ਪਿੰਡ ਦੀ ਸਰਪੰਚੀ ਤੋਂ ਸਿਆਸੀ ਜੀਵਨ ਸ਼ੁਰੂ ਕਰਕੇ ਪਾਰਲੀਮੈਂਟ ਤੱਕ ਪਹੁੰਚੇ
ਲਹਿਰਾਗਾਗਾ- ਸ ਸੁਖਦੇਵ ਸਿੰਘ ਢੀਂਡਸਾ ਪੈਰਾਸ਼ੂਟ ਰਾਹੀਂ ਸਿਆਸਤ ਵਿੱਚ ਨਹੀਂ ਆਏ ਸਗੋਂ ਸਿਆਸਤ ਦੀ ਪਹਿਲੀ ਪੌੜੀ ਉਨਾਂ ਨੇ ਪਿੰਡ ਉਭਾਵਾਲ ਦੇ 1962 ਵਿੱਚ ਸਰਪੰਚ ਬਣਕੇ ਆਪਣੇ ਸਿਆਸੀ ਜੀਵਨ ਦੀ ਸੁਰੂਆਤ ਕੀਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਛੱਜੂ ਸਿੰਘ ਸਰਾਓ ਕਾਲਬੰਜਾਰਾ, ਮਦਨ ਸਿੰਘ ਕਲੇਰ ਸਾਬਕਾ ਮੈਂਬਰ ਜਿਲ੍ਹਾ ਪ੍ਰੀਸ਼ਦ , ਸੀਨੀ ਅਕਾਲੀ ਆਗੂ ਜਗਦੀਪ ਸਿੰਘ ਜੱਗੀ ਨੰਗਲਾ ਅਤੇ ਸਾਬਕਾ ਸਰਕਲ ਪ੍ਰਧਾਨ ਬਾਬਰਜੀਤ ਸਿੰਘ ਗਰੇਵਾਲ ਨੇ ਕਰਦਿਆਂ ਕਿਹਾ ਕਿ ਸ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਜੀਵਨ ਬਾਰੇ ਬੇਤੁਕੇ ਬਿਆਨ ਦੇਣ ਵਾਲੇ ਅਖੌਤੀ ਲੀਡਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸ ਢੀਂਡਸਾ ਨੇ ਆਪਣਾ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ । ਸ ਢੀਂਡਸਾ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਮੈਂਬਰ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਸ ਢੀਂਡਸਾ ਪਹਿਲੀ ਵਾਰ 1972 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਕੇ ਐਮ ਐਲ ਏ ਬਣੇ ਸੀ । ਸ ਢੀਂਡਸਾ ਨੂੰ ਉਸ ਸਮੇਂ ਦੇ ਕਾਂਗਰਸੀ ਆਗੂਆਂ ਵਲੋਂ ਵੱਡੇ-ਵੱਡੇ ਲਾਲਚ ਦਿੱਤੇ ਗਏ, ਪਰ ਢੀਂਡਸਾ ਨੇ ਆਜ਼ਾਦ ਤੌਰ ‘ਤੇ ਅਕਾਲੀ ਦਲ ਦਾ ਹੀ ਸਾਥ ਦਿੱਤਾ। ਉਸ ਸਮੇਂ 1972 ਵਿੱਚ ਅਕਾਲੀ ਦਲ ਕੋਲ ਵਿਧਾਨ ਸਭਾ ‘ਚ ਸਿਰਫ 24 ਸੀਟਾਂ ਸਨ। ਇਸ ਤੋਂ ਬਾਅਦ ਆਪ ਪੰਜਾਬ ਵਿਧਾਨ ਸਭਾ ਲਈ 1977, 80 ਅਤੇ 85 ਵਿੱਚ ਚੋਣ ਲੜੇ ਅਤੇ ਐਮ ਐਲ ਏ ਬਣੇ । ਆਪ ਨੂੰ 1973 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਜਨਰਲ ਬਣਾ ਦਿੱਤਾ ਗਿਆ ਕਿਉਂਕਿ ਆਪ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਹਮੇਸ਼ਾ ਦੁਖ ਸੁਖ ਦੇ ਸਾਥੀ ਰਹੇ ਹਨ। ਆਪ 1977 ਤੋਂ 80 ਤੱਕ ਪੰਜਾਬ ਮੰਤਰੀ ਮੰਡਲ ਵਿੱਚ ਖੇਡਾਂ, ਸਭਿਆਚਾਰਕ ਮਾਮਲੇ, ਸ਼ਹਿਰੀ ਹਵਾਬਾਜੀ ਅਤੇ ਟ੍ਰਾਂਸਪੋਰਟ ਵਿਭਾਗਾਂ ਦੇ ਮੰਤਰੀ ਰਹੇ। ਸ ਢੀਂਡਸਾ 1997 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦਾ ਚੇਅਰਮੈਨ ਬਣੇ, ਜਿਸ ਅਹੁਦੇ ਤੇ ਆਪ 1998 ਤੱਕ ਰਹੇ। 1998 ਵਿੱਚ ਹੀ ਆਪ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ। ਆਪ 1999 ਤੋਂ 2004 ਤੱਕ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਯੁਵਕ ਮਾਮਲੇ, ਖੇਡਾਂ ਅਤੇ ਖਾਦ ਤੇ ਰਸਾਇਣ ਵਿਭਾਗਾਂ ਦੇ ਕੇਂਦਰੀ ਮੰਤਰੀ ਰਹੇ। ਸ ਢੀਂਡਸਾ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖੇਡ ਸੰਸਥਾਵਾਂ ਦੇ ਪ੍ਰਧਾਨ ਹਨ, ਜਿਹਨਾਂ ਵਿੱਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਪੰਜਾਬ ਬਾਕਸਿੰਗ ਅਤੇ ਰੋਇੰਗ ਐਸੋਸੀਏਸ਼ਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ ਢੀਂਡਸਾ ਨੇ ਅਕਾਲੀ ਦਲ ਅੰਦਰ ਕੰਮ ਕਰਦਿਆਂ ਅਨੇਕਾਂ ਵਾਰ ਜੇਲ ਯਾਤਰਾ ਕੀਤੀ, ਉਨ੍ਹਾਂ ਨੂੰ ਟਾਡਾ ਵਰਗੇ ਸਖਤ ਕਾਨੂੰਨਾਂ ਅਧੀਨ ਵੀ ਜੇਲ ਜਾਣਾ ਪਿਆ । ਜੇਲ ਯਾਤਰਾ ਦੌਰਾਨ ਛੇ ਛੇ ਮਹੀਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਤੱਕ ਨਹੀਂ ਸੀ ਦਿੱਤਾ ਗਿਆ । ਉਨਾਂ ਕਿਹਾ ਕਿ ਪੈਰਾਸ਼ੂਟ ਰਾਹੀਂ ਪਾਰਟੀ ਵਿੱਚ ਆਏ ਅਖੌਤੀ ਲੀਡਰਾਂ ਨੂੰ ਬੇਤੁਕੀਆਂ ਬਿਆਨਬਾਜੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਸ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਪਿਤਾ ਦੇ ਹੱਕ ਵਿੱਚ ਡਟ ਕੇ ਵਿਰੋਧੀਆਂ ਦੀਆਂ ਗਲਤ ਫਹਿਮੀਆਂ ਦੂਰ ਕਰ ਦਿੱਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਪੁਰਾਣੀਆਂ ਪਰੰਪਰਾਵਾਂ ਅਤੇ ਸਿਧਾਂਤਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਜੋ ਕਦਮ ਉਠਾਇਆ ਗਿਆ ਹੈ ,ਬਹੁਤ ਹੀ ਸਲਾਹੁਣਯੋਗ ਹੈ ਅਤੇ ਅਸੀਂ ਡਟ ਕੇ ਢੀਂਡਸਾ ਪਰਿਵਾਰ ਦੀ ਸੋਚ ਤੇ ਪਹਿਰਾ ਦੇਵਾਂਗਾ।
ਇਸ ਮੌਕੇ ਸੁਖਵਿੰਦਰ ਸਿੰਘ ਬਿੱਲੂ ਖੰਡੇਵਾਦ, ਪਰਮਿੰਦਰ ਸਿੰਘ ਅੜਕਵਾਸ ਸਾਬਕਾ ਸਰਪੰਚ, ਕੁਲਤੇਜ ਸਿੰਘ ਜਲੂਰ, ਡਾ ਨੈਬ ਸਿੰਘ ਸੰਧੂ, ਜੌਲੀ ਘੁਮਾਣ, ਜਸਵਿੰਦਰ ਬਖੋਰਾ ,ਬਲਕਾਰ ਸਿੰਘ ਬਾਬਾ ਭੂਟਾਲ ਕਲਾਂ, ਗੁਰਵਿੰਦਰ ਸਿੰਘ ਸੂਚ, ਦੀਪੀ ਸੰਧੂ, ਹਰਜਿੰਦਰ ਸਿੰਘ ਕਾਲਾ, ਵਰਿੰਦਰ ਸਿੰਘ ਧੱਕੜ ਸਾਬਕਾ ਸਰਪੰਚ ਆਦਿ ਹਾਜ਼ਰ ਸਨ।
– ਜਤਿੰਦਰ ਜਲੂਰ
ਪੱਤਰਕਾਰ ‘ਪੰਜਾਬ ਟਾਇਮਜ਼’



