ਪੀਲੀ ਕੁੰਗੀ, ਪੰਜਾਬ ਵਿੱਚ ਖਾਸ ਕਰਕੇ ਨੀਂਮ ਪਹਾੜੀ ਇਲਾਕਿਆਂ ਵਿੱਚ ਕਣਕ ਦੀ ਕਾਸ਼ਤ ਕਰਨ ਲਈ ਇੱਕ ਬਹੁਤ ਵੱਡਾ ਖਤਰਾ ਹੈ। ਇਸ ਬਿਮਾਰੀ ਦਾ ਸ਼ੁਰੂਆਤੀ ਹਮਲਾ ਹਰ ਸਾਲ ਤਕਰੀਬਨ ਦਸੰਬਰ ਦੇ ਦੂਜੇ ਪੰਦੜਵਾੜੇ ਤੋਂ ਜਨਵਰੀ ਦੇ ਪਹਿਲੇ ਪੰਦਰਵਾੜੇ ਦੇ ਵਿੱਚ-ਵਿੱਚ ਵਿੱਚ ਦੇਖਿਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਬਿਮਾਰੀ ਪਹਿਲੀ ਵਾਰ ਰੋਪੜ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਵੀਰਾਂ (ਬਲਾਕ ਚਮਕੌਰ ਸਾਹਿਬ) ਵਿੱਚ 14 ਜਨਵਰੀ ਨੂੰ ਬਰਬਟ ਕਿਸਮ ਤੇ ਦੇਖੀ ਗਈ ਅਤੇ ਉਸ ਤੋਂ ਬਾਅਦ 19 ਜਨਵਰੀ ਨੂੰ ਚੰਦਪੁਰ ਬੇਲਾ (ਕੀਰਤਪੁਰ ਸਾਹਿਬ ਬਲਾਕ) ਵਿੱਚ ਦੇਖੀ ਗਈ।ਪੀਲੀ ਕੁੰਗੀ ਦੇ ਕਣ ਇਨ੍ਹਾਂ ਖੇਤਰਾਂ ਵਿੱਚ ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ ਤੇ ਵਧਦੇ-ਫੁੱਲਦੇ ਰਹੇ ਅਤੇ ਫਿਰ ਬਾਅਦ ਵਿੱਚ ਇਹ ਕਣ ਹਵਾ ਵਿੱਚ ਰਲ ਕੇ ਬਾਕੀ ਦੇ ਖੇਤਾਂ ਵਿੱਚ ਬਿਮਾਰੀ ਫੈਲਾਉਣ ਦਾ ਜ਼ਰੀਆ ਬਣੇ। ਪੀਲੀ ਕੁੰਗੀ ਦੇ ਕਣ ਹਲਦੀਨੁਮਾ ਪੀਲੇ ਧੂੜੇ ਦੇ ਰੂਪ ਵਿੱਚ ਪੈਦਾ ਹੁੰਦੇ ਹਨ ਅਤੇ ਬਾਅਦ ਵਿੱਚ ਹਵਾ ਨਾਲ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਫੈਲ ਜਾਂਦੇ ਹਨ। ਜੇਕਰ ਬਿਮਾਰੀ ਨਾਲ ਪ੍ਰਭਾਵਿਤ ਬੂਟੇ ਦੇ ਪੱੱਤਿਆਂ ਨੂੰ ਛੂਹਿਆ ਜਾਵੇ ਜਾਂ ਇਨ੍ਹਾਂ ਧੌੜੀਆਂ ਵਿੱਚੋਂ ਲੰਘਣ ਤੇ ਇਸ ਦਾ ਪੀਲਾ ਧੂੜਾ ਸਾਡੇ ਹੱਥਾਂ ਜਾਂ ਕੱੱਪੜਿਆਂ ਨੂੰ ਲੱਗ ਜਾਂਦਾ ਹੈ। ਕਿਸੇ ਵੀ ਖੇਤਰ ਵਿੱਚ ਪੀਲੀ ਕੁੰਗੀ ਦਾ ਜ਼ਿਆਦਾ ਹਮਲਾ ਅਤੇ ਵਾਧਾ ਉਸ ਖੇਤਰ ਦੇ ਵਾਤਾਵਰਣ (ਠੰਡਾ ਅਤੇ ਵੱਧ ਨਮੀਂ ਵਾਲਾ ਮੌਸਮ) ਅਤੇ ਬਿਮਾਰੀ ਦਾ ਨਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਬਿਜਾਈ ਤੇ ਨਿਰਭਰ ਕਰਦਾ ਹੈ। ਅਨੁਕੂਲ ਹਾਲਤਾਂ ਵਿੱਚ ਕਣਕ ਦੀ ਫਸਲ ਤੇ ਪੀਲੀ ਕੁੰਗੀ ਦਾ ਹਮਲਾ ਇਸ ਦਾ ਟਾਕਰਾ ਨਾ ਕਰਨ ਵਾਲੀਆਂ ਕਿਸਮਾਂ ਤੇ ਇੱਕ ਪੱਤਾ ਆਉਣ ਤੋਂ ਲੈ ਕੇ ਬੂਟੇ ਦੇ ਹਰਾ ਰਹਿਣ ਤੱਕ, ਕਿਸੇ ਵੀ ਸਮੇਂ ਵੀ ਹੋ ਸਕਦਾ ਹੈ। ਜੇਕਰ ਬਿਮਾਰੀ ਦਾ ਹਮਲਾ ਸ਼ੁਰੂ ਵਿੱਚ ਹੀ ਹੋ ਜਾਵੇ ਤਾਂ ਕਣਕ ਦੇ ਸਿੱੱਟਿਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਇਸ ਤੋਂ ਬਚਾਓ ਲਈ ਫਸਲ ਬੀਜਣ ਤੋਂ ਪਹਿਲਾਂ ਹੀ ਕੁਝ ਨੁਕਤਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਹੈ ਕਿ ਕਣਕ ਦੀਆਂ ਉਨ੍ਹਾਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ ਜੋ ਇਸ ਬਿਮਾਰੀ ਦਾ ਟਾਕਰਾ ਕਰ ਸਕਦੀਆਂ ਹਨ ।ਇਸ ਲਈ ਬਿਮਾਰੀ ਨਾਲ ਪ੍ਰਭਾਵਿਤ ਖਾਸਕਰ ਨੀਮ ਪਹਾੜੀ ਇਲਾਕਿਆਂ ਵਿੱਚ ਪੀ ਬੀ ਡਬਲਯੂ 725, ਉਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 660 ਆਦਿ ਕਿਸਮਾਂ ਦੀ ਹੀ ਵਰਤੋਂ ਕਰੋ। ਇਨ੍ਹਾਂ ਖੇਤਰਾਂ ਵਿੱਚ ਕਣਕ ਦੀ ਅਗੇਤੀ ਬਿਜਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਅਗੇਤੀ ਬਿਜਾਈ ਨਾਲ ਬਿਮਾਰੀ ਦੇ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।ਨੀਮ ਪਹਾੜੀ ਇਲਾਕਿਆਂ ਦੇ ਜਿਹੜੇ ਖੇਤਾਂ ਵਿੱਚ ਬਿਮਾਰੀ ਦਾ ਟਾਕਰਾ ਨਾ ਕਰਨ ਵਾਲੀਆਂ ਕਿਸਮਾਂ ਬੀਜੀਆਂ ਹੋਣ, ਉਨ੍ਹਾਂ ਖੇਤਾਂ ਦਾ ਦਸੰਬਰ ਦੇ ਦੂਜੇ ਹਫਤੇ ਤੋਂ ਬਾਅਦ ਸਰਵੇਖਣ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕਿਉਂਕਿ ਪੀਲੀ ਕੁੰਗੀ ਦੀ ਸ਼ੁਰੂਆਤੀ ਆਮਦ ਧੌੜੀਆਂ ਵਿੱਚ ਹੀ ਨਜ਼ਰ ਆਉਂਦੀ ਹੈ ਇਸ ਲਈ ਇਨ੍ਹਾਂ ਸ਼ੁਰੂਆਤੀ ਆਮਦ ਵਾਲੀਆਂ ਧੌੜੀਆਂ ਨੂੰ ਹੀ ਸਿਫਾਰਿਸ਼ ਕੀਤੇ ਉਲੀਨਾਸ਼ਕਾਂ ਜਿਵੇਂ ਕਿ 200 ਗ੍ਰਾਮ ਕੈਵੀਅਟ 25 ਡਬਲਯੂ ਜੀ (ਟੈਬੂਕੋਨਾਜ਼ੋਲ) ਜਾਂ ਨਟੀਵੋ 75 ਡਬਲਯੂ ਜੀ (ਟਰਾਈਫਲੋਕਸੀਸਟੋਬਿਨ + ਟੈਬੂਕੋਨਾਜ਼ੋਲ) 200 ਗ੍ਰਾਮ ਜਾਂ ਓਪੇਰਾ 18.3 ਐਸ ਈ (ਪੈਰਾਕਲੋਸਟੋਬਿਨ + ਈਪੋਕਸੀਕੋਨਾਜ਼ੋਲ) ਜਾਂ 200 ਮਿ.ਲਿ. ਟਿਲਟ 25 ਈ ਸੀ ਜਾਂ ਸ਼ਾਈਨ 25 ਈ ਸੀ ਜਾਂ ਬੰਪਰ 25 ਈ ਸੀ ਜਾਂ ਸਟਿਲਟ 25 ਈ ਸੀ ਜਾਂ ਕੰਮਪਾਸ 25 ਈ ਸੀ ਜਾਂ ਮਾਰਕਜ਼ੋਲ 25 ਈ ਸੀ (ਪ੍ਰੋਪੀਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਣ ਨਾਲ ਖਤਮ ਕਰ ਦਿੱਤਾ ਜਾਵੇ ਤਾਂ ਇਸ ਬਿਮਾਰੀ ਦਾ ਅੱੱਗੇ ਫੈਲਾਅ ਰੁਕ ਜਾਂਦਾ ਹੈ।
ਇਨ੍ਹਾਂ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜੇਕਰ ਬਿਮਾਰੀ ਦਾ ਹਮਲਾ ਫਸਲ ਤੇ ਦੁਬਾਰਾ ਨਜ਼ਰ ਆਵੇ ਤਾਂ ਉਪਰ ਦਿੱਤੇ ਉਲੀਨਾਸ਼ਕਾਂ ਦਾ ਛਿੜਕਾਅ ਦੁਹਰਾਉਣਾ ਚਾਹੀਦਾ ਹੈ। ਕਿਸੇ ਵੀ ਉਲੀਨਾਸ਼ਕ ਦਾ ਲਗਾਤਾਰ ਛਿੜਕਾਅ ਕਰਨ ਨਾਲ ਪੀਲੀ ਕੁੰਗੀ ਦੀ ਉਲੀ ਵਿੱਚ ਉਸ ਪ੍ਰਤੀ ਸਹਿਨਸ਼ੀਲਤਾ ਆ ਸਕਦੀ ਹੈ।
ਜਸਪਾਲ ਕੌਰ
ਸੰਪਰਕ : 97791-29665
ਅਮਰਜੀਤ ਸਿੰਘ ਅਤੇ ਰਿਤੂ ਬਾਲਾ
ਪੌਦਾ ਰੋਗ ਵਿਗਿਆਨ, ਪੀਏਯੂ ਲੁਧਿਆਣਾ
ਪੀਲੀ ਕੁੰਗੀ ਦੀ ਰੋਕਥਾਮ ਲਈ ਨੁਕਤੇ



