ਰੂਪਨਗਰ, 20 ਨਵੰਬਰ (ਲਾਡੀ ਖਾਬੜਾ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ‘ਇੰਟਲੈਕਚੁਅਲ ਪ੍ਰਾਪਰਟੀ ਰਾਈਟ’ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਉਦੇਸ਼ ‘ਨਵੀਨਤਾ ਅਤੇ ਉਦਯੋਗ’ ਨੂੰ ਉਤਸ਼ਾਹਿਤ ਕਰਨਾ ਸੀ। ਕਾਲਜ ਦੇ ਪ੍ਰਿੰਸੀਪਲ ਸੁਰਮੁੱਖ ਸਿੰਘ ਨੇ ਦੱਸਿਆ ਅਜੋਕੇ ਸਮੇਂ ਵਿੱਚ ਸਵੈ-ਰੁਜ਼ਗਾਰ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ, ਇਸ ਤਰ੍ਹਾਂ ਨਾਲ਼ ਅਸੀਂ ਖੁਦ ਸਵੈ-ਨਿਰਭਰ ਹੁੰਦੇ ਹਾਂ ਸਗੋਂ ਦੂਸਰਿਆਂ ਨੂੰ ਵੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰ ਸਕਦੇ ਹਾਂ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ.ਅਮਰੀਕ ਸਿੰਘ, ਸੀ.ਈ.ਓ. ਨੈਨਗੋ ਫਾਰਮਾ ਨੇ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਤੇ ਜੋਰ ਦਿੱਤਾ। ਉਨ੍ਹਾਂ ਨੇ ਬੌਧਿਕ ਸੰਪਤੀ ਦੇ ਹੱਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਜਿੰਦਗੀ ਵਿੱਚ ਉੱਚਾ ਉੱਠਣ ਲਈ ਸਾਨੂੰ ਸਵੈ-ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਅਣਥੱਕ ਮਿਹਨਤ ਸਦਕਾ ਅਸੀਂ ਕੋਈ ਵੀ ਉਚਾਈ ਹਾਸਿਲ ਕਰ ਸਕਦੇ ਹਾਂ। ਆਈ.ਪੀ.ਆਰ. ਸੈੱਲ ਦੇ ਇੰਚਾਰਜ ਪ੍ਰੋ.ਮਨਪ੍ਰੀਤ ਕੌਰ ਨੇ 200 ਤੋਂ ਵੱਧ ਵਿਦਿਆਰਥੀਆਂ ਨੂੰ ਰੁ-ਬ-ਰੂ ਕਰਵਾਇਆ। ਜਿਸ ਵਿੱਚ ਬਾਇਓਟੈਕਨਾਲੋਜੀ, ਫੂਡ ਪ੍ਰੋਸੈਸਿੰਗ ਅਤੇ ਨਾਨ ਮੈਡੀਕਲ ਦੇ ਵਿਦਿਆਰਥੀ ਸ਼ਾਮਿਲ ਸਨ। ਇਸ ਮੌਕੇ ਆਈ.ਕਿਊ.ਏ.ਸੀ. ਸੈੱਲ ਵੱਲੋਂ ਵਿਦਿਆਰਥੀਆਂ ਕੋਲੋਂ ਕਾਲਜ ਦੀ ਗੁਣਵੱਤਾ ਨੂੰ ਵਧਾਉਣ ਲਈ ਸੁਝਾਅ ਵੀ ਸਾਂਝੇ ਕੀਤੇ ਗਏ। ਇਸ ਮੌਕੇ ਡਾ.ਸਤਵੰਤ ਕੌਰ ਸ਼ਾਹੀ, ਡਾ.ਬਲਜੀਤ ਸਿੰਘ, ਡਾ.ਮਮਤਾ ਅਰੋੜਾ, ਡਾ.ਪਰਵਿੰਦਰ ਕੌਰ, ਪ੍ਰੋ.ਨਵਨੀਤ ਆਦਿ ਸ਼ਾਮਿਲ ਸਨ।