ਮੌਜੂਦਾ ਸਮੇਂ ਸਿੱਖ ਭਾਈਚਾਰਾ ਲਗਭਗ ਅਗਵਾਈ ਰਹਿਤ ਹੋ ਚੁੱਕਾ ਹੈ। ਸਿੱਖਾਂ ਕੋਲ ਕੋਈ ਵੀ ਸਰਬਪ੍ਰਵਾਨਿਤ ਅਤੇ ਸੱਚਾ ਸੁੱਚਾ ਕੌਮਪ੍ਰਸਤ ਸਿਆਸੀ ਅਤੇ ਧਾਰਮਿਕ ਆਗੂ ਨਹੀਂ ਹੈ। ਧੜਿਆਂ ਵਿੱਚ ਵੰਡੇ ਸਿੱਖ ਆਪਸ ਵਿੱਚ ਲੜ ਰਹੇ ਹਨ। ਕੌਮਪ੍ਰਸਤੀ ਤਾਂ ਬਸ ਖੰਭ ਲਾ ਕੇ ਉੱਡ ਗਈ ਹੈ। ਪੰਜਾਬ ਵਿੱਚ ਦਸ ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਪਰ ਇਸ ੌਦੌਰਾਨ ਸਿੱਖ ਭਾਈਚਾਰੇ ਨੂੰ ਕੌਮੀ ਤੌਰ ’ਤੇ ਕੋਈ ਰਾਹਤ ਨਹੀਂ ਮਿਲੀ। ਉਲਟਾ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਹਮਲਿਆਂ ਦੀ ਇੱਕ ਮੰਦਭਾਗੀ ਸ਼ੁਰੂਆਤ ਹੋਈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 100 ਤੋਂ ਵਧ ਥਾਵਾਂ ’ਤੇ ਬੇਅਦਬੀ ਨੇ ਤਾਂ ਸਿੱਖ ਭਾਈਚਾਰੇ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਤਾਂ ਦੂਰ ਉਨ੍ਹਾਂ ਨੂੰ ਗ੍ਰਿਫਤਾਰ ਤੱਕ ਵੀ ਨਹੀਂ ਕੀਤਾ ਗਿਆ। ਇਸ ਵੱਡੀ ਸਾਜ਼ਿਸ਼ ਦਾ ਭੇਦ ਅੱਜ ਵੀ ਕਿਤੇ ਡੂੰਘਾ ਦਫਨ ਹੈ। ਹੋਰ ਤਾਂ ਹੋਰ ਸਿੱਖ ਸਿਧਾਂਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਪਵਿੱਤਰ ਸੰਸਥਾ ਨੂੰ ਇੱਕ ਪੰਥ ਵਿਰੋਧੀ ਡੇਰੇ ਦੀਆਂ ਵੋਟਾਂ ਲਈ ਕੁਰਬਾਨ ਕਰ ਦਿੱਤਾ ਗਿਆ। ਸਿੱਖ ਭਾਈਚਾਰੇ ਦੀਆਂ ਸਿਆਸੀ ਅਤੇ ਧਾਰਮਿਕ ਲੋੜਾਂ ਲਈ 1920 ਵਿੱਚ ਕਾਇਮ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਤੋਂ ਵੀ ਅੱਗੇ ਲੰਘ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੂੰ ਹੁਣ ਪੰਥਕ ਮੁੱਦਿਆਂ ’ਤੇ ਗੱਲ ਕਰਨ ਤੋਂ ਵੀ ਸ਼ਰਮ ਆਉਣ ਲੱਗੀ ਹੈ। ਇਹੋ ਕਾਰਨ ਹੈ ਕਿ 4 ਫਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਭਾਈਚਾਰੇ ਨੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਦੂਸਰੇ ਪਾਸੇ ਉੱਤਰ ਪ੍ਰਦੇਸ਼ ਦੀ ਉਦਾਹਰਣ ਸਾਡੇ ਸਾਹਮਣੇ ਹੈ, ਜਿੱਥੇ ਹਿੰਦੂ ਭਾਈਚਾਰੇ ਨੇ ਇੱਕ ਪਾਸੜ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ। ਭਾਜਪਾ ਦੀ ਲੀਡਰਸ਼ਿਪ ਨੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੌਮਪ੍ਰਸਤ ਆਗੂ ਸ੍ਰੀ ਯੋਗੀ ਆਦਿੱਤਿਆ ਨਾਥ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਿੱਖ ਭਾਈਚਾਰੇ ਕੋਲ ਯੋਗੀ ਵਰਗਾ ਕੋਈ ਕੌਮਪ੍ਰਸਤ ਨੇਤਾ ਹੀ ਨਹੀਂ ਹੈ। ਯੋਗੀ ਜੀ ਪਾਰਲੀਮੈਂਟ ਤੋਂ ਲੈ ਕੇ ਹਰ ਮੰਚ ਉੱਪਰ ਆਪਣੇ ਧਰਮ ਅਤੇ ਕੌਮ ਦੀ ਗੱਲ ਨੂੰ ਖੁੱਲ੍ਹ ਕੇ ਬਿਨਾ ਕਿਸੇ ਲੁੱਕ ਲੁਕਾਅ ਕਰਦੇ ਹਨ। ਉਹ ਤਥਾਕਤਿਤ ਸੈਕੁਲਰਾਂ ਤੋਂ ਵੀ ਡਰਦੇ ਨਹੀਂ ਹਨ। ਉਨ੍ਹਾਂ ਦਾ ਕੰਮਕਾਜੀ ਤਰੀਕਾ ਅਤੇ ਨਿੱਜੀ ਜੀਵਨ ਵੀ ਆਪਣੇ ਧਰਮ ਨਾਲ ਜੁੜਿਆ ਹੋਇਆ ਹੈ। ਇੱਕ ਤਰ੍ਹਾਂ ਨਾਲ ਉਹ ਹਿੰਦੂ ਕੌਮਪ੍ਰਸਤੀ ਦਾ ਪ੍ਰਤੀਕ ਅਤੇ ਨਾਇਕ ਬਣ ਗਏ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਜਿਸ ਸਲੀਕੇ ਨਾਲ ਵਿਚਰ ਰਹੇ ਹਨ, ਉਸ ਨਾਲ ਉਨ੍ਹਾਂ ਨੇ ਆਮ ਲੋਕਾਂ ਦਾ ਮਨ ਜਿੱਤ ਲਿਆ ਹੈ। ਲਖਨਊ ਦੇ ਪੰਜ ਕਾਲੀਦਾਸ ਮਾਰਗ ਸਥਿਤ ਮੁੱਖ ਮੰਤਰੀ ਨਿਵਾਸ ਨੂੰ ਸ਼ਿੰਗਾਰਨ ਲਈ ਵੀ ਉਨ੍ਹਾਂ ਨੇ ਆਪਣੇ ਧਰਮ ਅਤੇ ਸਸਕਾਰਾਂ ਨੂੰ ਅੱਗੇ ਰੱਖਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨਿਵਾਸ ’ਚ ਬਿਨਾ ਏਅਰਕੰਡੀਸ਼ਨਰ (ਏ.ਸੀ.) ਵਾਲੇ ਕਮਰੇ ’ਚ ਤਖਤਪੋਸ਼ ’ਤੇ ਹੀ ਸੌਣ ਦਾ ਫੈਸਲਾ ਲਿਆ ਹੈ। ਗੋਰਖਪੀਠ ਪ੍ਰਬੰਧਨ ਨਾਲ ਜੁੜੇ ਸ੍ਰੀ ਯੋਗੀ ਆਦਿੱਤਿਆ ਨਾਥ ਆਪਣੀ ਸਾਦਗੀ ਲਈ ਜਾਣੇ ਜਾਂਦੇ ਹਨ ਅਤੇ ਉਹ ਗੋਰਖਨਾਥ ਮੰਦਰ ’ਚ ਬਿਨਾ ਏ.ਸੀ. ਚਲਾਏ ਸੌਦੇ ਸਨ।ਯੋਗੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ’ਚ ਕੋਈ ਬਦਲਾਅ ਨਹੀਂ ਹੋਇਆ। ਮੁੱਖ ਮੰਤਰੀ ਦਫਤਰ ਵਿੱਚ ਜਾ ਕੇ ਬੈਠਣ ਤੋਂ ਪਹਿਲਾਂ ਉਨ੍ਹਾਂ ਨੇ ਯੂਪੀ ਸਕੱਤਰੇਤ ਦੀਆਂ ਸਾਰੀਆਂ ਮੰਜ਼ਿਲਾਂ ਪੈਦਲ ਘੁੰਮੀਆਂ ਹਨ ਅਤੇ ਮੁਲਾਜ਼ਮਾਂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਨੇ ਸਾਰੇ ਸਰਕਾਰੀ ਦਫਤਰਾਂ ਨੂੰ ਸਾਫ ਸੁਥਰਾ ਰੱਖਣ ਦੇ ਵੀ ਨਿਰਦੇਸ਼ ਦਿੱਤੇ ਹਨ। ਦਫਤਰਾਂ ਵਿੱਚ ਪਾਨ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਵਰਤੋਂ ਉੱਪਰ ਰੋਕ ਲਗਾ ਦਿੱਤੀ ਗਈ ਹੈ। ਸਾਡੀ ਇਹ ਬਦਕਿਸਮਤੀ ਹੈ ਕਿ ਪੰਜਾਬ ਵਿੱਚ ਅਜਿਹਾ ਕੋਈ ਸਿੱਖ ਨੇਤਾ ਨਹੀਂ ਹੈ, ਜਿਸ ਤੋਂ ਇਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਜਾ ਸਕਣ। ਕਾਸ਼ ਸਿੱਖ ਭਾਈਚਾਰੇ ਨੂੰ ਵੀ ਕੋਈ ਯੋਗੀ ਵਰਗਾ ਕੌਮਪ੍ਰਸਤ ਨੇਤਾ ਮਿਲ ਜਾਵੇ, ਜਿਸ ਨਾਲ ਕੌਮ ਦੀਆਂ ਸਾਰੀਆਂ ਖਾਹਿਸ਼ਾਂ ਉਮੰਗਾਂ ਪੂਰੀਆਂ ਹੋ ਸਕਣ। ਜਿਨ੍ਹਾਂ ਨੂੰ ਸਿੱਖ ਧਰਮ ਅਤੇ ਸਸਕਾਰਾਂ ਬਾਰੇ ਜਨਤਕ ਤੌਰ ’ਤੇ ਗੱਲ ਕਰਨ ਤੋਂ ਵੀ ਸ਼ਰਮ ਆਉਂਦੀ ਹੈ, ਉਨ੍ਹਾਂ ਤੋਂ ਕੌਮ ਦੀ ਬਿਹਤਰੀ ਲਈ ਕੀ ਆਸ ਰੱਖੀ ਜਾ ਸਕਦੀ ਹੈ।
-ਬਲਜੀਤ ਸਿੰਘ ਬਰਾੜ



