April 23, 2026 12:28 am

ਜਟਿਲ ਹੋ ਚੁਕੀ ਜਾਤੀ ਵਿਵਸਥਾ ਨੂੰ ਜੜ੍ਹੋਂ ਪੁੱਟਣ ਦੀ ਲੋੜ

ਅਕਸਰ ਕਿਹਾ ਜਾਂਦਾ ਹੈ ਕਿ 21ਵੀ ਸਦੀ ਵਿਗਿਆਨਕ ਕ੍ਰਾਂਤੀਕਾਰੀਆਂ ਦੀ ਸਦੀ ਹੈ। ਦੇਸ਼ ਨੇ ਸਾਇੰਸ , ਰਿਸਰਚ ਤੇ ਪੁਲਾੜ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ । 2022 ਵਿਚ ਭਾਰਤ ਗਗਨਯਾਨ ਮਿਸ਼ਨ ਦੁਆਰਾ ਆਪਣੇ 3 ਯਾਤਰੀ ਪੁਲਾੜ ਵਿੱਚ ਭੇਜੇਗਾ। ਪਰ ਇਹਨਾਂ ਉਪਲੱਬਧੀਆਂ ਦੇ ਬਾਵਜੂਦ ਵੀ ਰੂੜੀਵਾਦੀ ਤੇ ਪਿਛਾਂਹ ਖਿੱਚੂ ਸੋਚ ਅੱਜ ਦੇਸ਼ ਦੇ ਲੋਕਾਂ ਨੂੰ 2000 ਸਾਲ ਪਿੱਛੇ ਖਿੱਚ ਕੇ ਲਿਜਾ ਰਹੀ ਹੈ। ਭਾਰਤੀ ਸਮਾਜ 21ਵੀ ਸਦੀ ਵਿਚ ਆ ਕੇ ਵੀ ਜਾਤ ਪਾਤ ਦੇ ਜਾਲ ਵਿਚ ਜਕੜਿਆ ਹੋਇਆ ਹੈ। ਇਹ ਜਾਤ ਪਾਤ ਦਾ ਰੋਲਾ ਸਮਾਜ ਵਿਚ ਕੈਂਸਰ ਵਾਂਗ ਹੈ ਜਿਸਦਾ ਇਲਾਜ ਅਜੇ ਤਾਂ ਫਿਲਹਾਲ ਲਾਇਲਾਜ ਈ ਲਗ ਰਿਹਾ ਹੈ।ਇਹ ਜਾਤ ਪਾਤ ਦੇ ਨਾਮ ਤੇ ਹੋ ਰਹੀਆਂ ਘਟਨਾਵਾਂ ਸੌੜੀ ਮਾਨਸਿਕਤਾ ਦਾ ਸਬੂਤ ਹਨ। ਇਕ ਪਾਸੇ ਤੇ ਅਸੀਂ ਦੇਸ਼ ਨੂੰ ਦੁਨੀਆ ਦੀ ਸੁਪਰ ਪਾਵਰ ਬਣਾਉਣ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਪੰਜ ਟ੍ਰਿਲੀਅਨ ਤੋ ਪਾਰ ਪਹੁੰਚਾਉਣ ਦਾ ਸੁਪਨਾ ਸੰਜੋਈ ਬੈਠੇ ਹਾਂ ਤੇ ਦੂਜੇ ਪਾਸੇ ਜਾਤਾ ਦੇ ਨਾਮ ਤੇ ਮਾੜੀ ਸੋਚ ਦਾ ਪ੍ਰਗਟਾਵਾ ਕਰਕੇ ਦੁਨੀਆਂ ਵਿੱਚ ਆਪਣਾ ਮਜਾਕ ਵੀ ਬਣਵਾ ਰਹੇ ਹਾਂ।। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦਲਿਤਾਂ ਉਪਰ ਹੋਣ ਵਾਲੇ ਹਮਲੇ ਤੇ ਓਹਨਾ ਨਾਲ ਕੀਤਾ ਦੁਰਵਿਵਹਾਰ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਹਨਤੇ ਲਗਾਤਾਰ ਇਨ੍ਹਾਂ ਘਟਨਾਵਾਂ ਵਿਚ ਵਾਧਾ ਵੀ ਹੋ ਰਿਹਾ ਹੈ। ਅਣਗਿਣਤ ਅਜਿਹੀਆ ਘਟਨਾਵਾਂ ਹਨ ਜਿਨ੍ਹਾਂ ਨੂੰ ਬਾਹਰ ਹੀ ਆਉਣ ਨਹੀਂ ਦਿੱਤਾ ਜਾਂਦਾ।। ਪਿਛਲੇ ਦਿਨੀਂ ਸੰਗਰੂਰ ਦੇ ਚੰਗਾਲੀਵਾਲਾ ਪਿੰਡ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਮਾਮੂਲੀ ਝਗੜੇ ਤੋਂ ਬਾਅਦ ਪਿੰਡ ਦਗ ਹੀ ਉੱਚ ਜਾਤੀ ਨਾਲ ਸੰਬੰਧਿਤ ਲੋਕਾਂ ਨੇ ਜਗਮੇਲ ਤੇ ਗੈਰ ਮਨੁੱਖੀ ਤਸ਼ੱਦਦ ਕੀਤਾ। ਉਸਨੂੰ ਪਿਸ਼ਾਬ ਪਿਆ ਕੇ ਪਲਾਸਾ ਤੇ ਪੇਚਕਸਾ ਨਾਲ ਮਾਸ ਨੋਚਿਆ ਗਿਆ। ਰੌਗਟੇ ਖੜੇ ਕਰ ਦੇਣ ਵਾਲੇ ਤਸ਼ੱਦਦ ਨਾਲ ਜਗਮੇਲ ਦੀ ਪੀਜੀਆਈ ਵਿਚ ਮੌਤ ਹੋ ਗਈ। ਮੌਤ ਸਿਰਫ ਜਗਮੇਲ ਦੀ ਨਹੀਂ ਮੌਤ ਸਾਡੀ ਭਾਈਚਾਰਕ ਸਾਂਝ ਤੇ ਸੰਵਿਧਾਨ ਵਲੋਂ ਦਿੱਤੇ ਅਧਿਕਾਰਾਂ ਦੀ ਵੀ ਹੈ। 2006 ਵਿਚ ਬੰਤ ਸਿੰਘ ਝੱਬਰ ਦੀਆ ਬਾਹਾ ਤੇ ਲੱਤਾ ਵੱਢ ਦਿਤੀਆ ਗਈਆ। ਉਸਦਾ ਕਸੂਰ ਸਿਰਫ ਇਹ ਸੀ ਕਿ ਬੰਤ ਨੇ ਆਪਣੀ ਧੀ ਨਾਲ ਜਿਆਦਤੀ ਕਰਨ ਵਾਲਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ।ਪਿਛਲੀ ਅਕਾਲੀ ਸਰਕਾਰ ਸਮੇਂ ਅਬੋਹਰ ਵਿੱਚ ਦਲਿਤ ਨੌਜਵਾਨ ਭੀਮ ਟਾਂਕ ਕਤਲ ਕਰ ਦਿੱਤਾ ਗਿਆ। ਕਤਲ ਦਾ ਦੋਸ਼ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸੀ। ਹੈਦਰਾਬਾਦ ਯੂਨੀਵਰਸਟੀ ਦੇ ਇੱਕ ਦਲਿਤ ਸਕਾਲਰ ਰੋਹਿਤ ਵੇਮੁਲਾ ਨੂੰ ਇਸ ਕਰਕੇ ਖੁਦਖੁਸ਼ੀ ਕਰਨੀ ਪਈ ਕਿਉਕਿ ਉਸ ਨੂੰ ਯੂਨਿਵਰਿਸਟੀ ਵਿਚ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ।। ਤਾਮਿਲਨਾਡੂ ਵਿਚ ਉੱਚ ਜਾਤੀ ਦੇ ਲੋਕਾਂ ਨੇ ਅਰਥੀ ਲੇ ਕੇ ਜਾ ਰਹੇ ਦਲਿਤ ਨੂੰ ਸਿਰਫ ਇਸ ਕਰਕੇ ਰੋਕ ਲਿਆ ਕਿਉਂਕਿ ਉਹ ਉੱਚ ਜਾਤੀ ਦੇ ਲੋਕਾਂ ਦੀ ਗਲੀ ਅਗੋ ਲੰਘ ਰਹੇ ਸਨ। ਇਹੋ ਜਿਹੀਆ ਸ਼ਰਮਨਾਕ ਘਟਨਾਵਾਂ ਦਸਦੀਆ ਹਨ ਕਿ ਸਾਡੇ ਸਮਾਜ ਵਿਚ ਜਾਤ ਪਾਤ ਦਹ ਵੰਡੀਆਂ ਨੇ ਘਿਣੌਨਾ ਰੂਪ ਧਾਰਨ ਕਰ ਲਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾਂ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਕਰੋੜਾਂ ਰੁਪਿਆ ਤਾਂ ਖਰਚ ਕਰ ਦਿੱਤਾ ਪਰ ਗੁਰੂ ਜੀ ਦੇ ਉਪਦੇਸ਼ਾਂ ਨੂੰ ਅਸੀਂ ਵਿਸਾਰ ਈ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਜਾਤ ਦੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾ ਦਿੱਤਾ , ਅਸੀ ਸਿੰਘ ਤਾਂ ਬਣ ਗਏ ਪਰ ਮਾਨਸਿਕਤਾ ਨਹੀਂ ਬਦਲੀ। ਕਬੀਰ, ਨਾਮਦੇਵ ਤੇ ਬਾਬਾ ਫਰੀਦ ਜਿਹੇ ਪੀਰ ਪੈਗੰਬਰਾਂ ਨੇ ਆਪਣੀ ਬਾਣੀ ਰਾਹੀਂ ਜਾਤ ਪਾਤ ਦਾ ਖੰਡਣ ਕੀਤਾ ਪਰ ਫੇਰ ਵੀ ਅਸੀਂ ਆਪਣੀ ਮਰੀ ਜਮੀਰ ਨੂੰ ਜਿਉਦਾ ਨਹੀਂ ਕੀਤਾ। ਸਮੇਂ ਦੀਆਂ ਸਰਕਾਰਾਂ ਘਟਨਾਵਾਂ ਵਾਪਰਨ ਤੇ ਨੌਕਰੀ ਤੇ ਮੁਆਵਜ਼ਾ ਲੋਕ ਰੋਹ ਨੂੰ ਮੁੱਖ ਰੱਖਦਿਆਂ ਦੇ ਦਿੰਦੀਆ। ਪਰ ਅਜਿਹੀਆ ਘਟਨਾਵਾਂ ਦੁਬਾਰਾ ਨਾ ਹੋਣ। ਇਸ ਪਾਸੇ ਧਿਆਨ ਨਹੀਂ ਦਿੰਦੀਆ। ਬਹੁਤੇ ਕੇਸਾਂ ਵਿਚ ਤਾਂ ਆਰਥਿਕ ਸਥਿਤੀ ਚੰਗੀ ਨਾ ਹੋਣ ਕਰਕੇ ਦਲਿਤਾ ਨੂੰ ਸਮਝੌਤੇ ਲਈ ਮਜਬੂਰ ਹੋਣਾ ਪੈਦਾ। ਇਨ੍ਹਾਂ ਘਟਨਾਵਾਂ ਪਿਛੇ ਸਮਾਜ ਦੀ ਮਾਨਸਿਕਤਾ ਹੀ ਨਹੀਂ ਬਲਕਿ ਸਿਆਸੀ ਜਮਾਤਾਂ ਵੀ ਜਿਮੇਵਾਰ ਹਨ। ਜਿਹੜੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਮਾਜ ਵਿਚ ਵੰਡੀਆਂ ਪਾਉਣ ਦਾ ਕੰਮ ਕਰ ਰਹੇ ਹਨ। ਸੰਵਿਧਾਨ ਦਾ ਨਿਰਮਾਣ ਕਰਦੇ ਸਮੇਂ ਡਾ.ਬੀ.ਆਰ. ਅੰਬੇਡਕਰ ਨੇ ਦਲਿਤਾਂ ਨੂੰ ਸਮਾਜ ਵਿੱਚ ਬਰਾਬਰਤਾ ਦਿਵਾਉਣ ਲਈ ਰਿਜਰਵੇਸ਼ਨ ਦੀ ਵਿਵਸਥਾ ਕੀਤੀ। ਪਰ 1950 ਲੈ ਕੇ ਹੋਣ ਤੱਕ ਵੀ ਬਹੁਤ ਘੱਟ ਦਲਿਤਾਂ ਨੂੰ ਰਿਜਰਵੇਸ਼ਨ ਦਾ ਲਾਭ ਮਿਲਿਆ। ਬਹੁਤੇ ਦਲਿਤ ਅੱਜ ਵੀ ਖੇਤਾਂ ਵਿਚ ਕੰਮ, ਮਜਦੂਰੀ, ਫੈਕਟਰੀਆਂ, ਸੀਵਰੇਜ ਦੀ ਸਫਾਈ, ਘਰਾ ਤੇ ਕਈ ਹੋਰ ਨੀਵੇਂ ਕੰਮ ਕਰਨ ਲਈ ਮਜਬੂਰ ਹਨ। ਭਾਵੇਂ ਕੇਂਦਰ ਤੇ ਰਾਜਾਂ ਵਿਚ ਐਸ.ਸੀ,ਐਸ.ਟੀ ਕਮਿਸ਼ਨ ਬਣੇ ਹੋਏ ਹਨ। ਪਰ ਫਿਰ ਵੀ ਦਲਿਤ ਭਾਈਚਾਰੇ ਤੇ ਹੋਣ ਵਾਲੇ ਵਧੀਕੀਆਂ ਘਟੀਆ ਨਹੀਂ। ਸਿੱਟੇ ਵਜੋਂ ਪਿੰਡਾਂ ਵਿਚ ਵੱਖ-ਵੱਖ ਜਾਤਾਂ ਦੇ ਗੁਰਦੁਆਰੇ ਤੇ ਸ਼ਮਸ਼ਾਨਘਾਟ ਬਣੇ ਹੋਏ। ਜੋ ਸਾਡੇ ਸਮਾਜ ਦੀ ਤ੍ਰਾਸਦੀ ਪੇਸ਼ ਕਰ ਰਹੇ ਹਨ। 2000 ਸਾਲ ਪਹਿਲਾਂ ਵੈਦਿਕ ਕਾਲ ਵਿਚ ਕੰਮਾਂ ਦੇ ਆਧਾਰ ਤੇ ਵਰਨ ਬਣੇ। ਉੱਤਰ ਵੈਦਿਕ ਕਾਲ ਵਿਚ ਦ੍ਰਿੜ ਹੋ ਗਏ। ਜਿਹੜੇ ਕਿ ਸਾਡੀ ਮਾਨਸਿਕਤਾ ਵਿਚ 21ਵੀ ਸਦੀ ਵਿਚ ਵੀ ਦ੍ਰਿੜ ਹੋਏ ਪਏ। ਸੋ ਅੱਜ ਲੋੜ ਹੈ। ਸਮਾਜ ਵਿਚੋਂ ਜਾਤਾਂ-ਪਾਤਾਂ, ਹੋਰ ਸਮਾਜਿਕ ਬੁਰਾਈਆਂ ਦੀਆਂ ਜੜ੍ਹਾਂ ਪੁਟਣ ਦੀ। ਗੁਰੂਆ ਤੇ ਪੀਰਾਂ-ਫਕੀਰਾਂ ਦੀਆਂ ਦਿੱਤੀਆਂ ਸਿਖਿਆਵਾ ਤੇ ਚੱਲਣ ਦੀ। ਭਾਈਚਾਰਕ ਸਾਝਾਂ ਬਣਾਈ ਰੱਖਣ ਦੀ। ਦਲਿਤਾਂ ਪ੍ਰਤੀ ਸੋਚ ਬਦਲਣ ਦੀ।ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਤਾਂ ਹੀ ਸਾਰਥਕ ਹੋਵੇਗਾ ਜੇ ਅਸੀਂ ਉਨ੍ਹਾਂ ਦੇ ਦਿੱਤੇ ਉਪਦੇਸ਼ਾ ਤੇ ਚਲੀਏ ਤੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਜਾਤੀ ਵਿਵਸਥਾ ਨੂੰ ਜੜ੍ਹੋਂ ਪੁੱਟੀਏ।

Send this to a friend