May 21, 2026 11:02 pm

ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ‘ਚ 11 ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ 12 ਤੇ 13 ਮਾਰਚ ਨੂੰ ਕਰਵਾਈ ਜਾ ਰਹੀ ਤੀਜੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਵਿੱਚ ਸਾਹਿਤ ਤੇ ਸਮਾਜ ਭਲਾਈ ਦੇ ਕੰਮਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 11 ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫੈਸਲਾ ਕਾਲਜ ਕਮੇਟੀ ਦੀ ਸ. ਸੁਰਜੀਤ ਸਿੰਘ ਰੱਖੜਾ, ਆਨਰੇਰੀ ਸਕੱਤਰ ਕਾਲਜ ਗਵਰਨਿੰਗ ਬਾਡੀ ਦੀ ਰਹਿਨੁਮਾਈ ਵਿੱਚ ਹੋਈ ਮੀਟਿੰਗ ਵਿਚ ਲਿਆ ਗਿਆ। ਹਰ ਸਾਲ ਕਾਨਫਰੰਸ ਦੌਰਾਨ ਦਿੱਤੇ ਜਾਂਦੇ ਇਨ੍ਹਾਂ ਵੱਕਾਰੀ ਐਵਾਰਡਾਂ ਵਿੱਚ ਖ਼ਾਲਸਾ ਕਾਲਜ ਗਲੋਬਲ ਪੰਜਾਬ ਰਤਨ ਐਵਾਰਡ ਡਾ. ਸਰੂਪ ਸਿੰਘ ਅਲੱਗ ਨੂੰ ਉਨ੍ਹਾਂ ਦੁਆਰਾ ਉਮਰ ਭਰ ਕੀਤੇ ਗਏ ਸਾਹਿਤਕ ਕਾਰਜ, ਕੀਤੀਆਂ ਗਈਆਂ ਖੋਜਾਂ ਅਤੇ ਧਾਰਮਿਕ ਸਾਹਿਤ ਨੂੰ ਪ੍ਰਫੁੱਲਿਤ ਕਰਨ ਵਿੱਚ ਪਾਏ ਯੋਗਦਾਨ ਲਈ ਦੇਣ ਦਾ ਫ਼ੈਸਲਾ ਕੀਤਾ ਗਿਆ। ਪੰਜਾਬੀ ਭਾਸ਼ਾ ਤੇ ਸਾਹਿਤ ਦੇ ਪ੍ਰਚਾਰ, ਪ੍ਰਸਾਰ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਹਿੱਤ ਪਾਏ ਯੋਗਦਾਨ ਲਈ ਪੰਜ ਨਾਮੀ ਹਸ਼ਤੀਆਂ ਨੂੰ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਗੌਰਵ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ। ਇਹਨਾਂ ਸ਼ਖ਼ਸੀਅਤਾਂ ਵਿੱਚ ਡਾ. ਰੂਪ ਸਿੰਘ, ਸ੍ਰੀਮਤੀ ਨਿਰਮਲ ਰਿਸ਼ੀ ਫਿਲਮੀ ਅਦਾਕਾਰ, ਸ. ਪਰਮਿੰਦਰ ਸੋਢੀ ਜਪਾਨ, ਸ. ਦਰਸ਼ਨ ਬੁੱਟਰ ਤੇ ਡਾ. ਸਰਬਜਿੰਦਰ ਸਿੰਘ ਸ਼ਾਮਲ ਹਨ। ਆਪਣੇ ਕਾਰਜਾਂ ਸਦਕਾ ਪੰਜਾਬ ਦਾ ਨਾਮ ਗਲੋਬਲ ਪੱਧਰ ਤੇ ਰੌਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਸ. ਅਮਰ ਸਿੰਘ ਭੁੱਲਰ, ਬਾਬਾ ਬਲਬੀਰ ਸਿੰਘ ਸੀਚੇਵਾਲ, ਸ. ਜਗਜੀਤ ਸਿੰਘ ਦਰਦੀ, ਬੀਬੀ ਇੰਦਰਜੀਤ ਕੌਰ ਤੇ ਜਗਦੀਸ਼ ਲਾਲ ਆਹੂਜਾ ਨੂੰ ਮਾਣ ਪੰਜਾਬ ਦਾ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸ. ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੂੰ ਇਹ ਐਵਾਰਡ ਦੇਣ ਦਾ ਫ਼ੈਸਲਾ ਹੋਇਆ ਹੈ ਉਨ੍ਹਾਂ ਦੁਆਰਾ ਕੀਤੇ ਕਾਰਜਾਂ ਸਬੰਧੀ ਲੰਬੀ ਵਿਚਾਰ ਚਰਚਾ ਕੀਤੀ ਗਈ ਹੈ। ਕਾਨਫਰੰਸ ਦੀ ਅਕਾਦਮਿਕ ਕਮੇਟੀ ਵੱਲੋਂ ਸਬੰਧਤ ਵਿਅਕਤੀਆਂ ਦੇ ਕੀਤੇ ਕਾਰਜ ਦੇ ਦੀਰਘ ਅਧਿਐਨ ਉਪਰੰਤ ਕੀਤੀਆਂ ਗਈਆਂ ਸਿਫਾਰਸ਼ਾਂ ਤੇ ਉਨ੍ਹਾਂ ਦੁਆਰਾ ਕੀਤੇ ਕੰਮਾਂ ਨੂੰ ਘੋਖਣ ਉਪਰੰਤ ਇਹ ਫ਼ੈਸਲੇ ਲਏ ਗਏ ਹਨ। ਇਹ ਸ਼ਖ਼ਸੀਅਤਾਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਡਾ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਨੇ ਦੱਸਿਆ ਕਿ ਖ਼ਾਲਸਾ ਕਾਲਜ ਗਲੋਬਲ ਪੰਜਾਬ ਰਤਨ ਐਵਾਰਡ ਪ੍ਰਾਪਤ ਕਰਨ ਵਾਲੀ ਸ਼ਖ਼ਸੀਅਤ ਨੂੰ 51000 ਪਏ, ਸਨਮਾਨ ਚਿੰਨ੍ਹ ਤੇ ਪ੍ਰਸੰਸਾ ਪੱਤਰ ਭੇਟ ਕੀਤਾ ਜਾਵੇਗਾ ਅਤੇ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਗੌਰਵ ਐਵਾਰਡ ਪ੍ਰਾਪਤ ਕਰਨ ਵਾਲੀ ਹਰੇਕ ਸ਼ਖ਼ਸੀਅਤ ਨੂੰ 21000 ਪਏ, ਸਨਮਾਨ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਮਾਣ ਪੰਜਾਬ ਦਾ ਐਵਾਰਡ ਲਈ ਹਰ ਸ਼ਖ਼ਸੀਅਤ ਨੂੰ ਅਸੀਂ ਸਨਮਾਨ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦੇਣ ਦੀ ਖੁਸ਼ੀ ਹਾਸਲ ਕਰਾਂਗੇ। ਇਸ ਮੌਕੇ ਸਮੂਹ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਵੀ ਹਾਜ਼ਰ ਸਨ।
– ਪੰਜਾਬ ਟਾਇਮਜ਼ ਬਿਊਰੋ

Send this to a friend