Skip to content
Independent perspectives. Global stories.
BREAKING

ਭਾਰਤ ਦੇ ਵਿਕਾਸ ਦਾ ਰਾਹ

Share this story

ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਤੋਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਭਾਵੇਂ ਹਾਲੇ ਵੱਡੀਆਂ ਔਕੜਾਂ ਅੱਗੇ ਹਨ। ਦੇਸ਼ ਦੀ ਆਰਥਿਕ ਤਰੱਕੀ ਦੀ ਤਸਵੀਰ ਧੁੰਦਲੀ ਹੈ। ਆਰਥਿਕਤਾ ਦੀ ਧੀਮੀ ਰਫਤਾਰ ਵੀ ਚਿੰਤਾ ਦਾ ਵਿਸ਼ਾ ਹੈ। ਉਂਝ ਇਹ ਇਕ ਉਤਸ਼ਾਹ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆਰਥਿਕ ਵਿਕਾਸ ਲਈ ਪੂਰੀ ਤਰ੍ਹਾਂ ਆਸਵੰਦ ਹਨ। ਉਨ੍ਹਾਂ ਨੂੰ ਵਿਸ਼ਵਾਸ਼ ਹੈ ਕਿ ਭਾਰਤੀ ਅਰਥਚਾਰਾ ਮੌਜੂਦਾ ਮੰਦੀ ਦੇ ਦੌਰ ‘ਚੋਂ ਬਾਹਰ ਨਿਕਲਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਭਾਰਤ ਫਿਰ ਤੋਂ ਮਜ਼ਬੂਤੀ ਨਾਲ ਆਰਥਿਕ ਵਿਕਾਸ ਦੇ ਰਾਹ ‘ਤੇ ਮੁੜੇਗਾ। ਪ੍ਰਧਾਨ ਮੰਤਰੀ ਜਦੋਂ ਅਜਿਹਾ ਆਖ ਰਹੇ ਹਨ ਤੱਦ ਜ਼ਰੂਰ ਉਨ੍ਹਾਂ ਦੇ ਜ਼ਹਿਨ ਵਿੱਚ ਕੋਈ ਅਜਿਹਾ ਰਾਹ ਹੋਵੇਗਾ, ਜਿਸ ‘ਤੇ ਚੱਲ ਕੇ ਭਾਰਤ ਆਰਥਿਕ ਤੌਰ ‘ਤੇ ਸਾਧਨ ਸੰਪੰਨ ਬਣ ਸਕੇਗਾ। ਇਸ ਕਾਰਨ ਹੀ ਉਹ ਲਗਾਤਾਰ ਉਦਯੋਗਪਤੀਆਂ ਨੂੰ ਅੱਗੇ ਆ ਕੇ ਨਿਵੇਸ਼ ਕਰਨ ਲਈ ਪ੍ਰੇਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਇਸ ਟੀਚੇ ਦੀ ਪ੍ਰਾਪਤੀ ਲਈ ਵੱਡੇ ਯਤਨ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿੱਤੀ ਹਾਲਾਤ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਕਰਾਰਾ ਜਵਾਬ ਦਿੱਤਾ।। ਉਨ੍ਹਾਂ ਦਾ ਇਹ ਦਾਅਵਾ ਬਹੁਤ ਸਹੀ ਹੈ ਕਿ ਭਾਜਪਾ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਕਈ ਤਿਮਾਹੀਆਂ ਅਜਿਹੀਆਂ ਰਹੀਆਂ ਹਨ ਜਦੋਂ ਅਰਥਚਾਰੇ ਦੀ ਹਾਲਤ ਕਾਫੀ ਖਰਾਬ ਰਹੀ ਹੈ। ਅਰਥਚਾਰੇ ਨੂੰ ਲੈ ਕੇ ਨਾਹ ਪੱਖੀ ਗੱਲਾਂ ਹਮੇਸ਼ਾ ਹੀ ਹੁੰਦੀਆਂ ਰਹੀਆਂ ਹਨ। ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲਿਆਂ ਦੇ ਆਪਣੇ ਸਰੋਕਾਰ ਅਤੇ ਹਿੱਤ ਹੁੰਦੇ ਹਨ। ਦੇਸ਼ ਨੇ ਕੁਝ ਖੇਤਰਾਂ ਵਿੱਚ ਮਿਸਾਲੀ ਕੰਮ ਕੀਤਾ ਹੈ। ਇਸ ਦਾ ਸਿਹਰਾ ਭਾਜਪਾ ਸਰਕਾਰ ਨੂੰ ਜਾ ਰਿਹਾ ਹੈ। ਭਾਜਪਾ ਸਰਕਾਰ ਦੀਆਂ ਨੀਤੀਆਂ ਕਾਰਨ ਜਿਨ੍ਹਾਂ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ, ਉਹ ਇਸ ਨੂੰ ਦੂਸਰਾ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਲਾਜ਼ਮੀ ਤੌਰ ‘ਤੇ ਆਰਥਿਕਤਾ ਬਾਰੇ ਇਕ ਸੰਤੁਲਿਤ ਪਹੁੰਚ ਦੀ ਜ਼ਰੂਰਤ ਹੈ। ਸਰਕਾਰ ਤੱਦ ਹੀ ਖੁੱਲ੍ਹ ਕੇ ਕੰਮ ਕਰ ਸਕਦੀ ਹੈ ਜੇਕਰ ਇਸ ਸਬੰਧੀ ਇਕ ਸਹੀ ਮਾਹੌਲ ਬਣਾਇਆ ਜਾਵੇ। ਆਰਥਿਕ ਤਰੱਕੀ ਲਈ ਸਰਕਾਰ ਦੇ ਨਾਲ-ਨਾਲ ਲੋਕਾਂ ਅਤੇ ਕਾਰੋਬਾਰੀਆਂ ਨੂੰ ਵੀ ਸਹਿਯੋਗ ਕਰਨਾ ਹੋਵੇਗਾ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੁਨੀਆ ਦੇ ਬੇਹਤਰੀਨ ਦੇਸ਼ਾਂ ਵਿੱਚ ਸ਼ੁਮਾਰ ਹੋਵੇਗਾ। ਇਸ ਸਬੰਧੀ ਸਾਰੀਆਂ ਧਿਰਾਂ ਨੂੰ ਇਮਾਨਦਾਰੀ ਨਾਲ ਯਤਨ ਕਰਨੇ ਹੋਣਗੇ।
– ਬਲਜੀਤ ਸਿੰਘ ਬਰਾੜ

WRITTEN BY