Skip to content
Independent perspectives. Global stories.
BREAKING

ਬ੍ਰਿਟੇਨ ਦੀਆਂ ਚੋਣਾਂ ‘ਚੋਂ ਨਿਕਲਦੀ ਸਿੱਖ ਸਿਆਸਤ ਦੀ ਨਵੀਂ ਰਾਹ

Share this story

ਯੂ. ਕੇ. ਦੀਆਂ ਚੋਣਾਂ ਵਿੱਚ ਸਿੱਖ ਐਮ. ਪੀ. ਸਰਦਾਰ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਮੁੜ ਜਿੱਤ ਹਾਸਲ ਕਰਨ ‘ਚ ਕਾਮਿਆਬ ਹੋਏ ਹਨ। ਇਹ ਦੋਵੇ ਸਿਆਸਤਦਾਨ ਲੇਬਰ ਪਾਰਟੀ ਦੇ ਮੈਂਬਰ ਹਨ। ਲੇਬਰ ਪਾਰਟੀ ਪਹਿਲਾਂ ਵੀ ਵਿਰੋਧੀ ਧਿਰ ‘ਚ ਸੀ ਤੇ ਇਸ ਵਾਰ ਵੀ ਚੋਣਾਂ ਵਿੱਚ ਭਾਰੀ ਨਾਕਾਮਿਆਬ ਰਹੀ ਹੈ। ਲੇਬਰ ਪਾਰਟੀ ਦੇ ਕਈ ਉੱਘੇ ਮੈਂਬਰ ਚੋਣ ਹਾਰ ਗਏ ਹਨ . ਬ੍ਰਿਟੇਨ ਦੇ ਲੋਕਾਂ ਨੇ ਸੱਤਾਧਾਰੀ ਕੰਜਰਵੇਟਿਵ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ . ਕੰਜਰਵੇਟਿਵ ਪਾਰਟੀ ਦੇ ਬੋਰਿਸ ਜਾਨਸਨ ਇੱਕ ਤਾਕਤਵਰ ਨੇਤਾ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਏ ਹਨ। ਇਨ੍ਹਾਂ ਹਾਲਾਤ ਵਿੱਚ ਲੇਬਰ ਪਾਰਟੀ ਦੇ ਟਿਕਟ ਤੇ ਸਰਦਾਰ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਦਾ ਦੁਬਾਰਾ ਜਿੱਤ ਜਾਣਾ ਬ੍ਰਿਟੇਨ ਦੀ ਸਿਆਸਤ ਲਈ ਤਾ ਅਹਿਮ ਹੈ ਹੀ ਸਿੱਖ ਜਗਤ ਲਈ ਵੀ ਮਹੱਤਵਪੂਰਨ ਸੁਨੇਹਾ ਹੈ। ਚੋਣਾਂ ਵਿੱਚ ਹਾਰ – ਜਿੱਤ ਲੱਗੀ ਰਹਿੰਦੀ ਹੈ। ਇਹ ਸੰਸਦੀ ਲੋਕਤੰਤਰ ਦਾ ਅਨ ਨਿਖੇੜਵਾਂ ਹਿੱਸਾ ਹਨ। ਪਰ ਜਿੱਤ ਸਦਾ ਹੀ ਹਾਰ ਨਾਲੋਂ ਜਿਆਦਾ ਮਾਇਨੇ ਰੱਖਦੀ ਹੈ। ਸਰਦਾਰ ਤਨਮਨਜੀਤ ਸਿੰਧ ਢੇਸੀ ਪਹਿਲੇ ਦਸਤਾਰਧਾਰੀ ਸਿੱਖ ਸਨ ਜੋ ਬ੍ਰਿਟੇਨ ਦੀ ਪਾਰਲੀਆਮੇੰਟ ਦੇ ਮੈਂਬਰ ਬਣੇ। ਪ੍ਰੀਤ ਕੌਰ ਗਿੱਲ ਵੀ ਪਹਿਲੇ ਸਿੱਖ ਇਸਤਰੀ ਮੈਂਬਰ ਸਨ ਜਿਨ੍ਹਾਂ ਦੀ ਪਿਛੋਕੜ ਵਿੱਚ ਸਿੱਖੀ ਦਾ ਮੁੱਖ ਅਸਥਾਨ ਸੀ। ਇਹ ਦੋਵੇ ਹੀ ਲੇਬਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਭਰ ਕੇ ਸਾਹਮਣੇ ਆਏ ਸਨ। ਆਪਣੀ ਲਗਨ ਤੇ ਮਿਹਨਤ ਨਾਲ ਇਨ੍ਹਾਂ ਛੇਤੀ ਹੀ ਪਾਰਟੀ ਵਿੱਚ ਥਾਂ ਬਣਾ ਲਈ ਤੇ ਆਪਨੇ ਖੇਤਰ ਵਿੱਚ ਵੀ ਸਨਮਾਨ ਪ੍ਰਾਪਤ ਕਰਨ ‘ਚ ਸਫਲ ਰਹੇ। ਇਹੋ ਕਾਰਨ ਸੀ ਕਿ ਇਨ੍ਹਾਂ ਨੂੰ ਸੰਨ ੨੦੧੭ ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਹੋਈ ਸੀ। ਯੂ. ਕੇ. ਦੀ ਸੰਸਦੀ ਪ੍ਰਣਾਲੀ ਸੰਸਾਰ ਵਿੱਚ ਸਭ ਤੋਂ ਪਰਿਪੱਕ ਮੰਨੀ ਜਾਂਦੀ ਹੈ। ਚੋਣ ਜਿੱਤ ਕੇ ਹਾਉਸ ਆਫ਼ ਕਾਮੰਸ ਦਾ ਮੈਂਬਰ ਬਣ ਜਾਣਾ ਜਿੰਨਾ ਔਖਾ ਹੈ ਉਸ ਤੋਂ ਜਿਆਦਾ ਔਖਾ ਹਾਉਸ ਆਫ਼ ਕਾਮੰਸ ਅੰਦਰ ਆਪਣੀ ਪਛਾਣ ਬਣਾਉਣਾ ਤੇ ਅਸਰਦਾਰ ਢੰਗ ਨਾਲ ਆਪਣੀ ਗੱਲ ਰੱਖਣਾ ਹੈ। ਇੱਥੇ ਦੀ ਬਹਿਸ , ਤਕਰੀਰਾਂ ਸੰਸਦੀਅ ਲੋਕਤੰਤਰ ਦਾ ਅਕਾਦਮਿਕ ਮਿਆਰ ਤੈ ਕਰਨ ਵਾਲੀਆਂ ਹੁੰਦੀਆਂ ਹਨ ਤੇ ਆਰੰਭ ਤੋਂ ਹੀ ਰਾਜਨੀਤੀ ਸ਼ਾਸਤਰ ਦੇ ਵਿਦਵਾਨਾਂ ਦੀ ਰੁਚੀ ਦਾ ਵਿਸ਼ਾ ਬਣਦੀਆਂ ਰਹੀਆਂ ਹਨ। ਆਪਣੇ ਪਹਿਲੇ ਸੰਸਦੀਅ ਕਾਰਜਕਾਲ ਦੁਰਾਨ ਤਨਮਨਜੀਤ ਢੇਸੀ ਤੇ ਪ੍ਰੀਤ ਗਿੱਲ ਨੇ ਹਾਉਸ ਵਿੱਚ ਪੂਰਨ ਤੌਰ ਤੇ ਸਰਗਰਮ ਰਹਿ ਕੇ ਉਹ ਮੁਕਾਮ ਪ੍ਰਾਪਤ ਕਰ ਲਿਆ ਜੋ ਕਈ ਪੁਰਾਨੇ ਮੈਂਬਰ ਵੀ ਹਾਸਲ ਨਹੀਂ ਕਰ ਸਕੇ ਸਨ। ਹਾਉਸ ਅੰਦਰ ਦੁਹਾਂ ਦੇ ਭਾਸਣ ਸਦਾ ਹੀ ਪੂਰਨ ਤੌਰ ਤੇ ਮੁੱਦਿਆਂ ਤੇ ਸਿਧਾਂਤਾਂ ਨਾਲ ਬਾਵਸਤਾ ਰਹੇ। ਉਨ੍ਹਾਂ ਦੀਆਂ ਤਕਰੀਰਾਂ ਵਿੱਚ ਵਿਰੋਧ ਵੀ ਸੀ , ਤੰਜ ਵੀ ਸੀ ਤੇ ਸੁਭਾਵਕ ਰੋਸ਼ ਵੀ ਪਰਗਟ ਹੁੰਦਾ ਰਿਹਾ ਪਰ ਕਦੇ ਵੀ ਭਾਸ਼ਾ ਦੀ ਮਰਿਆਦਾ ਨਹੀਂ ਟੁੱਟੀ ਤੇ ਕਦੇ ਵੀ ਅਜਿਹੇ ਬੋਲ ਨਹੀਂ ਸੁਣਨ ਨੂੰ ਮਿਲੇ ਜੋ ਨਹੀਂ ਬੋਲੇ ਜਾਨੇ ਚਾਹੀਦੇ ਸਨ। ਦੁਹਾਂ ਬ੍ਰਿਟਿਸ਼ ਸਿੱਖ ਸਿਆਸਤਦਾਨਾਂ ਦੀ ਇਹ ਖੂਬੀ ਉਭਰ ਕੇ ਸਾਹਮਣੇ ਆਈ ਉਨ੍ਹਾਂ ਬਤੌਰ ਐਮ . ਪੀ. ਆਪਨੇ ਲਈ ਆਪ ਮਰਿਆਦਾ ਤੇ ਹੱਦ ਬੰਨ ਲਈ ਸੀ। ਇਨ੍ਹਾਂ ਦੀ ਪਹਿਲੀ ਤਰਜੀਹ ਆਪਨੇ ਖੇਤਰ ਦੀਆਂ ਸਮਸਿਆਵਾਂ ਸਨ , ਦੂਜੇ ਨੰਬਰ ਤੇ ਲੇਬਰ ਪਾਰਟੀ ਦੀਆਂ ਨੀਤੀਆਂ ਤੇ ਤੀਜੇ ਨੰਬਰ ਤੇ ਆਮ ਮਨੁੱਖੀ ਹੱਕਾਂ ਤੇ ਅਸੂਲਾਂ ਦੀ ਗੱਲ। ਇਸ ਦੇ ਨਾਲ ਹੀ ਇਨ੍ਹਾਂ ਦੁਹਾਂ ਨੇ ਸਿੱਖ ਕੌਮ ਲਈ ਆਪਨੇ ਸੰਕਲਪ ਤੇ ਸਮਰਪਣ ਪਰਗਟ ਕਰਨ ਵਿੱਚ ਕੋਈ ਅਵੇਸਲਾਪਨ ਕਦੇ ਨਹੀਂ ਆਉਣ ਦਿੱਤਾ। ਦੂਜੇ ਸਿੱਖ ਸਿਆਸਤਦਾਨਾਂ ਖਾਸ ਤੌਰ ਤੇ ਭਾਰਤ ਦੇ ਸਿੱਖ ਆਗੂਆਂ ਨੂੰ ਸ. ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਗਿੱਲ ਦੇ ਬਤੌਰ ਐਮ. ਪੀ. ਪਹਿਲੇ ਕਾਰਜਕਾਲ ਦਾ ਬਰੀਕ ਅਧਿਐਨ ਕਰਣਾ ਚਾਹੀਦੇ ਜੋ ਉਲਟ ਸਥਿੱਤੀਆਂ ਦੇ ਬਾਵਜੂਦ ਉਨ੍ਹਾਂ ਦੀ ਮੁੜ ਜਿੱਤ ਦਾ ਕਾਰਨ ਬਣਿਆ।
ਸਿੱਖ ਰਾਜਨੀਤੀ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਅਸਥਾਪਣਾ ਤੋਂ ਹੀ ਆਰੰਭ ਹੁੰਦੀ ਹੈ। ਦਰਅਸਲ ਸਿੱਖ ਕੌਮ ਦਾ ਗੁਰਸਿੱਖੀ ਲਈ ਸਮਰਪਣ ਹੀ ਸਿੱਖ ਰਾਜਨੀਤੀ ਦਾ ਆਧਾਰ ਸੀ। ਕੌਮ ਲਈ ਸਮਰਪਣ ਦੀ ਭਾਵਨਾ ਨੇ ਹੀ ਜੁਝਾਰੂ ਆਗੂ ਪੈਦਾ ਕੀਤੇ ਜੋ ਜਾਨਾਂ
ਤੱਕ ਵਾਰਨ ਲਈ ਸਭ ਤੋਂ ਅੱਗੇ ਸਨ। ਸਿੱਖ ਮੋਰਚਿਆਂ ਦਾ ਸਮਾਂ ਸਿੱਖ ਸਿਆਸਤ ਦੇ ਸਿਰਜਣ ਦਾ ਸਮਾਂ ਸੀ। ਜੋ ਕਰ ਕੇ ਵਿਖਾਇਆ ਗਿਆ ਉਹ ਸਿਆਸਤ ਬਣ ਗਈ ਤੇ ਕਰ ਕੇ ਵਿਖਾਉਣ ਵਿੱਚ ਸਭ ਤੋਂ ਅੱਗੇ ਰਹਿਣ ਵਾਲੇ ਆਗੂ 9 ਦਰਅਸਲ ਇਹੋ ਸਿਆਸਤ ਦੀ ਸੱਚੀ ਪਰਿਭਾਸ਼ਾ ਹੈ। ਸਿੱਖ ਸਿਆਸਤ ਦਾ ਤਾਂ ਜਨਮ ਹੀ ਸਮਰਪਣ ਦੇ ਗਰਭ ਤੋਂ ਹੋਇਆ ਹੈ । ਪਰ ਅੱਜ ਇਸ ਨੂੰ ਵਿਸਾਰ ਦਿੱਤਾ ਗਿਆ ਹੈ। ਅੱਜ ਸਿਆਸਤ ਧਨ ਦੌਲਤ , ਜਾਤ – ਸੰਪਰਦਾ , ਇਲਾਕਾਵਾਦ , ਪਰਿਵਾਰ , ਖੁਸ਼ਾਮਦ ਤੇ ਤਿਕੜਮ ਤੋਂ ਨਿਕਲ ਰਹੀ ਹੈ। ਇਹ ਸਿੱਖ ਸਿਆਸਤ ਦਾ ਅਸਲੀ ਚਿਹਰਾ ਨਹੀਂ ਹੈ। ਸਿਆਸਤ ਦੇ ਇਸ ਵਿਗੜੇ ਚਿਹਰੇ ਦਾ ਸਭ ਤੋਂ ਅਫਸੋਸਨਾਕ ਮੰਜਰ ਸ੍ਰੀ ਗੁਰੂ ਨਾਨਕ ਸਾਹਿਬ ਦੇ ੫੫੦ਵੇਂ ਪ੍ਰਕਾਸ਼ ਸਮਾਗਮਾਂ ਦੁਰਾਨ ਵੇਖਣ ਨੂੰ ਮਿਲਿਆ। ਗੁਰੂ ਨਾਨਕ ਸਾਹਿਬ ਦੇ ਨਾਂ ਤੇ ਵੀ ਸਿੱਖ ਕੌਮ ਉਸ ਭਾਵਨਾ ਦਾ ਪ੍ਰਗਟਾਵਾ ਕਰਨ ਤੋਂ ਵਾਂਝੀ ਰਹੀ ਜੋ ਅਕਾਲੀ ਮੋਰਚਿਆਂ ਦਾ ਥਮ੍ਹ ਹੋਇਆ ਕਰਦੀ ਸੀ। ਅੱਜ ਨਫੇ ਨੁਕਸਾਨ ਦੀ ਸਿਆਸਤ ਕੀਤੀ ਜਾ ਰਹੀ ਹੈ ਤੇ ਜਮੀਰਾਂ ਦੀ ਕੀਮਤ ਲੱਗ ਚੁਕੀ ਹੈ। ਹਿਮਾਇਤ ਤੇ ਵਿਰੋਧ ਦੋਵੇ ਹੀ ਨਾਪ ਤੋਲ ਕੇ ਕੀਤੇ ਜਾ ਰਹੇ ਹਨ ਕਿਉਂਕਿ ਨੈਤਿਕ ਈਮਾਨਦਾਰੀ ਬਚੀ ਹੀ ਨਹੀਂ। ਕੁਝ ਮਹੀਨਿਆਂ ਪਹਿਲਾਂ ਸਰਦਾਰ ਤਨਮਨਜੀਤ ਸਿੰਘ ਢੇਸੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤ੍ਰੀ ਬੋਰਿਸ ਜਾਨਸਨ ਦੀ ਮੁਸਲਮਾਨ ਇਸਤਰੀਆਂ ਦੀ ਪੁਸ਼ਾਕ ਤੇ ਕੀਤੀ ਇੱਕ ਟਿੱਪਣੀ ਦਾ ਵਿਰੋਧ ਕਰਦਿਆਂ ਹਾਉਸ ਵਿੱਚ ਜਿਸ ਬੇਬਾਕ ਤਰੀਕੇ ਨਾਲ ਮੁੱਦਾ ਚੁੱਕਿਆ ਪੂਰਾ ਹਾਉਸ ਦੰਗ ਰਹਿ ਗਿਆ। ਤਨਮਨਜੀਤ ਜੀ ਦਾ ਭਾਸ਼ਣ ਬ੍ਰਿਟੇਨ ਹੀ ਨਹੀਂ ਅੰਤਰ ਰਾਸ਼ਟਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣ ਗਿਆ। ਕਿਉਂਕਿ ਇਹ ਵਿਰੋਧ ਲਈ ਵਿਰੋਧ ਨਹੀਂ ਅਸੂਲਾਂ ਲਈ ਖੜੇ ਹੋਣ ਦਾ ਆਤਮ ਬਲ ਸੀ ਜੋ ਰਾਜਨੀਤੀ ਵਿੱਚ ਦੁਰਲੱਭ ਹੁੰਦਾ ਜਾ ਰਿਹਾ ਹੈ। ਆਪਣੀ ਸੂਝ ਬੂਝ ਨਾਲ ਉਨ੍ਹਾਂ ਥੋੜੇ ਸ਼ਬਦਾਂ ਵਿੱਚ ਹੀ ਪ੍ਰਭਾਵੀ ਢੰਗ ਨਾਲ ਗੱਲ ਸਾਹਮਣੇ ਰੱਖੀ ਕਿ ਬ੍ਰਿਟੇਨ ਦੀ ਸਰਕਾਰ ਨੂੰ ਸਫਾਈ ਦੇਣਾ ਮੁਸ਼ਕਲ ਹੋ ਗਿਆ। ਸਿੱਖ ਮੋਰਚੇ ਤੇ ਸਿਆਸਤ ਸਦਾ ਹੀ ਨਿਸ਼ਚੈ ਕਰਿ ਆਪਣੀ ਜੀਤ ਕਰੋਂ ਦੇ ਜਜਬੇ ਨਾਲ ਅੱਗੇ ਵੱਧੇ ਹਨ। ਇਸ ਵਿੱਚ ਸਿਧਾਂਤਾਂ ਪ੍ਰਤੀ ਈਮਾਨਦਾਰੀ ਤੇ ਮਨੁੱਖੀ ਹਿਤਾਂ ਦੀ ਰੱਖਿਆ ਦੀ ਮਸ਼ਾਲ ਰੋਸ਼ਨ ਹੋਇਆ ਕਰਦੀ ਸੀ। ਅੱਜ ਈਮਾਨਦਾਰੀ ਦੀ ਥਾਂ ਫਰੇਬ ਤੇ ਮਨੁੱਖੀ ਹਿਤਾਂ ਦੀ ਥਾਂ ਨਿਜੀ ਨਫੇ ਦਾ ਬੋਲਬਾਲਾ ਹੀ ਵਿਖਾਈ ਦੇ ਰਿਹਾ ਹੈ। ਸਰਦਾਰ ਤਨਮਨਜੀਤ ਸਿੰਘ ਢੇਸੀ ਦੀ ਇਮਾਨਦਾਰ ਸਿਆਸਤ ਤੋਂ ਖੌਫਜਦਾ ਕੰਜਰਵੇਟਿਵ ਉਨ੍ਹਾਂ ਨੂੰ ਦੁਬਾਰਾ ਪਾਰਲੀਮੇਂਟ ਵਿੱਚ ਪਰਤਨ ਨਹੀਂ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਵਿਰੁੱਧ ਭਾਰਤੀ ਮੂਲ ਦੀ ਕੰਵਲ ਤੂਰ ਨੂੰ ਖੜਾ ਕੀਤਾ ਗਿਆ ਤੇ ਢੇਸੀ ਦੇ ਖਿਲਾਫ਼ ਮਾਹੌਲ ਬਣਾਉਣ ਲਈ ਕਈ ਤਰਹ ਦੇ ਦੋਸ਼ ਲਾਏ ਗਏ। ਪਰ ਉਨ੍ਹਾਂ ਦਾ ਰਿਕਾਰਡ ਇੰਨਾ ਸਾਫ਼ ਸੁਥਰਾ ਤੇ ਪਾਰਦਰਸ਼ੀ ਸੀ ਕਿ ਵੋਟਰਾਂ ਤੇ ਕੋਈ ਅਸਰ ਨਹੀਂ ਪਿਆ। ਤਨਮਨਜੀਤ ਸਿੰਘ ਢੇਸੀ ਵੱਡੇ ਅੰਤਰ ਨਾਲ ਦੁਬਾਰਾ ਚੋਣ ਜਿੱਤਨ ‘ਚ ਕਾਮਿਆਬ ਹੋਏ। ਉਨ੍ਹਾਂ ਸਿਰਫ ਆਪਣੇ ਚੋਣ ਖੇਤਰ ਵਿੱਚ ਕੀਤੇ ਗਏ ਕੰਮ ਤੇ ਲੇਬਰ ਪਾਰਟੀ ਦੀਆਂ ਨੀਤੀਆਂ ਦੇ ਅਧਾਰ ਤੇ ਵੋਟ ਮੰਗੇ। ਇਵੇਂ ਹੀ ਪ੍ਰੀਤ ਕੌਰ ਗਿੱਲ ਨੇ ਵੀ ਭਾਰੀ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ . ਇਨ੍ਹਾਂ ਭਾਵੇਂ ਬ੍ਰਿਟੇਨ ਦੇ ਨਾਗਰਿਕ ਦੇ ਰੂਪ ‘ਚ ਉੱਥੇ ਦੀ ਸਿਆਸਤ ਵਿੱਚ ਮੁਕਾਮ ਹਾਸਲ ਕੀਤਾ ਪਰ ਆਪਨੇ ਸਿੱਖ ਹੋਣ ਤੇ ਆਪਣੀਆਂ ਜੜਾਂ ਪੰਜਾਬ ਵਿੱਚ ਹੋਣ ਦੇ ਮਾਣ ਨੂੰ ਵੀ ਬੜੇ ਹੀ ਸੁਚੱਜੇ ਢੰਗ ਨਾਲ ਬਣਾਈ ਰੱਖਿਆ ਹੈ। ਇਹ ਸੰਤੁਲਨ ਬਣਾਈ ਰੱਖਣਾ ਬੜਾ ਹੀ ਔਖਾ ਸੀ। ਗੁਰੂ ਨਾਨਕ ਸਾਹਿਬ ਦੇ ੫੫੦ ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਇਹ ਦੋਵੇ ਸਿਆਸਤਦਾਨ ਨਿਮਾਣੇ ਸਿੱਖ ਸ਼ਰਧਾਲੂ ਦੇ ਰੂਪ ਵਿੱਚ ਸ਼ਾਮਲ ਹੁੰਦੇ ਨਜਰ ਆਏ। ਯੂ. ਕੇ. ਤੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਜੋ ਖਬਰਾਂ ਆਈਆਂ ਉਨ੍ਹਾਂ ਵਿੱਚ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਦਾ ਸ਼ਾਮਲ ਹੋਣਾ ਖਬਰ ਨਹੀਂ ਬਣਿਆ। ਭਾਰਤ ਵਿੱਚ ਇਸ ਦੇ ਠੀਕ ਉਲਟ ਹੁੰਦਾ ਰਿਹਾ।
ਪੰਜਾਬ , ਭਾਰਤ ਦੀ ਸਿਆਸਤ ਬੇਸ਼ਕ ਬ੍ਰਿਟੇਨ ਦੀ ਸਿਆਸਤ ਨਾਲੋਂ ਵੱਖਰੀ ਹੈ। ਇਸ ਦੀ ਤੁਲਨਾ ਕਨੇਡਾ ਦੀ ਸਿਆਸਤ ਨਾਲ ਵੀ ਨਹੀਂ ਕੀਤੀ ਜਾ ਸੱਕਦੀ ਪਰ ਜਿੱਥੇ ਵੀ ਚੋਣ ਪ੍ਰਣਾਲੀ ਨਾਲ ਸਰਕਾਰਾਂ ਬਣਦੀਆਂ ਹਨ ਵੋਟਰਾਂ ਤੇ ਸਿਆਸੀ ਆਗੂਆਂ ਦੇ ਵਰਤਾਰੇ ਵਿੱਚ ਜਿਆਦਾ ਫਰਕ ਨਹੀਂ ਹੁੰਦਾ। ਵੋਟਰ ਕੰਮ ਕਰਨ ਵਾਲੇ ਤੇ ਈਮਾਨਦਾਰ ਆਗੂਆਂ ਨੂੰ ਪਸੰਦ ਕਰਦੇ ਹਨ। ਜੇ ਕਿਸੇ ਸਿਆਸੀ
ਵਿਅਕਤੀ ਨੂੰ ਕਾਮਿਆਬ ਹੋਣਾ ਹੈ ਤਾਂ ਸਿਧਾਂਤਾਂ ਪ੍ਰਤੀ ਇਮਾਨਦਾਰ ਵੀ ਹੋਣਾ ਪਵੇਗਾ ਤੇ ਕੰਮ ਵੀ ਕਰਣਾ ਪਵੇਗਾ। ਇਸ ਧਾਰਾ ਨੂੰ ਨਜਰੰਦਾਜ ਕਰ ਕੇ ਤਿਕੜਮ ਨਾਲ ਕਾਮਿਆਬੀ ਤਾਂ ਮਿਲ ਸੱਕਦੀ ਹੈ ਪਰ ਉਹ ਥੋੜੇ ਚਿਰ ਲਈ ਹੀ ਹੁੰਦੀ ਹੈ। ਅਜਿਹੀ ਤਿਕੜਮੀ ਸਿਆਸਤ ਨਾਲ ਨਾ ਤਾਂ ਲੋਕਾਂ ਦਾ ਭਲਾ ਹੁੰਦਾ ਹੈ ਨਾਂ ਸਿਆਸਤਦਾਨ ਦਾ ਜੋ ਛੇਤੀ ਹੀ ਇਤਿਹਾਸ ‘ਚ ਦਫਨ ਹੋ ਜਾਂਦੇ ਹਨ। ਲੋਕ ਉਨ੍ਹਾਂ ਨੂੰ ਯਾਦ ਰੱਖਦੇ ਹਨ ਜੋ ਸਮਾਜ ਨੂੰ ਕੁਝ ਦੇ ਕੇ ਗਏ। ਕਿਸੇ ਨੇ ਕੀ ਹਾਸਲ ਕੀਤਾ ਇਸ ਨਾਲ ਲੋਕਾਂ ਦਾ ਕੋਈ ਸਰੋਕਾਰ ਨਹੀਂ ਰਹਿੰਦਾ। ਸਿੱਖ ਸਿਆਸਤ ਦੀ ਮੂਲ ਪ੍ਰੇਰਨਾ ਗੁਰੂ ਸਾਹਿਬਾਨ ਦੀ ਦਰਸਾਈ ਜੀਵਨ ਰਾਹ ਹੈ। ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਜੀ ਨੇ ਕਾਇਮ ਕੀਤਾ ਸੀ ਜੋ ਕਾਫੀ ਵੱਡੇ ਭੂ ਭਾਗ ਤੇ ਸੀ। ਬਾਬਾ ਬੰਦਾ ਸਿੰਘ ਜੀ ਨੇ ਰਾਜ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਰਾਜ ਸਮਝ ਕੇ ਚਲਾਇਆ ਤਾਂ ਹੀ ਉਹ ਲੋਕ ਕਲਿਆਣ ਦੇ ਵਡਮੁੱਲੇ ਕਾਰਜ ਕਰ ਸਕੇ। ਉਨ੍ਹਾਂ ਰਾਜ ਸੁਖ ਭੋਗਣ ਦੀ ਥਾਂ ਲੋਕ ਸੁਖ ਦੀ ਚਿੰਤਾ ਕੀਤੀ। ਅੱਜ ਸਿੱਖ ਪੰਜਾਬ ਦੇ ਅੰਦਰ ਤੇ ਪੰਜਾਬ ਤੋਂ ਬਾਹਰ ਮਾਤਰ ਅਕਾਲੀ ਦਲ ਹੀ ਨਹੀਂ ਹੋਰ ਪਾਰਟੀਆਂ ਵਿੱਚ ਵੀ ਸ਼ਾਮਲ ਹੋ ਕੇ ਆਪਣੀ ਜਗਹ ਬਣਾ ਰਹੇ ਹਨ। ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਦੇ ਸਿਆਸੀ ਸਲੀਕੇ ਉਨ੍ਹਾਂ ਸਾਰੀਆਂ ਲਈ ਆਦਰਸ਼ ਹੋ ਸੱਕਦੇ ਹਨ। ਕੋਈ ਵੀ ਸਿੱਖ ਜਿਸ ਵੀ ਪਾਰਟੀ ਵਿੱਚ ਹੋਵੇ ਇਹ ਸਦਾ ਚੇਤੇ ਰੱਖੇ ਕਿ ਉਹ ਇੱਕ ਸਿੱਖ ਹੈ ਤੇ ਇਸ ਨਾਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਉਣਾ ਵੀ ਉਸ ਦਾ ਫਰਜ ਹੈ ਜੋ ਈਮਾਨਦਾਰੀ ਤੇ ਸਮਰਪਣ ਬਿਨਾ ਸੰਭਵ ਨਹੀਂ ਹੈ। ਇੱਕ ਇਹੋ ਗੱਲ ਸਿੱਖ ਸਿਆਸਤ ਦਾ ਸੱਚਾ ਸਵਰੂਪ ਅਖਤਿਆਰ ਕਰ ਸੱਕਦੀ ਹੈ।

WRITTEN BY