ਪਿਛਲੇ ਸਮੇਂ ਦੌਰਾਨ ਮੋਦੀ ਸਰਕਾਰ ਨੇ ਰਾਤੋ-ਰਾਤ ਪੂਰੇ ਦੇਸ਼ ਵਿੱਚ ਨੋਟਬੰਦੀ ਕਰਕੇ ਜਨਤਾ ਦਾ ਸਭ ਰੁਪਿਆ ਪੈਸਾ ਬੈਂਕਾਂ ਵਿੱਚ ਜਮ੍ਹਾਂ ਕਰਵਾ ਲਿਆ। ਹੁਕਮ ਚਾੜ੍ਹ ਦਿੱਤੇ ਗਏ ਕਿ ਹੁਣ ਅਗਾਂਹ ਤੋਂ ਕੋਈ ਕਿਸੇ ਵੀ ਤਰ੍ਹਾਂ ਦਾ ਲੈਣ ਦੇਣ ਕਰੇਗਾ ਤਾਂ ਉਹ ਭਾਵੇਂ ਘੱਟ ਹੋਵੇ ਤੇ ਭਾਵੇਂ ਜ਼ਿਆਦਾ ਹੋਵੇ, ਸਭ ਬੈਂਕਾਂ ਰਾਹੀਂ ਹੀ ਹੋਵੇਗਾ। ਸਭ ਬੱਚੇ, ਬੁੱਢੇ, ਔਰਤਾਂ, ਮਜ਼ਦੂਰਾਂ ਦੇ ਖਾਤੇ ਖੁਲਵਾ ਦਿੱਤੇ ਗਏ। ਸਰਕਾਰ ਦੇ ਇਹ ਕਦਮ ਚੁੱਕਣ ਤੇ ਬਹੁਤ ਜ਼ਿਆਦਾ ਉੱਥਲ-ਪੁੱਥਲ ਹੋਈ।ਸਰਕਾਰ ਦੇ ਇਸ ਸਭ ਕੰਮਾਂ ਕਰਕੇ ਜਨਤਾ ਬੜਾ ਦੁਖੀ ਤੇ ਬਹਤੁ ਜ਼ਿਆਦਾ ਪ੍ਰੇਸ਼ਾਨੀ ਹੋਈ, ਪਰ ਮੋਦੀ ਸਰਕਾਰ ਨੇ ਨੋਟਬੰਦੀ ਨੂੰ ਸਭ ਤੋਂ ਉੱਤਮ ਕਾਰਜ ਦੱਸਿਆ। ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਇਸ ਨਾਲ ਸਾਰਾ ਕਾਲਾ ਧੰਨ ਬਾਹਰ ਨਿਕਲੇਗਾ ਤੇ ਦੇਸ਼ ਦੀ ਗਰੀਬ ਜਨਤਾ ਦੀ ਹਾਲਤ ਸੁਧਰੇਗੀ। ਪ੍ਰਧਾਨ ਮੰਤਰੀ ਨੇ ਗਰੀਬ ਜਨਤਾ ਨੂੰ ਇੱਥੋਂ ਤੱਕ ਵਿਸ਼ਵਾਸ਼ ਦਿੱਤਾ ਸੀ ਕਿ ਕਾਲਾ ਧੰਨ ਵਾਪਸ ਆਉਣ ਨਾਲ ਇਸ ਦੇਸ਼ ਦੇ ਹਰ ਨਾਗਰਿਕ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਰੁਪਏ ਆਉਣਗੇ। ਸ਼ਾਇਦ ਇਸੇ ਲਈ ਸਭ ਜਨਤਾ ਨੇ ਔਖੇ ਹੋ ਕੇ ਖਾਤੇ ਖੁਲਵਾਏ ਸਨ, ਪਰ ਸਭ ਕੁੱਝ ਇਸਦੇ ਉਲਟ ਹੋ ਗਿਆ। ਨੀਰਵ ਮੋਦੀ, ਲਲਿਤ ਮੋਦੀ ਤੇ ਹੋਰ ਕਈ ਮੋਦੀਆਂ ਨੇ ਬੈਂਕਾਂ ਨਾਲ ਧੋਖਾ ਕਰਕੇ ਹਜ਼ਾਰਾ ਕਰੋੜਾਂ ਰੁਪਏ ਹੜੱਪ ਕਰ ਲਏ ਤੇ ਵਿਦੇਸ਼ਾ ਵਿੱਚ ਭੱਜ ਗਏ। ਉੱਥੇ ਜਾ ਕੇ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕੇਂਦਰ ਸਰਕਾਰ ਅੱਜ ਤੱਕ ਉਹਨਾਂ ਚੋਰਾਂ, ਠੱਗਾਂ ਖਿਲਾਫ ਕੋਈ ਐਕਸ਼ਨ ਨਹੀ ਲੈ ਸਕੀ। ਸਿਵਾਏ ਮਾੜੀ ਮੋਟੀ ਕਾਰਵਾਈ ਕਰਨ ਦੇ। ਕੇਂਦਰ ਸਰਕਾਰ ਨੇ ਜੋ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਉਹਨਾ ਵਾਅਦਿਆਂ ਤੋ ਸਰਕਾਰ ਝੂਠੀ ਪੈ ਗਈ ਤੇ ਅਗਾਂਹ ਵੀ ਲੋਕਾਂ ਨਾਲ ਧੋਖੇ ਤੇ ਧੋਖਾ ਕੀਤਾ ਜਾ ਰਿਹਾ ਹੈ।ਨੋਟਬੰਦੀ ਤਾਂ ਪਿਛਲੇ ਸਮੇਂ ਦੀ ਗੱਲ ਸੀ।ਹੁਣ ਇਸ ਸਾਲ ਮੋਦੀ ਸਰਕਾਰ ਨੇ ਬੈਂਕਾਂ ਦਾ ਰਲੇਵਾਂ ਕਰ ਦਿੱਤਾ ਯਾਨੀ ਕਿ ਕਈ-ਕਈ ਬੈਂਕਾਂ ਦਾ ਇੱਕ ਬੈਂਕ ਬਣਾ ਦਿੱਤਾ।ਮੋਦੀ ਸਰਕਾਰ ਦਾ ਕਹਿਣਾ ਸੀ ਕਿ ਅਰਥ ਵਿਵਸਥਾ ਵਿਗੜ ਗਈ ਹੈ, ਇਸ ਨਾਲ ਹਲਾਤ ਸੁਧਰਨਗੇ। ਹਾਲਤ ਤਾਂ ਕੀ ਸੁਧਰਨੀ ਸੀ, ਵਿਗੜ ਜਰੂਰ ਗਈ ਹੈ। ਕੇਂਦਰ ਸਰਕਾਰ ਨੇ ਪਹਿਲਾਂ ਨੋਟਬੰਦੀ ਕਰਕੇ ਲੋਕਾਂ ਕੋਲ ਪਿਆ ਮਿਹਨਤ ਦਾ ਰੁਪਿਆ ਪੈਸਾ ਬੈਂਕ ਵਿੱਚ ਖਾਤੇ ਖੁਲ੍ਹਵਾ ਕੇ ਜਮਾਂ ਕਰਵਾ ਲਿਆ ਤੇ ਹੁਣ ਫਰਾਡ ਕਰਕੇ ਸਾਰਾ ਧੰਨ, ਸਾਰਾ ਪੈਸਾ ਲੁੱਟ ਲਿਆ ਗਿਆ ਹੈ। ਕਾਲਾ ਧੰਨ ਸਵਿਸ ਬੈਂਕ ਵਿੱਚੋਂ ਵਾਪਸ ਦੇਸ਼ ਵਿੱਚ ਲਿਆਉਂਦੀ -ਲਿਆਉਂਦੀ ਸਰਕਾਰ ਲੋਕਾਂ ਦਾ ਚਿੱਟਾ ਰੁਪਿਆ ਪੈਸਾ ਵੀ ਲੁੱਟ ਕੇ ਲੈ ਗਈ।ਪਹਿਲਾਂ ਤਾਂ ਸਵਿਸ ਬੈਂਕ ਭਾਰਤੀ ਖਾਤਾਧਾਰਕਾਂ ਦੀ ਜਾਣਕਾਰੀ ਦੇਣ ਤੋਂ ਆਨਾਕਾਨੀ ਕਰਦੀ ਰਹੀ।, ਪਿਛਲੇ ਦਿਨੀਂ ਹੀ ਸਵਿਸ ਬੈਂਕ ਨੇ 2018 ਤੱਕ ਦੀਆਂ ਕਾਲੇ ਧੰਨ ਦੇ ਖਾਤਾਧਾਰਕਾਂ ਦੇ ਨਾਵਾਂ ਦੀਆਂ ਸੂਚੀਆਂ ਜਾਰੀ ਕੀਤੀਆਂ ਹਨ, ਜਿੰਨ੍ਹਾਂ ਵਿੱਚ ਭਾਰਤੀ ਸ਼ਾਤਰ ਲੋਕਾਂ ਦੀ ਅਰਬਾਂ-ਖਰਬਾਂ ਤੋਂ ਵੀ ਜ਼ਿਆਦਾ ਦੀ ਧੰਨ ਰਾਸ਼ੀ ਜਮ੍ਹਾਂ ਹੈ। ਇਸ ਕਾਲੇ ਧੰਨ ਖਿਲਾਫ ਮੋਦੀ ਸਰਕਾਰ ਕੁੱਝ ਨਹੀ ਕਰ ਸਕੀ ਤੇ ਨਾ ਹੀ ਸ਼ਾਇਦ ਅਗਾਂਹ ਵੀ ਕੋਈ ਐਕਸ਼ਨ ਲੈ ਸਕੇ। ਇਹ ਤਾਂ ਸੀ ਕਿ ਇੰਨ੍ਹਾਂ ਸ਼ਾਤਰ ਲੋਕਾਂ ਨੇ ਬੈਂਕਾਂ ਨਾਲ ਧੋਖੇ ਕਰਕੇ, ਦੇਸ਼ ਨਾਲ ਧੋਖੇ ਕਰਕੇ ਦੇਸ਼ ਦਾ ਸਾਰੀ ਨਹੀ ਤਾਂ ਅੱਧੀ ਧੰਨ ਦੌਲਤ ਵਿਦੇਸ਼ਾ ਵਿੱਚ ਪਹੁੰਚਾ ਦਿੱਤੀ। ਹੁਣ ਜੇ ਸਿੱਕੇ ਦਾ ਦੂਜਾ ਪਹਿਲੂ ਦੇਖੀਏ ਕਿ ਕੇਂਦਰ ਸਰਕਾਰ ਨੇ ਲੋਕਾਂ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਪਾਉਣੇ ਸਨ, ਪਰ ਜੋ ਲੋਕਾਂ ਦੇ ਜਮ੍ਹਾਂ ਸਨ, ਉਹ ਵੀ ਲੁੱਟਣੇ ਸ਼ੁਰੂ ਹੋ ਗਏ। ਸਰਕਾਰ ਨੇ ਇੱਕ ਫੁਰਮਾਨ ਜਾਰੀ ਕਰਕੇ ਬੈਂਕਾਂ ਦਾ ਰਲੇਵਾ ਕਰ ਦਿੱਤਾ। ਕਈ-ਕਈ ਬੈਂਕਾਂ ਦਾ ਇੱਕ ਬੈਂਕ ਬਣਾ ਦਿੱਤਾ ਗਿਆ। ਕਈਆਂ ਨੇ ਮੋਦੀ ਸਰਕਾਰ ਦੇ ਇਸ ਬੈਂਕ ਰਲੇਵੇਂ ਵਾਲੇ ਕੰਮ ਨੂੰ ਚੰਗਾ ਦੱਸਿਆ ਤੇ ਕਈਆਂ ਨੇ ਮਾੜਾ ਕਹਿ ਕੇ ਕੋਸਿਆ। ਸਰਕਾਰ ਦੇ ਇਹ ਕਦਮ ਚੁੱਕਣ ਤੇ ਵੀ ਕਾਫੀ ਉੱਥਲ-ਪੁੱਥਲ ਹੋਈ। ਇਸ ਤੋਂ ਬਾਦ ਸਤੰਬਰ ਮਹੀਨੇ ਵਿੱਚ ਪੀ.ਐੱਮ.ਸੀ (ਪੰਜਾਬ ਐਂਡ ਮਹਾਂਰਾਸ਼ਟਰ ਕੋਆਪਰੇਟਿਵ ਬੈਂਕ) ਦੇ ਘਪਲੇ ਦਾ ਪਰਦਾ ਫਾਸ਼ ਹੋ ਗਿਆ। ਇਸ ਦੀਆਂ ਕਈ ਸੌ ਬਰਾਚਾਂ ਸੀਲ ਕਰ ਦਿੱਤੀਆਂ ਗਈਆਂ। ਨਾ ਕੋਈ ਆਪਣਾ ਹੀ ਪੈਸਾ ਕਢਵਾ ਸਕਦਾ ਹੈ ਤੇ ਨਾ ਹੀ ਕੋਈ ਜਮਾਂ ਕਰਵਾ ਸਕਦਾ ਹੈ। ਪੀ.ਐੱਮ.ਸੀ ਖਾਤਧਾਰਕਾਂ ਵਿੱਚ ਹਾਹਾਕਾਰ ਮੱਚ ਗਈ। ਕਈ ਖਾਤਧਾਰਕ ਤਾਂ ਇਸ ਸਦਮੇ ਨਾਲ ਹਾਰਟ ਅਟੈਕ ਆਉਣ ਕਾਰਨ ਇਸ ਸੰਸਾਰ ਤੋਂ ਚੱਲ ਵੱਸੇ। ਕਈ ਸਦਮੇ ਵਿੱਚ ਹਨ। ਪੀ.ਐੱਮ.ਸੀ ਖਾਤਾਧਾਰਕ ਸਰਕਾਰ ਖਿਲਾਫ ਸੜ੍ਹਕਾਂ ਤੇ ਉੱਤਰ ਆਏ, ਧਰਨੇ ਲੱਗੇ, ਮੁਜ਼ਾਹਰੇ ਹੋਏ। ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀ ਸਰਕੀ। ਖਾਤਾਧਾਰਕ ਸਰਕਾਰ ਖਿਲਾਫ ਸੁਪਰੀਮ ਕੋਰਟ ਵਿੱਚ ਚਲੇ ਗਏ। ਉਹਨਾਂ ਦੀ ਉੱਥੇ ਵੀ ਕੋਈ ਸੁਣਵਾਈ ਨਹੀ ਹੋਈ। ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਹਾਈਕੋਰਟ ਜਾਉ, ਫਿਰ ਮੇਰੇ ਕੋਲ ਆਇਉ। ਉਹਨਾਂ ਦੀ ਅਪੀਲ ਖਾਰਜ ਹੋ ਗਈ, ਕੋਈ ਸੁਣਵਾਈ ਨਹੀ ਹੋਈ। ਪੀ.ਐੱਮ.ਸੀ ਖਾਤਧਾਰਕ ਅੱਜ ਤੱਕ ਸੜ੍ਹਕਾਂ ਤੇ ਰੁਲ ਰਹੇ ਹਨ।ਭਾਵੇਂ ਕਿ ਕੁੱਝ ਦੋਸ਼ੀ ਫੜ੍ਹੇ ਗਏ ਹਨ, ਪਰ ਪਤਾ ਨਹੀ ਇਹ ਸਰਕਾਰ ਦਾ ਕੀ ਡਰਾਮਾ ਹੈ। ਲੋਕਾਂ ਦੀ ਮਿਹਨਤ ਦੀ ਕਮਾਈ ਸਰਕਾਰ ਨੂੰ ਇਸ ਤਰ੍ਹਾਂ ਨਹੀ ਹੜੱਪਣੀ ਚਾਹੀਦੀ। ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਫਿਰ ਇਸ ਕਾਂਡ ਤੋਂ ਬਾਦ ਖ਼ਬਰ ਸੁਣਨ ਨੂੰ ਮਿਲੀ ਕਿ ਬੈਂਕ ਆਫ ਬੜੌਦਾ ਦੀਆਂ 600 ਬ੍ਰਾਚਾਂ ਬੰਦ ਹੋ ਰਹੀਆਂ ਹਨ। ਹੁਣ ਇਹ ਖ਼ਬਰ ਸੁਣ ਕੇ ਉਸ ਬੈਂਕ ਦੇ ਖਾਤਾਧਾਰਕਾਂ ਦੇ ਸਾਹ ਸੂਤੇ ਗਏ ਹਨ, ਜਾਨ ਮੁੱਠੀ ਵਿੱਚ ਆ ਗਈ ਹੈ।ਲੋਕ ਇਸ ਸਰਕਾਰ ਤੋਂ ਸਹਿਮੇ ਹੋਏ ਹਨ। ਘਰਾਂ ਵਿੱਚ ਇੰਨੈ ਰੁਪੈ ਰੱਖ ਨਹੀ ਸਕਦੇ। ਬੈਂਕ ਵਿੱਚ ਉਹਨਾਂ ਦਾ ਪੈਸਾ ਮਹਿਫੂਜ਼ ਨਹੀ ਹੈ। ਲੋਕ ਜਾਣ ਤਾਂ ਕਿਧਰ ਜਾਣ। ‘ਅੱਗੇ ਟੋਇਆ, ਪਿੱਛੇ ਖਾਈ’ ਵਾਲੀ ਕਹਾਵਤ ਬਣ ਗਈ ਹੈ। ਹੁਣ ਕੁੱਝ ਦਿਨਾਂ ਦੀ ਤਾਜ਼ਾ ਖ਼ਬਰ ਸ਼ੋਸ਼ਲ ਮੀਡੀਆ ਤੇ ਛਾਈ ਹੋਈ ਹੈ। ਇਹ ਖ਼ਬਰ ਐੱਚ.ਡੀ.ਐੱਫ.ਸੀ ਬੈਂਕ ਪ੍ਰਤੀ ਹੈ। ਖ਼ਬਰ ਇਹ ਹੈ ਕਿ ਇਸ ਬੈਂਕ ਨੇ ਵੀ ਇੱਕ ਫੁਰਮਾਣ ਜਾਰੀ ਕੀਤਾ ਹੈ ਕਿ ਅਸੀਂ ਆਪਣੇ ਗਾਹਕਾਂ ਦੀ ਸਾਡੇ ਕੋਲ ਜਮ੍ਹਾਂ ਰਾਸ਼ੀ ਵਿੱਚੋਂ ਸਿਰਫ ਇੱਕ ਲੱਖ ਤੱਕ ਦੇ ਜ਼ਿੰਮੇਵਾਰ ਹਾਂ। ਅਗਰ ਸਰਕਾਰ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਤੋਂ ਜ਼ਿਆਦਾ ਦੀ ਸਾਡੇ ਕੋਲ ਜਮ੍ਹਾਂ ਰਾਸ਼ੀ ਦੇ ਅਸੀਂ ਕੋਈ ਜ਼ਿੰਮੇਵਾਰ ਨਹੀ ਹੋਵਾਂਗੇ।ਹੁਣ ਐੱਚ.ਡੀ.ਐੱਫ.ਸੀ ਖਾਤਧਾਰਕਾਂ ਦੇ ਸਾਹ ਸੁੱਕੇ ਹਨ। ਹੁਣ ਕੁੱਝ ਦਿਨਾਂ ਬਾਦ ਬੈਂਕ ਕਹਿ ਰਿਹਾ ਹੈ ਕਿ ਖਾਤਾਧਾਰਕਾਂ ਨੂੰ ਡਰਨ ਦੀ ਕੋਈ ਲੋੜ ਨਹੀ ਹੈ। ਸਰਕਾਰ ਜਨਤਾ ਨਾਲ ਇਹ ਕੀ ਖੇਡ, ਖੇਡ ਰਹੀ ਹੈ। ਇੰਨ੍ਹੇ ਭਾਰੇ ਟੈਕਸ, ਜੀ.ਐੱਸ.ਟੀ, ਪੈਟਰੋਲ ਡੀਜ਼ਲ ਦੇ ਨਿੱਤ ਰੇਟ ਵੱਧਣੇ, ਸਿਲੰਡਰ ਰੇਟਾਂ ਵਿੱਚ ਇੰਨ੍ਹਾਂ ਭਾਰੀ ਵਾਧਾ, ਦਾਲਾਂ ਸਬਜ਼ੀਆਂ ਦੇ ਅਸਮਾਨ ਛੂੰਹਦੇ ਰੇਟ, ਟਰੈਫਿਕ ਨਿਯਮਾਂ ਦੇ ਚਲਾਨਾਂ ਵਿੱਚ ਇੰਨ੍ਹਾਂ ਭਾਰੀ ਵਾਧਾ ਕਰਕੇ ਵੀ ਸਰਕਾਰ ਦਾ ਢਿੱਡ ਨਹੀ ਭਰਿਆ ਤੇ ਹੁਣ ਸਿੱਧੇ ਬੈਂਕਾ ਵੱਲ ਹੀ ਰੁੱਖ ਕਰ ਲਿਆ ਹੈ। ਜਨਤਾ ਦੀ ਕਮਾਈ ਨਾ ਮਾਤਰ ਰਹਿ ਗਈ ਹੈ। ਸਰਕਾਰੀ ਨੌਕਰੀਆਂ ਖਤਮ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਬੜਾਵਾ ਦੇ ਰਹੇ ਹਨ। ਜਨਤਾ ਦੇ ਮੂੰਹ ਵਿੱਚੋਂ ਰੋਟੀ ਖੋਹੀ ਜਾ ਰਹੀ ਹੈ। ਇਹ ਸਾਰਾ ਪੈਸਾ ਲੁੱਟ ਕੇ ਕਿਧਰ ਜਾ ਰਿਹਾ ਹੈ।
ਜਨਤਾ ਸਰਕਾਰੀ ਸਹੂਲਤਾਂ ਤੋਂ ਵਾਂਝੀ ਹੈ। ਭਾਵੇਂ ਕਿ ਦੋਸ਼ੀ ਫੜ੍ਹ ਲਏ ਜਾਣ ਦੇ ਡਰਾਮੇ ਕੀਤੇ ਜਾ ਰਹੇ ਹਨ, ਪਰ ਸਿੱਟਾ ਕੋਈ ਨਹੀ ਨਿਕਲ ਰਿਹਾ। ਸਭ ਤੋਂ ਜ਼ਿਆਦਾ ਘਪਲੇ ਇਸ ਮੋਦੀ ਸਰਕਾਰ ਵੇਲੇ ਹੋਏ ਹਨ ਤੇ ਹੋ ਰਹੇ ਹਨ।ਹੁਣ ਤੱਕ ਸ਼ਾਇਦ ਜਨਤਾ ਦੀ ਸਮਝ ਵਿੱਚ ਇਹ ਗੱਲ ਆ ਗਈ ਹੋਵੇਗੀ ਕਿ ਪਹਿਲਾਂ ਜੋ ਮੋਦੀ ਸਰਕਾਰ ਨੇ ਕੀਤੀ ਸੀ ਨੋਟਬੰਦੀ, ਅਸਲ ਵਿੱਚ ਉਹ ਜਨਤਾ ਦੇ ਨੋਟ ਲੁੱਟਣ ਦੀ ਸੀ ਜੁਗਾੜਬੰਦੀ। ਸਰਕਾਰ ਇਸ ਦਾ ਜਵਾਬ ਦੇਵੇ। ਸਰਕਾਰ ਇਸ ਦੀ ਜਵਾਬਦੇਹ ਹੈ।



