ਪੰਜਾਬ ਇੱਕ ਵਾਰ ਫਿਰ ਸਿਆਸੀ ਕਤਲੋਗਾਰਤ ਵੱਲ ਵਧ ਰਿਹਾ ਪ੍ਰਤੀਤ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਪੰਜਾਬ ਸਰਕਾਰ ਉੱਪਰ ਇਹ ਦੋਸ਼ ਲਾਏ ਜਾ ਰਹੇ ਹਨ ਕਿ ਕਾਂਗਰਸ ਸਰਕਾਰ ਦੇ ਮੰਤਰੀਆਂ ਦੀ ਸ਼ਹਿ ਉੱਪਰ ਗੈਂਗਸਟਰ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਅਕਾਲੀ ਸਰਪੰਚ ਨੂੰ ਦਿਨ-ਦਿਹਾੜੇ ਮਾਰ ਦਿੱਤਾ ਗਿਆ। ਹੁਣ ਮਜੀਠਾ ਹਲਕੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਦੀ ਹੱਤਿਆ ਕਰ ਦਿੱਤੀ ਗਈ ਹੈ। ਮਜੀਠਾ ਹਲਕੇ ਦੇ ਅਕਾਲੀ ਸਰਪੰਚ ਸ਼੍ਰੋਮਣੀ ਅਕਾਲੀ ਦਲ ਦੇ ਉੱਚ ਆਗੂ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਸਾਥੀ ਸਨ। ਇਸ ਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸ. ਮਜੀਠੀਆ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ। ਸ. ਮਜੀਠੀਆ ਅਕਾਲੀ ਦਲ ਦੀ ਤਰਫੋਂ ਇਸ ਸਿਆਸੀ ਕਤਲੋਗਾਰਤ ਖਿਲਾਫ ਖੁੱਲ੍ਹ ਕੇ ਬੋਲ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸੂਬੇ ਵਿੱਚ ਹੋ ਰਹੇ ਇਹ ਸਿਆਸੀ ਕਤਲ ਕਾਂਗਰਸ ਪਾਰਟੀ ਅਤੇ ਗੈਂਗਸਟਰਾਂ ਦੀ ਮਿਲੀਭੁਗਤ ਦਾ ਨਤੀਜਾ ਹਨ। ਅਕਾਲੀ ਦਲ ਵੱਲੋਂ ਇਨ੍ਹਾਂ ਕਤਲਾਂ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਦੋਸ਼ ਵੀ ਲਾਇਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਬੰਦ ਕੁਝ ਗੈਂਗਸਟਰ ਕਾਂਗਰਸੀ ਮੰਤਰੀ ਦੀ ਸ਼ਹਿ ਉੱਪਰ ਅਪਰਾਧਕ ਸਰਗਰਮੀਆਂ ਚਲਾ ਰਹੇ ਹਨ। ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸਿਆਸੀ ਕਤਲੋਗਾਰਤ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਲਈ ਵੀ ਗੰਭੀਰ ਖਤਰਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਪੈਦਾ ਹੋ ਰਹੀਆਂ ਗਲਤਫਹਿਮੀਆਂ ਨੂੰ ਦੂਰ ਕਰੇ ਅਤੇ ਅਪਰਾਧਕ ਸਰਗਰਮੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਅਰੰਭੇ। ਸੂਬੇ ਵਿੱਚ ਗੈਂਗਸਟਰਾਂ ਦੇ ਵੱਖ-ਵੱਖ ਗਿਰੋਹ ਵੱਡਾ ਖਤਰਾ ਬਣੇ ਹੋਏ ਹਨ। ਪੁਲਿਸ ਗੈਂਗਸਟਰਾਂ ਦੀਆਂ ਸਰਗਰਮੀਆਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ। ਗੈਂਗਸਟਰ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗ ਰਹੇ ਹਨ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਯਤਨ ਸ਼ੁਰੂ ਹੋਣੇ ਚਾਹੀਦੇ ਹਨ। ਆਮ ਲੋਕਾਂ ਦੇ ਜੀਵਨ ਦੀ ਸੁਰੱਖਿਆ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਦਹਿਸ਼ਤ ਦਾ ਮਾਹੌਲ ਪੰਜਾਬ ਲਈ ਬੇਹੱਦ ਖਤਰਨਾਕ ਹੈ। ਇਸ ਦੇ ਨਤੀਜੇ ਬੁਰੇ ਹੋ ਸਕਦੇ ਹਨ। ਕਾਂਗਰਸ ਪਾਰਟੀ ਅਤੇ ਸੂਬਾ ਸਰਕਾਰ ਸਾਂਝੇ ਤੌਰ ‘ਤੇ ਇਸ ਸਬੰਧ ਵਿੱਚ ਤੁਰੰਤ ਨਵੀਂ ਨੀਤੀ ਤਿਆਰ ਕਰਨ ਤਾਂ ਜੋ ਸੂਬੇ ਨੂੰ ਹਿੰਸਾਮੁਕਤ ਕੀਤਾ ਜਾ ਸਕੇ। ਕਿਸੇ ਵੀ ਸੂਰਤ ਵਿੱਚ ਸਿਆਸੀ ਕਲਤੋਗਾਰਤ ਨੂੰ ਅੱਗੇ ਵਧਣ ਤੋਂ ਰੋਕਿਆ ਜਾਣਾ ਚਾਹੀਦਾ ਹੈ।
-ਬਲਜੀਤ ਸਿੰਘ ਬਰਾੜ
ਸਿਆਸੀ ਕਤਲਾਂ ਵੱਲ ਵਧਦਾ ਪੰਜਾਬ



