ਸਿਆਸੀ ਲੀਡਰਾਂ ਪਿੱਛੇ ਲੱਗ ਘਰ ਬਰਬਾਦ ਕਰਨ ਵਾਲੇ ਲੋਕੋ, ਬਚੋ!

ਆਪਾਂ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੀ ਸਿਆਸਤ ਇੰਨੀ ਗੰਦਲੀ ਹੋ ਚੁੱਕੀ ਹੈ ਕਿ ਸਿਆਸੀ ਲੀਡਰ ਆਪਣੇ ਫਾਇਦੇ ਲਈ ਕਿਸ ਤਰ੍ਹਾਂ ਆਮ ਲੋਕਾਂ ਦੀ ਵਰਤੋਂ ਕਰਦੇ ਹਨ ਅਤੇ ਆਏ ਦਿਨ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੂੰ ਲੈ ਕੇ ਲੜਾਈ ਝਗੜੇ ਹੋ ਰਹੇ ਹਨ ਇੱਥੋਂ ਤੱਕ ਕਿ ਭਰਾ,ਭਰਾ ਦਾ ਹੀ ਕਤਲ ਕਰ ਰਿਹਾ ਹੈ। ਕੀ ਕਦੇ ਸੁਣਿਆ ਕਿਸੇ ਨੇ ਕਿ ਬਾਦਲ ਅਤੇ ਕੈਪਟਨ ਕਰਪਾਨੋ ਕਰਪਾਨੀ ਹੋਏ ਹੋਣ ਜਾਂ ਫਿਰ ਕੋਈ ਖੂਨੀ ਜੰਂਗ ਖੇਡੇ ਹੋਣ,ਪਰ ਆਮ ਲੋਕ ਇਹਨਾਂ ਲੀਡਰਾਂ ਪਿੱਛੇ ਲੱਗ ਇੱਕ ਦੂਜੇ ਦਾ ਕਤਲ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ।ਪਰ ਇਹ ਲੀਡਰ ਆਮ ਲੋਕਾਂ ਦਾ ਮੋਢਾ ਵਰਤਦੇ ਹੋਏ ਦੁਸ਼ਮਣੀਆਂ ਆਪਣੀਆਂ ਕੱਢਦੇ ਹਨ।ਆਮ ਲੋਕ ਭੋਲੇਪਣ ਜਾਂ ਫਿਰ ਇਹਨਾਂ ਲੀਡਰਾਂ ਦੇ ਪਿੱਛੇ ਲੱਗ ਅਜਿਹੇ ਕੰਮਾਂ ਨੂੰ ਅੰਜਾਮ ਦੇ ਬੈਠਦੇ ਹਨ ਜਿਹਨਾਂ ਦਾ ਨਤੀਜਾ ਬਹੁਤ ਹੀ ਭਿਆਨਕ ਹੁੰਦਾਂ ਹੈ ਪਰ ਅੰਤ ਵੇਲੇ ਕੋਈ ਪਿੱਛੇ ਵੀ ਨਹੀਂ ਖੜਦਾ।ਇੱਥੋਂ ਤੱਕ ਕਿ ਛੋਟੇ ਕਿਸਾਨ ਤਾਂ ਆਪਣੀਆਂ ਜਮੀਨਾਂ ਵੇਚਣ ਤੱਕ ਮਜਬੂਰ ਹੋ ਜਾਂਦੇ ਹਨ ਪਰ ਖਹਿੜਾ ਫੇਰ ਵੀ ਨਹੀਂ ਛੁੱਟਦਾ। ਆਏ ਦਿਨ ਭਰਾਵਾਂ ਵਿੱਚ ਪੈ ਰਹੀ ਵੰਡ ਪਿੱਛੇ ਵੀ ਕਿਤੇ ਨਾ ਕਿਤੇ ਸਿਆਸਤ ਦਾ ਹੀ ਹੱਥ ਹੁੰਦਾਂ ਹੈ ਕਿਉਂਕਿ ਭਰਾਵਾਂ ਵਿੱਚ ਵੰਡੀਆਂ ਪਵਾਉਣ ਪਿੱਛੇ ਵੀ ਇਹ ਲੀਡਰ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਲੋਕ ਵੀ ਆਪਣੇ ਕੰਮ ਕਰਵਾਉਣ ਲਈ ਅਜਿਹੀਆਂ ਚਾਲਾਂ ਚੱਲਦੇ ਹਨ ਜਿਹੜੀਆਂ ਕਿ ਇਹਨਾਂ ਦੇ ਆਪਣੇ ਆਪ ਤੇ ਹੀ ਭਾਰੂ ਪੈਂਦੀਆਂ ਹਨ।ਜੇਕਰ ਪਰਿਵਾਰ ਵਿੱਚ ਦੋ ਭਰਾ ਹਨ ਤਾਂ ਦੋਵੇਂ ਹੀ ਭਰਾ ਅਲੱਗ ਅਲੱਗ ਸਿਆਸੀ ਪਾਰਟੀਆਂ ਨਾਲ ਸੰਬੰਧ ਰੱਖਦੇ ਹਨ ਅਤੇ ਪਾਰਟੀਆਂ ਦੀ ਵਿਚਾਰਧਾਰਾ ਵੱਖਰੋ ਵੱਖਰੀ ਹੋਣ ਕਾਰਨ ਫਿਰ ਘਰਾਂ ਵਿੱਚ ਕਲੇਸ਼ ਦੀ ਸ਼ੁਰੂਆਤ ਹੁੰਦੀਂ ਹੈ ਜਿਹੜੀ ਕਿ ਦੋ ਭਰਾਵਾਂ ਵਿਚਕਾਰ ਦੀਵਾਰ ਦੀ ਹੋਂਦ ਪੈਦਾ ਕਰਦੀ ਹੈ।
ਅੱਜ ਪੰਜਾਬ ਵਿੱਚ ਇੰਨਾ ਭ੍ਰਿਸ਼ਟਾਚਾਰ ਫੈਲ ਚੁੱਕਾ ਹੈ ਜਿਹੜਾ ਕਿ ਆਪਾਂ ਸੋਚ ਵੀ ਨਹੀਂ ਸਕਦੇ ਅਤੇ ਹਰ ਕੰਮ ਤਕਰੀਬਨ ਰਿਸ਼ਵਤ ਦੇ ਅਧਾਰ ਤੇ ਹੋਣ ਲੱਗ ਪਿਆ ਹੈ।ਇਸ ਰਿਸ਼ਵਤਖੋਰੀ ਪਿੱਛੇ ਕੀ ਕਾਰਨ ਹਨ ਸ਼ਾਇਦ ਇਹ ਸੋਚਣਾ ਇੱਕ ਆਮ ਨਾਗਰਿਕ ਮੁਨਾਸਿਬ ਹੀ ਨਹੀਂ ਸਮਝਦਾ।ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਹਲਕੇ ਦਾ ਨੇਤਾ ਚੁਣਦੇ ਹਾਂ ਤਾਂ ਕਿ ਹਰ ਨਾਗਰਿਕ ਦਾ ਕੰਮ ਕਾਨੂੰਨ ਅਨੁਸਾਰ ਅਤੇ ਬਿਨਾਂ ਰਿਸ਼ਵਤ ਤੋਂ ਹੋ ਸਕੇ ਪਰ ਜੇਕਰ ਫੇਰ ਵੀ ਇਹ ਰਿਸ਼ਵਤ ਚਲਦੀ ਹੈ ਤਾਂ ਸ਼ਾਇਦ ਇਸਦੇ ਜੁੰਮੇਵਾਰ ਵੀ ਆਪਾਂ ਹੀ ਹਾਂ ਕਿਉਂਕਿ ਲੀਡਰ ਦੀ ਚੋਣ ਵੇਲੇ ਅਸੀਂ ਇਹਨਾਂ ਗੱਲਾਂ ਦਾ ਖਿਆਲ ਹੀ ਨਹੀਂ ਕਰਦੇ ਕਿ ਚੁਣਿਆ ਜਾਣ ਵਾਲਾ ਲੀਡਰ ਇਹਨਾਂ ਕੰਮਾਂ ਤੇ ਕੰਟਰੋਲ ਕਰ ਸਕਦਾ ਹੈ ਜਾਂ ਨਹੀਂ। ਬੀਤੇ ਦਿਨੀ ਇੱਕ ਦੋਸਤ ਨਾਲ ਗੱਲ ਹੋਈ ਜਿਹਨਾਂ ਵਲੋਂ ਸੂਬੇ ਦੀ ਇੱਕ ਸਿਆਸੀ ਪਾਰਟੀ ਦੀ ਨੀਤੀ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਹ ਪਾਰਟੀ ਪਹਿਲਾਂ ਆਪਣੇ ਵਰਕਰ ਜਾਂ ਆਗੂ ਨੂੰ ਕੰਗਾਲ ਕਰਦੀ ਹੈ ਉਸਤੋਂ ਬਾਅਦ ਉਸਨੂੰ ਘਰ ਗੁਜਾਰਾ ਚਲਾਉਣ ਲਈ ਨਸ਼ਾ ਵੇਚਣ ਲਈ ਤਰਜੀਹ ਦਿੰਦੀ ਹੈ ਅਤੇ ਜਦੋਂ ਉਹੀ ਵਰਕਰ ਨਸ਼ਾ ਤਸਕਰੀ ਦੇ ਸੰਬੰਧ ਵਿੱਚ ਕਿਸੇ ਮੁਸ਼ਕਿਲ ਵਿੱਚ ਫਸਦਾ ਹੈ ਤਾਂ ਉਸਨੂੰ ਛੁਡਾ ਕੇ ਪਿੱਛੇ ਖੜੇ ਹੋਣ ਦਾ ਫਰਜ ਵੀ ਅਦਾ ਕਰਦੀ ਹੈ।ਮੁਸ਼ਕਿਲ ਵਿੱਚ ਫਸਿਆ ਵਰਕਰ ਸੋਚਦਾ ਹੈ ਕਿ ਬਈ ਆਪਾਂ ਤਾਂ ਇਸੇ ਪਾਰਟੀ ਨਾਲ ਹੀ ਰਹਾਂਗੇ ਜਿਸਨੇ ਆਪਾਂ ਨੂੰ ਜੇਲ ਜਾਣ ਤੋਂ ਬਚਾਇਆ ਹੈ ਪਰ ਉਸ ਭੋਲੇ ਵਰਕਰ ਨੂੰ ਇਹ ਨਹੀਂ ਪਤਾ ਹੁੰਦਾਂ ਕਿ ਤੈਨੂੰ ਜੇਲ ਯਾਤਰਾ ਕਰਨ ਦੀ ਤਰਜੀਹ ਵੀ ਇਸੇ ਪਾਰਟੀ ਆਗੂ ਨੇ ਹੀ ਦਿੱਤੀ ਸੀ।ਪਰ ਸ਼ਾਇਦ ਇਹ ਗੱਲਾਂ ਆਮ ਲੋਕ ਨਹੀਂ ਸੋਚਦੇ। ਪਾਰਟੀ ਚਾਹੇ ਕੋਈ ਵੀ ਹੋਵੇ ਉਹ ਆਪਣੇ ਸੁਆਰਥ ਲਈ ਆਮ ਲੋਕਾਂ ਦਾ ਸ਼ੋਸ਼ਨ ਜਰੂਰ ਕਰਦੀ ਹੈ ਪਰ ਸਾਡੇ ਸੂਬੇ ਦੇ ਲੋਕ ਇਹਨਾਂ ਲੀਡਰਾਂ ਦੀਆਂ ਚਾਲਾਂ ਸਮਝਣ ਵਿੱਚ ਅਸਮਰਥ ਹਨ ਕਿਉਂਕਿ ਭੇਡ ਚਾਲ ਅਤੇ ਦਿਲ ਦਾ ਡਰ ਅੱਜ ਵੀ ਸਾਡੇ ਲੋਕਾਂ ਵਿੱਚ ਘਰ ਕਰੀ ਬੈਠਾ ਹੈ। ਸੋ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਦਿਲ ਦੇ ਡਰ ਨੂੰ ਖਤਮ ਕਰਕੇ ਸਿਆਸੀ ਲੀਡਰਾਂ ਜਾਂ ਪਾਰਟੀਆਂ ਪਿੱਛੇ ਲੱਗ ਆਪਸੀ ਭਾਈਚਾਰਾ ਖਤਮ ਨਾ ਕਰਨ ਕਿਉਂਕਿ ਜਦੋਂ ਬੁਰਾ ਬਖਤ ਪੈਂਦਾ ਹੈ ਤਾਂ ਪਿੱਛੇ ਕੋਈ ਨਹੀਂ ਖੜਦਾ ਸਗੋਂ ਆਪਣਾ ਭਾਈਚਾਰਾ ਹੀ ਕੰਮ ਆਉਂਦਾ ਹੈ।ਇਹਨਾਂ ਪਿੱਛੇ ਲੱਗ ਆਪਣੇ ਘਰ ਬਰਬਾਦ ਨਾ ਕਰੋ।

Send this to a friend