April 22, 2026 6:19 am

ਜੀਐਨਯੂ ਦਾ ਮਸਲਾ ਹੱਲ ਹੋਵੇ

ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਨੂੰ ਲੈ ਕੇ ਇਕ ਵਾਰ ਫਿਰ ਵੱਡਾ ਵਿਵਾਦ ਛਿੜਿਆ ਹੋਇਆ ਹੈ। ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਹੋਸਟਲ ਫੀਸਾਂ ਦੇ ਵਾਧੇ ਵਿਰੁੱਧ ਵਿਦਿਆਰਥੀਆਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਅੰਦੋਲਨਧਾਰੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਤੋਂ ਲੈ ਕੇ ਪਾਰਲੀਮੈਂਟ ਤੱਕ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਕੋਸ਼ਿਸ਼ ਦੌਰਾਨ ਦਿੱਲੀ ਪੁਲਿਸ ਵੱਲੋਂ ਵਿਦਿਆਰਥੀਆਂ ‘ਤੇ ਲਾਠੀ ਚਾਰਜ ਕੀਤਾ ਗਿਆ। ਜਿਸ ਵਿੱਚ ਕਈ ਵਿਦਿਆਰਥੀ ਜ਼ਖਮੀ ਵੀ ਹੋ ਗਏ। ਅੰਦੋਲਨਕਾਰੀ ਵਿਦਿਆਰਥੀਆਂ ਖਿਲਾਫ ਪੁਲਿਸ ਵੱਲੋਂ ਕੇਸ ਵੀ ਦਰਜ ਕੀਤੇ ਗਏ ਹਨ। ਇਹ ਮਸਲਾ ਹਾਲੇ ਵੀ ਠੰਡਾ ਨਹੀਂ ਹੋਇਆ। ਦੇਸ਼ ਦੀ ਕੌਮੀ ਰਾਜਨੀਤੀ ਵਿੱਚ ਵੀ ਇਸ ਮੁੱਦੇ ‘ਤੇ ਲਗਾਤਾਰ ਬਹਿਸ ਜਾਰੀ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਜੇਐਨਯੂ ‘ਚ ਖੱਬੇਪੱਖੀ ਧਿਰਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਲਗਾਤਾਰ ਯਤਨ ਹੋ ਰਹੇ ਹਨ, ਪਰ ਹਾਲੇ ਤੱਕ ਉਸ ਨੂੰ ਇਸ ਵਿੱਚ ਸਫਲਤਾ ਨਹੀਂ ਮਿਲੀ। ਵਿਦਿਆਰਥੀਆਂ ਦੇ ਤਾਜ਼ਾ ਅੰਦੋਲਨ ਦਾ ਪ੍ਰਭਾਵ ਵੀ ਇਹ ਦੱਸ ਰਿਹਾ ਹੈ ਕਿ ਹਾਲੇ ਤੱਕ ਉੱਥੇ ਭਾਜਪਾ ਦੇ ਪੈਰ ਨਹੀਂ ਲੱਗੇ। ਕੁਝ ਵੀ ਹੋਵੇ ਯੂਨੀਵਰਸਿਟੀ ਨੂੰ ਸਿਆਸੀ ਅਖਾੜਾ ਨਹੀਂ ਬਣਾਇਆ ਜਾਣਾ ਚਾਹੀਦਾ। ਸਰਕਾਰ ਨੂੰ ਇਸ ਗੱਲ ਤੋਂ ਗੁਰੇਜ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਅਤੇ ਯੂਨੀਵਰਸਿਟੀ ਵਿੱਚ ਵਿਦਿਅਕ ਮਾਹੌਲ ਬਣਿਆ ਰਹੇ। ਵਿਦਿਆਰਥੀਆਂ ਨੂੰ ਵੀ ਇਕ ਅਨੁਸਾਸ਼ਨ ਵਿੱਚ ਰਹਿ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਕਿਸੇ ਵੀ ਤਰ੍ਹਾਂ ਦਾ ਹਿੰਸਕ ਪ੍ਰਦਰਸ਼ਨ ਉਨ੍ਹਾਂ ਦੀ ਗੱਲ ਨੂੰ ਕੰਮਜ਼ੋਰ ਕਰਦਾ ਹੈ। ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ ਵੱਲੋਂ ਯੂਨੀਵਰਸਿਟੀ ਦੇ ਮਸਲੇ ਨੂੰ ਹੱਲ ਕਰਨ ਲਈ ਇਕ ਕਮੇਟੀ ਕਾਇਮ ਕੀਤੀ ਗਈ ਹੈ। ਚੰਗਾ ਹੋਵੇਗਾ ਕਿ ਇਹ ਕਮੇਟੀ ਵਿਦਿਆਰਥੀ ਨੇਤਾਵਾਂ ਨਾਲ ਬੈਠ ਕੇ ਮਸਲੇ ਦਾ ਕੋਈ ਢੁੱਕਵਾਂ ਹੱਲ ਕੱਢੇ। ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਹੁਤ ਹੀ ਚਿੰਤਾਜਨਕ ਹੈ। ਸਾਰੀਆਂ ਸਬੰਧਤ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਯੂਨੀਵਰਸਿਟੀ ਅਤੇ ਹੋਰ ਵਿਦਿਅਕ ਸੰਸਥਾਵਾਂ ਨੂੰ ਸਿਆਸੀ ਸਰਗਰਮੀ ਦਾ ਅਖਾੜਾ ਨਾ ਬਣਾਇਆ ਜਾਵੇ।
– ਬਲਜੀਤ ਸਿੰਘ ਬਰਾੜ

Send this to a friend