ਜੁਲਾਈ , ਸੰਨ 2014 ਵਿੱਚ ਜਦੋਂ ਮਹਾਰਾਸ਼ਟਰ ਦੇ ਉੱਘੇ ਭਾਜਪਾ ਆਗੂ ਸ੍ਰੀ ਰਾਮ ਨਾਈਕ ਨੂੰ ਯੂ.ਪੀ. ਦਾ ਰਾਜਪਾਲ ਬਣਾਇਆ ਗਿਆ ਤਾਂ ਸਿਆਸੀ ਹਲਕਿਆਂ ’ਚ ਕੇਂਦਰ ਤੇ ਪ੍ਰਾਂਤ ਵਿਚਕਾਰ ਲੰਬੀ ਸੰਵਿਧਾਨਕ ਰੱਸਾਕਸ਼ੀ ਦੇ ਕਿਆਸ ਲਗਾਏ ਜਾਣੇ ਸੁਭਾਵਕ ਸਨ। ਸਪਾ ਤੇ ਭਾਜਪਾ ਦੇ ਰਿਸ਼ਤਿਆਂ ਦਾ ਕੌੜਾਪਣ ਜਗ ਜਾਹਰ ਸੀ। ਕੇਂਦਰ ’ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਹੀ ਯੂ.ਪੀ. ਦੀ ਸਪਾ ਸਰਕਾਰ ਦੀਆਂ ਵਧਣ ਵਾਲਿਆਂ ਮੁਸ਼ਕਲਾਂ ਨੂੰ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਸੀ। ਸ਼੍ਰੀ ਰਾਮ ਨਾਈਕ ਦਾ ਰਾਜਪਾਲ ਬਣ ਕੇ ਲਖਨਊ ਆਉਣਾ ਪ੍ਰਾਂਤ ਦੀ ਸਰਕਾਰ ਲਈ ਪੰਜ ਸਾਲ ਦਾ ਕਾਰਜ ਕਾਲ ਪੂਰਾ ਕਰ ਪਾਉਣ ਤੇ ਸਵਾਲ ਸੀ। ਭਾਜਪਾ ਦੇ ਤਪੇ ਤਪਾਏ ਆਗੂ ਸ੍ਰੀ ਰਾਮ ਨਾਈਕ ਤਿੰਨ ਵਾਰ ਮਹਾਰਾਸ਼ਟਰ ਵਿਧਾਨ ਸਭਾ ਤੇ ਪੰਜ ਵਾਰ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ ਤੇ ਕੇਂਦਰ ਸਰਕਾਰ ਵਿੱਚ ਪੰਜ ਸਾਲ ਮੰਤਰੀ ਵੀ ਰਹੇ ਸਨ। ਆਪ ਨੇ ਸੰਨ 2013 ਵਿੱਚ ਚੌਣਾਂ ਦੀ ਸਿਆਸਤ ਤੇ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਕੇਂਦਰ ਦੀ ਭਾਜਪਾ ਸਰਕਾਰ ਲਈ ਯੂ.ਪੀ. ਸਿਆਸੀ ਦ੍ਰਿਸ਼ਟੀ ਨਾਲ ਸਭ ਤੋਂ ਅਹਿਮ ਸੀ। ਇਸ ਲਈ ਸ੍ਰੀ ਰਾਮ ਨਾਈਕ ਨੂੰ ਇੱਥੇ ਦਾ ਰਾਜਪਾਲ ਬਣਾਉਣਾ ਵੀ ਉਤਨਾ ਹੀ ਅਹਿਮ ਫੈਸਲਾ ਸੀ। ਸ੍ਰੀ ਰਾਮ ਨਾਈਕ ਦੇ ਆਉਣ ਤੋਂ ਬਾਅਦ ਸਿਆਸਤ ਦੇ ਜੋ ਪੰਡਤ ਵੱਡੀ ਸਿਆਸੀ ਉਥਲ ਪੁਥਲ ਦੀ ਆਸ ਕਰ ਰਹੇ ਸਨ, ਸਮਾਂ ਗੁਜਰਣ ਤੇ ਨਿਰਾਸ਼ ਹੋਣ ਲੱਗ ਪਏ। ਸ੍ਰੀ ਨਾਈਕ ਜਿੱਥੇ ਸਰਕਾਰ ਪ੍ਰਾਂਤ ਦੀ ਸਰਕਾਰ ਦਾ ਵਿਸ਼ਵਾਸ ਜਿੱਤਨ ’ਚ ਕਾਮਿਆਬ ਰਹੇ ਕਿ ਹਰ ਸੰਵਿਧਾਨਕ ਕੰਮ ’ਚ ਉਹ ਪੂਰਣ ਤੌਰ ਤੇ ਸਰਕਾਰ ਨਾਲ ਹਨ ਉੱਥੇ ਹੀ ਉਹਨਾਂ ਆਮ ਲੋਕਾਂ ਦੇ ਹਮਦਰਦ ਹੋਣ ਦੀ ਆਪਣੀ ਨਿਜੀ ਪਛਾਣ ਵੀ ਕਾਇਮ ਕਰਨ ’ਚ ਸਫਲਤਾ ਪ੍ਰਾਪਤ ਕਰ ਲਈ। ਰਾਜ ਭਵਨ ਦੇ ਦੁਆਰ ਆਮ ਲੋਕਾਂ ਲਈ ਖੁੱਲ ਗਏ। ਪ੍ਰਾਂਤ ਦੇ ਰਾਜਪਾਲ ਨੂੰ ਮਿਲਣਾ ਇੰਨਾ ਸੌਖਾ ਕਦੇ ਵੀ ਨਹੀਂ ਸੀ ਰਿਹਾ। ਸਰਕਾਰ ’ਚ ਆਪਣੇ ਮਸਲਿਆਂ ਦੀ ਪੈਰਵੀ ਕਰਦਿਆਂ ਕਰਦਿਆਂ ਜਦੋਂ ਲੋਕ ਥੱਕ ਜਾਉਂਦੇ ਤਾਂ ਰਾਜ ਭਵਨ ਜਾ ਪੁੱਜਦੇ। ਸ੍ਰੀ ਰਾਮ ਨਾਈਕ ਬਿਨਾ ਕਿਸੇ ਵਿਤਕਰੇ ਹਰ ਸਿਆਸੀ ਦਲ ਦੇ ਲੋਕਾਂ ਨਾਲ ਹੀ ਨਹੀਂ ਆਮ ਜਨਤਾ ਨਾਲ ਵੀ ਪ੍ਰੇਮ ਨਾਲ ਮਿਲਦੇ ਤੇ ਹਰ ਕਿਸੇ ਦੀ ਸਮਸਿਆ ਦਾ ਨਿਦਾਨ ਕਰਨ ਦਾ ਜਤਨ ਕਰਦੇ। ਉਨ੍ਹਾਂ ਦੇ ਇਸ ਵਿਉਹਾਰ ਦਾ ਅਸਰ ਹੋਇਆ ਕਿ ਲੋਕ ਸ੍ਰੀ ਰਾਮ ਨਾਈਕ ਨੂੰ ਆਪਣਾ ਮਿਤਰ ਸਮਝਣ ਲੱਗ ਪਏ। ਕਿਸੇ ਨੂੰ ਕਦੇ ਵੀ ਅਹਿਸਾਸ ਹੀ ਨਹੀਂ ਹੋਇਆ ਕਿ ਉਹ ਕਿਸੇ ਸਿਆਸੀ ਪਿਛੋਕੜ ਵਾਲੇ ਰਾਜਪਾਲ ਨੂੰ ਮਿਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਲੋਕਾਂ ਦੀਆਂ ਮਜਬੂਰੀਆਂ ਸਮਝੀਆਂ। ਆਏ ਲੋਕਾਂ ਨੂੰ ਮੁੜ ਰਾਜਭਵਨ ਨਾ ਆਉਣਾ ਪਏ ਇਸ ਲਈ ਸ੍ਰੀ ਨਾਇਕ ਅਕਸਰ ਲੋਕਾਂ ਨੂੰ ਆਪਣੀ ਨਿਜੀ ਈ ਮੇਲ ਆਈ.ਡੀ. ਦੇ ਕੇ ਮੇਲ ਕਰਨ ਦੀ ਸਲਾਹ ਦਿੰਦੇ। ਸ੍ਰੀ ਰਾਮ ਨਾਈਕ ਸਾਲ ’ਚ ਹੀ ਪ੍ਰਾਂਤ ਦੇ ਵੱਡੇ ਵਡੇਰੇ, ਪਿਤਾਮਹ ਬਣ ਕੇ ਉਭਰਨ ’ਚ ਸਫਲ ਰਹੇ। ਅਜਿਹਾ ਨਹੀਂ ਕਿ ਪ੍ਰਾਂਤ ਦੀ ਸਪਾ ਸਰਕਾਰ ਨਾਲ ਸਦਾ ਹੀ ਸ੍ਰੀ ਰਾਮ ਨਾਈਕ ਦੇ ਸੰਬੰਧ ਠੀਕ ਰਹੇ। ਕਈ ਮਸਲਿਆਂ ਤੇ ਸਰਕਾਰ ਨਾਲ ਰਾਜਪਾਲ ਦੇ ਰਿਸ਼ਤੇ ਤਲਖ ਹੋਏ। ਸ੍ਰੀ ਰਾਮ ਨਾਈਕ ਨੇ ਸਰਕਾਰ ਦੇ ਕਈ ਫੈਸਲਿਆਂ ਤੇ ਵਿਰੋਧ ਜਤਾਇਆ ’ਤੇ ਆਪਣੇ ਦ੍ਰਿਸ਼ਟੀਕੋਣ ਨੂੰ ਖੁੱਲ੍ਹੇ ਤੌਰ ’ਤੇ ਜਾਹਰ ਵੀ ਕੀਤਾ। ਉਨ੍ਹਾਂ ਆਪਣੇ ਵੀਚਾਰ ਲਿਖਤੀ ਤੌਰ ਤੇ ਸਰਕਾਰ ਨੂੰ ਭੇਜੇ ਤੇ ਸਰਕਾਰ ਕੋਲੋਂ ਜਵਾਬ ਵੀ ਮੰਗੇ। ਸਰਕਾਰ ਦੇ ਜਿਨ੍ਹਾਂ ਫੈਸਲਿਆਂ ਤੇ ਉਹ ਸਹਿਮਤ ਨਹੀਂ ਸਨ , ਅੰਤ ਤੱਕ ਆਪਣੇ ਰੁਖ ਤੇ ਡੱਟੇ ਰਹੇ। ਆਪਣੀ ਇਸ ਦ੍ਰਿੜ੍ਹਤਾ ਨਾਲ ਸ੍ਰੀ ਰਾਮ ਨਾਈਕ ਆਮ ਲੋਕਾਂ ਦੇ ਹਰਦਿਲ ਅਜੀਜ ਬਣ ਗਏ। ਪਰ ਖਾਸ ਗੱਲ ਰਹੀ ਕਿ ਉਹਨਾਂ ਨਿਜੀ ਰਿਸ਼ਤਿਆਂ ਤੇ ਕਦੇ ਵੀ ਇਸ ਦਾ ਅਸਰ ਨਹੀਂ ਪੈਣ ਦਿੱਤਾ। ਆਮ ਲੋਕਾਂ ਨਾਲ ਸੰਪਰਕ ਕਾਇਮ ਕਰਨ ਲਈ ਉਹਨਾਂ ਨੇ ਰਾਜ ਭਵਨ ਦੇ ਦਹਾਕਿਆਂ ਤੋਂ ਬਣੇ ਹੋਏ ਸਾਰੇ ਮਿਥਕ ਤੋੜ ਦਿੱਤੇ। ਸ੍ਰੀ ਨਾਈਕ ਦੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਜਿੱਥੇ ਵੀ ਸੱਦਿਆ ਗਿਆ ਹੈ ਜਰੂਰ ਪੁੱਜਣ। ਪ੍ਰਾਂਤ ਦੇ ਛੋਟੇ ਛੋਟੇ ਕਸਬਿਆਂ ’ਚ ਵੀ ਪੁੱਜ ਜਦੋਂ ਪ੍ਰੋਗਰਾਮਾਂ ’ਚ ਸ਼ਿਰਕਤ ਕਰਦੇ ਤਾਂ ਲੋਗ ਹੈਰਾਨ ਰਹਿ ਜਾਉਂਦੇ। ਇਹ ਭਰਮ ਪੂਰਣ ਤੌਰ ਤੇ ਟੁੱਟ ਗਿਆ ਕਿ ਰਾਜਪਾਲ ਦਾ ਔਹਦਾ ਆਰਾਮ , ਸ਼ਾਨੋ ਸ਼ੌਕਤ ਦਾ ਤੇ ਸ਼ਾਹੀ ਅੰਦਾਜ ਦੀ ਜਿੰਦਗੀ ਵਾਲਾ ਹੁੰਦਾ ਹੈ। ਬਤੌਰ ਯੂ.ਪੀ. ਦੇ ਰਾਜਪਾਲ, ਸ੍ਰੀ ਰਾਮ ਨਾਈਕ ਦੀ ਸਫਲਤਾ ਦਾ ਸਭ ਤੋਂ ਵੱਡਾ ਕਾਰਣ ਸ਼ਾਇਦ ਉਨ੍ਹਾਂ ਦਾ ਇੱਕ ਸ੍ਰੇਸ਼ਟ ਇਨਸਾਨ ਹੋਣਾ ਹੈ। ਨਿਜੀ ਜੀਵਨ ’ਚ ਪੂਰਣ ਸੰਜਮ ਤੇ ਅਨੁਸ਼ਾਸਨ ਵਰਤਨ ਵਾਲੇ ਸ੍ਰੀ ਰਾਮ ਨਾਈਕ ਕੈਂਸਰ ਜਿਹੀ ਗੰਭੀਰ ਬੀਮਾਰੀ ਨੂੰ ਸੰਨ 1994 ’ਚ ਆਪਣੇ ਧੀਰਜ ਤੇ ਹੌਸਲੇ ਨਾਲ ਹੀ ਜਿੱਤ ਸਕੇ।
ਉਹ ਮੰਨਦੇ ਹਨ ਹੀ ਇਹ ਜੀਵਨ ਜੋ ਉਹ ਜਿਉਂ ਰਹੇ ਹਨ ਬੋਨਸ ਦੇ ਰੂਪ ‘ਚ ਮਿਲਿਆ ਹੈ। ਆਪਣੀ 82 ਸਾਲ ਦੀ ਉਮਰ ਦੇ ਇਸ ਪੜਾਉ ਤੇ ਉਹ ਜੀਵਨ ਦੇ ਫਰਜ ਪੂਰੇ ਜੋਸ਼ ਤੇ ਭਾਵਨਾ ਨਾਲ ਨਿਭਾਉਣ ਦਾ ਜਜਬਾ ਰੱਖਦੇ ਹਨ। ਸ੍ਰੀ ਨਾਈਕ ਦਾ ਮੰਨਣਾ ਹੈ ਕਿ ਸਿਆਸਤ ਵਿੱਚ ਤਾਰੀਫ਼ ਤੇ ਨਿੰਦਿਆ ਦੁਹਾਂ ਲਈ ਤਿਆਰ ਰਹਿਣਾ ਚਾਹੀਦੇ ਪਰ ਜਦੋਂ ਕੋਈ ਗਲਤ ਵਰਤਾਰੇ ਜਾਂ ਨਾਜਾਇਜ ਫਾਇਦਾ ਲੈਣ ਦਾ ਦੋਸ਼ ਲਾਉਂਦਾ ਹੈ ਤਾਂ ਮੈਨੂੰ ਬਰਦਾਸ਼ਤ ਨਹੀਂ ਹੁੰਦਾ। ਅੱਜ ਸ੍ਰੀ ਨਾਈਕ ਸਿਆਸਤ ਤੋਂ ਦੂਰ ਇਕ ਸੰਵਿਧਾਨਕ ਔਹਦਾ ਸੰਭਾਲ ਰਹੇ ਹਨ ਜੋ ਨਿਰਪੱਖ ਹੋਣ ਦੀ ਮੰਗ ਕਰਦਾ ਹੈ ਪਰ ਲਖਨਊ ਦੇ ਰਾਜ ਭਵਨ ਵਾਲੇ ਸ੍ਰੀ ਨਾਈਕ ਤੇ ਕੇਂਦਰ ’ਚ ਮੰਤਰੀ ਰਹੇ ਸ੍ਰੀ ਨਾਈਕ ’ਚ ਕੋਈ ਫਰਕ ਨਹੀਂ ਦਿੱਸਦਾ। ਉਹ ਸਦਾ ਹੀ ਨਿਰਪੱਖ, ਨਿਡਰ, ਸਪਸ਼ਟ ਤੇ ਲੋਕ ਭਲਾਈ ਦੇ ਜਜਬੇ ਨਾਲ ਭਰਪੂਰ ਵਿਖਾਈ ਦਿੰਦੇ ਹਨ। ਇਹ ਸਭ ਤੋਂ ਵੱਡਾ ਕਾਰਣ ਹੈ ਕਿ ਰਾਜਪਾਲ ਦੇ ਰੂਪ ’ਚ ਕਦੇ ਵੀ ਉਹਨਾਂ ਤੇ ਪੱਖਪਾਤ, ਸੰਵਿਧਾਨਕ ਅਣਗਹਿਲੀ ਜਾਂ ਉਦਾਸੀਨਤਾ ਦਾ ਦੋਸ਼ ਨਹੀਂ ਲੱਗਿਆ। ਜੇ ਕਿਸੇ ਨੇ ਕੋਈ ਦੋਸ਼ ਲਗਾਇਆ ਵੀ ਤਾਂ ਆਪਣੀ ਸਿਆਸੀ ਮਜਬੂਰੀ ਤੇ ਲੋਭ ਪੂਰਤੀ ਲਈ , ਜਿਸ ਦਾ ਆਮ ਲੋਕਾਂ ਤੇ ਕੋਈ ਪ੍ਰਭਾਵ ਨਹੀਂ ਪਿਆ। ਸ੍ਰੀ ਨਾਈਕ ਨੇ ਆਪਣੇ ਵਿਉਹਾਰ ਨਾਲ ਹੋਰਨਾਂ ਲਈ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਤੇ ਰਾਜਪਾਲ ਦੇ ਔਹਦੇ ਦੀ ਮਹੱਤਾ ਮੁੜ ਸਥਾਪਤ ਕੀਤੀ ਹੈ। ਕਈ ਦਸ਼ਕਾਂ ਤੋਂ ਚੱਲ ਰਹੀ ਇਹ ਬਹਿਸ ਕਿ ਰਾਜਪਾਲ ਦਾ ਔਹਦਾ ਹੀ ਖਤਮ ਕਰ ਦਿੱਤਾ ਜਾਵੇ, ਦਾ ਤਗੜਾ ਜਵਾਬ ਸ੍ਰੀ ਨਾਈਕ ਦਾ ਸਫਲ ਕਾਰਜ ਕਾਲ ਹੈ। ਯੂ.ਪੀ. ’ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਸ੍ਰੀ ਨਾਈਕ ਨੇ ਆਪਣੀ ਜਿੰਮੇਦਾਰੀ ਦਾ ਦਾਇਰਾ ਹੋਰ ਵਧਾ ਲਿਆ ਹੈ। ਭਾਜਪਾ ਸਰਕਾਰ ਦੇ ਸਾਰੇ ਮੰਤਰੀਆਂ ਨੂੰ ਉਹਨਾਂ ਨੇ ਰਾਜ ਭਵਨ ‘ਚ ਬੁਲਾਇਆ ਤੇ ਲੋਕਾਂ ਨਾਲ ਚੰਗੇ ਤੇ ਸਿਧੇ ਰਿਸ਼ਤੇ ਕਾਇਮ ਕਰਨ ਲਈ ਕਈ ਸੁਝਾਵ ਦਿੱਤੇ। ਸ੍ਰੀ ਨਾਈਕ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਆਉਣ ਵਾਲਿਆਂ ਸਾਰੀਆਂ ਚਿੱਠੀਆਂ ਦਾ ਜਵਾਬ ਜਰੂਰ ਦੇਣ ਤੇ ਕੋਸ਼ਿਸ਼ ਕਰਨ ਕਿ ਹਰ ਜਵਾਬ ਤੇ ਆਪ ਦਸਤਖਤ ਕਰਨ। ਇਸ ਨਾਲ ਲੋਕਾਂ ਦਾ ਭਰੋਸਾ ਵਧੇਗਾ। ਸ੍ਰੀ ਨਾਈਕ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਨੂੰ ਕੰਮ ਲਈ ਜੋ ਪਤਰ ਲਿਖਣ ਕੁਝ ਚਿਰ ਬਾਅਦ ਉਸ ਦੀ ਖੋਜ ਖਬਰ ਜਰੂਰ ਲੈਣ। ਸਾਰੇ ਮੰਤਰੀਆਂ ਨੂੰ ਉਹਨਾਂ ਨੇ ਦੁਸ਼ਾਲੇ ਤੇ ਆਪਣੀ ਲਿਖੀ ਕਿਤਾਬ “ ਚਰੈਵੇਤਿ ਚਰੈਵੇਤਿ ਵੀ ਭੇਂਟ ਕੀਤੀ। ਇਸ ਕਿਤਾਬ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੇ ਯਾਦਗਾਰੀ ਪਲ ਸੰਜੋਏ ਹਨ ਜੋ ਪਹਿਲਾਂ ਇਕ ਮਰਾਠੀ ਅਖਬਾਰ ਸਕਾਲ ਵਿੱਚ ਲੜੀਵਾਰ ਪ੍ਰਕਾਸ਼ਤ ਹੋ ਚੁਕੇ ਹਨ। ਇਸ ਕਿਤਾਬ ਨੇ ਅੰਗ੍ਰੇਜ਼ੀ, ਹਿੰਦੀ, ਮਰਾਠੀ, ਗੁਜਰਾਤੀ ਤੇ ਉਰਦੂ ਐਡੀਸ਼ਨ ਛੱਪ ਚੁਕੇ ਹਨ। ਰਾਜ ਭਵਨ ਵਿੱਚ ਰਹਿ ਕੇ ਵੀ ਸਨਿਆਸੀ ਜਿਹਾ ਜੀਵਨ ਜੀਉਣ ਵਾਲੇ ਤੇ ਆਲੇ ਦੁਆਲੇ ਦੀ ਸ਼ਾਨੋ ਸ਼ੌਕਤ ਤੋਂ ਨਿਰਲੇਪ ਸ੍ਰੀ ਰਾਮ ਨਾਇਕ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਸੰਵਿਧਾਨਕ ਢਾਂਚੇ ਅੰਦਰ ਰਾਜਪਾਲ ਦੇ ਔਹਦੇ ਦੀ ਸਿਰਜਨਾ ਬੜਾ ਹੀ ਸੂਝ ਬੂਝ ਵਾਲਾ ਨਿਰਨਾਂ ਸੀ। ਸੰਵਿਧਾਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਨ ਲਈ ਇਸ ਔਹਦੇ ਦੀ ਆਪਣੀ ਭੂਮਿਕਾ ਹੈ। ਇਹ ਔਹਦਾ ਕੇਂਦਰ ਤੇ ਰਾਜ ਸਰਕਾਰ ਵਿੱਚ ਕੜੀ ਦਾ ਕੰਮ ਕਰਦਾ ਹੀ ਹੈ , ਸੰਵਿਧਾਨ ਤੇ ਲੋਕਾਂ ਵਿਚਕਾਰ ਵੀ ਸੰਬੰਧ ਤੇ ਭਰੋਸਾ ਕਾਇਮ ਕਰਦਾ ਹੈ। ਲੋਕਤੰਤਰ ਦੀ ਇਹ ਪ੍ਰਣਾਲੀ ਸਰਕਾਰਾਂ ਨੂੰ ਕਦੇ ਵੀ ਨਿਰੰਕੁਸ਼ ਨਹੀਂ ਹੋਣ ਦਿੰਦੀ ਜੇ ਲਾਇਕ ਵਿਅਕਤੀ ਔਹਦਿਆਂ ਤੇ ਬੈਠੇ ਹੋਣ। ਭਾਵੇ ਚੁਣੀਆਂ ਹੋਈਆਂ ਸਰਕਾਰਾਂ ਕੋਲ ਵੱਡੇ ਤੇ ਵਿਉਹਾਰਕ ਅਧਿਕਾਰ ਹੁੰਦੇ ਹਨ ਪਰ ਉਹਨਾਂ ਅਧਿਕਾਰਾਂ ਦਾ ਸਹੀ ਇਸਤੇਮਾਲ ਵੀ ਜਰੂਰੀ ਹੈ।
ਰਾਜਪਾਲ ਦੇ ਅਧਿਕਾਰ ਵੇਖਣ ’ਚ ਸੀਮਤ ਹਨ ਪਰ ਇਤਨੇ ਹਨ ਕਿ ਨਿਰੰਕੁਸ਼ਤਾ ਤੇ ਮਨਮਰਜੀ ਤੋਂ ਲੋਕ ਹਿਤਾਂ ਦੀ ਰਖਿਆ ਕਰ ਸਕਣ। ਅੱਜ ਸ੍ਰੀ ਰਾਮ ਨਾਈਕ ਕੋਲ ਰਾਜਪਾਲ ਦੇ ਰੂਪ ’ਚ ਆਪਣੇ ਹੁਣ ਤੱਕ ਦੇ ਕਾਰਜਕਾਲ ਦਾ ਇੱਕ-ਇੱਕ ਦਿਨ ਦਾ ਹਿਸਾਬ ਹੈ। ਭਾਰੀ ਬਹੁਮਤ ਵਾਲੀ ਭਾਜਪਾ ਸਰਕਾਰ ਬਣਨ ਤੋਂ ਬਾਅਦ ਸ੍ਰੀ ਰਾਮ ਨਾਈਕ ਦੀ ਭੂਮਿਕਾ ਹੋਰ ਵੱਧ ਗਈ ਹੈ। ਸਰਕਾਰ ਕਿਸੇ ਵੀ ਦਲ ਦੀ ਹੋਵੇ ਰਾਜਪਾਲ ਦੀ ਦ੍ਰਿਸ਼ਟੀ ਸਦਾ ਸੰਵਿਧਾਨ ਤੇ ਟਿਕੀ ਰਹੇ ਇਹ ਆਸ ਕੀਤੀ ਜਾਣੀ ਚਾਹੀਦੀ ਹੈ।
ਡਾ. ਸਤਿੰਦਰ ਪਾਲ ਸਿੰਘ



