ਸੜਕ ਹਾਦਸਿਆਂ ਵਿੱਚ ਪੰਜਾਬ ਦੇਸ਼ ਵਿੱਚੋਂ ਮੋਹਰੀ ਬਣ ਗਿਆ ਹੈ। ਪੰਜਾਬ ਦੀਆਂ ਸੜਕਾਂ ਉੱਪਰ ਹਰ ਰੋਜ਼ ਅਜਾਈਂ ਜਾਨਾ ਜਾ ਰਹੀ ਹਨ। ਇਕੱਲੇ ਲੁਧਿਆਣਾ ਸ਼ਹਿਰ ਵਿੱਚ ਹੀ ਹਰ ਸਾਲ ਸੜਕ ਹਾਦਸਿਆਂ ਵਿੱਚ 350 ਨਿਰਦੋਸ਼ ਜਾਨਾਂ ਚਲੀਆਂ ਜਾਂਦੀਆਂ ਹਨ। ਪੰਜਾਬ ਦਾ ਅੰਮ੍ਰਿਤਸਰ ਸ਼ਹਿਰ ਸੜਕ ਹਾਦਸਿਆਂ ‘ਚ ਮੌਤਾਂ ਦੀ ਗਿਣਤੀ ਦੇ ਪੱਖ ਤੋਂ ਦੇਸ਼ ਵਿੱਚੋਂ ਪਹਿਲੇ ਨੰਬਰ ‘ਤੇ ਆ ਗਿਆ ਹੈ। ਜਦੋਂ ਕਿ ਲੁਧਿਆਣਾ ਸ਼ਹਿਰ ਦੂਸਰੇ ਨੰਬਰ ‘ਤੇ ਹੈ। ਲੁਧਿਆਣਾ ਵਿੱਚ ਹਰ ਸਾਲ ਸੜਕ ਹਾਦਸਿਆਂ ਕਾਰਨ 500 ਤੋਂ ਜ਼ਿਆਦਾ ਲੋਕ ਗੰਭੀਰ ਰੂਪ ‘ਚ ਜ਼ਖਮੀ ਹੁੰਦੇ ਹਨ। ਪੰਜਾਬ ਦੇ ਲਗਭਗ ਸਾਰੇ ਪ੍ਰਮੁੱਖ ਸ਼ਹਿਰ ਅਤੇ ਪ੍ਰਮੁੱਖ ਸੜਕਾਂ ‘ਤੇ ਹਰ ਰੋਜ਼ ਭਿਆਨਕ ਹਾਦਸੇ ਹੋ ਰਹੇ ਹਨ। ਸੜਕਾਂ ‘ਤੇ ਟ੍ਰੈਫਿਕ ਜਾਮ ਨਾਲ ਲੋਕਾਂ ਦੀ ਜ਼ਿੰਦਗੀ ਮੁਹਾਲ ਹੋਈ ਪਈ ਹੈ। ਟ੍ਰੈਫਿਕ ਜਾਮ ਕਾਰਨ ਇਕ ਅਨੁਮਾਨ ਮੁਤਾਬਿਕ ਪੰਜਾਬ ਨੂੰ 500 ਕਰੋੜ ਰੁਪਏ ਦਾ ਵਿਤੀ ਨੁਕਸਾਨ ਝੱਲਣਾ ਪੈਂਦਾ ਹੈ। ਸੜਕ ਹਾਦਸਿਆਂ ਦਾ ਵੱਡਾ ਕਾਰਨ ਟ੍ਰੈਫਿਕ ਪ੍ਰਬੰਧਾਂ ਵਿੱਚ ਕਮੀਆਂ ਹਨ। ਸੜਕਾਂ ਅਤੇ ਚੌਂਕਾਂ ਆਦਿ ਦੀ ਹਾਲਤ ਠੀਕ ਨਹੀਂ ਹੈ। ਸੜਕੀ ਆਵਾਜਾਈ ਲਈ ਬੁਨਿਆਦੀ ਢਾਂਚੇ ਵਿੱਚ ਕਾਫੀ ਵੱਡੀਆਂ ਕਮੀਆਂ ਹਨ। ਇਸ ਦੇ ਨਾਲ ਹੀ ਬਿਨਾਂ ਕਿਸੇ ਯੋਜਨਾ ਬਣਾਏ ਸੜਕੀ ਕੱਟ, ਡਿਵਾਈਡਰ ਦੀ ਘਾਟ, ਕਰਾਸਟਰੈਫ਼ਿਕ, ਵਾਹਨਾਂ ਦਾ ਲਾਈਨਾਂ ਵਿੱਚ ਨਾ ਚੱਲਣਾ, ਫ਼ਲਾਈਓਵਰ ਤੇ ਹੋਰਨਾਂ ਥਾਵਾਂ ਉੱਤੇ ਲੋੜੀਂਦੀਆਂ ਆਵਾਜਾਈ ਤਕਨੀਕਾਂ ਦਾ ਪਾਲਣ ਯਕੀਨੀ ਨਾ ਬਣਾਉਣਾ ਵੀ ਸੜਕ ਹਾਦਸਿਆਂ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨ ਹਨ। ਟ੍ਰੈਫਿਕ ਪੁਲਿਸ ਵੀ ਆਵਾਜਾਈ ਨੂੰ ਸੰਚਾਰੂ ਰੂਪ ਵਿੱਚ ਦੇਣ ਵਿੱਚ ਅਸਫਲ ਹੈ। ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਮਾੜੇ ਟ੍ਰੈਫਿਕ ਪ੍ਰਬੰਧ ਕਾਰਨ ਪੰਜਾਬ ਨੂੰ ਇਸ ਦਾ ਭਾਰੀ ਆਰਥਿਕ ਖਮਿਆਜਾ ਭੂਗਤਣਾ ਪੈ ਰਿਹਾ ਹੈ। ਲੋਕਾਂ ਦਾ ਸਮਾਂ ਅਲੱਗ ਖਰਾਬ ਹੁੰਦਾ ਹੈ। ਪੰਜਾਬ ਸਰਕਾਰ ਇਸ ਸਮਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸਿਆਂ ਵਿੱਚ ਪਹਿਲੇ ਸਥਾਨ ‘ਤੇ ਹੋਣ ਦੇ ਬਾਵਜੂਦ ਪੰਜਾਬ ਵਿੱਚ ਕਦੇ ਸੜਕ ਸੁਰੱਖਿਆ ਦਾ ਆਡਿਟ ਨਹੀਂ ਕੀਤਾ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕਾਂ ‘ਤੇ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਤੁਰੰਤ ਕਦਮ ਚੁੱਕੇ। ਸੜਕ ਹਾਦਸੇ ਰੋਕਣ ਲਈ ਸਾਰੇ ਢੁੱਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ। ਨਵੇਂ ਟ੍ਰੈਫਿਕ ਨਿਯਮ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਵਧੀਆ ਸੜਕੀ ਆਵਾਜਾਈ ਪ੍ਰਬੰਧ ਲਈ ਸੜਕਾਂ, ਪੁਲਾਂ ਅਤੇ ਚੋਰਾਹਿਆਂ ਦੀ ਦੇਖ-ਰੇਖ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਸਮੁੱਚੇ ਸੜਕੀ ਪ੍ਰਬੰਧ ਨੂੰ ਜ਼ੋਨਾਂ ਵਿੱਚ ਵੰਡ ਕੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ।
– ਬਲਜੀਤ ਸਿੰਘ ਬਰਾੜ
ਸੜਕ ਹਾਦਸਿਆਂ ‘ਚ ਮੋਹਰੀ ਪੰਜਾਬ



