May 24, 2026 5:32 am

ਕਲਮ ਅਤੇ ਫੱਟੀ ਸੁੰਦਰ ਲਿਖਾਈ ਦਾ ਅਹਿਮ ਹਿੱਸਾ

ਕੋਈ ਵੇਲ਼ਾ ਸੀ ਜਦੋਂ ਪ੍ਰਾਇਮਰੀ ਸਕੂਲਾਂ ਵਿੱਚ ਬੱਚੇ ਪੜ੍ਹਦੇ ਸਨ ਤਾਂ ਉਹ ਫੱਟੀ ਅਤੇ ਕਲਮ ਦੀ ਵਰਾਂੋ ਕਰਦੇ ਸਨ। ਅਧਿਆਪਕ ਬੱਚਿਆਂ ਨੂੰ ਪੂਰਨੇ ਪਾ ਕੇ ਦਿਆ ਕਰਦੇ ਸਨ। ਉਨ੍ਹਾਂ ਪੂਰਨਿਆਂ ਉੱਤੇ ਬੱਚੇ ਕਲਮ ਚਲਾਉਂਦੇ ਸੀ ਅਤੇ ਇਸ ਤਰ੍ਹਾਂ ਹੋਲੀ-ਹੋਲੀ ਲਿਖਣ ਦਾ ਅਭਿਆਸ ਕਰਦੇ-ਕਰਦੇ ਬੱਚਿਆਂ ਦੀ ਲਿਖਾਈ ਸੁਭਾਵਿਕ ਹੀ ਸੁੰਦਰ ਹੋ ਜਾਂਦੀ ਸੀ ਅਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਕਦੋਂ ਉਨ੍ਹਾਂ ਦੀ ਲਿਖਾਈ ਸੁੰਦਰ ਹੋ ਗਈ। ਜਦੋਂ ਬੱਚੇ ਫੱਟੀ ਪੋਚਦੇ ਅਤੇ ਉਸ ਨੁੰ ਸੁਕਾਉਂਦੇ ਤਾਂ ਨਾਲ਼-ਨਾਲ਼ ਇਹ ਕਵਿਤਾ ਵੀ ਗਾਉਂਦੇ ਸੀ:
ਸੂਰਜਾ ਸੂਰਜਾ ਫੱਟੀ ਸੁਕਾ,
ਨਹੀਂ ਸੁਕਾਉਣੀ ਬੰਬੇ ਜਾਹ
ਬੰਬੇ ਜਾ ਕੇ ਰੇਲ ਚਲਾ
ਰੇਲ ਗਈ ਟੁੱਟ,
ਫੱਟੀ ਗਈ ਸੁੱਕ
ਇਸ ਤਰ੍ਹਾਂ ਬੱਚਿਆਂ ਵਿੱਚ ਕਵਿਤਾ ਲਿਖਣ ਅਤੇ ਬੋਲਣ ਦੀ ਕਲਾ ਵੀ ਵਿਕਸਿਤ ਹੋ ਜਾਂਦੀ ਸੀ। ਬੱਚਿਆਂ ਦਾ ਮਨੋਰੰਜਨ ਹੋਣ ਦੇ ਨਾਲ- ਨਾਲ ਉਹਨਾਂ ਦੀ ਸਰੀਰਕ ਕਸਰਤ ਵੀ ਹੁੰਦੀ ਸੀ। ਪਰ ਹੁਣ ਬੱਚਿਆਂ ਵੱਲੋਂ ਬਾਲ ਪੈੱਨ ਅਤੇ ਕਾਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚੇ ਲਿਖਾਈ ਲਿਖਣ ਵੇਲੇ ਬਾਲ ਪੈੱਨ ਗੋਲ਼-ਗੋਲ਼ ਘੁਮਾਉਂਦੇ ਹਨ ਤੇ ਅੱਖਰਾਂ ਦੀ ਬਣਤਰ ਤੋਂ ਅਣਜਾਣ ਹੀ ਰਹਿ ਜਾਂਦੇ ਹਨ ਅਤੇ ਬੱਚਿਆਂ ਨੂੰ ਅੱਖਰਾਂ ਦੀ ਬਣਤਰ ਦਾ ਪਤਾ ਹੀ ਨਹੀਂ ਲੱਗਦਾ।
ਬੱਚਿਆਂ ਵੱਲੋਂ ਫੱਟੀਆਂ ਲਿਖਣ ਦਾ ਲਾਭ ਇਹ ਹੁੰਦਾ ਸੀ ਕਿ ਸਾਰੇ ਬੱਚੇ ਅੱਖਰਾਂ ਦੀ ਬਣਤਰ ਤੋਂ ਜਾਣੂ ਹੋ ਜਾਂਦੇ ਸਨ ਅਤੇ ਸਾਰੇ ਬੱਚਿਆਂ ਵਿੱਚ ਹੀ ਮੁਕਾਬਲੇ ਦੀ ਭਾਵਨਾ ਆ ਜਾਂਦੀ ਸੀ। ਹਰ ਇੱਕ ਬੱਚੇ ਦੀ ਇਹ ਹੀ ਇੱਛਾ ਹੁੰਦੀ ਸੀ ਕਿ ਮੈਂ ਸਾਰੇ ਬੱਚਿਆਂ ਤੋਂ ਸੋਹਣੀ ਫੱਟੀ ਲਿਖਾਂ। ਫੱਟੀ ਲਿਖਣ ਦਾ ਕੰਮ ਅਧਿਆਪਕਾਂ ਵੱਲੋਂ ਹਰ ਰੋਜ਼ ਅੱਧੀ ਛੁੱਟੀ ਤੋਂ ਬਾਅਦ ਕਰਵਾਇਆ ਜਾਂਦਾ ਸੀ। ਸਾਰੇ ਬੱਚਿਆਂ ਨੂੰ ਫੱਟੀ ਲਿਖਣ ਦੇ ਇਸ ਸਮੇਂ ਦਾ ਬੜੀ ਬੇ-ਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਅਤੇ ਬੱਚਿਆਂ ਦੀ ਸੁੰਦਰ ਲਿਖਾਈ ਦੇ ਪ੍ਰਤੀ ਲਗਾਤਾਰ ਰੂਚੀ ਬਣੀ ਰਹਿੰਦੀ ਸੀ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸੁੰਦਰ ਲਿਖਾਈ ਦੀ ਇਹ ਕਲਾ ਸਿਖਾਉਣ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਸੀ ਕਰਨਾ ਪੈਂਦਾ। ਸੁੰਦਰ ਲਿਖਾਈ ਦੀ ਇਹ ਕਲਾ ਤਾਂ ਬੱਚਿਆਂ ਵਿੱਚ ਆਪ ਮੁਹਾਰੇ ਹੀ ਆ ਜਾਂਦੀ ਸੀ।
ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਵੀ ਬੱਚਿਆਂ ਦੀ ਸੁੰਦਰ ਲਿਖਾਈ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਸੁੰਦਰ ਲਿਖਾਈ ਸਬੰਧੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਲਈ ਛਾਪੀਆਂ ਗਈਆਂ ਹਨ। ਇਹਨਾਂ ਕਿਤਾਬਾਂ ਨਾਲ਼ ਬਹੁਤ ਸਾਰੇ ਅਧਿਆਪਕਾਂ ਦੀ ਲਿਖਾਈ ਸੁੰਦਰ ਹੋਈ ਹੈ। ਜੇਕਰ ਮੈਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਗੱਲ ਕਰਾਂ ਤਾਂ ਇਹਨਾਂ ਬੱਚਿਆਂ ਨੂੰ ਸੁੰਦਰ ਲਿਖਾਈ ਸਬੰਧੀ ਲਗਾਤਾਰ ਅਭਿਆਸ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਸੁੰਦਰ ਲਿਖਾਈ ਦਾ ਲਗਾਤਾਰ ਅਭਿਆਸ ਕਰਵਾਇਆ ਜਾਵੇ ਤਾਂ Àਹਨਾਂ ਦੀ ਲਿਖਾਈ ਬਹੁਤ ਸੁੰਦਰ ਹੋ ਸਕਦੀ ਹੈ।
ਸੁੰਦਰ ਲਿਖਾਈ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਕਰਨ ਲਈ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸੁੰਦਰ ਲਿਖਾਈ ਸਬੰਧੀ ਪ੍ਰਾਇਮਰੀ ਸਕੂਲਾਂ ਵਿੱਚ ਹਰ ਰੋਜ਼ ਇੱਕ ਪੀਰੀਅਡ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿਚ ਹਫ਼ਤੇ ‘ਚ ਘੱਟੋ-ਘੱਟ ਦੋ ਪੀਰੀਅਡ ਲਗਾਉਣ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਫੱਟੀ ਅਤੇ ਕਲਮ ਨੂੰ ਲਾਗੂ ਕਰਨ ਦੀ ਗੱਲ ਵਿਚਾਰਨਯੋਗ ਹੈ।

Send this to a friend