ਬਰੇਟਾ- ਬੇਸ਼ਕ ਅਸੀਂ ਕੁਦਰਤ ਦੇ ਅਨਮੋਲ ਵਰਦਾਨ ਪਾਣੀ ਨੂੰ ਮੁਫਤ ਦੀ ਚੀਜ ਸਮਝ ਕੇ ਉਸਨੂੰ ਫਜੂਲ ਵਹਾਉਣ ਅਤੇ ਦੂਸਿਤ ਕਰਨ ‘ਚ ਜ਼ਰਾ ਵੀ ਝਿਜਕ ਨਹੀਂ ਕਰਦੇ ਪਰ ਪਾਣੀ ਹੀ ਜੀਵਨ ਹੈ ਅਤੇ ਇਸ ਦੇ ਮਹੱਤਵ ਦਾ ਸਾਨੂੰ ਉਸ ਸਮੇਂ ਪਤਾ ਲੱਗਦਾ ਹੈ । ਜਦੋਂ ਸਾਨੂੰ ਬਹੁਤ ਜਿਆਦਾ ਪਿਆਂਸ ਲੱਗੀ ਹੋਵੇ ਅਤੇ ਗਲਾ ਤਰ ਕਰਨ ਲਈ ਪਾਣੀ ਨਾ ਮਿਲ ਰਿਹਾ ਹੋਵੇ ।ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਜਿਸ ਤਰ੍ਹਾਂ ਭੋਜਨ ਤੋਂ ਬਿਨ੍ਹਾਂ ਆਦਮੀ ਜਿਉਂ ਨਹੀਂ ਸਕਦਾ , ਇਸ ਤਰ੍ਹਾਂ ਹੀ ਪਾਣੀ ਤੋਂ ਬਿਨ੍ਹਾਂ ਮਨੁੱਖ ਦਾ ਇਸ ਧਰਤੀ ਤੇ ਜਿਉਣਾ ਅਸੰਭਵ ਹੈ । ਧਰਤੀ ਦਾ ਇਹ ਪਾਣੀ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ। ਇਹ ਹੀ ਨਹੀਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵੱਧਣ ਕਾਰਨ ਬਹੁਤ ਸਾਰੇ ਲੋਕ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਦੀ ਵਰਤੋ ਨਾਲ ਲੋਕ ਕੈਂਸਰ , ਕਾਲਾ ਪੀਲੀਆਂ ਅਤੇ ਹੱਡੀਆਂ ਦੇ ਗੰਭੀਰ ਰੋਗਾਂ ਦੀ ਲਪੇਟ ਵਿੱਚ ਆ ਰਹੇ ਹਨ । ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਭਿਆਨਕ ਬਿਮਾਰੀਆਂ ਨੂੰ ਦੇਖਦੇ ਹੋਏ ਪੰਜਾਬ ਵਿੱਚ ਸ਼ੁੱਧ ਪਾਣੀ ਲਈ ਆਰ.ਓ. ਸਿਸਟਮ ਲਗਾਉਣ ਦਾ ਕਰੇਜ ਵੱਧਦਾ ਜਾ ਰਿਹਾ ਹੈ । ਇਸ ਦੇ ਕਾਰਨ ਪਿੰਡਾਂ ਸ਼ਹਿਰਾਂ ਦੀਆਂ ਵੱਖ-ਵੱਖ ਥਾਵਾਂ ਅਤੇ ਘਰਾਂ ਵਿੱਚ ਆਰ.ਓ ਸਿਸਟਮ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਇਸ ਨਾਲ ਭਾਵੇਂ ਸਾਨੂੰ ਪੀਣ ਨੂੰ ਤਾਂ ਸਾਫ ਪਾਣੀ ਮਿਲ ਜਾਂਦਾ ਹੈ, ਪਰ ਇਸ ਨਾਲ ਪਾਣੀ ਦੀ ਵੀ ਬਰਬਾਦੀ ਵੱਡੇ ਪੱਧਰ ਤੇ ਹੋ ਰਹੀ ਹੈ ।ਜੇਕਰ ਅਸੀ ਆਰ.ਓ ਨਾਲ 100 ਲੀਟਰ ਜਮੀਨ ਹੇਠਲਾ ਪਾਣੀ ਸਾਫ ਕਰਦੇ ਹਾਂ ਤਾਂ ਉਸ ਵਿੱਚੋਂ ਸਾਨੂੰ 30 ਤੋਂ 40 ਲੀਟਰ ਹੀ ਪੀਣ ਯੋਗ ਪਾਣੀ ਮਿਲਦਾ ਹੈ । ਬਾਕੀ ਬੱਚਦਾ ਪਾਣੀ ਬਰਬਾਦ ਹੋ ਜਾਂਦਾ ਹੈ । ਜਿਸ ਵੱਲ ਕਿਸੇ ਦਾ ਧਿਆਨ ਘੱਟ ਹੀ ਜਾਂਦਾ ਹੈ।
ਇਸ ਤਰਾਂ੍ਹ ਇੱਕ ਪਰਿਵਾਰ ਮਹੀਨੇ ‘ਚ ਕਈ ਸੈਂਕੜੇ ਲੀਟਰ ਪਾਣੀ ਫਜੂਲ ਗੁਆ ਦਿੰਦਾ ਹੈ । ਸਾਨੂੰ ਪਾਣੀ ਦੀ ਹਰ ਇਕ ਬੂੰਦ ਨੂੰ ਬਚਾਉਣ ਲਈ ਯਤਨ ਕਰਨੇ ਪੈਣਗੇ। ਘਰਾਂ ਵਿਚ ਪਾਣੀ ਵਰਤਣ ਵੇਲੇ ਸੰਕੋਚ ਤੋਂ ਕੰਮ ਲੈਣਾ ਪਵੇਗਾ। ਇਹ ਹੀ ਨਹੀਂ ਪਾਣੀ ਨੂੰ ਬਚਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਪਾਣੀ ਨੂੰ ਬਚਾਉਣ ਲਈ ਕੋਈ ਪੁਖ਼ਤਾ ਕਦਮ ਚੁੱਕਣੇ ਪੈਣਗੇ। ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫ਼ਸਲਾਂ ਉਗਾਉਣ ਦੀ ਸਲਾਹ ਦੇਣੀ ਪਵੇਗੀ। ਘਰਾਂ , ਪਾਰਕਾਂ ਅਤੇ ਸ਼ਹਿਰਾਂ ਵਿਚ ਅਜਾਈ ਡੁੱਲ੍ਹ ਰਹੇ ਪਾਣੀ ਨੂੰ ਬਚਾਉਣ ਤੋਂ ਰੋਕਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਾਰਾ ਲੈਣਾ ਪਵੇਗਾ। ਲੋਕਾਂ ਨੂੰ ਦੱਸਣਾ ਪਵੇਗਾ ਕਿ ਪਾਣੀ ਸਾਡੇ ਜੀਵਨ ਦੀ ਰੇਖਾ ਹੈ । ਜੇਕਰ ਇਹ ਨਾ ਰਿਹਾ ਤਾਂ ਮਨੁੱਖੀ ਜੀਵਨ ਤਬਾਹ ਹੋ ਜਾਵੇਗਾ।
– ਰੀਤਵਾਲ
ਪੱਤਰਕਾਰ ‘ਪੰਜਾਬ ਟਾਇਮਜ਼’