ਯੂਰਪੀਅਨ ਯੂਨੀਅਨ ‘ਚ ਸ਼ਾਮਿਲ ਦੇਸ਼ਾਂ ਵੱਲੋਂ ਭਾਰਤ ਵੱਲੋਂ ਬਣਾਏ ਗਏ ਨਵੇਂ ਨਾਗਰਿਕਤਾ ਸੋਧ ਕਾਨੂੰਨ ‘ਤੇ ਇਤਰਾਜ ਪ੍ਰਗਟਾਉਣਾ ਬੇਹੱਦ ਚਿੰਤਾਜਨਕ ਹੈ। ਭਾਵੇਂ ਭਾਰਤ ਸਰਕਾਰ ਮੁਤਾਬਿਕ ਇਹ ਦੇਸ਼ ਦਾ ਇਕ ਅੰਦਰੂਨੀ ਮਾਮਲਾ ਹੈ, ਪ੍ਰੰਤੂ ਇਸ ਮੁੱਦੇ ਦਾ ਕੌਮਾਂਤਰੀਕਰਨ ਹੋਣਾ ਕਈ ਪੱਖਾਂ ਤੋਂ ਦੇਸ਼ ਲਈ ਨੁਕਸਾਨਦੇਹ ਹੈ। ਭਾਰਤ ਦੇ ਨਵੇਂ ਨਾਗਰਕਿਤਾ ਕਾਨੂੰਨ ਅਤੇ ਐੱਨਆਰਸੀ ਬਾਰੇ ਯੂਰੋਪੀਅਨ ਯੂਨੀਅਨ ਦੇ ਮੈਂਬਰ ਦੇਸ਼ ਲਕਸਮਬਰਗ ਨੇ ਭਾਰਤ ਨੂੰ ਨਾਗਰਿਕਤਾ ਤੋਂ ਵਿਰਵੇ ਲੋਕਾਂ ਦੀ ਗਿਣਤੀ ਨਾ ਵਧਣ ਦੇਣ ਲਈ ‘ਸਭ ਕੁਝ ਕਰਨ’ ਲਈ ਕਿਹਾ ਹੈ। ਭਾਰਤ ਦੌਰੇ ‘ਤੇ ਆਏ ਲਕਸਮਬਰਗ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਜੀਨ ਐਸਲਬੌਰਨ ਨੇ ਆਪਣੇ ਭਾਰਤੀ ਹਮਰੁਤਬਾ ਸ਼੍ਰੀ ਐੱਸ. ਜੈਸ਼ੰਕਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਂ ਅੱਜ ਸਵੇਰੇ ਮੰਤਰੀ (ਜੈਸ਼ੰਕਰ) ਨੂੰ ਕਿਹਾ ਕਿ ਉਹ ਨਾਗਰਿਕਤਾ ਤੋਂ ਵਿਰਵੇ ਲੋਕਾਂ ਦੀ ਗਿਣਤੀ ਨਾ ਵਧਣ ਦੇਣ ਲਈ ਹਰ ਸੰਭਵ ਕੰਮ ਕਰਨ। ਐਸਲਬੌਰਨ ਨੇ ਕਿਹਾ ਕਿ ਜੈਸ਼ੰਕਰ ਜਦੋਂ ਫਰਵਰੀ ਅਤੇ ਮਾਰਚ ਵਿੱਚ ਯੂਰਪ ਆਉਣਗੇ, ਉਦੋਂ ਇਸ ਸਬੰਧੀ ਆਪਣਾ ਪੱਖ ਰੱਖ ਸਕਦੇ ਹਨ। ਯੂਰੋਪੀਅਨ ਸੰਸਦ ਵਲੋਂ ਅਕਸਰ ਆਪਣੇ ਮੈਂਬਰਾਂ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਉਨ੍ਹਾਂ ਦੀ ਇਸ ਗੱਲ ਵਿੱਚ ਕਾਫੀ ਦਮ ਹੈ ਕਿ ਜੇਕਰ ਪਰਵਾਸ ਨਾਲ ਧਰਮ ਦਾ ਮਸਲਾ ਵੀ ਜੁੜ ਜਾਵੇ, ਤਾਂ ਇਸ ਦਾ ਹੱਲ ਲੱਭਣਾ ਬਹੁਤ ਮੁਸ਼ਕਲ ਹੋਵੇਗਾ। ਭਾਰਤ ਸਰਕਾਰ ਨੂੰ ਇਸ ਮੁੱਦੇ ‘ਤੇ ਖੁੱਲ੍ਹੀ ਵਿਚਾਰ ਚਰਚਾ ਦਾ ਸਵਾਗਤ ਕਰਨਾ ਚਾਹੀਦਾ ਹੈ। ਦੇਸ਼ ਦੀ ਭਲਾਈ ਹਿੱਤ ਮੁੱਦਿਆਂ ਉੱਪਰ ਬਹੁਪੱਖੀ ਵਿਚਾਰ ਚਰਚਾ ਨਾਲ ਚੰਗੇ ਨਤੀਜੇ ਕੱਢੇ ਜਾ ਸਕਦੇ ਹਨ। ਨਾਗਰਿਕਤਾ ਸੋਧ ਕਾਨੂੰਨ ਸਬੰਧੀ ਚੱਲ ਰਿਹਾ ਤਣਾਅ ਅਤੇ ਟਕਰਾਅ ਲੰਬਾ ਨਹੀਂ ਖਿਚਿਆ ਜਾਣਾ ਚਾਹੀਦਾ। ਇਸ ਸਬੰਧ ਵਿੱਚ ਬਹੁਪੱਖੀ ਵਿਚਾਰ ਚਰਚਾ ਨਾਲ ਇਕ ਸਰਵਪ੍ਰਵਾਨਿਤ ਹੱਲ ਕਢਿਆ ਜਾ ਸਕਦਾ ਹੈ। ਦੇਸ਼ ਦੇ ਹਿੱਤ ਵਿੱਚ ਕੋਈ ਵੀ ਨਵਾਂ ਕਦਮ ਚੁੱਕਿਆ ਜਾਣਾ ਕੋਈ ਬੁਰਾਈ ਨਹੀਂ ਹੈ। ਕਿਸੇ ਵੀ ਧਿਰ ਨੂੰ ਅਜਿਹੀਆਂ ਮੁੱਦਿਆਂ ‘ਤੇ ਨਿੱਜੀ ਵਕਾਰ ਨੂੰ ਸਾਹਮਣੇ ਨਹੀਂ ਰੱਖਿਆ ਜਾਣਾ ਚਾਹੀਦਾ। ਜਿਥੋਂ ਤੱਕ ਦੂਸਰੇ ਦੇਸ਼ਾਂ ਦਾ ਸਬੰਧ ਹੈ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ ਪ੍ਰੰਤੂ ਕਿਸੇ ਵੀ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ।
– ਬਲਜੀਤ ਸਿੰਘ ਬਰਾੜ
ਯੂਰਪੀਅਨ ਯੂਨੀਅਨ ਦਾ ਇਤਰਾਜ



