ਪਰਵਾਸ ਮਨੁੱਖ ਦੀ ਕੁਦਰਤੀ ਪ੍ਰਵਿਰਤੀ ਹੈ। ਅਫ਼ਰੀਕਾ ਦੇ ਜੰਗਲਾਂ ਵਿੱਚ ਪੈਦਾ ਹੋ ਕੇ ਇਨਸਾਨ ਨੇ ਇਸੇ ਆਦਤ ਕਰਕੇ ਧਰਤੀ ਦਾ ਚੱਪਾ ਚੱਪਾ ਗਾਹ ਮਾਰਿਆ ਹੈ ਅਤੇ ਇੱਕ ਚੌਪਏ ਜਾਨਵਰ ਤੋਂ ਤਰੱਕੀ ਕਰਕੇ ਇਸ ਦੋ ਪੈਰੇ ਮਨੁੱਖ ਨੇ ਅਨੇਕਾਂ ਕਾਢਾਂ ਨਾਲ ਆਪਣੀ ਜਿੰਦਗੀ ਸੁਖਾਲੀ ਕੀਤੀ ਹੈ। ਆਪਣੇ ਸ਼ੌਂਕ ਖਾਤਿਰ, ਆਪਣੀ ਮਜਬੂਰੀ ਵਿੱਚ ਜਾਂ ਫਿਰ ਚੰਗੇ ਰੋਜ਼ਗਾਰ ਦੀ ਭਾਲ ਵਿੱਚ ਅੱਜ ਵੀ ਇਨਸਾਨ ਇੱਕ ਰਾਜ ਤੋਂ ਦੂਜੇ ਰਾਜ ਵਿੱਚ , ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਅਤੇ ਇੱਕ ਮਹਾਂ-ਦੀਪ ਤੋਂ ਦੂਸਰੇ ਵਿੱਚ ਜਾਣ ਲਈ ਆਪਣੀ ਹੈਸੀਅਤ ਅਤੇ ਹੌਸਲੇ ਮੁਤਾਬਿਕ ਤਰਲੋ-ਮੱਛੀ ਹੋਇਆ ਰਹਿੰਦਾ ਹੈ। ਪੰਜਾਬੀ ਲੋਕ ਸੁਭਾਅ ਤੋਂ ਹੀ ਸਾਹਸੀ ਹੋਣ ਕਰਕੇ ਅਤੇ ਇਥੋਂ ਦੀਆਂ ਕਰੜੀਆਂ ਜੀਵਨ ਹਾਲਤਾਂ ਕਰਕੇ, ਪੁਰਾਣੇ ਸਮੇਂ ਤੋਂ ਹੀ ਬਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਰਹੇ ਨੇ ਅਤੇ ਇਸ ਵਿੱਚ ਕਾਫੀ ਹੱਦ ਤੱਕ ਸਫਲ ਵੀ ਰਹੇ ਨੇ। ਅੱਜ ਕੱਲ ਜਦੋਂ ਦੁਨੀਆਂ ਸੰਪਰਕ ਸਾਧਨਾਂ ਦੀ ਭਰਮਾਰ ਕਰਕੇ ਇੱਕ ਪਿੰਡ ਦਾ ਰੂਪ ਧਾਰ ਚੁੱਕੀ ਹੈ ਤਾਂ ਪੰਜਾਬੀ ਲੋਕਾਂ ਦੀ ਪਰਵਾਸ ਦੀ ਆਦਤ ਵੀ ਸਾਣ ਤੇ ਲੱਗ ਗਈ ਹੈ ਪਰ ਅਨਪੜਤਾ ਕਰਕੇ ਜਾਂ ਫਿਰ ਅਣਜਾਣਪੁਣੇ ਵਿੱਚ ਹੀ ਸਾਡੇ ਲੋਕ ਜਦੋਂ ਵਿਦੇਸ਼ੀਂ ਉਡਾਰੀਆਂ ਮਾਰਨ ਲਈ ਪੂਰੇ ਜਾਹੋ ਜਲੌ ਵਿੱਚ ਹਵਾਈ ਜਹਾਜ ਦੀ ਖਿੜਕੀ ਨੂੰ ਹੱਥ ਪਾਉਣਾ ਚਾਹੁੰਦੇ ਨੇ ਤਾਂ ਸਹੀ ਜਾਣਕਾਰੀ ਦੀ ਅਣਹੋਂਦ ਕਰਕੇ ਬਹੁਤ ਸਾਰੀਆਂ ਦੁਸ਼ਵਾਰੀਆਂ ਝੱਲਦੇ ਨੇ ਜੋ ਕਈ ਵਾਰ ਬੜੀਆਂ ਦੁਖਦਾਈ ਵੀ ਹੋ ਨਿਬੜਦੀਆਂ ਹਨ, ਜਦੋਂ ਕਿ ਥੋੜੀ ਜਿਹੀ ਤਿਆਰੀ ਅਤੇ ਜਰੂਰੀ ਧਿਆਨ ਦੇ ਕੇ ਆਸਾਨੀ ਨਾਲ਼ ਜਿਆਦਾ ਤਰ ਸਮੱਸਿਆਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ।
ਵਿਦੇਸ਼ ਜਾਣ ਸਮੇਂ ਸਭ ਤੋਂ ਪਹਿਲਾਂ ਤਾਂ ਅਸੀਂ ਸਹੀ ਹਵਾਈ ਕੰਪਨੀ ਦੀ ਚੋਣ ਕਰਨੀ ਹੁੰਦੀ ਹੈ ਕਿਓਂਕਿ ਕਈ ਹਵਾਈ ਕੰਪਨੀਆਂ ਦੇ ਜਹਾਜ ਇੱਕੋ ਹੀ ਰੂਟ ਤੇ ਉੱਡਦੇ ਹਨ ਪਰ ਓਹਨਾ ਦੇ ਕਿਰਾਏ ਵਿੱਚ ਕਾਫੀ ਫਰਕ ਹੁੰਦਾ ਹੈ। ਅਸੀਂ ਏਜੰਟ ਰਾਹੀਂ ਜਾਂ ਖੁਦ ਹੀ ਇੰਟਰਨੈੱਟ ਤੇ ਆਪਣੇ ਬਜਟ ਮੁਤਾਬਿਕ ਹਵਾਈ ਕੰਪਨੀ ਅਤੇ ਫਲਾਇਟ ਦੀ ਚੋਣ ਕਰ ਸਕਦੇ ਹਾਂ। ਅਸੀਂ ਆਪਣੀ ਯਾਤਰਾ ਦੀ ਤਰੀਕ ਤੋਂ ਜਿਨ੍ਹਾਂ ਪਹਿਲਾਂ ਸੀਟ ਬੁੱਕ ਕਰਵਾਵਾਂਗੇ ਓਨਾ ਹੀ ਕਿਰਾਇਆ ਘੱਟ ਹੋਵੇਗਾ , ਜਿੰਨੀ ਯਾਤਰਾ ਦੀ ਮਿਤੀ ਨੇੜੇ ਹੋਵੇਗੀ , ਕਿਰਾਇਆ ਓਨਾ ਹੀ ਵੱਧ ਹੋਵੇਗਾ। ਅੱਜ ਕੱਲ ਬਹੁਤ ਸਾਰੀਆਂ ਸਾਈਟਾਂ ਹਨ ਜਿੰਨਾ ਰਾਹੀਂ ਅਸੀਂ ਬੁੱਕਿੰਗ ਕਰਵਾ ਸਕਦੇ ਹਾਂ ਪਰ ਕਈ ਵਾਰ ਇੱਕੋ ਹੀ ਫਲਾਈਟ ਦੇ ਕਿਰਾਏ ਦਾ ਅਲੱਗ ਅਲੱਗ ਸਾਈਟਾਂ ਤੇ ਕਾਫੀ ਫਰਕ ਹੁੰਦਾ ਹੈ ਸੋ ਕਈ ਥਾਵੇਂ ਚੈੱਕ ਕਰਕੇ ਹੀ ਬੁੱਕਿੰਗ ਕਰਵਾਓ। ਟਿਕਟ ਬੁੱਕ ਕਰਵਾਉਣ ਸਮੇਂ ਸਾਨੂੰ ਨਾਲ ਲਿਜਾਣ ਵਾਲੇ ਸਮਾਂਨ ਦੇ ਭਾਰ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਹੈ ਕਿਉਂਕਿ ਵੱਖ ਵੱਖ ਉਡਾਂਣਾ ਵਿੱਚ ਭਾਰ ਦੀ ਮਾਤਰਾ ਲਿਜਾਣ ਦੇ ਨਿਯਮ ਵੀ ਵੱਖ ਵੱਖ ਹੋ ਸਕਦੇ ਹਨ। ਜੇਕਰ ਤੁਸੀਂ ਮਿਥੀ ਮਾਤਰਾ ਤੋਂ ਵੱਧ ਭਾਰ ਲਿਜਾਣਾ ਹੋਵੇ ਤਾਂ ਇਸ ਲਈ ਵੱਧ ਕੀਮਤ ਤਾਰਨੀ ਪੈਂਦੀ ਹੈ। ਆਮ ਕੰਪਨੀਆਂ ਤੇਈ ਤੇਈ ਕਿੱਲੋ ਦੇ ਦੋ ਬੈਗ ਜਾਂ ਅਟੈਚੀ ਜਮ੍ਹਾ ਕਰਨ ਲਈ ਅਤੇ ਇੱਕ ਅੱਠ ਕਿੱਲੋ ਦਾ ਬੈਗ ਜਹਾਜ ਵਿੱਚ ਆਪਣੇ ਕੋਲ ਰੱਖਣ ਦੀ ਇਜਾਜਤ ਦਿੰਦੀਆਂ ਹਨ। ਪਰ ਕਈ ਵਾਰ ਅਸੀਂ ਦੋਵਾਂ ਬੈਗਾਂ ਵਿੱਚ ਭਾਰ ਦੀ ਬਰਾਬਰ ਮਾਤਰਾ ਰੱਖਣ ਦੀ ਬਜਾਇ ਇੱਕ ਬੈਗ ਵੱਡਾ ਕਰ ਲੈਂਦੇ ਹਾਂ ਤੇ ਇੱਕ ਛੋਟਾ ਜੋ ਜਮਾਂ ਕਰਵਾਉਣ ਵੇਲੇ ਸਮੱਸਿਆ ਪੈਦਾ ਕਰਦਾ ਹੈ ਕਿਉਂਕਿ ਜਹਾਜ ਵਿੱਚ ਸਮਾਨ ਲੱਦਣ ਵਾਲੇ ਕੁਲੀ ਜਿਆਦਾ ਭਾਰ ਚੁੱਕਣ ਤੋਂ ਇਨਕਾਰੀ ਹੁੰਦੇ ਹਨ ਤੇ ਹਵਾਈ ਅੱਡੇ ਤੇ ਹੀ ਸਾਨੂੰ ਸਮਾਨ ਕੱਢਣਾ ਪੈਂਦਾ ਹੈ। ਜਹਾਜ ਵਿੱਚ ਆਪਣੇ ਨਾਲ ਲਿਜਾਣ ਵਾਲੇ ਅੱਠ ਕਿੱਲੋ ਦੇ ਬੈਗ ਤੋਂ ਇਲਾਵਾ ਅਸੀਂ ਆਪਂਣੇ ਨਾਲ ਲੈਪਟੌਪ ਜਾਂ ਕੈਮਰਾ ਵੀ ਲਿਜਾ ਸਕਦੇ ਹਾਂ। ਪਰ ਬੈਗ ਵਿੱਚ ਖਾਣ-ਪੀਣ ਦਾ ਸਮਾਨ, ਤੇਜ ਧਾਰ ਵਾਲੀਆਂ ਚੀਜਾਂ ਜਿਵੇਂ ਬਲੇਡ, ਚਾਕੂ ਵਗੈਰਾ ਕਦੇ ਵੀ ਨਹੀ ਰੱਖਣਾ ਚਾਹੀਦਾ। ਕਈ ਹਵਾਈ ਅੱਡਿਆਂ ਤੇ ਤਾਂ ਪੱਗ ਵਾਲਾ ਬਾਜ ਵੀ ਲਿਜਾਣ ਦੀ ਆਗਿਆ ਨਹੀਂ ਹੁੰਦੀ। ਅਕਸਰ ਲੰਬੇ ਸਫਰ ਸਮੇ ਸਾਡੀ ਠਹਿਰ ਰਸਤੇ ਦੇ ਕਿਸੇ ਸਥਾਨ ਤੇ ਕਈ ਘੰਟਿਆਂ ਦੀ ਹੋ ਸਕਦੀ ਹੈ ਸੋ ਆਪਣਾ ਨਿੱਤ ਵਰਤੋਂ ਦਾ ਜਰੂਰੀ ਸਮਾਨ ਕੋਲ ਰੱਖਣ ਵਾਲੇ ਬੈਗ ਵਿੱਚ ਯਾਦ ਕਰਕੇ ਰੱਖ ਲੈਣਾ ਚਾਹੀਦਾ ਹੈ। ਕਿਓਂਕਿ ਵੱਡੇ ਅਟੈਚੀ ਤਾਂ ਮੰਜਿਲ ਤੇ ਪਹੁੰਚ ਕੇ ਹੀ ਸਾਨੂੰ ਮਿਲਦੇ ਹਨ। ਜੇਕਰ ਰਸਤੇ ਵਿੱਚ ਤੁਹਾਡੀ ਠਹਿਰ ਅੱਠ ਘੰਟਿਆਂ ਤੋਂ ਵੱਧ ਦੀ ਹੈ ਤਾਂ ਠਹਿਰ ਵਾਲ਼ੇ ਦੇਸ਼ ਦਾ ਟਰਾਂਜਿਟ ਵੀਜ਼ਾ ਲੈ ਕੇ ਤੁਸੀਂ ਨੇੜੇ ਦੇ ਦੇਖਣਯੋਗ ਸਥਾਨਾਂ ਦੀ ਸੈਰ ਵੀ ਕਰ ਸਕਦੇ ਹੋ। ਟਰਾਂਜਿਟ ਵੀਜ਼ਾ ਬਹੁਤ ਹੀ ਥੋੜੀ ਫੀਸ ਲੈ ਕੇ ਤੁਰੰਤ ਹੀ ਜਾਰੀ ਕਰ ਦਿੱਤਾ ਜਾਂਦਾ ਹੈ।
ਆਪਣੀ ਟਿਕਟ ਬੁੱਕ ਕਰਵਾਉਣ ਦੇ ਨਾਲ ਹੀ ਆਪਣੀ ਪਸੰਦ ਦੇ ਖਾਣੇ ਬਾਰੇ ਇੰਦਰਾਜ਼ ਕਰਨਾ ਕਦੇ ਨਾ ਭੁੱਲੋ ਕਿਉਂਕਿ ਜਹਾਜਾਂ ਵਿੱਚ ਕਈ ਕਿਸਮ ਦਾ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣਾ ਪਰੋਸਿਆ ਜਾਂਦਾ ਹੈ ਅਤੇ ਬੱਚਿਆਂ ਲਈ ਅਲੱਗ ਕਿਸਮ ਦੇ ਖਾਣੇ ਦਾ ਇੰਤਜ਼ਾਮ ਹੁੰਦਾ ਹੈ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ‘ਹਿੰਦੂ ਸ਼ਾਕਾਹਾਰੀ ‘ ਖਾਣੇ ਦੀ ਕਿਸਮ ਦਾ ਆਰਡਰ ਦਿਓ ਕਿਉਂਕਿ ਕਈ ਅੰਤਰਰਾਸ਼ਟਰੀ ਉਡਾਣਾਂ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਵਿੱਚ ਬਹੁਤਾ ਫਰਕ ਨਹੀਂ ਕੀਤਾ ਜਾਂਦਾ।
ਦੂਜੇ ਦੇਸ਼ ਵਿੱਚ ਸਾਡੇ ਮੋਬਾਈਲ ਨੰਬਰ ਬੰਦ ਹੋ ਜਾਂਦੇ ਹਨ ਪਰ ਆਪਣਾ ਮੋਬਾਈਲ ਜਰੂਰ ਨਾਲ ਲੈ ਕੇ ਜਾਓ ਕਿਉਂਕਿ ਸਾਰੇ ਹਵਾਈ ਅੱਡਿਆਂ ਤੇ ਮੁਫ਼ਤ ਵਾਈ-ਫਾਈ ਦੀ ਸਹੂਲਤ ਹੁੰਦੀ ਹੈ ਤੇ ਅਸੀਂ ਵਟਸਅੱਪ ਦੀ ਵਰਤੋਂ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਰੱਖ ਸਕਦੇ ਹਾਂ ਅਤੇ ਜੇਕਰ ਜੇਬ ਇਜਾਜਤ ਦੇਵੇ ਤਾਂ ਕਈ ਮੋਬਾਈਲ ਕੰਪਨੀਆਂ ਵੀ ਕੁਝ ਵਾਧੂ ਫੀਸ ਲੈ ਕੇ ਅੰਤਰ ਰਾਸ਼ਟਰੀ ਕਾਲਾਂ ਦੀ ਸਹੂਲਤ ਵੀ ਤੁਹਾਡੇ ਹੀ ਨੰਬਰ ਤੇ ਚਾਲੂ ਕਰ ਦਿੰਦੀਆਂ ਹਨ।
ਇਸ ਤੋਂ ਪਹਿਲਾਂ ਕਿ ਤੁਸੀ ਹਵਾਈ ਜਹਾਜ ਦੀ ਖਿੜਕੀ ਨੂੰ ਹੱਥ ਪਾਓ ਇਕ ਦੋ ਗੱਲਾਂ ਹੋਰ ਹਨ ਤੁਹਾਡੇ ਧਿਆਨ ਦੇਣ ਵਾਲੀਆਂ। ਹਰ ਹਵਾਈ ਕੰਪਨੀ ਜਹਾਜ ਚੜ੍ਹਨ ਵਾਲੇ ਬਜ਼ੁਰਗਾਂ ,ਬਿਮਾਰਾਂ ਅਤੇ ਅੰਗਰੇਜ਼ੀ ਨਾ ਜਾਨਣ ਵਾਲੇ ਮੁਸਾਫਿਰਾਂ ਦਾ ਖਾਸ ਧਿਆਨ ਰੱਖਦੀ ਹੈ ਜਿਹਨਾਂ ਲਈ ਖਾਸ ਤੌਰ ਤੇ ਪਹੀਆ-ਕੁਰਸੀਆਂ ਅਤੇ ਸਹਾਇਕਾਂ ਦਾ ਬੰਦੋਬਸਤ ਹੁੰਦਾ ਹੈ ਜਿਸ ਬਾਰੇ ਤੁਸੀਂ ਪਹਿਲਾਂ ਹੀ ਕੰਪਨੀ ਨੂੰ ਫੋਨ ਕਰਕੇ ਆਪਣਾ ਆਰਡਰ ਦੇਣਾ ਹੁੰਦਾ ਹੈ। ਇਹ ਸਹਾਇਕ ਤੁਹਾਡੀਆਂ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਵਾ ਕੇ ਤੁਹਾਨੂੰ ਜਹਾਜ ਤੱਕ ਛੱਡ ਕੇ ਆਉਂਦੇ ਹਨ ਪਰ ਕਈ ਹੱਟੇ ਕੱਟੇ ਮੁਸਾਫ਼ਿਰ ਵੀ ਪਹੀਆ ਕੁਰਸੀਆਂ ਤੇ ਜਾਂਦੇ ਅਕਸਰ ਵੇਖੇ ਜਾਂਦੇ ਹਨ ਜੋ ਕਿ ਸਿਸਟਮ ਤੇ ਵਾਧੂ ਭਰ ਪਾਉਂਦੇ ਹਨ ਜਿਸ ਕਰਕੇ ਕਈ ਸਹੀ ਹੱਕਦਾਰ ਵਾਂਝੇ ਰਹਿ ਜਾਂਦੇ ਹਨ ਅਤੇ ਭਵਿੱਖ ਵਿੱਚ ਵੀ ਨਿਯਮ ਹੋਰ ਸਖ਼ਤ ਹੋਣ ਦਾ ਕਾਰਨ ਬਣ ਜਾਂਦਾ ਹੈ। ਲਓ ਜੀ, ਹੁਣ ਤੁਸੀ ਹਵਾਈ ਅੱਡੇ ਜਾ ਕੇ ਆਪਣੇ ਵੱਡੇ ਅਟੈਚੀ ਜਮ੍ਹਾ ਕਰਕੇ ਬੋਰਡਿੰਗ ਪਾਸ ਲੈ ਕੇ, ਇੱਮੀਗਰਾਸ਼ਨ ਦਾ ਫਾਰਮ ਭਰ ਕੇ, ਸਕਿਓਰਿਟੀ ਚੈੱਕ ਕਰਵਾ ਕੇ, ਆਪਣੇ ਨਿਰਧਾਰਿਤ ਬੋਰਡਿੰਗ ਗੇਟ ਵੱਲ ਨੂੰ ਚਾਲੇ ਪਾ ਦਿੰਦੇ ਹੋ ਤੇ ਜਹਾਜ ਵਿੱਚ ਬੈਠ ਕੇ ਆਪਣੀ ਮੰਜਿਲ ਤੇ ਜਾ ਉਤਰਦੇ ਹੋ। ਪਰ ਉਤਰਨ ਤੋਂ ਪਹਿਲਾਂ ਫਿਰ ਅਸੀਂ ਇੱਕ ਫਾਰਮ ਭਰਨਾ ਹੁੰਦਾ ਹੈ ਜਿਸ ਵਿੱਚ ਕਈ ਜਾਣਕਾਰੀਆਂ ਦੇਣੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬਿਲਕੁਲ ਸਹੀ ਭਰਨਾ ਜਰੂਰੀ ਹੁੰਦਾ ਹੈ। ਜਦੋਂ ਸਾਡਾ ਵਿਦੇਸ਼ ਦਾ ਪ੍ਰੋਗਰਾਮ ਬਣਦਾ ਹੈ ਤਾਂ ਸਾਡੇ ਕਈ ਜਾਣਕਾਰ ਸਾਨੂੰ ਵਿਦੇਸ਼ ਵਿੱਚ ਵਸਦੇ ਓਹਨਾ ਦੇ ਰਿਸ਼ਤੇਦਾਰਾਂ ਲਈ ਕਈ ਕਿਸਮ ਦਾ ਸਮਾਨ ਫੜਾ ਜਾਂਦੇ ਹਨ ਜਿਸ ਨੂੰ ਜਰੂਰ ਹੀ ਖੋਲਕੇ ਵੇਖਣਾ ਚਾਹੀਦਾ ਹੈ ਕਿਓਕਿ ਅਜਿਹੀਆਂ ਘਟਨਾਵਾਂ ਵੀ ਹੋਈਆਂ ਹਨ ਕਿ ਵਿਸ਼ਵਾਸ਼ ਕਰਕੇ ਫੜੇ ਸਮਾਨ ਜਾਂ ਕੈਪਸੂਲਾਂ ਵਿੱਚ ਸਿੰਥੈਟਿਕ ਨਸ਼ਾ ਜਾਂ ਅਫੀਮ ਨਿਕਲੀ। ਜੇਕਰ ਕੋਈ ਦਵਾਈ ਆਪਣੇ ਇਸਤੇਮਾਲ ਜਾਂ ਕਿਸੇ ਹੋਰ ਲਈ ਲੈ ਕੇ ਜਾਣੀ ਹੈ ਤਾਂ ਡਾਕਟਰ ਦੀ ਸਿਫਾਰਿਸ਼ ਦੇ ਨਾਲ ਨਾਲ ਦਵਾਈਆਂ ਵਾਲੀ ਦੁਕਾਨ ਦਾ ਬਿੱਲ ਵੀ ਤੁਹਾਡੇ ਕੋਲ ਹੋਵੇ ਅਤੇ ਇੱਮੀਗਰਾਸ਼ਨ ਫਾਰਮ ਭਰਨ ਵੇਲੇ ਇਸ ਨੂੰ ਦੱਸਿਆ ਜਰੂਰ ਜਾਵੇ। ਕਿਸੇ ਕਿਸਮ ਦੀ ਲੱਕੜ , ਬੁਰਾਦਾ, ਚੂਰਾ ਜਾਂ ਬੀਜ ਕਦੇ ਵੀ ਨਾਲ ਲੈ ਕੇ ਨਾ ਜਾਓ। ਜੋ ਬਜ਼ਾਰੀ ਸਮਾਨ ਨਾਲ ਲਿਜਾਣਾ ਜਰੂਰੀ ਹੋਵੇ ਉਹ ਬਣਾਉਣ ਵਾਲੀ ਕੰਪਨੀ ਦੀ ਪੈਕਿੰਗ ਵਿੱਚ ਹੋਵੇ ਜਿਸ ਤੇ ਸਾਰਾ ਵੇਰਵਾ ਕੰਪਨੀ ਵਲੋਂ ਦਰਸਾਇਆ ਹੋਵੇ। ਜਿਆਦਾ ਸਮਾਨ ਲਿਜਾਣ ਤੋਂ ਗੁਰੇਜ ਕਰੋ। ਵਿਦੇਸ਼ ਜਾ ਕੇ ਅਸੀਂ ਆਪਣੇ ਸੱਭਿਆਚਾਰ ਦੇ ਨੁਮਾਇੰਦੇ ਹੁੰਦੇ ਹਾਂ ਸੋ ਆਪਣੇ ਚੰਗੇ ਪੱਖਾਂ ਨੂੰ ਉਜਾਗਰ ਕਰੋ ਅਤੇ ਨਾਹ ਪੱਖੀ ਆਦਤਾਂ ਨੂੰ ਛੁਪਾਓ। ਬਜ਼ੁਰਗਾਂ ਅਤੇ ਬੱਚਿਆਂ ਨੂੰ ਪਹਿਲ ਦਿਓ , ਲਾਈਨ ਨਾ ਤੋੜੋ ਅਤੇ ਧੱਕਾ ਮੁੱਕੀ ਕਦੇ ਵੀ ਨਾ ਕਰੋ। ਹਮੇਸ਼ ਆਪਣਾ ਅਤੇ ਆਪਣੇ ਦੇਸ਼ ਦਾ ਚੰਗਾ ਅਤੇ ਹਾਂ ਪੱਖੀ ਪ੍ਰਭਾਵ ਸਿਰਜਣ ਦਾ ਯਤਨ ਕਰੋ। ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ।