ਭਾਰਤ ਦੇ ਸੰਵਿਧਾਨ ਅਨੁਸਾਰ ਹਰ ਪੰਜ ਸਾਲ ਬਾਅਦ ਲੋਕਤੰਤਰ ਪ੍ਰਣਾਲੀ ਤਹਿਤ ਨਵੀਂ ਅਤੇ ਲੋਕਾਂ ਦੀ ਮਨਪਸੰਦ ਸਰਕਾਰ ਚੁਣਨ ਦਾ ਅਧਿਕਾਰ ਲੋਕਾਂ ਨੂੰ ਦਿੱਤਾ ਗਿਆ ਹੈ। ਪੰਜ ਸਾਲ ਆਪਣਾ ਕਾਰਜਕਾਲ ਭੋਗ ਚੁੱਕੀ ਸਰਕਾਰ ਅੰਤ ਵਿੱਚ ਆਪਣੀ ਛਵੀ ਨੂੰ ਸੁਵਾਰਨ ਲਈ ਫ਼ਿਰ ਤੋਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਦੀ ਨਜ਼ਰ ਆਉਂਦੀ ਹੈ ਤਾਂ ਜੋ ਲੋਕਾਂ ਨੂੰ ਤਾਜ਼ੇ-ਤਾਜ਼ੇ ਕੰਮ ਦਿਖਾ ਕੇ ਦੁਬਾਰਾ ਸਰਕਾਰ ਬਨਾਉਣ ਲਈ ਵਰਗਲਾਇਆ ਜਾ ਸਕੇ। ਪਰ ਜਿਵੇਂ-ਜਿਵੇਂ ਜ਼ਮਾਨਾ ਬਦਲਦਾ ਜਾ ਰਿਹਾ ਹੈ ਲੋਕਾਂ ਦੀ ਸੋਚ ਅਤੇ ਸਮਝ ਵੀ ਪਾਰਖੂ ਪੜਾਵਾਂ ਵੱਲ ਵਧਦੀ ਜਾ ਰਹੀ ਹੈ। ਹਰ ਪੰਜ ਸਾਲ ਬਾਅਦ ਲੋਕਾਂ ਦੀ ਸੋਚ ਇੰਨੀ ਕੁ ਬਦਲਦੀ ਨਜ਼ਰ ਆਉਂਦੀ ਹੈ ਕਿ ਲੋਕ ਹੁਕਮਰਾਨ ਪਾਰਟੀ ਦੇ ਤਾਜ਼ੇ ਕੀਤੇ ਕੰਮਾਂ ਨੂੰ ਦੇਖਣ ਦੀ ਬਜਾਇ ਪੂਰੇ ਪੰਜ ਸਾਲਾਂ ਵਿੱਚ ਕੀਤੇ ਕੰਮਾਂ ਦੀ ਸਮੀਖਿਆ ਦੇ ਆਧਾਰ ’ਤੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ।
ਹਰ ਸਰਕਾਰ ਆਪਣੇ ਕਾਰਜਕਾਲ ਵਿੱਚ ਆਪਣੀ ਸਰਕਾਰ ਅਤੇ ਪਾਰਟੀ ਦਾ ਨਾਮ ਹਮੇਸ਼ਾਂ ਲਈ ਲੋਕਾਂ ਦੀ ਜ਼ੁਬਾਨ ’ਤੇ ਰੱਖਣ ਲਈ ਨਵੇਂ-ਨਵੇਂ ਵਸੀਲੇ ਲੈ ਕੇ ਆਉਂਦੀ ਹੈ। ਉਨ੍ਹਾਂ ਵਿੱਚੋਂ ਜੋ ਪ੍ਰੋਜੈਕਟ ਲੋਕਾਂ ਲਈ ਜ਼ਿਆਦਾ ਲਾਹੇਵੰਦ ਸਾਬਿਤ ਹੋਣਾ ਸ਼ੁਰੂ ਹੋ ਜਾਵੇ ਤਾਂ ਦੂਜੀ ਆਉਣ ਵਾਲੀ ਸਰਕਾਰ ਉਸ ਪ੍ਰੋਜੈਕਟ ਉੱਪਰ ਆਪਣੇ ਨਾਂਅ ਦੀ ਮੋਹਰ ਲਾਉਣ ਲਈ ਉਸ ਵਿੱਚ ਫ਼ੇਰ ਬਦਲ ਕਰਨੇ ਸ਼ੁਰੂ ਕਰ ਦਿੰਦੀ ਹੈ ਅਤੇ ਕਈ ਵਾਰ ਉਹ ਫ਼ੇਰ ਬਦਲ ਆਮ ਜਨਤਾ ਅਤੇ ਰੁਜ਼ਗਾਰ ਪ੍ਰਾਪਤ ਨੌਜਵਾਨਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਦਿੰਦਾ ਹੈ। ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਕਾਰਜਕਾਲ ’ਤੇ ਝਾਤ ਮਾਰੀਏ ਤਾਂ ਪ੍ਰਸ਼ਾਸਨਿਕ ਸੁਧਾਰ ਤੋਂ ਇਲਾਵਾ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਅਤੇ ਕੰਮ ਜਨਹਿਤ ਵਿੱਚ ਚਲਾਏ ਕਿ ਲੋਕਾਂ ਨੂੰ ਕਾਫ਼ੀ ਸਹੂਲਤਾਂ ਮਿਲਦੀਆਂ ਰਹੀਆਂ। ਉਨ੍ਹਾਂ ਵਿੱਚੋਂ ਹੀ ਇੱਕ ਸਨ ‘ਸੁਵਿਧਾ ਕੇਂਦਰ’।
‘ਸੁਵਿਧਾ ਕੇਂਦਰ’ ਚਲਾਉਣ ਦਾ ਮਕਸਦ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਹੋ ਰਹੇ ਕੰਮ ਜਿਵੇਂ, ਜਨਮ ਸਰਟੀਫ਼ਿਕੇਟ, ਡਰਾਇਵਿੰਗ ਲਾਇਸੰਸ, ਜਾਤੀ ਸਰਟੀਫ਼ਿਕੇਟ, ਰਿਹਾਇਸ਼ੀ ਸਰਟੀਫ਼ਿਕੇਟ, ਪਾਸਪੋਰਟ, ਨਕਲਾਂ ਅਤੇ ਹੋਰ ਬਹੁਤ ਸਾਰੇ ਅਜਿਹੇ ਕੰਮ ਜਿਨ੍ਹਾਂ ਨੂੰ ਕਰਵਾਉਣ ਲਈ ਲੋਕਾਂ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਚੱਕਰ ਲੱਗਦੇ ਸਨ, ਨੂੰ ਇੱਕੋ ਛੱਤ ਹੇਠ ਕਰਵਾਉਣਾ ਸੀ। ਸਾਲ 2004 ਤੋਂ ਸ਼ੁਰੂ ਹੋ ਕੇ 2016 ਤੱਕ ਚੱਲੇ ਇਨ੍ਹਾਂ ਸੁਵਿਧਾ ਕੇਂਦਰਾਂ ਤੋਂ ਰੋਜ਼ਾਨਾਂ ਲੱਖਾਂ ਲੋਕ ਸੈਂਕੜੇ ਸੁਵਿਧਾਵਾਂ ਪ੍ਰਾਪਤ ਕਰਦੇ ਸਨ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਦਸਤਾਵੇਜ਼ ਪ੍ਰਾਪਤ ਕਰਦੇ ਸਨ। ਪੰਜਾਬ ਸਰਕਾਰ ਵੱਲੋਂ ਚਲਾਏ ਜਾਣ ਵਾਲੇ ਹਰ ਪ੍ਰੋਜੈਕਟ ਜਿਵੇਂ ਆਟਾ ਦਾਲ ਸਕੀਮ, ਆਧਾਰ ਕਾਰਡ ਆਦਿ ਦਾ ਕੰਮ ਇਨ੍ਹਾਂ ਸੈਂਟਰਾਂ ਵਿੱਚ ਪਾਰਦਰਸ਼ੀ ਤਰੀਕੇ ਨਾਲ ਚੱਲਦੇ ਸਨ ਪਰ ਹੁਕਮਰਾਨ ਪਾਰਟੀ ਨੇ ਇਸ ਪ੍ਰੋਜੈਕਟ ਨੂੰ ਕਾਮਯਾਬ ਹੁੰਦੇ ਦੇਖ ਕੇ ‘ਕੈਪਟਨ’ ਨਾਂਅ ਦਾ ਲੇਬਲ ਲਾਹ ਕੇ ਆਪਣੀ ਸਰਕਾਰ ਦੇ ਨਾਂਅ ਦਾ ਲੇਬਲ ਲਾਉਣ ਲਈ ਇਸ ਪ੍ਰੋਜੈਕਟ ਨੂੰ ਹਮੇਸ਼ਾਂ ਲਈ ਬੰਦ ਕਰਕੇ ਕਾਹਲ਼ੀ-ਕਾਹਲ਼ੀ ’ਚ ‘ਸੇਵਾ ਕੇਂਦਰ’ ਨਾਂਅ ਦਾ ਪ੍ਰੋਜੈਕਟ ਲਿਆ ਕੇ ਖੜ੍ਹਾ ਕਰ ਦਿੱਤਾ।
ਆਮ ਜਨਤਾ ‘ਸੁਵਿਧਾ’ ਅਤੇ ‘ਸੇਵਾ’ ਦੇ ਫ਼ਰਕ ਵਿੱਚ ਹੁਣ ਵੀ ਉਲਝੀ-ਉਲਝੀ ਨਜ਼ਰ ਆਉਂਦੀ ਹੈ। ‘ਸੁਵਿਧਾ ਕੇਂਦਰ’ ਪ੍ਰੋਜੈਕਟ ਆਮ ਜਨਤਾ ਦੇ ਦਿਲਾਂ ਵਿੱਚ ਘਰ ਕਰ ਚੁੱਕਿਆ ਸੀ ਅਤੇ ਨਵਾਂ ਪ੍ਰੋਜੈਕਟ ‘ਸੇਵਾ ਕੇਂਦਰ’ ਹੁਣ ਲੋਕਾਂ ਦੀ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ‘ਸੁਵਿਧਾ ਕੇਂਦਰ’ ਸਰਕਾਰ ਦੀ ਦੇਖ-ਰੇਖ ਹੇਠ ਚਲਾਏ ਜਾਂਦੇ ਸਨ ਜਦਕਿ ‘ਸੇਵਾ ਕੇਂਦਰ’ ਦਾ ਜਿੰਮਾ ਇੱਕ ਨਿੱਜੀ ਕੰਪਨੀ ਨੂੰ ਸੌਂਪਿਆ ਹੋਇਆ ਹੈ। ਨਿੱਜੀ ਕੰਪਨੀ ਨੇ ਆਪਣੇ ਬਿਜ਼ਨੈੱਸ ਨੂੰ ਸਿਖਰ ’ਤੇ ਪਹੁੰਚਾਉਣ ਲਈ ਲੋਕਾਂ ਦੀਆਂ ਮਜਬੂਰੀਆਂ ਦਾ ਫ਼ਾਇਦਾ ਉਠਾਉਂਦਿਆਂ ਫ਼ੀਸਾਂ ਵਿੱਚ ਕਈ ਗੁਣਾਂ ਵਾਧਾ ਕਰ ਦਿੱਤਾ ਜਿਸਦਾ ਸਿੱਧੇ ਤੌਰ ’ਤੇ ਬੋਝ ਆਮ ਜਨਤਾ ਦੀਆਂ ਜੇਬਾਂ ’ਤੇ ਪਿਆ। ਘਰ-ਘਰ ਸਹੂਲਤ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਇਹ ‘ਸੇਵਾ ਕੇਂਦਰ’ ਅੱਜਕੱਲ੍ਹ ਇੰਨੇ ਕੁ ਉਲਝਣਕਾਰ ਬਣੇ ਹੋਏ ਹਨ ਕਿ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਨ੍ਹਾਂ ਦੇ ਕੰਮ ਸ਼ਹਿਰ ਵਿੱਚ ਹੋਣੇ ਹਨ ਜਾਂ ਪਿੰਡ ਵਿੱਚ।
ਹਰ ਰੋਜ਼ ਅਖ਼ਬਾਰਾਂ ਵਿੱਚ ਛਪਦੇ ਇਨ੍ਹਾਂ ਕੇਂਦਰਾਂ ਦੇ ਕਿੱਸੇ ਅਤੇ ਲੋਕਾਂ ਦੀ ਵਧਦੀ ਖੱਜਲ-ਖੁਆਰੀ ਨੂੰ ਅਫ਼ਸਰਸ਼ਾਹੀ ਵੀ ਨਜ਼ਰ ਅੰਦਾਜ਼ ਕਰਦੀ ਨਜ਼ਰ ਆਉਂਦੀ ਹੈ। ‘ਸੁਵਿਧਾ ਕੇਂਦਰਾਂ’ ਵਿੱਚ ਹੋਣ ਵਾਲੀ ਸਰਕਾਰੀ ਕਮਾਈ ਵਿੱਚੋਂ ਕੁਝ ਹਿੱਸਾ ਸਰਕਾਰ ਨੂੰ ਅਤੇ ਬਾਕੀ ਦਾ ਹਿੱਸਾ ਉਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ‘ਸੁਵਿਧਾ ਕੇਂਦਰਾਂ’ ਦੇ ਖ਼ਰਚੇ ਆਦਿ ’ਤੇ ਵਰਤਿਆ ਜਾਂਦਾ ਸੀ ਪਰ ਜਿਸ ਨਾਲ ਸਰਕਾਰ ਅਤੇ ਕਰਮਚਾਰੀਆਂ ਦਾ ਦੋਹਾਂ ਦਾ ਹੀ ਫ਼ਾਇਦਾ ਹੋ ਰਿਹਾ ਸੀ ਪਰ ਇਸਦੇ ਉਲਟ ‘ਸੇਵਾ ਕੇਂਦਰ’ ਵਿੱਚ ਹੋਣ ਵਾਲੀ ਕਮਾਈ ਵਿੱਚੋਂ ਸਰਕਾਰ ਨੂੰ ਕੋਈ ਫ਼ਾਇਦਾ ਨਹੀਂ ਅਤੇ ਉਹ ਸਾਰੇ ਦਾ ਸਾਰਾ ਪੈਸਾ ਨਿੱਜੀ ਕੰਪਨੀ ਕਮਾ ਰਹੀ ਹੈ ਜਦਕਿ ‘ਸੇਵਾ ਕੇਂਦਰਾਂ’ ਦੇ ਬਿਜਲੀ ਆਦਿ ਦੇ ਖ਼ਰਚੇ ਸਰਕਾਰੀ ਖ਼ਜ਼ਾਨੇ ਵਿੱਚੋਂ ਕੀਤੇ ਜਾ ਰਹੇ ਹਨ ਜੋ ਕਿ ਸਮਝ ਤੋਂ ਪਰ੍ਹੇ ਦੀ ਖੇਡ ਹੈ। ਪੁਰਾਣੀ ਹੁਕਮਰਾਨ ਪਾਰਟੀ ਨੇ ਸਿਰਫ਼ ਆਪਣੇ ਨਾਮ ਦਾ ਲੇਬਲ ਲਾਉਣ ਦੇ ਚੱਕਰ ਵਿੱਚ ਆਮ ਜਨਤਾ ਦੇ ਨਾਲ-ਨਾਲ ‘ਸੁਵਿਧਾ ਕੇਂਦਰਾਂ’ ਵਿੱਚ ਕੰਮ ਕਰਦੇ ਸੈਂਕੜੇ ਕਰਮਚਾਰੀਆਂ ਨੂੰ ਵੀ ਬੇਰੁਜ਼ਗਾਰ ਕਰਕੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਢੇ ਕਰ ਦਿੱਤੇ। ਵੈਸੇ ਤਾਂ ਰਾਜਨੀਤਿਕ ਖੇਡਾਂ ਆਮ ਜਨਤਾ ਦੇ ਸਮਝ ਆਉਣ ਵਾਲੀਆਂ ਚੀਜ਼ਾਂ ਨਹੀਂ ਪਰ ਇਸ ਲੇਖ ਜ਼ਰੀਏ ਸੱਚਾਈ ਨੂੰ ਲੋਕਾਂ ਤੱਕ ਪਹੁੰਚਾਉਣਾ ਹੀ ਮੇਰਾ ਇੱਕ ਮਕਸਦ ਸੀ। ਹੁਣ ਜਦ ਇੱਕ ਵਾਰ ਫ਼ਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਬਹੁ ਗਿਣਤੀ ਉਮੀਦ ਲਾਈ ਬੈਠੀ ਹੈ ਕਿ ਅਜਿਹੇ ਘਾਟੇ ਵਾਲੇ ਪ੍ਰੋਜੈਕਟਾਂ ਬਾਰੇ ਸੋਚ ਵਿਚਾਰ ਕਰਕੇ ਲੋਕਾਂ ਲਈ ਕਾਰਗਰ ਸਿੱਧ ਹੋਣ ਵਾਲੇ ਪ੍ਰੋਜੈਕਟ ਦੋਬਾਰਾ ਚਾਲੂ ਹੋਣਗੇ ਅਤੇ ਬੇਰੁਜ਼ਗਾਰ ਹੋ ਚੁੱਕੇ ਨੌਜਵਾਨਾਂ ਲਈ ਇੱਕ ਉਮੀਦ ਦੀ ਕਿਰਨ ਜਾਗੀ ਹੈ।
ਰਵਿੰਦਰ ਰਵੀ



