ਲਹਿਰਾਗਾਗਾ- ਬੇਸ਼ੱਕ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਸ਼ਹਿਰ ਨੂੰ ਪ੍ਰਦੂਸ਼ਣ ਤੇ ਗੰਦਗੀ ਮੁਕਤ ਕਰਨ ਲਈ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹੈ ਤੇ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਖੁਦ ਨਗਰ ਕੌਂਸਲ ਵੱਲੋਂ“ ਸਵੱਛ ਭਾਰਤ ਅਭਿਆਨ“ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਅਜਿਹਾ ਇੱਕ ਮਾਮਲਾ ਉਸ ਸਮੇਂ ਲੋਕਾਂ ਨੇ ਧਿਆਨ ਵਿੱਚ ਲਿਆਂਦਾ ਜਿਸ ਨੂੰ ਦੇਖ ਕੇ ਸਪਸ਼ਟ ਹੋ ਜਾਂਦਾ ਹੈ ਕਿ ਸ਼ਹਿਰ ਅੰਦਰ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ । ਸਿੱਖਿਆ ਸੰਸਥਾ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਸਾਹਮਣੇ ਗੁਜ਼ਰਦੀ ਸੁਨਾਮ ਲਹਿਰਾ ਸੜਕ ਦੇ ਦੋਵੇਂ ਪਾਸੇ ਹਰ ਸਮੇਂ ਖੜ੍ਹਾ ਰਹਿੰਦਾ ਗੰਦਾ ਨਿਕਾਸੀ ਪਾਣੀ ਲੋਕਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ ਪਰ ਨਗਰ ਕੌਂਸਲ ਨੇ ਉਕਤ ਮਾਮਲੇ ਤੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ । ਮੌਕੇ ਤੇ ਜਾ ਕੇ ਜਦੋਂ ਦੇਖਿਆ ਕਿ ਸੜਕ ਦੇ ਦੋਵੇਂ ਪਾਸੇ ਗੰਦਾ ਨਿਕਾਸੀ ਪਾਣੀ ਖੜ੍ਹਾ ਸੀ ਅਤੇ ਬਦਬੂ ਫੈਲ ਰਹੀ ਸੀ ਉਕਤ ਥਾਂ ਤੇ ਮਿੰਨੀ ਬੱਸ ਸਟਾਪ ਦੇ ਨਾਲ ਨਾਲ ਸਾਹਮਣੇ ਸਿੱਖਿਆ ਸੰਸਥਾ ਹੋਣ ਦੇ ਕਾਰਨ ਅਕਸਰ ਆਮ ਪਬਲਿਕ ਤੇ ਵਿਦਿਆਰਥੀ ਬੱਸ ਆਦਿ ‘ਚ ਸਵਾਰ ਹੋਣ ਲਈ ਖੜੇ ਰਹਿੰਦੇ ਹਨ ਅਤੇ ਮਾਰਕੀਟ ਹੋਣ ਦੇ ਕਾਰਨ ਦੁਕਾਨਦਾਰਾਂ ਨੂੰ ਵੀ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਕਤ ਰਸਤਿਓਂ ਹਰ ਰੋਜ਼ ਸੈਂਕੜੇ ਵਾਹਨ ਗੁਜ਼ਰਦੇ ਹਨ ਜਿਨ੍ਹਾਂ ਨੂੰ ਸੜਕ ਤੇ ਖੜ੍ਹੇ ਗੰਦੇ ਪਾਣੀ ਵਿੱਚੋਂ ਨਿਕਲਣਾ ਪੈਂਦਾ ਹੈ ,ਵਾਹਨਾਂ ਦੇ ਗੰਦੇ ਪਾਣੀ ਵਿੱਚੋਂ ਨਿਕਲਣ ਦੇ ਕਾਰਨ ਕਈ ਵਾਰੀ ਸਾਈਡਾਂ ਤੇ ਖੜ੍ਹੇ ਆਮ ਪਬਲਿਕ ਦੇ ਉੱਪਰ ਵੀ ਗੰਦਾ ਪਾਣੀ ਪੈ ਜਾਂਦਾ ਹੈ ਜਿਸ ਕਰਕੇ ਕਈ ਵਾਰ ਲੜਾਈ ਝਗੜੇ ਤੱਕ ਦੀ ਵੀ ਨੌਬਤ ਆ ਜਾਂਦੀ ਹੈ । ਸਭ ਤੋਂ ਵੱਡੀ ਗੱਲ ਬਾਹਰ ਤੋਂ ਆਉਣ ਵਾਲੇ ਲੋਕਾਂ ਲੋਕਾਂ ਦਾ ਸ਼ਹਿਰ ਅੰਦਰ ਵੜਦੇ ਹੀ ਗੰਦਾ ਬਦਬੂਦਾਰ ਪਾਣੀ ਹੀ ਸਵਾਗਤ ਕਰਦਾ ਹੈ । ਨਗਰ ਕੌਂਸਲ ਵੱਲੋਂ ਉਕਤ ਨਿਕਾਸੀ ਦੀ ਪਾਣੀ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਦੋਂ ਕਿ ਉਥੋਂ ਦੇ ਦੁਕਾਨਦਾਰਾਂ ਵੱਲੋਂ ਉਕਤ ਮਾਮਲਾ ਕਈ ਵਾਰੀ ਨਗਰ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਬਾਵਜੂਦ ਇਸ ਦੇ ਮਾਮਲਾ ਜਿਉਂ ਦਾ ਤਿਉਂ ਬਰਕਰਾਰ ਹੈ । ਮੌਕੇ ਤੇ ਮੌਜੂਦ ਇਸ ਗੰਦੇ ਪਾਣੀ ਤੋਂ ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇੱਥੋਂ ਅਕਸਰ ਹੀ ਹਲਕੇ ਦੇ ਵੱਖ ਵੱਖ ਪਾਰਟੀਆਂ ਦੇ ਵੱਡੇ ਸਿਆਸੀ ਆਗੂ ਅਤੇ ਜਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਗੁਜਰਦੇ ਰਹਿੰਦੇ ਹਨ ਪਰ ਇਸ ਗੰਦੇ ਪਾਣੀ ਵਿੱਚੋਂ ਉਨ੍ਹਾਂ ਦੇ ਵਹੀਕਲ ਗੁਜਰਨ ਦੇ ਬਾਵਜੂਦ ਉਨ੍ਹਾਂ ਦਾ ਧਿਆਨ ਇਸ ਵੱਡੀ ਸਮੱਸਿਆ ਵੱਲ ਨਹੀਂ ਗਿਆ। ਜੇਕਰ ਸਮਾਂ ਰਹਿੰਦੇ ਨਗਰ ਕੌਂਸਲ ਨੇ ਉਕਤ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਨਾ ਕੀਤਾ ਤਾਂ ਕਿਸੇ ਸਮੇਂ ਵੀ ਕੋਈ ਬਿਮਾਰੀ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਹੁਣ ਦੇਖਣਾ ਇਹ ਹੈ ਕਿ ਨਗਰ ਕੌਂਸਲ ,ਪ੍ਰਸ਼ਾਸਨ ਜਾਂ ਸਰਕਾਰ ਉਕਤ ਮਾਮਲੇ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦੇ ਹਨ ਜਾਂ ਫਿਰ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਕਤ ਸਮੱਸਿਆ ਦੇ ਕਾਰਨ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪਵੇਗਾ, ਜਿਸ ਲਈ ਸਿੱਧੇ ਤੌਰ ਤੇ ਨਗਰ ਕੌਂਸਲ ਜ਼ਿੰਮੇਵਾਰ ਹੋਵੇਗੀ।
– ਜਤਿੰਦਰ ਜਲੂਰ ।
ਪੱਤਰਕਾਰ ‘ਪੰਜਾਬ ਟਾਇਮਜ਼’
ਸੁਨਾਮ-ਲਹਿਰਾ ਸੜਕ ‘ਤੇ ਖੜ੍ਹਦਾ ਗੰਦਾ ਪਾਣੀ ਰਾਹਗੀਰਾਂ ਦਾ ਕਰਦਾ ਹੈ ਬਦਬੂਦਾਰ ਸਵਾਗਤ



