ਰਹੀਆਂ ਹਨ। ਨੂੰਹਾਂ ਨੂੰ ਵੰਸ਼ ਨੂੰ ਅੱਗੇ ਤੋਰਨ ਵਾਲੀਆਂ ਕਿਹਾ ਜਾਂਦਾ ਹੈ। ਨੂੰਹਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੀਆਂ ਹੋਈਆਂ ਪਰਿਵਾਰਿਕ ਸੰਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ। ਪਤਾ ਨਹੀਂ ਫਿਰ ਵੀ ਉਨ੍ਹਾਂ ਨਾਲ ਦੁਰਵਿਵਹਾਰ ਕਿਉਂ ਕੀਤਾ ਜਾਂਦਾ ਹੈ? ਕਵੀ ਆਪਣੀ ਇਕ ਕਵਿਤਾ ਵਿਚ ਨੂੰਹਾਂ ਦੀ ਮਹੱਤਤਾ ਦਾ ਜ਼ਿਕਰ ਕਰਦਾ ਲਿਖਦਾ ਹੈ-
ਵੰਸ਼ ਨੂੰ ਮਹਿਕਾਉਂਦੀਆਂ ਨੂੰਹਾਂ, ਦੁੱਖਾਂ ਨੂੰ ਵੰਡਾਉਂਦੀਆਂ ਨੂੰਹਾਂ।
ਮਹਿਲਾਂ ਦੀਆਂ ਨੀਹਾਂ ਬਣਕੇ, ਫਰਜਾਂ ਨੂੰ ਨਿਭਾਉਂਦੀਆਂ ਨੂੰਹਾਂ।
ਪੇਕੇ ਘਰ ਗੁੱਡੀ ਪਟੋਲੇ ਛੱਡ ਕੇ, ਸਹੁਰਾ ਘਰ ਵਸਾਉਂਦੀਆਂ ਨੂੰਹਾਂ।
ਆਓ ਸਭ ਰਲ ਕਰੀਏ ਪ੍ਰੀਤਾਂ, ਜੰਨਤ ਨੂੰ ਸਮਝਾਉਂਦੀਆਂ ਨੂੰਹਾਂ।
ਰਾਮ ਲਾਲ ਭਗਤ ਦੀਆਂ ਕਵਿਤਾਵਾਂ ਦੀ ਭਾਸ਼ਾ ਠੇਠ, ਸਰਲ ਅਤੇ ਆਮ ਜਨਤਾ ਦੇ ਸਮਝ ਵਿਚ ਆਉਣ ਵਾਲੀ ਹੈ। ਕਵੀ ਇਸਤਰੀਆਂ ਦੀ ਮਾਨਸਿਕਤਾ ਤੋਂ ਭਲੀ ਭਾਂਤ ਵਾਕਫ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸਤਰੀਆਂ ਬਾਰੇ ਵਿਚਾਰਧਾਰਾ ਦਾ ਹਮਾਇਤੀ ਬਣਕੇ ਪਹਿਰਾ ਦੇਣ ਦੀ ਕੋਸ਼ਿਸ਼ ਵਿਚ ਹੈ ਕਿਉਂਕਿ ਉਹ ਆਪਣੀਆਂ ਕਵਿਤਾਵਾਂ ਰਾਹੀਂ ਇਸਤਰੀ ਵਰਗ ਦੀ ਵਕਾਲਤ ਕਰਦਾ ਹੋਇਆ ਉਹ ਆਰਤੀ ਨਾਂ ਦੀ ਕਵਿਤਾ ਵਿਚ ਲਿਖਦਾ ਹੈ-
ਮਾਵਾਂ, ਭੈਣਾਂ, ਧੀਆਂ, ਨੂੰਹਾਂ ਨੂੰ, ਕੁਲ ਆਲਮ ‘ਤੇ ਮਾਣ ਮਿਲੇ,
ਨਾਨਕ ਦੀ ਬਾਣੀ ਹੋਵੇ ਪੂਰਨ, ਜੇ ਨਾਰੀ ਨੂੰ ਹਿੰਮਤ ਦਾਨ ਮਿਲੇ।
ਉਹ ਹਰ ਧੀ ਨੂੰ ਆਪਣੀਆਂ ਕਵਿਤਾਵਾਂ ਵਿਚ ਸਲਾਹ ਦਿੰਦਾ ਹੈ ਕਿ ਉਸਨੇ ਇਕ ਦਿਨ ਸੱਸ ਬਣਨਾ ਹੈ, ਇਸ ਲਈ ਨੂੰਹ ਬਣਕੇ ਧੀ ਦਾ ਰੂਪ ਧਾਰਨ ਕਰ ਲਵੇ ਅਤੇ ਸੱਸਾਂ ਨੂੰ ਤਾਕੀਦ ਕਰਦਾ ਹੈ ਕਿ ਤੁਸੀਂ ਨੂੰਹਾਂ ਨੂੰ ਧੀ ਸਮਝਕੇ ਵਿਵਹਾਰ ਕਰੋ ਤਾਂ ਜੋ ਪਰਿਵਾਰ ਵਿਚ ਸਦਭਾਵਨਾ ਦਾ ਮਾਹੌਲ ਬਰਕਰਾਰ ਰੱਖਿਆ ਜਾ ਸਕੇ। ਨੂੰਹਾਂ ਤੇ ਧੀਆਂ ਵਿਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਧੀ ਨੇ ਇਕ ਦਿਨ ਨੂੰਹ ਬਣਨਾ ਹੁੰਦਾ ਹੈ। ਇਸਤਰੀਆਂ ਦਾ ਜ਼ਿਕਰ ਕਰਦਾ ਕਵੀ ਲਿਖਦਾ ਹੈ ਕਿ ਉਹ ਤਿਤਲੀਆਂ ਵੀ ਹਨ, ਸ਼ੇਰਨੀਆਂ ਵੀ ਬਣ ਜਾਂਦੀਆਂ ਹਨ ਅਤੇ ਬਗ਼ਾਬਤ ਕਰਨ ਲੱਗੀਆਂ ਵੀ ਕਮਾਲ ਕਰ ਦਿੰਦੀਆਂ ਹਨ। ਸੋਚ ਦੇ ਸਿਰਲੇਖ ਵਾਲੀ ਕਵਿਤਾ ਵਿਚ ਰਾਮ ਲਾਲ ਭਗਤ ਲਿਖਦਾ ਹੈ-
ਲੋਕੋ, ਨੂੰਹਾਂ ਕਦੇ ਵੀ ਨਾ ਲੜਣ,
ਲੋਕੋ ਨੂੰਹਾਂ ਕਦੇ ਵੀ ਨਾ ਸੜਣ,
ਜੇ ਨੂੰਹਾਂ ਨੂੰ ਧੀਆਂ ਸਮਝ ਲਈਏ।
ਸੱਸਾਂ ਕਹਾਉਣ ਨਾ ਕਦੇ ਕੁਪੱਤੀਆਂ,
ਜੇ ਨੂੰਹਾਂ ਨੂੰ ਸੁੱਚਾ ਪਿਆਰ ਕਰਨ।
ਰਾਮ ਲਾਲ ਭਗਤ ਆਪਣੀਆਂ ਕਵਿਤਾਵਾਂ ਵਿਚ ਇਹ ਵੀ ਲਿਖਦਾ ਹੈ ਕਿ ਸਾਡਾ ਸਮਾਜਕ ਤਾਣਾ ਬਾਣਾ ਅਜਿਹਾ ਹੈ ਕਿ ਜਦੋਂ ਨੂੰਹ ਵਿਆਹ ਕੇ ਸਹੁਰੇ ਘਰ ਆਉਂਦੀ ਹੈ ਤਾਂ ਉਸਦੀ ਪ੍ਰਸੰਸਾ ਦੇ ਪੁਲ ਗੀਤਾਂ ਅਤੇ ਟੱਪਿਆਂ ਨੂੰ ਗਾ ਕੇ ਬੰਨ੍ਹੇ ਜਾਂਦੇ ਹਨ। ਇਹ ਸਾਰਾ ਕੁਝ ਮੁਟਿਆਰਾਂ ਦੀ ਸਰੀਰਕ ਸੁੰਦਰਤਾ ਅਤੇ ਦਾਜ ਦਹੇਜ ਨੂੰ ਮੁੱਖ ਰਖਕੇ ਕੀਤਾ ਜਾਂਦਾ ਹੈ ਨਾ ਕਿ ਨੂੰਹਾਂ ਦੀ ਪ੍ਰਤਿਭਾ ਨੂੰ ਵੇਖਕੇ। ਜਦੋਂ ਲੜਕੀਆਂ ਸਹੁਰੇ ਜਾਣ ਤੋਂ ਆਨਾ ਕਾਨੀ ਕਰਦੀਆਂ ਹਨ ਤਾਂ ਕਵੀ ਉਨ੍ਹਾਂ ਨੂੰ ਬਹਾਦਰ ਬਣਨ ਦੀ ਪ੍ਰੇਰਨਾ ਦਿੰਦਾ ਹੈ। ਉਹ ਲੜਕੀਆਂ ਨੂੰ ਆਪਣੇ ਹੱਕਾਂ ਦੀ ਖ਼ਾਤਰ ਜ਼ੋਰ ਜ਼ਬਰਦਸਤੀ ਵਿਰੁਧ ਅਵਾਜ਼ ਬੁ¦ਦ ਕਰਨ ਦੀ ਨਸੀਹਤ ਦਿੰਦਾ ਹੈ। ਕਵੀ ਨੇ ਵਿਸ਼ਿਆਂ ਦੀ ਚੋਣ ਵੀ ਬਹੁਤ ਵਧੀਆ ਕੀਤੀ ਹੈ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਰਾਮ ਲਾਲ ਭਗਤ ਜ਼ਮੀਨੀ ਹਕੀਕਤਾਂ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਵਾਲਾ ਸ਼ਾਇਰ ਹੈ ਤਾਂ ਜੋ ਆਮ ਜਨਤਾ ਭੰਬਲਭੂਸੇ ਤੋਂ ਬਚ ਸਕੇ।
ਰਾਮ ਲਾਲ ਭਗਤ ਦੀ ਪੁਸਤਕ ‘ਨੂੰਹਾਂ’ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ



