ਪੇਕਾ ਘਰ ਹਰ ਧੀ ਲਈ ਸਵਰਗ ਤੋਂ ਵੀ ਵੱਧ ਹੁੰਦਾ ਹੈ । ਮਾਪੇ ਚਾਹੇ ਅਮੀਰ ਹੋਣ ਜਾਂ ਗਰੀਬ , ਧੀਆਂ ਦੀ ਅਸਲੀ ਸਰਦਾਰੀ ਮਾਪਿਆਂ ਦੇ ਘਰ ਹੀ ਹੁੰਦੀ ਹੈ । ਹਰ ਧੀ ਆਪਣੇ ਬਾਬਲ ਦੇ ਘਰ ਦੀ ਰਾਣੀ ਹੁੰਦੀ ਹੈ । ਪੇਕੇ ਘਰ ਦੀਆਂ ਅਭੁੱਲ ਯਾਦਾਂ ਸਾਰੀ ਉਮਰ ਧੀ ਦੇ ਨਾਲ ਰਹਿੰਦੀਆਂ ਹਨ । ਪੇਕਾ ਘਰ ਜਿੱਥੇ ਧੀ ਨੇ ਜਨਮ ਲਿਆ , ਦਾਦੀ ਨਾਲ ਬੈਠ ਕੇ ਰਾਤ ਦੇ ਹਨੇਰਿਆਂ ਵਿੱਚ ਬਾਤਾਂ ਪਾਈਆਂ , ਮਾਂ ਦੀ ਮੋਹ – ਮਮਤਾ ਦੀ ਛਾਇਆ ਹੇਠ ਜਵਾਨ ਹੋਈ , ਬਾਪ ਦੀ ਉਂਗਲੀ ਫੜ ਤੁਰਨਾ ਸਿੱਖਿਆ , ਭੈਣਾਂ – ਭਰਾਵਾਂ ਨਾਲ ਬਚਪਨ ਦਾ ਸਭ ਤੋਂ ਹਸੀਨ ਸਮਾਂ ਬਿਤਾਇਆ । ਕੋਈ ਧੀ ਇੰਨੀਆਂ ਪਿਆਰੀਆਂ ਯਾਦਾਂ ਨੂੰ ਭੁੱਲ ਵੀ ਕਿਵੇਂ ਸਕਦੀ ਹੈ।
ਜਿੰਨਾ ਲਾਡ – ਪਿਆਰ ਇਕ ਧੀ ਨੂੰ ਉਸ ਦੇ ਪੇਕੇ ਘਰ ਮਿਲਦਾ ਹੈ , ਓਨਾ ਸਹੁਰੇ ਘਰ ਨਹੀ ਮਿਲ ਸਕਦਾ । ਪੇਕੇ ਘਰ ਜਿੰਦਗੀ ਬੇਪਰਵਾਹੀਆਂ ਨਾਲ ਗੁਜਰਦੀ ਹੈ ਤੇ ਸਹੁਰੇ ਘਰ ਜਾਂਦਿਆਂ ਹੀ ਜਿੰਮੇਵਾਰੀਆਂ ਨਾਲ – ਨਾਲ ਤੁਰ ਪੈਂਦੀਆਂ ਹਨ । ਇਹ ਪੇਕਾ ਘਰ ਹੀ ਹੁੰਦਾ ਹੈ ਜਿੱਥੇ ਧੀ ਨੂੰ ਉਡਾਰੀਆਂ ਲਗਾਉਣ ਲਈ ਖੁੱਲ੍ਹਾ ਆਸਮਾਨ ਮਿਲਦਾ ਹੈ ।ਇਸੇ ਲਈ ਤਾਂ ਧੀ ਨੂੰ ਆਪਣੇ ਪੇਕੇ ਜਾਨ ਤੋਂ ਵੀ ਪਿਆਰੇ ਹੁੰਦੇ ਹਨ । ਮਾਪਿਆਂ ਵਰਗਾ ਸਾਕ ਇਸ ਧਰਤੀ ‘ਤੇ ਹੋਰ ਕੋਈ ਹੈ ਹੀ ਨਹੀ । ਵਿਆਹ ਤੋਂ ਬਾਅਦ ਤਾਂ ਧੀ ਲਈ ਪੇਕਾ ਘਰ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ । ਵਿਆਹ ਤੋਂ ਬਾਅਦ ਕੁੜੀ ਨੂੰ ਮਾਂ – ਪਿਉ ਤੋਂ ਮਿਲਿਆ ਲਾਡ ਪਿਆਰ ਅਤੇ ਆਪਣਾ ਪੇਕਾ ਘਰ ਅਕਸਰ ਯਾਦ ਆਉਂਦਾ ਹੈ ਪਰ ਮਾਪਿਆਂ ਦਾ ਉਹ ਪਿਆਰ ਤੇ ਪੇਕਾ ਘਰ ਸਿਰਫ ਉਸ ਦੀਆਂ ਯਾਦਾਂ ਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ । ਮਾਪਿਆਂ ਦੇ ਇਸ ਪਿਆਰ ਦਾ ਵਰਨਣ ਸਾਡੇ ਲੋਕ ਗੀਤ ਬਾਖੂਬੀ ਕਰਦੇ ਹਨ –
ਰਿੱਝਦੀ ਖੀਰ ਵਿੱਚ ਡੋਈ
ਟੁੱਟ ਕੇ ਨਾ ਬਹਿ ਜਾਈ ਕੁੜੀਏ
ਮਾਪਿਆਂ ਵਰਗਾ ਸਾਕ ਨਾ ਕੋਈ ।
ਹਰ ਧੀ ਲਈ ਉਸ ਦਾ ਬਾਪ ਰਾਜਾ ਤੇ ਮਾਂ ਰਾਣੀ ਹੁੰਦੀ ਹੈ । ਪੇਕਾ ਘਰ ਭਾਵੇਂ ਕੱਖਾਂ ਦੀ ਕੁੱਲੀ ਹੀ ਕਿਉਂ ਨਾ ਹੋਵੇ ਪਰ ਧੀ ਲਈ ਮਹਿਲਾਂ ਤੋਂ ਘੱਟ ਨਹੀ ਹੰਦਾ ਪਰ ਸਾਡੇ ਰੀਤੀ – ਰਿਵਾਜਾਂ ਕਾਰਨ ਪੇਕਾ ਘਰ ਭਾਵੇਂ ਕੱਖਾਂ ਦੀ ਕੁੱਲੀ ਹੋਵੇ ਜਾਂ ਮਹਿਲ , ਧੀ ਭਾਵੇਂ ਰਾਜੇ ਦੀ ਹੋਵੇ ਜਾਂ ਰੰਕ ਦੀ ਉਸ ਨੂੰ ਪੇਕਾ ਘਰ ਛੱਡ ਪ੍ਰਦੇਸਣ ਹੋਣਾ ਹੀ ਪੈਂਦਾ ਹੈ । ਕਿੰਨੇ ਮਹਾਨ ਹੁੰਦੇ ਹਨ ਧੀਆਂ ਦੇ ਮਾਪੇ , ਜੋ ਆਪਣੇ ਹੱਥੀਂ ਆਪਣੇ ਜਿਗਰ ਦੇ ਟੁਕੜੇ ਨੂੰ ਬੇਗਾਨਿਆਂ ਨੂੰ ਸੌਂਪ ਦਿੰਦੇ ਹਨ । ਸਾਡੇ ਲੋਕ ਗੀਤ ਵੀ ਇਸ ਵਿਛੋੜੇ ਦਾ ਦਰਦ ਬਾਖੂਬੀ ਬਿਆਨ ਕਰਦੇ ਹਨ –
ਮਾਏ ਨੀ ਮਾਏ ਸੁਣ ਮੇਰੀਏ ਮਾਏ
ਤੂੰ ਨਾ ਕਰ ਮੇਰੀ ਮੇਰੀ ਨੀਂ
ਇਹ ਧੀਆਂ ਦਿਨ ਚਾਰ ਦਿਹਾੜੇ
ਜਿਉਂ ਜੋਗੀ ਦੀ ਫੇਰੀ ਨੀ।
ਧੀ ਚਾਹੇ ਵਿਆਹ ਤੋਂ ਬਾਅਦ ਪਰਦੇਸਣ ਹੋ ਜਾਂਦੀ ਹੈ ਪਰ ਉਸ ਦੇ ਦਿਲ ਅੰਦਰੋਂ ਪੇਕੇ ਘਰ ਦੀਆਂ ਯਾਦਾਂ , ਪੇਕੇ ਘਰ ਦਾ ਮੋਹ ਕਦੇ ਨਹੀ ਜਾਂਦਾ । ਉਹ ਹਰ ਦੁਆ ਨਾਲ ਪੇਕੇ ਘਰ ਦੀਆਂ ਖੁਸ਼ੀਆਂ ਹੀ ਮੰਗਦੀ ਹੈ । ਸਹੁਰੇ ਘਰ ਵਿੱਚ ਧੀ ਚਾਹੇ ਜਿੰਨੀ ਮਰਜੀ ਸੁਖੀ ਹੋਵੇ ਪਰ ਪੇਕੇ ਘਰ ਨੂੰ ਉਹ ਸਾਰੀ ਜਿੰਦਗੀ ਨਹੀ ਭੁੱਲਾ ਸਕਦੀ ਤੇ ਪੇਕੇ ਘਰ ਜਾਣ ਦੀ ਤਾਂਘ ਉਸ ਨੂੰ ਹਮੇਸ਼ਾ ਹੀ ਰਹਿੰਦੀ ਹੈ । ਸਾਡੇ ਲੋਕ ਗੀਤ ਵੀ ਧੀ ਦੇ ਮਨ ਅੰਦਰ ਦੀ ਇਸ ਪੀੜਾ ਦਾ ਜਿਕਰ ਬਾਖੂਬੀ ਕਰਦੇ ਹਨ –
ਉਰਲੇ ਕੰਢੇ ਮੈਂ ਖੜ੍ਹੀ
ਪਰਲੇ ਕੰਢੇ ਮਾਂ ਖੜ੍ਹੀ
ਭਰ – ਭਰ ਡੋਲਦੀ
ਅੱਖੀਆਂ ਦਾ ਨੀਰ ਵੇ..
ਸਹੁਰੇ ਘਰ ਬੈਠੀ ਧੀ ਨੂੰ ਪੇਕੇ ਘਰੋਂ ਜਦੋਂ ਕੋਈ ਸੁਨੇਹਾ ਆਉਂਦਾ ਹੈ ਜਾਂ ਵੀਰ ਖੁਦ ਮਿਲਣ ਲਈ ਆਉਂਦਾ ਹੈ ਤਾਂ ਧੀ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀ ਹੁੰਦਾ। ਮਾਂ – ਪਿਉ ਤੋਂ ਬਾਅਦ ਧੀਆਂ ਨੂੰ ਪੇਕੇ ਭਰਾਵਾਂ – ਭਰਜਾਈਆਂ ਨਾਲ ਹੀ ਹੁੰਦੇ ਹਨ । ਇਸ ਲਈ ਤਾਂ ਧੀ ਆਪਣੇ ਹਰ ਸਾਹ ਨਾਲ ਭਰਾਵਾਂ , ਭਤੀਜਿਆਂ ਦੀ ਸੁੱਖ ਮੰਗਦੀ ਹੈ –
ਭਾਈ – ਭਤੀਜੇ ਯੁੱਗ – ਯੁੱਗ ਜੀਵਣ
ਮੇਰੀ ਭਾਬੋ ਦਾ ਬਣਿਆ ਰਹੇ ਸੁਹਾਗ
ਹਾਂ ਜੀ ਬਣਿਆ ਰਹੇ ਸੁਹਾਗ ੩
ਅੱਜ ਦੇ ਸਮੇ ਵਿੱਚ ਭਾਵੇਂ ਰਿਸ਼ਤਿਆਂ ਦੀ ਪਰਿਭਾਸ਼ਾ ਬਦਲਦੀ ਜਾ ਰਹੀ ਹੈ । ਰਿਸ਼ਤਿਆਂ ਤੇ ਸਵਾਰਥ ਭਾਰੀ ਪੈਂਦਾ ਜਾ ਰਿਹਾ ਹੈ ਪਰ ਧੀਆਂ ਦਾ ਪੇਕੇ ਘਰ ਲਈ ਪਿਆਰ ਅੱਜ ਵੀ ਨਿਸਵਾਰਥ ਹੀ ਹੈ । ਧੀਆਂ ਅੱਜ ਵੀ ਆਪਣੀ ਖੁਸ਼ੀ ਤੋਂ ਪਹਿਲਾਂ ਪੇਕੇ ਘਰ ਦੀ ਸੁੱਖ ਹੀ ਮੰਗਦੀਆਂ ਹਨ । ਹਰ ਧੀ ਦੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੁੰਦੀ ਹੈ ਕਿ ਉਸਦੇ ਬਾਬਲੇ ਦਾ ਵਿਹੜਾ ਹਮੇਸ਼ਾ ਹੱਸਦਾ – ਵੱਸਦਾ ਰਹੇ । ਪੇਕਿਆਂ ਵਲੋਂ ਉਸਨੂੰ ਹਮੇਸ਼ਾ ਠੰਢੀਆਂ ਹਵਾਵਾਂ ਹੀ ਆਉਣ । ਮਾਪਿਆਂ ਦੇ ਤੁਰ ਜਾਣ ਤੋਂ ਬਾਅਦ ਭਰਾਵਾਂ ਲਈ ਭੈਣ ਬੇਗਾਨੀ ਹੋ ਸਕਦੀ ਹੈ ਪਰ ਇਕ ਧੀ ਲਈ ਉਸਦਾ ਪੇਕਾ ਘਰ ਕਦੇ ਬੇਗਾਨਾ ਨਹੀ ਹੁੰਦਾ ਸਗੋਂ ਉਸਦੇ ਆਖਰੀ ਸਾਹਾਂ ਤੱਕ ਉਸਦੇ ਅੰਦਰ ਉਸਦਾ ਪੇਕਾ ਘਰ ਵੱਸਦਾ ਹੈ , ਅਤੇ ਆਪਣੇ ਅਖਰੀ ਸਾਹਾਂ ਤੱਕ ਉਹ ਆਪਣੇ ਪੇਕੇ ਪਰਿਵਾਰ ਦੀ ਉਡੀਕ ਕਰਦੀ ਹੈ –
ਭੈਣ ਦਿਆ ਸੋਹਣਿਆ ਵੀਰਾ ਵੇ
ਖੇਸੇ ਨੂੰ ਡੋਰਾਂ ਨੀ
ਆਣ ਕੇ ਵੇਖ ਵੀਰਾ ਵੇ
ਤੇਰੀਆਂ ਪੱਲ – ਪੱਲ ਲੋੜਾਂ ਨੀ।
ਪੇਕਿਆਂ ਨੇ ਰੱਖੀ ਲਾਡਲੀ



