ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਵਿਭਾਗ ਵੱਲੋਂ ਕੁਝ ਨੂੰ ਗੱਫੇ-‘ਬਹੁਤਿਆਂ ਨੂੰ ਧੱਫੇ’

ਬਰੇਟਾ- ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀਆਂ ਗੱਲਾਂ ਪੰਜਾਬ ਵਿੱਚ ਹੀ ਨਹੀਂ ਬਲਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਸਰਕਾਰ ਵੱਲੋਂ ਦਿੱਲੀ ‘ਚ ਵੀ ਕੀਤੀਆਂ ਜਾ ਰਹੀਆਂ ਸਨ । ਇਸ ਗੱਲ ਵਿੱਚ ਕਿੰਨੀ ਕੁ ਸਚਾਈ ਹੈ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਹੈ। ਲੋਕੀ ਇਹ ਵੀ ਕਹਿ ਰਹੇ ਹਨ ਕਿ ਜਿਸ ਤਰਾਂ੍ਹ ਕੈਪਟਨ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੇ ਝੂਠੇ ਵਾਅਦੇ ਅਤੇ ਸਹੁੰਆਂ ਖਾ ਕੇ ਆਪਣੀ ਸਰਕਾਰ ਬਣਾ ਲਈ ਉਸੇ ਤਰਾਂ੍ਹ ਇਨ੍ਹਾਂ ਵੱਲੋਂ ਅਜਿਹੇ ਝੂਠੇ ਵਾਅਦੇ ਕਰਕੇ ਦਿੱਲੀ ਵਿੱਚ ਆਪਣੀ ਕਾਂਗਰਸ ਸਰਕਾਰ ਨੂੰ ਜਿਤਾਉਣ ਲਈ ਅਜਿਹੇ ਗਪੌੜ ਮਾਰੇ ਜਾ ਰਹੇ ਹਨ। ਇਸੇ ਤਰਾਂ੍ਹ ਪਿਛਲੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪੰਜਾਬ ਵੱਲੋਂ ਮਾਨਸਾ ਜਿਲ੍ਹੇ ਦੇ ਦੌਰੇ ਦੌਰਾਨ ਨਵੇਂ ਸ਼ੈਸਨ ਤੋਂ ਪੰਜਾਬ ਦੇ ਹਰ ਸਕੂਲ ਨੂੰ ਸਮਾਰਟ ਸਕੂਲਾਂ ਦੀ ਸ਼੍ਰੇਣੀ ਵਿੱਚ ਲਿਆਉਣ ਲਈ ਪਿੰਡ ਪੱਧਰ ਤੇ ਫੰਡ ਇੱਕਠੇ ਕਰਕੇ ਯਤਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਦੂਜੇ ਪਾਸੇ ਵਿਭਾਗ ਵੱਲੋਂ ਜਿਨ੍ਹਾਂ ਸਕੂਲਾਂ ਨੂੰ ਗ੍ਰਾਂਟਾਂ ਦੀ ਵੱਧ ਲੋੜ ਹੈ । ਉਨ੍ਹਾਂ ਨੂੰ ਅੱਖੋ ਪਰੋਖੇ ਕਰਕੇ ਆਪਣੇ ਚਹੇਤਿਆਂ ਦੀ ਜਿਆਦਾ ਚਿੰਤਾ ਦਿਖਾਈ ਦੇ ਰਹੀ ਹੈ ।ਜਿਲਾ੍ਹ ਪੱਧਰ ਤੇ ਸਮਾਰਟ ਸਕੂਲਾਂ ਦੀ ਯੋਜਨਾਵਾਂ ਨੂੰ ਦੇਖਣ ਵਾਲੇ ਕੁਝ ਅਧਿਆਪਕਾਂ ਦੇ ਸਕੂਲਾਂ ਤੇ ਕੁਝ ਜਿਆਦਾ ਹੀ ਮੇਹਰਬਾਨੀ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ । ਗ੍ਰਾਂਟਾਂ ਲਈ ਜਾਰੀ ਹੋਈ ਲਿਸਟ ਤੋਂ ਇਹ ਸਪੱਸ਼ਟ ਦਿਖਾਈ ਦਿੰਦਾ ਹੈ ਜਿਵੇਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘਿੜਆਲ ਨੂੰ 5 ਲੱਖ 52 ਹਜ਼ਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਗੰਢੂ ਖੁਰਦ ਨੂੰ 2 ਲੱਖ 62 ਹਜ਼ਾਰ 5 ਸੌ ਰੁਪਏ, ਹਾਈ ਸਕੂਲ ਬਹਾਦਰਪੁਰ ਨੂੰ 1 ਲੱਖ 50 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ । ਇਸੇ ਤਰਾਂ੍ਹ ਕਲੱਸਟਰ ਬਹਾਦਰਪੁਰ ਵਿੱਚ 12 ਸਕੂਲਾਂ ਵਿੱਚੋਂ ਪ੍ਰਾਇਮਰੀ ਪੱਧਰ ਦੇ 2 ਸਕੂਲ ਕਿਸ਼ਨਗੜ੍ਹ ਜਿਸ ਵਿੱਚ ਬੱਚਿਆਂ ਦੀ ਗਿਣਤੀ 223 ਦੇ ਕਰੀਬ ਹੈ । ਉਸ ਲਈ ਸਿਰਫ ਦਸ ਹਜ਼ਾਰ ਰੁਪਏ ਅਤੇ ਸੇਖੂਪੁਰ ਖੁਡਾਲ ਵਿੱਚ ਬੱਚਿਆਂ ਦੀ ਗਿਣਤੀ 156 ਹੋਣ ਤੇ 80 ਹਜ਼ਾਰ ਰੁਪਏ ਜਾਰੀ ਕਰ ਦਿੱਤੇ ਗਏ ਹਨ । ਬਾਕੀ ਰਹਿੰਦੇ ਬਹੁਤੇ ਸਕੂਲਾਂ ਨੂੰ ਵਿਭਾਗ ਵੱਲੋਂ ਖਾਲੀ ਠੂਠਾ ਦਿਖਾ ਦਿੱਤਾ ਗਿਆ ਹੈ । ਜਿਸ ਨਾਲ ਬਹੁਤੇ ਅਧਿਆਪਕਾਂ ‘ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ । ਇਸੇ ਤਰਾਂ੍ਹ ਪਿੰਡ ਕਾਹਨਗੜ੍ਹ ਵਿੱਚ 8 ਕਮਰੇ ਅਸੁਰੱਖਿਤ ਅਤੇ ਗੋਬਿੰਦਪੁਰਾ ਵਿੱਚ 5 ਕਮਰੇ ਅਸੁਰੱਖਿਅਤ ਹੋਣ ਦੇ ਬਾਵਜੂਦ ਵੀ ਗੋਬਿੰਦਪੁਰਾ ਨੂੰ ਸਿਰਫ 20 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ । ਜਿਸ ਤੋਂ ਸਪੱਸ਼ਟ ਹੈ ਕਿ ਸਮਾਰਟ ਸਕੂਲ ਯੋਜਨਾਵਾਂ ਨੂੰ ਚਲਾਉਣ ਵਾਲਿਆਂ ਤੇ ਇਹ ਕਹਾਵਤ ਢੁਕੱਦੀ ਨਜ਼ਰ ਆ ਰਹੀ ਹੈ ਕਿ ਅੰਨਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ । ਪਿਛਲੇ ਦਿਨੀਂ ਵਿਭਾਗ ਵੱਲੋਂ ਕੁਝ ਸਕੂਲਾਂ ਵਿੱਚ ਨਵੀਂ ਤਕਨੀਕ ਨਾਲ ਪੜਾਉਣ ਲਈ ਪ੍ਰੋਜੈਕਟਰ ਭੇਜੇ ਗਏ ਸਨ । ਉਨ੍ਹਾਂ ਵਿੱਚ ਵੀ ਕਾਣੀ ਵੰਡ ਹੋਣ ਕਾਰਨ ਕਈ ਸਕੂਲਾਂ ਦੇ ਮੁੱਖ ਅਧਿਆਪਕਾਂ ਵੱਲੋਂ ਇਸ ਲਈ ਅਵਾਜ਼ ਬੁਲੰਦ ਕੀਤੀ ਗਈ ਸੀ ਕਿ ਕਿਸੇ ਸਕੂਲ ਨੂੰ ਦੋ ਦੋ ਪ੍ਰੋਜੈਕਟਰ ਅਤੇ ਕਿਸੇ ਨੂੰ ਇੱਕ ਵੀ ਨਸੀਬ ਨਾ ਹੋਇਆ । ਇਸ ਸਬੰਧੀ ਸਮਾਜ ਸੇਵੀ ਕਾਮਰੇਡ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕਿ ਵਿਭਾਗ ਵੱਲੋਂ ਲੋੜਵੰਦ ਸਕੂਲਾਂ ਨੂੰ ਗ੍ਰਾਂਟਾਂ ਜਾਰੀ ਨਾ ਕਰਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਲੋਕਾਂ ਵਿੱਚ ਇਸ ਗੱਲ ਦੀ ਵੀ ਭਾਰੀ ਚਰਚਾ ਪਾਈ ਜਾ ਰਹੀ ਕਿ ਇਲਾਕੇ ਦੇ ਇੱਕ ਸਕੂਲ’ਚ ਵਿਦਿਆਰਥੀਆਂ ਨੂੰ ਵਰਦੀਆਂ ਵੰਡਣ ਸਮੇਂ ਬੇਨਿਯਮੀਆਂ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ । ਜਿਸ ਬਾਰੇ ਇਹ ਵੀ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਇਸ ਮਾਮਲੇ ਨੂੰ ਗੋਲਮੋਲ ਕਰਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇ ਤੇ ਅਖੀਰ ਵਿੱਚ ਹੋਇਆ ਵੀ ਇਹੋ ਹੀ ? ਜੇਕਰ ਅਜਿਹੇ ਮਾਮਲਿਆਂ ਦੀ ਫੋਰਨ ਜਾਂਚ ਕੀਤੀ ਜਾਵੇ ਤਾਂ ਵੱਡੇ ਘਪਲੇ ਦਾ ਪਰਦਾਫਾਸ਼ ਹੋ ਸਕਦਾ ਸੀ । ਜਾਰੀ ਹੋਈ ਗ੍ਰਾਂਟ ਲਿਸਟ ਸਬੰਧੀ ਜਦ ਜਿਲਾ੍ਹ ਸਿੱਖਿਆ ਅਫਸਰ ਰਾਜਵੰਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਗ੍ਰਾਂਟ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਦੀਆਂ ਲਿਸਟਾਂ ਮੰਗਵਾ ਕੇ ਉਨ੍ਹਾਂ ਨੂੰ ਬਣਦੀ ਗ੍ਰਾਂਟ ਜਾਰੀ ਕੀਤੀ ਜਾਵੇਗੀ ।
– ਬਿੰਦਰ ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼ ਬਿਊਰੋ’

Send this to a friend