Skip to content
Independent perspectives. Global stories.
BREAKING

ਆਓ ਇਕ ਨਵੀਂ ਸ਼ੁਰੂਆਤ ਕਰੀਏ

Share this story

ਸਾਲ 2020 ਚੜ੍ਹ ਗਿਆ ਹੈ। ਬੇਸ਼ਕ ਸਾਲਾਂ ਦੇ ਬਦਲਣ ਨਾਲ ਸਥਿਤੀਆਂ ਦਾ ਬਦਲਣਾ ਜ਼ਰੂਰੀ ਨਹੀਂ ਹੁੰਦਾ, ਪ੍ਰੰਤੂ ਨਵੇਂ ਸਾਲ ਨਾਲ ਹਰੇਕ ਦੇ ਮਨ ਵਿੱਚ ਇਕ ਨਵੀਂ ਭਾਵਨਾ ਪੈਦਾ ਹੁੰਦੀ ਹੈ। ਇਸ ਭਾਵਨਾ ਦੀ ਵਰਤੋਂ ਨਾਲ ਨਿੱਜੀ ਜ਼ਿੰਦਗੀ ਅਤੇ ਸੰਸਾਰ ਨੂੰ ਬਦਲਿਆ ਜਾ ਸਕਦਾ ਹੈ। ਹਰ ਨਵੇਂ ਸਾਲ ਸਾਰੇ ਮਨੁੱਖ ਖੁਦ ਨੂੰ ਅਤੇ ਸੰਸਾਰ ਨੂੰ ਬਦਲਣ ਦਾ ਵਿਚਾਰ ਲੈ ਕੇ ਸ਼ੁਰੂਆਤ ਕਰਦੇ ਹਨ। ਹਰੇਕ ਪ੍ਰਾਣੀ ਤਬਦੀਲੀ ਲਈ ਇੱਛਾ ਰੱਖਦਾ ਹੈ ਅਤੇ ਇਸ ਲਈ ਸਰਗਰਮੀ ਕਰਦਾ ਹੈ। ਕਈ ਮੌਕਿਆਂ ‘ਤੇ ਸਫਲਤਾ ਸਾਥ ਦਿੰਦੀ ਹੈ। ਕਈ ਮੌਕਿਆਂ ‘ਤੇ ਇਸ ਕੋਸ਼ਿਸ਼ ਵਿੱਚੋਂ ਤਜ਼ਰਬਾ ਹਾਸਿਲ ਹੁੰਦਾ ਹੈ। ਇਹੋ ਜ਼ਿੰਦਗੀ ਦਾ ਸਾਰ ਹੈ। ਨਵੇਂ ਸਾਲ 2020 ਵਿੱਚ ਸਾਨੂੰ ਸਭ ਨੂੰ ਇਕ ਨਵੀਂ ਸ਼ੁਰੂਆਤ ਲਈ ਯਤਨ ਕਰਨਾ ਚਾਹੀਦਾ ਹੈ। ਇਹ ਸ਼ੁਰੂਆਤ ਆਪਣੇ ਨਿੱਜ, ਘਰ, ਸੂਬੇ, ਦੇਸ ਅਤੇ ਸੰਸਾਰ ਲਈ ਹੋ ਸਕਦੀ ਹੈ। ਪੰਜਾਬ ਇਕ ਵੱਡੇ ਸੰਕਟ ਵਿੱਚ ਘਿਰਿਆ ਹੋਇਆ ਹੈ। ਦੇਸ਼ ਅੱਗੇ ਵੀ ਵੱਡੀਆਂ ਚੁਣੌਤੀਆਂ ਹਨ। ਹਰ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਮੌਕੇ ‘ਤੇ ਆਪਣੀ-ਆਪਣੀ ਭੂਮਿਕਾ ਨੂੰ ਬਾਖੂਬੀ ਅਦਾ ਕਰੇ। ਜੇਕਰ ਸਾਰੇ ਨਾਗਰਿਕ ਆਪਣਾ-ਆਪਣਾ ਫਰਜ਼ ਸਹੀ ਤਰੀਕੇ ਨਾਲ ਨਿਭਾਉਣ ਤਦ ਸਥਿਤੀ ਨੂੰ ਬਦਲਦਿਆਂ ਦੇਰ ਨਹੀਂ ਲੱਗੇਗੀ। ਪੰਜਾਬ ਦੀਆਂ ਬਹੁਤੀਆਂ ਸਮੱਸਿਆਵਾਂ ਅਸੀਂ ਆਪ ਸਹੇੜੀਆਂ ਹਨ। ਇਨ੍ਹਾਂ ਦਾ ਨਿਵਾਰਣ ਵੀ ਸਾਨੂੰ ਆਪ ਹੀ ਕਰਨਾ ਹੋਵੇਗਾ। ਸਿਆਸੀ ਨੇਤਾਵਾਂ ਤੋਂ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਨੂੰ ਸਿਰਫ ਮਜ਼ਬੂਰ ਕੀਤਾ ਜਾ ਸਕਦਾ ਹੈ। ਜੇਕਰ ਪੰਜਾਬ ਦੇ ਸਮੁੱਚੇ ਬਾਸ਼ਿੰਦੇ ਸੂਬੇ ਨੂੰ ਬਦਲਣ ਲਈ ਤਹੱਈਆ ਕਰ ਲੈਣ ਤਦ ਕੋਈ ਤਾਕਤ ਉਨ੍ਹਾਂ ਨੂੰ ਰੋਕ ਨਹੀਂ ਸਕੇਗੀ। ਪੰਜਾਬ ਦੇ ਸਾਰੇ ਸੰਕਟ ਇਸ ਕਾਰਨ ਹੀ ਪੈਦਾ ਹੋਏ ਹਨ ਕਿਉਂਕਿ ਅਸੀਂ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਪੰਜਾਬ ਦੀ ਆਰਥਿਕ ਮੰਦਹਾਲੀ ਕੁਦਰਤੀ ਨਹੀਂ ਹੈ। ਇਹ ਮਨਸੂਈ ਤੌਰ ‘ਤੇ ਪੈਦਾ ਕੀਤੀ ਹੋਈ ਹੈ। ਪੰਜਾਬ ਕੋਲ ਅੱਜ ਵੀ ਸਾਧਨਾਂ ਅਤੇ ਸੋਮਿਆਂ ਦੀ ਕੋਈ ਕਮੀ ਨਹੀਂ ਹੈ। ਜੇਕਰ ਪੰਜਾਬ ਦੇ ਸਮੁੱਚੇ ਸਾਧਨ ਅਤੇ ਸੋਮੇ ਸਹੀ ਤਰੀਕੇ ਨਾਲ ਵਰਤੇ ਜਾਣ ਤਦ ਪੰਜਾਬ ਇਸ ਧਰਤੀ ਦਾ ਇਕ ਖੁਸ਼ਹਾਲ ਹਿੱਸਾ ਬਣ ਸਕਦਾ ਹੈ। ਪੰਜਾਬ ਦੇ ਕੁਦਰਤੀ ਸੋਮਿਆਂ ਦੀ ਲੁੱਟ ਨੂੰ ਰੋਕਣ ਲਈ ਸਾਰੇ ਪੰਜਾਬੀਆਂ ਨੂੰ ਇਕਮੁੱਠ ਹੋਣਾ ਪਵੇਗਾ। ਸਿਆਸੀ ਨੇਤਾਵਾਂ ਦੀ ਬੇਈਮਾਨੀ ਨੂੰ ਰੋਕ ਕੇ ਹੀ ਪੰਜਾਬ ਨਵੇਂ ਰਾਹ ‘ਤੇ ਤੁਰ ਸਕਦਾ ਹੈ। ਸਰਕਾਰਾਂ ਦੀ ਫਜ਼ੂਲ ਖਰਚੀ ਅਤੇ ਭ੍ਰਿਸ਼ਟਾਚਾਰ ਨੇ ਇਸ ਖੁਸ਼ਹਾਲ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ। ਫਜ਼ੂਲ ਖਰਚੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਕ ਵੱਡੀ ਜਨਤਕ ਲਹਿਰ ਦੀ ਜ਼ਰੂਰਤ ਹੈ। ਪੰਜਾਬ ਦੇ ਲੋਕਾਂ ਸਿਰ ਟੈਕਸਾਂ ਦਾ ਬੋਝ ਵੀ ਇਸ ਕਾਰਨ ਹੀ ਲੱਦਿਆ ਜਾ ਰਿਹਾ ਹੈ। ਬਿਜਲੀ, ਪਾਣੀ ਅਤੇ ਜ਼ਿੰਦਗੀ ਦੇ ਹੋਰ ਸਾਧਨ ਇਸ ਕਾਰਨ ਹੀ ਮਹਿੰਗੇ ਹੋ ਗਏ ਹਨ ਕਿਉਂਕਿ ਇਸ ਵਿੱਚ ਨੇਤਾਵਾਂ, ਅਫਸਰਾਂ ਦੀ ਬੇਈਮਾਨੀ, ਭ੍ਰਿਸ਼ਟਾਚਾਰ ਅਤੇ ਫਜ਼ੂਲ ਖਰਚੀ ਸ਼ਾਮਿਲ ਹੈ। ਨਵੇਂ ਸਾਲ ਵਿੱਚ ਸਾਨੂੰ ਸਾਰਿਆਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨਾ ਹੋਵੇਗਾ। ਇਹ ਉਮੀਦ ਕਰਨੀ ਚਾਹੀਦੀ ਹੈ ਕਿ 2020 ਸਾਲ ਦੌਰਾਨ ਇਕ ਨਵਾਂ ਪੰਜਾਬ ਉੱਭਰੇਗਾ ਅਤੇ ਪੰਜਾਬ ਦੇ ਲੋਕ ਇਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਅੱਗੇ ਆਉਣਗੇ।
– ਬਲਜੀਤ ਸਿੰਘ ਬਰਾੜ

WRITTEN BY