ਪਹਿਲਾਂ ਸਮਾਂ ਸੀ ਜਦੋਂ ਪਿੰਡਾਂ ਦੀਆਂ ਸੱਥਾਂ ਵਿੱਚ ਮਹਿਫ਼ਲਾਂ ਜੁੜਨੀਆਂ ਸਾਰਾ ਦਿਨ ਕੰਮ ਤੋਂ ਥੱਕੇ ਟੁੱਟੇ ਹੋਏ ਘਰ ਆਉਂਣਾ,ਤੇ ਘਰ ਰੋਟੀ ਪਾਣੀ ਛੱਕ ਕੇ ਸੱਥਾਂ ਚ’ਇੱਕਠੇ ਹੋਣਾ, ਜਿੱਥੇ ਗੀਤ,ਕਵਿਤਾਵਾਂ, ਟੋਟਕੇ, ਬੋਲੀਆਂ, ਬਾਤਾਂ,ਕਹਾਣੀਆਂ ਅਤੇ ਆਪਸੀ ਦੁੱਖ-ਸੁੱਖ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ। ਉਹਨਾਂ ਸਮਿਆਂ ਵਿੱਚ ਆਪਸੀ ਪਿਆਰ ਐਨਾ ਸੀ ਕਿ ਹੁਣ ਦੀ ਪੀੜੀ ਸੋਚ ਵੀ ਨਹੀਂ ਸਕਦੀ।
ਇੱਕ ਦੂਜੇ ਦੇ ਕੰਮਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਕਰਾਉਣਾ,ਵਿਆਹਾਂ-ਸ਼ਾਦੀਆਂ ਚ’ਪੂਰੀਆਂ ਰੌਣਕਾਂ ਰਹਿਣੀਆਂ।ਵਿਆਹ ਲਈ ਮੰਜੇ-ਬਿਸਤਰੇ,ਪਤੀਲੇ ਤੇ ਹੋਰ ਸਾਜ਼ੋ-ਸਮਾਨ ਇੱਕਠਾ ਕਰਨਾ।ਇਸ ਤਰ੍ਹਾਂ ਦਾ ਮਾਹੌਲ ਸੀ ਕਿ ਘਰ ਵਾਲੇ ਨੂੰ ਆਪਣੇ ਘਰ ਹੋਣ ਵਾਲੇ ਵਿਆਹ ਦੀ ਚਿੰਤਾਂ ਨਹੀਂ ਸੀ ਹੁੰਦੀ।
ਸਮਾਂ ਆਪਣੀ ਚਾਲ ਚੱਲਦਾ ਗਿਆ। ਅਜੌਕੇ ਸਮੇਂ ਵਿੱਚ ਹੁਣ ਇਹ ਜਗਾਂ ਪੈਲਸਾ ਨੇ ਲੈ ਲਈ ਹੈ ਤੇ ਪੁਰਾਣੇ ਰੀਤੀ-ਰਿਵਾਜ਼ ਖ਼ਤਮ ਹੋ ਗਏ ਜਾਪਦੇ ਹਨ। ਉਹਨ੍ਹਾਂ ਰੀਤੀ-ਰਿਵਾਜ਼ਾਂ ਦੇ ਜਾਣ ਨਾਲ ਜਿਵੇਂ ਕਿਸੇ ਸਰੀਰ ਵਿੱਚੋਂ ਰੂਹ ਨਿਕਲ ਗਈ ਹੋਵੇ ਤੇ ਸਰੀਰ ਬੇਜਾਨ ਹੋ ਗਿਆ ਹੋਵੇ।ਹਾਸਾਂ-ਠੱਠਾਂ,ਗੀਤ,ਸੰਗੀਤ ਨੂੰ ਠੱਲ ਪੈ ਗਈ ਹੋਵੇ।ਸਮਝ ਨਹੀਂ ਆਉਂਦੀ ਹੋਇਆ ਕੀ?
ਹਾਂ ਇੱਕ ਚੀਜ਼ ਤਾਂ ਪਸਾਰਾ ਬੜੀ ਤੇਜ਼ੀ ਨਾਲ ਸਮਾਜ ਚ’ਹੋਇਆ ਹੈ ਈਰਖਾ,ਆਲੋਚਨਾ,ਕਿਸੇ ਦੇ ਕੰਮਾਂ ਨੂੰ ਨਾ ਜ਼ਰ ਸਕਣਾ।ਚਾਹੇ ਅਸੀਂ ਉਸ ਇਨਸਾਨ ਨੂੰ ਚੰਗੀ ਤਰ੍ਹਾਂ ਜਾਣਦੇ ਹੋਈਏ ਜਾਂ ਨਾ ਪਰ ਆਲੋਚਨਾ ,ਈਰਖਾ ਰੁਕਣ ਦਾ ਨਾਂ ਨਹੀਂ ਲੈ ਰਹੀ। ਸਮਾਜ ਚ’ਬਹੁਤ ਲੋਕ ਅਜਿਹੇ ਹਨ ਜੋ ਦਿਖਾਵੇ ਲਈ ਇੱਕ ਦੂਜੇ ਨੂੰ ਮਿਲਦੇ ਹਨ,ਪਰ ਅਕਸਰ ਅਸੀਂ ਉਹਨ੍ਹਾਂ ਲੋਕਾਂ ਨੂੰ ਹੀ ਪਿੱਠ ਪਿੱਛੇ ਆਲੋਚਨਾ ਕਰਦੇ ਵੇਖਿਆ ਹੋਵੇਗਾ ਜਾਂ ਅਜਿਹਾ ਕਹਿਣਾ ਅਤਿ ਕਥਨੀ ਨਹੀਂ ਹੋਵੇਗੀ ਕਿ ਉਹ ਤੁਹਾਨੂੰ ਅੰਦਰੋਂ-ਅੰਦਰੀ ਉੱਪਰ ਜਾਣ ਤੋਂ ਰੋਕਣ ਦਾ ਹਰ ਸੰਭਵ ਯਤਨ ਕਰ ਰਹੇ ਹਨ। ਅੱਜ ਈਰਖਾ ਦਾ ਅਜਿਹਾ ਬੀਜ਼,ਬੂਟਾ ਬਣ ਰਿਹਾ ਹੈ ਜਿਸ ਦੇ ਪੈਦਾ ਹੋਣ ਨਾਲ ਅਸੀਂ ਆਪ ਮਿਹਨਤ ਕਰਕੇ ਚੰਗਾ ਕਰਨ ਦੀ ਕੋਸ਼ਿਸ਼ ਘੱਟ ਕਰਦੇ ਹਾਂ ਪਰ ਦੂਜੇ ਨੂੰ ਕਿਵੇਂ ਰੋਕਣਾ ਇਸ ਬਾਰੇ ਬਹੁਤ ਵੱਡੀ ਸਮੱਸਿਆਂ ਚ’ਹਾਂ।ਜੇਕਰ ਐਨਾ ਸਮਾਂ ਅਸੀਂ ਆਪਣੀ ਮਿਹਨਤ ਕਰਨ ਤੇ ਲਾ ਦੇਈਏ ਤਾਂ ਕਾਮਯਾਬੀ ਦੂਰ ਨਹੀਂ ਹੋਵੇਗੀ। ਸਮਾਂ ਅਜਿਹਾ ਚੱਲ ਰਿਹਾ ਹੈ ਕਿ ਜ਼ਿਆਦਾਤਰ ਲੋਕ,ਜੋ ਤੁਹਾਡੇ ਬਹੁਤ ਨਜ਼ਦੀਕ ਅਤੇ ਹਮੇਸ਼ਾ ਸਾਥ ਦੇਣਾ ਨੂੰ ਕਹਿੰਦੇ ਹਨ,ਉਹ ਅਸਲੀਅਤ ਤੋਂ ਕੋਹਾਂ ਦੂਰ ਹੁੰਦੇ ਹਨ।
ਆਪਣਿਆਂ ਤੋਂ ਬਚ ਸੱਜਣਾਂ,
ਗੈਰ ਤੇਰੇ ਕਿਹੜਾ ਭੇਤੀ ਐ।
ਅਜਿਹੇ ਲੋਕ ਸਮਾਂ ਆਉਣ ਤੇ ਤੁਹਾਡਾ ਸਾਥ ਤਾਂ ਦੇਣਾ ਦੂਰ ਦੀ ਗੱਲ,ਆਪਣਾ ਪੱਖ ਸੋਚ ਕੇ,ਤੁਹਾਡੀ ਆਲੋਚਨਾ ਕਰਨ ਦੇ ਨਾਲ-ਨਾਲ ਨੀਵਾਂ ਦਿਖਾਉਣ ਦਾ ਹਰ ਸੰਭਵ ਯਤਨ ਕਰਦੇ ਹਨ।ਉਹ ਇਹ ਵੀ ਵਿਸਾਰ ਦਿੰਦੇ ਹਨ ਕਿ ਜਿਸ ਇਨਸਾਨ ਬਾਰੇ ਅਸੀਂ ਅਜਿਹੇ ਬੇਘੜਤ ਗੱਲਾਂ ਕਰ ਰਹੇ ਹਾਂ,ਉਸਨੂੰ ਤੁਹਾਡੇ ਤੇ ਕਿੰਨਾ ਵਿਸ਼ਵਾਸ਼ ਸੀ।ਇਸ ਤਰ੍ਹਾਂ ,ਪਿਆਰ,ਈਰਖਾ ਵਿੱਚ ਬਦਲਦਾ ਦਿਖਾਈ ਦਿੰਦਾ ਹੈ।
ਜਿਹੜੇ ਤੈਨੂੰ ਆਖਦੇ ਕਿ ਪੱਲੇ ਤੇਰੇ ਕੱਖ ਵੀ ਨੀ,ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ ।
ਜਿਹੜੇ ਤੈਨੂੰ ਔਖੇ ਵੇਲੇ ਇੱਕਲੇ ਨੂੰ ਹੀ ਛੱਡ ਤੁਰੇ, ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ ।
ਜਿਹਨਾਂ ਮੌਕਾ ਵੇਖ ਕੇ ਖਬੋਇਆ ਛੁਰਾ ਧੋਖੇ ਨਾਲ,ਬੜੀ ਮਿਹਰਬਾਨੀ ਧੋਖਾਂ ਦੇਣਿਆ ਮਕਾਰਾ ਦੀ।
ਇਹੋ ਲੋਕ ਠਮੰਗਲਾਂੂ ਪਹੁੰਚਾਉਂਦੇ ਨੇ ਮੰਜ਼ਲਾਂ ਤੇ,ਇਹੋ ਲੋਕ ਦੱਸਦੇ ਨੇ ਜਾਂਚ ਜਿੱਤਾਂ ਹਾਰਾਂ ਦੀ।
(ਮੰਗਲ ਹਠੂਰ ਦੀ ਡਾਇਰੀ ਚੋਂ)
ਅੱਜ ਓ ਸਮਾਂ ਆ ਗਿਆ ਹੈ ਕਿ ਸਾਨੂੰ ਅਜਿਹੇ ਲੋਕਾਂ ਨੂੰ ਪਹਿਚਨਣਾ ਹੋਵੇਗਾ,ਜੋ ਤੁਹਾਡਾ ਸਾਥ ਹਮੇਸ਼ਾ ਦੇਣਾ ਕਹਿ ਕਿ ਮੌਕਾ ਪ੍ਰਸਤ ਹੋ ਜਾਂਦੇ ਹਨ।ਜਿਹਨਾਂ ਦੇ ਕਰਕੇ ਤੁਸੀਂ ਜੋ ਕੰਮ ਆਪ ਕਰ ਸਕਦੇ ਹੋ,ਲਈ ਵੀ ਮੋਹਤਾਜ਼ ਹੋ ਜਾਂਦੇ ਹੋ।ਆਪਣਾ ਹਰ ਕੰਮ ਸੱਚੇ ਰਾਹ ਤੇ ਚੱਲ ਕੇ,ਦ੍ਰਿੜ ਇਰਾਦੇ ਕਰਨ ਦੀ ਕੋਸ਼ਿਸ਼ ਕਰੋਂ ਤਾਂ ਕਿ ਤੁਹਾਨੂੰ ਕੋਈ ਇਸਤਮਾਲ ਨਾਂ ਕਰ ਸਕੇ।
ਜੁਗਨੂੰ ਕਦੇ ਰੌਸ਼ਨੀ ਦੇ ਮੋਹਤਾਜ਼ ਨਹੀਂ ਹੁੰਦੇ,
ਬਿਨ ਇਰਾਦੇ ਤਖਤੋਂ ਤਾਜ਼ ਨਹੀਂ ਮਿਲਦੇ।
ਅਲੋਚਨਾਵਾਂ ਤੋਂ ਸਬਕ ਸਿੱਖ ਸਾਨੂੰ ਚੰਗੇ ਕੰਮਾਂ ਵੱਲ ਧਿਆਨ ਦੇਣਾ ਪਵੇਗਾ,ਤਾਂ ਹੀ ਸਾਰਥਿਕ ਸਿੱਟੇ ਨਿਕਲਣ ਦੀ ਆਸ ਹੈ।ਨਹੀਂ ਤਾਂ ਚੰਦਰਾ ਸਮਾਜ ਤੁਹਾਨੂੰ ਘੁਣ ਵਾਂਗ ਖਾ ਜਾਵੇਗਾ,ਅਤੇ ਤੁਹਾਨੂੰ ਤੁਹਾਡੇ ਅਸਲ ਮਕਸਦ ਤੋਂ ਪਿੱਛੇ ਧਕੇਲ ਦੇਵੇਗਾ।ਆਪਣੇ ਹੌਸਲੇ ਨੂੰ ਬੁਲੰਦ ਕਰਕੇ ਮਹਾਂ-ਪੁਰਸ਼ਾ ਦੀਆਂ ਜੀਵਨੀਆਂ,ਸਿਧਾਂਤ,ਆਈਆਂ ਰੁਕਵਾਟਾਂ ਤੋਂ ਸਿੱਖ ਕੇ ਅੱਗੇ ਵੱਧਦੇ ਜਾਉ।ਫੇਰ ਉਹ ਦਿਨ ਦੂਰ ਨਹੀਂ ਜਦੋਂ ਅਸਲ ਵਿੱਚ ਤੁਹਾਡੇ ਚਹਾਉਣ ਵਾਲੇ ਤੁਹਾਡੇ ਨਾਲ ਹੋਣਗੇ ਤੇ ਤੁਸੀ ਆਪਣੀ ਮੰਜ਼ਿਲ ਤੇ ਪਹੁੰਚ ਜਾਉਗੇ।