Skip to content
Independent perspectives. Global stories.
BREAKING

ਇੱਕੀਵੀਂ ਸਦੀ ਦੇ ਹਾਣ ਦੀ ਸਿੱਖਿਆ ਨੀਤੀ ਸਮੇਂ ਦੀ ਲੋੜ ।

Share this story

ਨੋਬਲ ਪੁਰਸਕਾਰ ਜੇਤੂ ਪਾਕਿਸਤਾਨ ਦੀ ਬਾਲ ਵਿਦਵਾਨ ਮਲਾਲਾ ਯੂਸਫ਼ਜ਼ੇਈ ਅਨੁਸਾਰ,“ ਇੱਕ ਕਲਮ , ਇੱਕ ਕਿਤਾਬ ਅਤੇ ਇੱਕ ਅਧਿਆਪਕ ਦੁਨੀਆ ਬਦਲ ਸਕਦੇ ਹਨ “ਇਹ ਕਥਨ ਬਿਲਕੁਲ ਸੱਚ ਹੈ ਕਿਉਂਕਿ ਗਰੀਬੀ ਅਤੇ ਅਗਿਆਨਤਾ ਨੂੰ ਖਤਮ ਕਰਕੇ ਸਿਹਤਮੰਦ ਸੰਸਾਰ ਸਮਾਜ ਸਿਰਜਣ ਲਈ ਸਿੱਖਿਆ ਸਭ ਤੋਂ ਵੱਡਾ ਹਥਿਆਰ ਹੈ। ਵਿੱਦਿਆ ਦਾ ਪ੍ਰਸਾਰ ਹੀ ਆਰਥਿਕ ਵਿਕਾਸ ਦੀ ਗਤੀ ਤੇਜ਼ ਕਰਦਾ ਹੈ। ਵਧੀਆ ਵਿੱਦਿਅਕ ਢਾਂਚਾ ਰਾਸ਼ਟਰਾਂ ਦੀ ਤਰੱਕੀ ਦੀ ਬੁਨਿਆਦ ਹੁੰਦਾ ਹੈ। ਪੜ੍ਹਾਈ ਸਮਾਜ ਦੇ ਨਾਗਰਿਕਾਂ ਦੇ ਹੁਨਰਾਂ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਸਨਮਾਨਜਨਕ ਜੀਵਨ ਜਿਊਣ ਦੇ ਮੌਕੇ ਪ੍ਰਦਾਨ ਕਰਦੀ ਹੈ । ਆਰਥਿਕ ਤੌਰ ‘ਤੇ ਪਛੜੇ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਦੇਣ ਨਾਲ ਹੀ ਭਾਰਤ ਅਸਲ ਸ਼ਬਦਾਂ ਵਿੱਚ ਆਰਥਿਕ ਅਤੇ ਸਮਾਜਿਕ ਤੌਰ ‘ਤੇ ਵਿਕਾਸਸ਼ੀਲ ਦੇਸ਼ ਕਹਾ ਸਕਦਾ ਹੈ । ਸਿੱਖਿਆ ਵਿੱਚ ਨਿਵੇਸ਼ ਕਰਨਾ ਸਮਾਜ ਦੇ ਲੋਕਾਂ ਦਾ ਭਵਿੱਖ ਸੁਨਹਿਰੀ ਬਣਾਉਣਾ ਹੈ , ਸਿੱਖਅਤ ਨਾਗਰਿਕ ਹੀ ਆਪਸੀ ਸਹਿ-ਹੋੰਦ ਦੇ ਤੱਥ ਨੂੰ ਸਮਝਦੇ ਹਨ ਜਿਸ ਨਾਲ ਗਲੋਬਲ ਪੱਧਰ ਤੇ ਸ਼ਾਂਤ ਸਮਾਜ ਦੀ ਸਿਰਜਣਾ ਦੇ ਰਾਹ ਖੁੱਲਦੇ ਹਨ । ਜੇਕਰ ਅਸੀਂ ਭਾਰਤ ਦੇ ਸਿੱਖਿਆ ਢਾਂਚੇ ਤੇ ਨਜ਼ਰ ਮਾਰੀਏ ਤਾਂ ਪਿਛਲੇ ਸਮੇਂ ਤੋਂ ਸਭ ਲਈ ਲਾਜ਼ਮੀ ਸਿੱਖਿਆ, ਸਕੂਲਾਂ ਅੰਦਰ ਸਿੱਖਿਆ ਲਈ ਜ਼ਰੂਰੀ ਇਨਫਰਾਸਟਰਕਚਰ ਮੁਹੱਈਆ ਕਰਵਾਉਣਾ , ਸਮਾਰਟ ਸਕੂਲਾਂ ਦੀ ਸਥਾਪਨਾ, ਪੜ੍ਹਾਈ ਦਾ ਗੁਣਾਤਮਕ ਵਿਕਾਸ , ਸਹੀ ਅਧਿਆਪਕ ਵਿਦਿਆਰਥੀ ਅਨੁਪਾਤ , ਲੜਕੀਆਂ ਦੀ ਪੜ੍ਹਾਈ ਤੇ ਵਿਸ਼ੇਸ਼ ਜ਼ੋਰ ਆਦਿ ਮੁੱਦਿਆਂ ਦੀ ਪੂਰਤੀ ਲਈ ਜ਼ੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ । ਪਰ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਸਿੱਖਿਆ ਖੇਤਰ ‘ਚੋਂ ਵਧੀਆ ਸਿੱਟੇ ਪ੍ਰਾਪਤ ਨਹੀਂ ਹੋ ਰਹੇ । ਅਸਲ ਸਿੱਖਿਆ ਤੋਂ ਕੋਰੇ ਵਿਦਿਆਰਥੀ ਜਮਾਤਾਂ ਪਾਸ ਹੋਣ ਦੇ ਸਰਟੀਫਿਕੇਟ ਲੈ ਕੇ ਸਕੂਲਾਂ ,ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚੋਂ ਬਾਹਰ ਨਿਕਲ ਰਹੇ ਹਨ । ਇੱਥੋਂ ਤੱਕ ਕਿ ਦਸਵੀਂ ਪਾਸ ਵਿਦਿਆਰਥੀ ਆਪਣੀ ਮਾਤ ਭਾਸ਼ਾ ਲਿਖਣ-ਪੜ੍ਹਨ ਵਿੱਚ ਅਨੇਕਾਂ ਗਲਤੀਆਂ ਕਰਦੇ ਹਨ , ਉਹ ਗਣਿਤ ਦੇ ਸਾਧਾਰਨ ਜੋੜ ਘਟਾਓ ਤੱਥਾਂ ਤੋਂ ਅਣਜਾਣ ਹਨ , ਉਨ੍ਹਾਂ ਲਈ ਵਿਗਿਆਨ ਦੇ ਮੁੱਢਲੇ ਸਿਧਾਂਤਾਂ ਨੂੰ ਸਮਝਣਾ ਔਖਾ ਹੀ ਨਹੀਂ ਬਲਕਿ ਅਸੰਭਵ ਹੈ । ਅਜੋਕੀ ਸਿੱਖਿਆ ਦੀ ਵਿਹਾਰਕ ਪਹੁੰਚ ਵੇਖੋ ਕਿ ਕਿੱਤਾਮਈ ਕੋਰਸਾਂ ਨੂੰ ਪਾਸ ਕਰਨ ਵਾਲੇ ਬੱਚੇ ਆਪਣੀ ਸਟਰੀਮ ਨਾਲ ਸਬੰਧਤ ਕੰਮ ਕਰਕੇ ਦੋ ਰੁਪਏ ਵੀ ਨਹੀਂ ਕਮਾ ਸਕਦੇ । ਸੂਚਨਾ ਕ੍ਰਾਂਤੀ ਦੀ ਤਕਨੀਕ ਕਰਕੇ ਦੁਨੀਆ ਇਕ ਗਲੋਬਲ ਪਿੰਡ ਬਣ ਚੁੱਕੀ ਹੈ , ਅੱਜ ਸਥਾਨਕ ਲੋੜਾਂ ਨੂੰ ਪਾਸੇ ਕਰਕੇ ਵਿਸ਼ਵ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਕਾਮੇ ਤਿਆਰ ਕਰਨ ਦੀ ਲੋੜ ਹੈ , ਪਰ ਸਾਡੀ ਵੋਕੇਸ਼ਨਲ ਸਿੱਖਿਆ ਇਸ ਮੁਸੀਬਤ ਨਾਲ ਵੀ ਜੂਝ ਰਹੀ ਹੈ ਕਿ ਸਾਡੇ ਵੱਲੋਂ ਵਰਤਮਾਨ ਮੰਡੀ ਦੀਆਂ ਲੋੜਾਂ ਵਾਲੇ ਹੁਨਰਮੰਦ ਕਾਮੇ ਤਿਆਰ ਨਹੀਂ ਕੀਤੇ ਜਾ ਰਹੇ । ਜੋ ਬੱਚੇ ਸਿੱਖਿਆ ਸੰਸਥਾਵਾਂ ਵਿੱਚੋਂ ਨਿਕਲ ਰਹੇ ਹਨ ਉਹ ਕੇਵਲ ਬੇਰੁਜ਼ਗਾਰਾਂ ਦੀ ਭੀੜ ਵਿੱਚ ਹੋਰ ਵਾਧਾ ਕਰ ਰਹੇ ਹਨ । ਇੱਕੀਵੀਂ ਸਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਕੂਲ ਪੱਧਰ ਤੋਂ ਯੂਨੀਵਰਸਿਟੀ ਪੱਧਰ ਤੱਕ ਸਿੱਖਿਆ ਸੁਧਾਰਾਂ ਵਿੱਚ ਵੱਡੇ ਬਦਲਾਅ ਦੀ ਲੋੜ ਹੈ।
ਸੰਯੁਕਤ ਰਾਸ਼ਟਰ ਸੰਘ ਦੇ ਸਾਬਕਾ ਸਕੱਤਰ ਜਨਰਲ ਬਾਨ ਕੀ ਮੂਨ ਨੇ ਕਿਹਾ ਸੀ ਕਿ , “ ਸਿੱਖਿਆ ਸਥਾਈ ਭਵਿੱਖ ਦੇਣ ਦੇ ਨਾਲ ਨਾਲ ਵਧੀਆ ਸਮਾਜ ਵੀ ਸਿਰਜ ਸਕਦੀ ਹੈ । ਸ਼ਾਂਤ ਅਤੇ ਸਹਿਣਸ਼ੀਲ ਸਮਾਜ ਦੀ ਸਥਾਪਨਾ ਵਾਲੇ ਲੋਕ ਵੀ ਵਧੀਆਂ ਸਿੱਖਿਆ ਢਾਂਚੇ ਰਾਹੀਂ ਪੈਦਾ ਕੀਤੇ ਜਾ ਸਕਦੇ ਹਨ। “ਇੱਕ ਸਰਵੇ ਅਨੁਸਾਰ ਭਾਰਤ ਦੇ 25 ਸਾਲ ਤੋਂ ਘੱਟ ਉਮਰ ਦੇ 45% ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਚਾਹਤਾਂ ਅਨੁਸਾਰ ਸਿੱਖਿਆ ਨਹੀਂ ਮਿਲ ਰਹੀ ਅਜਿਹੇ ਬੱਚੇ ਸਿੱਖਿਆ ਸੰਸਥਾਵਾਂ ਵਿੱਚ ਕੈਦੀਆਂ ਦੀ ਤਰ੍ਹਾਂ ਜਮਾਤਾਂ ਪਾਸ ਕਰ ਰਹੇ ਹਨ । ਬੱਚਿਆਂ ਨੂੰ ਕੇਵਲ ਵੱਧ ਤੋਂ ਵੱਧ ਅੰਕ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਕੁਦਰਤੀ ਸਾਧਨਾਂ ਦੀ ਬੱਚਤ ਅਤੇ ਸੰਭਾਲ ਕਿਵੇਂ ਕੀਤਾ ਜਾਵੇ। ਸਮਾਜ ਵਿੱਚ ਖ਼ੁਦ ਦਾ ਸਮਾਯੋਜਨ ਕਿਵੇਂ ਕੀਤਾ ਜਾਵੇ ? ਲੋੜਵੰਦਾਂ ਦੀ ਮਦਦ ਕਿਵੇਂ ਕੀਤੀ ਜਾਵੇ। ਵਿਸ਼ਵ ਨੂੰ ਇੱਕ ਸ਼ਾਂਤ ਤੇ ਸਹਿਜ ਪਿੰਡ ਕਿਵੇਂ ਬਣਾਇਆ ਜਾਵੇ। ਵੱਖ ਵੱਖ ਧਰਮਾਂ, ਭਾਸ਼ਾਵਾਂ ,ਸੱਭਿਆਚਾਰਾਂ ਦੀ ਆਪਸੀ ਸਹਿਹੋਂਦ ਕਿਵੇਂ ਬਰਕਰਾਰ ਰੱਖੀ ਜਾਵੇ? ਆਦਿ ਅਨੇਕਾਂ ਲੋੜੀਂਦੇ ਮੁੱਦਿਆਂ ‘ਤੇ ਵਿਦਿਆਰਥੀਆਂ ਨੂੰ ਸਿੱਖਿਅਤ ਨਹੀਂ ਕੀਤਾ ਜਾ ਰਿਹਾ । ਭਾਰਤ ਵਰਗੇ ਵਿਸ਼ਾਲ ਦੇਸ਼ ਦੀ ਸਥਾਈ ਹੋਂਦ ਨੂੰ ਕਾਇਮ ਰੱਖਣ ਲਈ ਵਿੱਦਿਅਕ ਢਾਂਚੇ ਵਿੱਚ ਇਨਕਲਾਬੀ ਤਬਦੀਲੀਆਂ ਦੀ ਲੋੜ ਹੈ ਤਾਂ ਜੋ ਨੌਜਵਾਨ ਵਰਗ ਨੂੰ ਉਕਤ ਮੁੱਦਿਆਂ ‘ਤੇ ਸਹੀ ਮਾਰਗ ਦਰਸ਼ਨ ਮਿਲ ਸਕੇ । ਪਾਠਕ੍ਰਮ ਅਤੇ ਅਧਿਆਪਨ ਵਿਧੀਆਂ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ ਤਾਂ ਜੋ ਵਿਦਿਆਰਥੀਆਂ ਨੂੰ ਰੱਟੇ ਵਾਲੀ ਪੜ੍ਹਾਈ ਦੇ ਬੋਝ ਤੋਂ ਮੁਕਤੀ ਮਿਲ ਸਕੇ । ਆਲੋਚਨਾਤਮਕ ਚਿੰਤਨ, ਵਿਗਿਆਨਕ ਮਾਹੌਲ , ਸਿਰਜਣਾ, ਡਿਜੀਟਲ ਸਿੱਖਣ ਸਿਖਾਉਣ ਵਿਧੀਆਂ, ਆਪਸੀ ਸਹਿਯੋਗ, ਬਹੁ ਭਾਸ਼ਾਈ ਅਦਾਨ ਪ੍ਰਦਾਨ, ਮੁਸ਼ਕਿਲ ਨਿਵਾਰਣ ਪਹੁੰਚ, ਵਾਤਾਵਰਨ ਰੱਖਿਆ ਦੀ ਜ਼ਿੰਮੇਵਾਰੀ ਆਦਿ ਅਨੇਕਾਂ ਮਹੱਤਵਪੂਰਨ ਮੁੱਦੇ ਅਜੋਕੀ ਸਿੱਖਿਆ ਵਿੱਚ ਪਹਿਲ ਦੇ ਆਧਾਰ ‘ਤੇ ਸ਼ਾਮਿਲ ਕਰਨੇ ਚਾਹੀਦੇ ਹਨ । ਸਥਾਨਕ ਲੋੜਾਂ ਤੋਂ ਲੈ ਕੇ ਕੌਮਾਂਤਰੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਪਾਠਕ੍ਰਮ ਦੀ ਸਖ਼ਤ ਲੋੜ ਹੈ । ਤਕਨੀਕ ਨੇ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਦਿੱਤਾ ਹੈ । ਸਿੱਖਿਆ ਦੇ ਖੇਤਰ ਵਿੱਚ ਵੀ ਤਕਨੀਕ ਨੂੰ ਪਹਿਲ ਦੇਣ ਦੀ ਲੋੜ ਹੈ । ਕਿਸੇ ਵੀ ਵਿਸ਼ੇ ਤੇ ਈ- ਲਰਨਿੰਗ ਰਾਹੀਂ ਬੱਚਿਆਂ ਦੇ ਮੁਖ਼ਾਤਬ ਹੋ ਕੇ ਸਿੱਖਿਆ ਦੇਣੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਡਿਜੀਟਲ ਵਿਧੀਆਂ ਰਾਹੀਂ ਸਿੱਖੇ ਬੱਚੇ ਕਿਤਾਬਾਂ ਦੁਆਰਾ ਪੜ੍ਹੇ ਬੱਚਿਆਂ ਨੂੰ ਪਿੱਛੇ ਛੱਡ ਦਿੰਦੇ ਹਨ । ਭਾਰਤ ਵਰਗੇ ਵਿਸ਼ਾਲ ਦੇਸ਼ ਜਿਸ ਦੇ ਹਰੇਕ ਕੋਨੇ ਵਿੱਚ ਪਹੁੰਚ ਕੇ ਸਿੱਖਿਆ ਦੇਣਾ ਔਖਾ ਕਾਰਜ ਹੈ, ਅਜਿਹੇ ਰਿਮੋਟ ਇਲਾਕਿਆਂ ਦੇ ਵਿਦਿਆਰਥੀਆਂ ਲਈ ਲਈ ਵੀਡੀਓ ਕਾਨਫਰੰਸਾਂ ਤੇ ਹੋਰ ਸਮਾਰਟ ਸਿੱਖਿਆ ਤਕਨੀਕਾਂ ਰਾਹੀਂ ਬੱਚਿਆਂ ਨੂੰ ਦਿਲਚਸਪ ਤਰੀਕੇ ਨਾਲ ਪੜ੍ਹਾਈ ਕਰਵਾਈ ਜਾ ਸਕਦੀ ਹੈ । ਅਜੋਕੇ ਸਮੇਂ ਵਿੱਚ ਜੇਕਰ ਅਧਿਆਪਕ ਆਪਣੀ ਜਮਾਤ ਵਿੱਚ ਲੈਪਟਾਪ ਲੈ ਕੇ ਨਹੀਂ ਜਾਂਦਾ ਤਾਂ ਸਫ਼ਲ ਅਧਿਆਪਕ ਨਹੀਂ ਹੈ। ਇੰਟਰਨੈਟ ਰਾਹੀਂ ਆਨਲਾਈਨ ਅਧਿਐਨ ਤੇ ਅਧਿਆਪਨ ਮਨੁੱਖ ਨੂੰ ਬੌਧਿਕ ਤੌਰ ਤੇ ਅਮੀਰ ਕਰਨ ਦੇ ਨਾਲ ਨਾਲ ਉਸ ਨੂੰ ਸਮੇਂ ਦੇ ਹਾਣ ਦਾ ਬਣਾਈ ਰੱਖਦਾ ਹੈ। ਹੁਨਰ ਅਤੇ ਵਿਵਸਾਇਕ ਸਿੱਖਿਆ ਨੂੰ ਉਦਯੋਗ ਦੀਆਂ ਲੋੜਾਂ ਨਾਲ ਜੋੜਨ ਦੀ ਸਖ਼ਤ ਲੋੜ ਹੈ । ਅਜਿਹਾ ਹੋਣ ਨਾਲ ਜਿੱਥੇ ਬੇਰੁਜ਼ਗਾਰੀ ਘਟੇਗੀ ਉੱਥੇ ਦੇਸ਼ ਦੀ ਉਤਪਾਦਕਤਾ ਵੀ ਵਧੇਗੀ । ਜਿੰਨੀ ਖੰਡ ਪਾਵਾਂਗੇ ਮਿੱਠਾ ਓਨਾ ਹੀ ਹੋਵੇਗਾ ਅਨੁਸਾਰ ਸਰਕਾਰ ਨੂੰ ਸਿੱਖਿਆ ਖੇਤਰ ਵਿੱਚ ਖੁੱਲ੍ਹੇ ਦਿਲ ਨਾਲ ਖਰਚ ਕਰਨਾ ਚਾਹੀਦਾ ਹੈ । ਅੱਜ ਸਾਡੀ ਕੁੱਲ ਆਮਦਨ ਦਾ ਕੇਵਲ 6% ਹੀ ਸਿੱਖਿਆ ‘ਤੇ ਖਰਚ ਕੀਤਾ ਜਾ ਰਿਹਾ ਹੈ ਜੋ ਭਾਰਤ ਵਰਗੇ ਵੱਧ ਵੱਸੋਂ ਵਾਲੇ ਦੇਸ਼ ਲਈ ਥੋੜਾ ਹੀ ਨਹੀਂ ਸਗੋਂ ਨਾ ਕਾਫ਼ੀ ਹੈ । ਸਿੱਖਿਆ ਅਤੇ ਉੱਚ-ਸਿੱਖਿਆ ਵਿੱਚ ਸਰਕਾਰ ਦੇ ਯੋਗਦਾਨ ਦੇ ਨਾਲ-ਨਾਲ ਨਿੱਜੀ ਸੰਸਥਾਵਾਂ ਵੀ ਕਾਰਜਸ਼ੀਲ ਹਨ, ਅਨੇਕਾਂ ਚੋਰ ਮੋਰੀਆਂ ਰਾਹੀਂ ਨਿੱਜੀ ਅਦਾਰੇ ਟੈਕਸ ਚੋਰੀ ਕਰਨ ਦੇ ਨਾਲ ਨਾਲ ਮਹਿੰਗੀ ਸਿੱਖਿਆ ਦੇ ਰਹੇ ਹਨ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਉੱਚ ਸਿੱਖਿਆ ਅਤੇ ਕਿੱਤਾ ਸਿੱਖਿਆ ਦੇ ਖੱਪੇ ਨੂੰ ਭਰਨ ਲਈ ਸਰਕਾਰ ਦਾ ਨਿੱਜੀ ਸਿੱਖਿਆ ਸੰਸਥਾਵਾਂ ‘ਤੇ ਪੂਰਾ ਨਿਯੰਤਰਣ ਹੋਣਾ ਬਹੁਤ ਜ਼ਰੂਰੀ ਹੈ। ਸਿੱਖਿਆ ਦੇ ਇੱਛਾਮਈ ਸਿੱਟੇ ਨਾ ਮਿਲਣ ਪਿੱਛੇ ਅਨੇਕਾਂ ਚੁਣੌਤੀਆਂ ਹਨ ਜਿਨ੍ਹਾਂ ਨੂੰ ਭਾਰਤ ਨੇ ਥੋੜ੍ਹੇ ਸਮੇਂ ਵਿੱਚ ਹੱਲ ਕਰਨਾ ਹੋਵੇਗਾ ਅਜਿਹਾ ਹੋਣ ਨਾਲ ਹੀ ਭਾਰਤ ਦੀ ਆਰਥਿਕ ਤਰੱਕੀ ਦੀ ਗਤੀ ਤੇਜ਼ ਹੋਵੇਗੀ । ਭਾਰਤ ਦੇ ਹਰ ਇੱਕ ਬਾਲ ਨੂੰ ਇੱਕ ਸਾਰ ਗੁਣਾਤਮਕ ਸਿੱਖਿਆ ਦੇਣੀ ਪ੍ਰਮੁੱਖ ਏਜੰਡਾ ਹੋਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਰਾਜ ਦਾ ਵਾਸੀ ਹੋਵੇ, ਭਾਵੇਂ ਉਹ ਨਿੱਜੀ ਜਾਂ ਸਰਕਾਰੀ ਸਕੂਲ ਵਿੱਚ ਪੜ੍ਹ ਰਿਹਾ ਹੋਵੇ । ਭਾਰਤ ਸਰਕਾਰ ਵੱਲੋਂ ਕੌਮੀ ਸਿੱਖਿਆ ਨੀਤੀ 2019 ਦਾ ਡਰਾਫਟ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਵੱਡੇ ਪੱਧਰ ਤੇ ਸਿੱਖਿਆ ਸੁਧਾਰਾਂ ਦੀ ਗੱਲ ਕੀਤੀ ਗਈ ਹੈ। ਇਸ ਡਰਾਫਟ ਰਾਹੀਂ ਭਾਰਤੀ ਕਦਰਾਂ ਕੀਮਤਾਂ ਤੇ ਪ੍ਰੰਪਰਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਇੱਕੀਵੀਂ ਸਦੀ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਵਿਸਥਾਰਤ ਚਰਚਾ ਕੀਤੀ ਗਈ ਹੈ। ਨਵੀਂ ਸਿੱਖਿਆ ਨੀਤੀ ਰਾਹੀਂ ਭਾਰਤ ਦੇ ਉੱਚ ਸਿੱਖਿਆ ਢਾਂਚੇ ਨੂੰ ਵਿਸ਼ਵ ਦੀ ਸਭ ਤੋਂ ਵਧੀਆ ਸਿੱਖਿਆ ਪ੍ਰਣਾਲੀ ਬਣਾਉਣ ਦਾ ਤਹੱਈਆ ਕੀਤਾ ਗਿਆ ਹੈ ।ਇਨ੍ਹਾਂ ਯਤਨਾਂ ਨਾਲ ਇਹ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਗੁਣਾਤਮਿਕ ਸਿੱਖਿਆ ਵਿੱਚ ਸੁਧਾਰ ਹੋਵੇਗਾ , ਸਿੱਖਿਆ ਦੇ ਖੇਤਰ ਵਿੱਚ ਨਵੀਆਂ ਖੋਜਾਂ ਹੋਣਗੀਆਂ ਜਿਨ੍ਹਾਂ ਨਾਲ ਗਿਆਨ ਦੇ ਖੇਤਰ ‘ਚ ਭਾਰਤ ਦਾ ਝੰਡਾ ਵਿਸ਼ਵ ‘ਚ ਬੁਲੰਦ ਹੋਵੇਗਾ। ਪਰ ਲੋੜ ਇਸ ਗੱਲ ਦੀ ਹੈ ਕਿ ਨਵੀਂ ਪਾਲਿਸੀ ਕੇਵਲ ਸ਼ਬਦਾਂ ਰਾਹੀਂ ਨਹੀਂ ਸਗੋਂ ਭਾਵਨਾਤਮਕ ਪੱਖ ਤੋਂ ਲਾਗੂ ਹੋਣੀ ਚਾਹੀਦੀ ਹੈ, ਅਜਿਹਾ ਹੋਣ ਤੇ ਹੀ ਇੱਛਤ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਵਧੀਆ ਯੋਜਨਾ ਕੇਵਲ ਉਦੋਂ ਹੀ ਨਤੀਜੇ ਦੇ ਸਕਦੀ ਹੈ ਜਦੋਂ ਉਸ ਦੀਆਂ ਧਰਾਵਾਂ ਸਰਕਾਰੀ ਹੁਕਮਾਂ ਦੀ ਬਜਾਇ ਲੋਕ ਮਨਾਂ ਰਹੇ ਲਾਗੂ ਹੋਣ।

WRITTEN BY